Wed, 30 November 2022
Your Visitor Number :-   6009853
SuhisaverSuhisaver Suhisaver
ਯੋਗੀ ਅਦਿੱਤਿਆਨਾਥ ਦੀ ਇੱਕ ਹੋਰ ਨਫ਼ਰਤੀ ਤਕਰੀਰ , ਕਿਹਾ ਜੇ 'ਲਵ ਜਿਹਾਦ' ਚਲਾਉਣ ਵਾਲੇ ਨਾ ਸੁਧਰੇ ਤਾਂ 'ਰਾਮ ਨਾਮ ਸੱਤਯ ਹੈ' ਦੀ ਯਾਤਰਾ ਸ਼ੁਰੂ ਹੋਵੇਗੀ               ਪੰਜਾਬ ਤੋਂ ਬਾਅਦ ਹੁਣ ਰਾਜਸਥਾਨ ਵਿਧਾਨ ਸਭਾ ਵਿੱਚ ਵੀ ਕੇਂਦਰੀ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਤਿੰਨ ਬਿੱਲ ਪੇਸ਼               ਖੇਤੀ ਕਾਨੂੰਨ : ਹੁਣ ਹੰਸ ਰਾਜ ਹੰਸ ਕਿਸਾਨਾਂ ਨੂੰ ਸਰਕਾਰ ਨਾਲ ਗੱਲਬਾਤ ਲਈ ਸੱਦਾ ਦੇਣ ਲੱਗਾ               ਭਾਜਪਾ ਹਾਈਕਮਾਨ ਦਾ ਫ਼ਰਮਾਨ! ਕਿਸਾਨਾਂ ਨਾਲ ਰਾਬਤਾ ਬਣਾਏ ਪੰਜਾਬ ਇਕਾਈ               ਭਾਜਪਾ ਨੂੰ ਇੱਕ ਹੋਰ ਝਟਕਾ, ਖੇਤੀ ਕਾਨੂੰਨਾਂ ਖ਼ਿਲਾਫ਼ ਭਾਜਪਾ ਦੇ ਪੰਜਾਬ ਯੂਥ ਜਨਰਲ ਸਕੱਤਰ ਬਰਿੰਦਰ ਸਿੰਘ ਸੰਧੂ ਨੇ ਅਸਤੀਫ਼ਾ ਦਿੱਤਾ              

ਦਿਆਲਪੁਰ ਵਿੱਚ ਚੱਲਦੀ ਹੈ ਸਕੂਲ ਦੀਆਂ ਕੰਧਾਂ ਭੰਨ ਮੁਹਿੰਮ

Posted on:- 21-08-2019

-ਦਿਆਲਪੁਰ ਤੋਂ ਅਮਨਦੀਪ ਹਾਂਸ ਦੀ ਵਿਸ਼ੇਸ਼ ਰਿਪੋਰਟ

ਅੱਖਾਂ ਬੱਧੇ ਢੱਗੇ ਵਾਂਗੂ,
ਗੇੜਾਂ ਮੈਂ ਤੇ ਖੂਹ ਬਾਬਾ।
ਮਾਲਕ ਜਾਣੇ ਖੂਹ ਦਾ ਪਾਣੀ,
ਜਾਵੇ ਕਿਹੜੀ ਜੂਹ ਬਾਬਾ।
ਰੱਬ ਜਾਣੇ ਕੱਲ ਕਿਹੜਾ ਦਿਨ ਸੀ,
ਦੀਵੇ ਬਾਲ਼ੇ ਲੋਕਾਂ ਨੇ,
ਮੈਂ ਵੀ ਨਾਲ਼ ਸ਼ਰੀਕਾਂ ਰਲਿਆ,
ਆਪਣੀ ਕੁੱਲੀ ਲੂਹ ਬਾਬਾ..।

ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਦੇ ਕਈ ਵਾਰਸ ਅਰਦਾਸ ਤਾਂ ਇਹੀ ਕਰਦੇ ਨੇ ਪਰ ਅਮਲਾਂ ਚ ਇਸ ਸਿਧਾਂਤ ਤੋਂ ਥਿੜਕੇ ਹੋਏ ਨੇ, ਜ਼ਿਲਾ ਕਪੂਰਥਲਾ ਚ ਪੈਂਦੇ ਦਿਆਲਪੁਰ ਪਿੰਡ ਚ ਚੱਲਦੇ ਹਾਂ, ਸਾਫ ਹੋ ਜਾਏਗਾ ਕਿ ਜੋ ਬਾਬਾ ਨਜ਼ਮੀ ਸਾਹਿਬ ਨੇ ਕਿਹਾ ਹੈ ਕਿ ਅਸੀਂ ਸ਼ਰੀਕਾਂ ਨਾਲ ਰਲ ਕੇ ਆਪਣੀ ਕੁੱਲੀ ਵੀ ਲੂਹ ਰਹੇ ਹਾਂ ਤੇ ਸਰਬੱਤ ਦੇ ਭਲੇ ਵਾਲੇ ਸਿਧਾਂਤ ਤੋਂ ਵੀ ਕਿਵੇਂ ਖੁੰਝ ਰਹੇ ਹਾਂ। ਜਿਸ ਕੌਮ ਦਾ ਗੁਰੂ ਹੀ  ਸ਼ਬਦ ਹੈ,ਗਿਆਨ ਹੈ, ਉਸ ਕੌਮ ਦੇ ਕੁਝ ਵਾਰਸ ਅਗਿਆਨਤਾ ਦੇ ਰਾਹੇ ਤੁਰਦੇ ਹੋਏ ਗਿਆਨ ਦੇ ਦੀਵੇ ਵੰਡਣ ਵਾਲੇ ਸਥਾਨ ਦਾ ਹੀ ਕਿੰਨਾ ਨੁਕਸਾਨ ਕਰ ਰਹੇ ਨੇ।

ਦਿਆਲਪੁਰ ਪਿਂਡ ਚ  ਸ਼ਹੀਦ ਸਿਪਾਹੀ ਅਵਤਾਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਣਿਆ ਹੋਇਆ ਹੈ, 6ਵੀਂ ਜਮਾਤ ਤੋਂ 12ਵੀਂ ਤੱਕ ਸਾਰੇ ਵਿਸ਼ੇ ਹੀ ਪਡ਼ਾਏ ਜਾਂਦੇ ਨੇ, ਕੁੱਲ 320 ਵਿਦਿਆਰਥੀ  ਤੇ 16 ਅਧਿਆਪਕ ਨੇ, ਪ੍ਰਿੰਸੀਪਲ ਮੈਡਮ ਲੀਨਾ ਸ਼ਰਮਾ ਦੀ ਅਗਵਾਈ ਚ ਸਕੂਲ ਚ ਕੋਈ ਕਮੀ ਨਹੀਂ, ਪੂਰਾ ਅਨੁਸ਼ਾਸਨ, ਸਾਫ ਸਫਾਈ ਦਾ ਪੂਰਾ ਖਿਆਲ, ਪੂਰੀਆਂ ਸੂਰੀਆਂ ਪ੍ਰਯੋਗਸ਼ਾਲਾਵਾਂ, ਸਾਰਾ ਸਟਾਫ ਮਿਹਨਤੀ, ਡਿਊਟੀ ਨੂੰ ਮਹਿਜ ਡਿਊਟੀ ਨਹੀਂ, ਬਲਕਿ ਫਰਜ਼ ਸਮਝ ਕੇ ਗਿਆਨ ਦੇ ਦੀਵੇ ਜਗਾਉਂਦੇ ਨੇ।ਇਸ ਸਕੂਲ ਚ ਸਿਰਫ ਕਪੂਰਥਲਾ ਤੇ ਜਲਂਧਰ ਵਾਲੇ ਦੋਵਾਂ ਦਿਆਲਪੁਰ ਪਿਂਡਾਂ ਦੇ ਹੀ ਨਹੀਂ, ਬਲਕਿ ਆਲੇ ਦੁਆਲੇ ਦੇ ਕਈ ਪਿੰਡਾਂ  ਦੇ ਵਿਦਿਆਰਥੀ ਪੜਦੇ ਨੇ, ਕਿਉਂਕਿ ਨਜ਼ਦੀਕ ਕੋਈ ਹੋਰ ਸਰਕਾਰੀ ਸੈਕੰਡਰੀ ਸਕੂਲ ਨਹੀਂ ਹੈ।

ਜਲੰਧਰ ਅੰਮ੍ਰਿਤਸਰ ਮੁੱਖ ਸੜਕ ਤੋਂ ਪਿੰਡ ਦੇ ਅੰਦਰ ਵੜਦਿਆਂ ਹੀ ਕੁਝ ਦੂਰੀ ਤੇ ਇਹ ਸੋਹਣੀ ਇਮਾਰਤ ਵਾਲਾ ਸਕੂਲ ਹੈ.. ਪਰ ਕਹਿੰਦੇ ਨੇ ਨਾ ਕਿ ਚੰਦ ਨੂੰ ਦਾਗ ਹੁੰਦਾ ਹੀ ਹੁੰਦਾ ਹੈ.. ਚੰਦ ਦੇ ਦਾਗ ਤਾਂ ਕੁਦਰਤੀ ਨੇ, ਪਰ ਇਸ ਸਕੂਲ ਨੂੰ ਤਾਂ ਦਾਗ ਲੋਕਾਂ ਵਲੋਂ ਉਹ ਵੀ ਆਪਣਿਆਂ ਵਲੋਂ ਲਾ ਦਿੱਤਾ ਗਿਆ ਹੈ।

 ਸਕੂਲ ਤੇ ਪਿਂਡ ਦੀਆਂ ਗਲੀਆਂ ਦਾ ਪੱਧਰ ਕਿਸੇ ਵੇਲੇ ਇਕੋ ਜਿਹਾ ਸੀ, ਪਰ ਵਕਤ ਦੇ ਨਾਲ ਨਾਲ ਗਲੀਆਂ ਨਾਲੀਆਂ ਉੱਚੀਆਂ ਹੁੰਦੀਆਂ ਗਈਆਂ, ਤੇ ਸਕੂਲ ਓਥੇ ਹੀ ਰਿਹਾ। ਸਕੂਲ ਦੇ ਪ੍ਰਿੰਸੀਪਲਜ਼ ਵਲੋਂ ਪੰਚਾਇਤਾਂ ਤੇ ਮੋਹਤਬਰਾਂ ਦਾ ਇਸ ਵੱਲ ਧਿਆਨ ਵੀ ਦਵਾਇਆ ਜਾਂਦਾ ਰਿਹਾ ਕਿ ਲੈਵਲ ਉੱਚਾ ਨੀਂਵਾ ਹੋਣ ਨਾਲ ਮੁਸ਼ਕਲਾਂ ਆਉਣਗੀਆਂ, ਖਾਸ ਕਰਕੇ ਮੀਂਹ ਦੇ ਮੌਸਮ ਵਿਚ, ਕਿਉਂਕਿ ਪਿੰਡ ਵਿਚ ਘਰਾਂ ਦੇ ਗੰਦੇ ਪਾਣੀ ਤੇ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਨਾਲੀਆਂ ਤਾਂ ਹਨ, ਸੀਵਰੇਜ ਦਾ ਢੁਕਵਾਂ ਪ੍ਰਬੰਧ ਨਾ ਹੋਣ ਕਰਕੇ ਨਾਲੀਆਂ ਦਾ ਪਾਣੀ ਕਿਤੇ ਹੋਰ ਨਹੀਂ ਜਾਂਦਾ, ਪਿੰਡ ਦੀਆਂ ਗਲੀਆਂ ਚ ਹੀ ਓਵਰਫਲੋਅ ਹੋ ਕੇ ਘੁੰਮਦਾ ਹੈ। ਜਦੋਂ ਵੀ ਮੀਂਹ ਪੈਂਦਾ ਹੈ ਤਾਂ ਸਕੂਲ ਨੀਵਾਂ ਹੋਣ ਕਰਕੇ ਇਹ ਪਾਣੀ ਸਕੂਲ ਦੇ ਅੰਦਰ ਜਮਾ ਹੋ ਜਾਂਦਾ ਹੈ।

ਅਜਿਹਾ ਦਸ ਬਾਰਾਂ ਸਾਲਾਂ ਤੋਂ ਹੋ ਰਿਹਾ ਹੈ, ਤੇ ਕੁਝ ਸਾਲਾਂ ਤੋਂ ਹਾਲਤ ਇਹ ਹੈ ਕਿ ਜਦੋਂ ਵੀ ਮੀਂਹ ਚ ਸੀਵਰੇਜ ਬਲੌਕ ਹੁੰਦਾ ਹੈ, ਤੇ ਪਾਣੀ ਪਿੰਡ ਦੀਆਂ ਗਲੀਆਂ ਨਾਲੀਆਂ ਚ ਨੱਕੋ ਨੱਕ ਭਰ ਜਾਂਦਾ ਹੈ ਤਾਂ ਪਿੰਡ ਦੇ ਹੀ ਪਰ ਅਣਪਛਾਤੇ ਲੋਕ ਰਾਤ ਵੇਲੇ ਸਕੂਲ ਦੀ ਚਾਰਦੀਵਾਰੀ ਨੂਂ ਸੰਨ ਲਾ ਦਿੰਦੇ ਨੇ, ਪਿੰਡ ਦਾ ਸਾਰਾ ਗੰਦਾ ਪਾਣੀ ਸਕੂਲ ਚ ਇਕੱਠਾ ਹੋ ਜਾਂਦਾ ਹੈ, ਮੇਨ ਸੜਕ ਦਾ ਪਾਣੀ ਵੀ ਇਥੇ ਆ ਇਕਠਾ ਹੁੰਦਾ ਹੈ, ਰਹਿੰਦੀ ਕਸਰ ਲੋਕ ਕੰਧਾਂ ਚ ਪਾੜ ਲਾ ਕੇ ਗਲੀਆਂ ਨਾਲੀਆਂ ਦਾ ਗੰਦਾ ਪਾਣੀ ਸਕੂਲ ਚ ਕੱਢ ਕੇ ਪੂਰੀ ਕਰਦੇ ਨੇ।

ਪ੍ਰਿੰਸੀਪਲ ਤੇ ਸਟਾਫ ਨੇ ਪਿਛਲੀ ਪੰਚਾਇਤ ਨੂੰ ਵੀ ਤੇ ਇਸ ਵਾਰ ਵਾਲੀ ਪੰਚਾਇਤ ਨੂੰ ਵੀ ਜ਼ੁਬਾਨੀ ਕਲਾਮੀ ਅਜਿਹਾ ਕਰਨ ਵਾਲੇ ਸ਼ਖਸ ਨੂੰ ਭਾਲ ਕੇ ਰੋਕਣ ਲਈ ਕਿਹਾ ਤਾਂ ਮੋਹਤਬਰਾਂ ਨੇ ਹਰ ਵਾਰ ਇਹੀ ਜੁਆਬ ਦਿੱਤਾ ਕਿ ਅਸੀਂ ਕੀ ਕਰ ਸਕਦੇ ਹਾਂ, ਸਕੂਲ ਹੈ ਹੀ ਨੀਂਵਾਂ।ਸਕੂਲ ਬਾਹਰੋਂ ਸੜਕ ਨਾਲੋਂ ਕਰੀਬ ਸਾਢੇ ਚਾਰ ਫੁੱਟ ਨੀਂਵਾਂ ਹੈ।

ਸਟਾਫ ਨੇ ਕਈ ਵਾਰ ਚਾਰਦੀਵਾਰੀ ਚ ਪਾਏ ਪਾੜ ਪੂਰੇ ਕਰਵਾਏ, ਤੇ ਅੰਦਰਵਾਰ ਮਲਬਾ ਸੁਟਵਾਇਆ ਤਾਂ ਜੋ ਪਾੜ ਪੈ ਹੀ ਨਾ ਸਕੇ, ਪਰ ਕੰਧਾਂ ਨੀਵੀਆਂ ਹੋਣ ਕਰਕੇ ਲੋਕ ਉਪਰੋਂ ਝਾਤੀ ਮਾਰ ਕੇ ਅਸਾਨੀ ਨਾਲ ਵੇਖ ਲੈਂਦੇ ਨੇ ਕਿ ਕਿਥੇ ਕੰਧ ਨਿੱਧਰੀ ਹੈ, ਪਾੜ ਓਥੇ ਲਾ ਦਿੰਦੇ ਨੇ।

ਹੁਣ ਪੈ ਕੇ ਹਟੇ ਮੀਂਹ ਦੌਰਾਨ ਵੀ ਤਿੰਨ ਥਾਵਾਂ ਤੋਂ ਸਕੂਲ ਦੀ ਚਾਰਦੀਵਾਰੀ ਚ ਪਾੜ ਪਾਇਆ ਗਿਆ, ਸਾਰਾ ਪਾਣੀ ਸਕੂਲ ਚ ਜਮਾ ਹੈ, ਪ੍ਰਿੰਸੀਪਲ ਆਫਿਸ ਪਾਣੀ ਚ ਡੁੱਬ ਗਿਆ, ਸਾਰੀਆਂ ਲੈਬਜ਼ ਚ ਪਾਣੀ ਭਰ ਗਿਆ, ਪਿਛਲ਼ੀ ਵਾਰ ਆਏ ਪਾਣੀ ਚ ਇਕ ਲੈਕਚਰਾਰ ਦਾ ਲੈਬ ਚ ਪਏ ਬਾਕੀ ਸਮਾਨ ਨਾਲ ਲੈਪਟਾਪ ਵੀ ਖਰਾਬ ਹੋ ਗਿਆ ਸੀ। ਪਿਛਲੇ ਸਾਲ ਸਰਦੀ ਦੀ ਸ਼ੁਰੂਆਤ ਵੇਲੇ ਪਏ ਮੀਂਹ ਦੌਰਾਨ ਵੀ ਕੰਧਾਂ ਚ ਪਾੜ ਲਾ ਕੇ ਪਿੰਡ ਦਾ ਗੰਦਾ ਪਾਣੀ ਸਕੂਲ ਚ ਵਾੜ ਦਿਤਾ ਗਿਆ ਸੀ, ਅਗਲੀ ਸਵੇਰ ਜਦੋਂ ਵਿਦਿਆਰਥੀ ਤੇ ਸਟਾਫ ਮੈਂਬਰ ਆਏ ਤਾਂ ਸਕੂਲ ਦੇ ਅੰਦਰ ਜਮਾ ਪਾਣੀ ਚ ਕਰੰਟ ਸੀ, ਤੁਰੰਤ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੂੰ ਸੱਦਿਆ ਗਿਆ, ਤੇ ਬਿਜਲੀ ਕੁਨੈਕਸ਼ਨ ਕਟਵਾਇਆ ਗਿਆ, ਮੋਹਤਬਰਾਂ ਤੱਕ ਵੀ ਮਾਮਲਾ ਪੁਚਾਇਆ ਗਿਆ,ਪਰ ਲੋਕ ਫੇਰ ਨਹੀਂ ਹਟਦੇ।

ਹੁਣ ਜਦੋਂ ਵੀ ਮੀਂਹ ਪੈਂਦਾ ਹੈ, ਸਕੂਲ ਸਟਾਫ ਬਿਜਲੀ ਦਾ ਕੁਨੈਕਸ਼ਨ ਦੋ ਤਿੰਨ ਦਿਨ ਲਈ ਪਹਿਲਾਂ ਹੀ ਅਹਤਿਆਤ ਵਜੋਂ ਕਟਵਾ ਦਿੰਦਾ ਹੈ। ਤਾਂ ਜੋ ਕਿਸੇ ਬੱਚੇ ਨਾਲ ਜਾਂ ਕਿਸੇ ਸਟਾਫ ਮੈਂਬਰ ਨਾਲ ਕੋਈ ਭਾਣਾ ਨਾ ਵਾਪਰ ਜਾਏ। ਅੰਦਰ ਗੰਦੇ ਪਾਣੀ ਨਾਲ ਜਮਾਂ ਹੋਈ ਗਾਬ ਵੀ ਸਿਰਦਰਦੀ ਹੈ, ਪਾਣੀ ਉਤਰ ਜਾਂਦਾ ਹੈ ਤਾਂ ਕਈ ਕਈ ਦਿਨ ਓਥੇ ਤੁਰ ਹੀ ਨਹੀਂ ਹੁੰਦਾ, ਤਿਲਕਣ ਹੋ ਜਾਂਦੀ ਹੈ, ਕਈ ਵਾਰ ਸਟਾਫ ਮੈਂਬਰ ਤੇ ਬੱਚੇ ਤਿਲਕ ਕੇ ਡਿਗਦੇ ਵੀ ਨੇ।

ਪ੍ਰਿੰਸੀਪਲ ਮੈਡਮ ਲੀਨਾ ਸ਼ਰਮਾ ਨੇ ਕਿਹਾ ਕਿ ਸਾਨੂਂ ਜੋ ਵੀ ਗਰਾਂਟ ਕਿਸੇ ਉਸਾਰੀ ਲਈ ਆਉਂਦੀ ਹੈ,ਅਸੀਂ ਉਹ ਉਸਾਰੀ ਸਕੂਲ ਗਰਾਊਂਡ ਤੋਂ ਕਈ ਫੁੱਟ ਉੱਚੀ ਕਰਵਾ ਰਹੇ ਹਾਂ, ਹੁਣ ਵੀ ਪੁਰਾਣੇ ਕਮਰਿਆਂ ਚ ਪਾਣੀ ਭਰਨ ਕਰਕੇ ਜਮਾਤਾਂ ਨਵੇਂ ਉੱਚੇ ਦੋ ਕਮਰਿਆਂ ਚ ਲਾਈਆਂ ਹੋਈਆਂ ਸਨ, ਪ੍ਰਿੰਸੀਪਲ ਦੇ ਦਫਤਰ ਚ ਪਾਣੀ ਭਰਿਆ ਹੋਣ ਕਰਕੇ ਮੈਡਮ ਵਰਾਂਡੇ ਚ ਬਹਿ ਕੇ ਕੰਮ ਕਰ ਰਹੇ ਸਨ, ਸਾਰੀਆਂ ਜਮਾਤਾਂ ਦੋ ਕਮਰਿਆਂ ਚ ਐਡਜਸਟ ਕੀਤੀਆਂ ਸਨ, ਮਿਡ ਡੇਅ ਮੀਲ ਦਾ ਖਾਣਾ ਪੁਰਾਣੀ ਰਸੋਈ ਚ ਪਾਣੀ ਭਰਨ ਕਰਕੇ ਬਾਹਰ ਜੁਗਾੜ ਲਾ ਕੇ ਓਟ ਕਰਕੇ ਬਣਾਇਆ ਗਿਆ।

ਇਕ ਵਾਰ ਪਾਵਰ ਗਰਿੱਡ ਵਾਲਿਆਂ ਤੋਂ ਸਵੱਛ ਭਾਰਤ ਅਭਿਆਨ ਤਹਿਤ ਨਿੱਜੀ ਗੁਜ਼ਾਰਿਸ਼ ਕਰਕੇ ਸਕੂਲ ਸਟਾਫ ਨੇ ਉੱਚੇ ਬਾਥਰੂਮ ਬਣਵਾਏ, ਉਦੋਂ ਵੀ ਸਕੂਲ ਦੇ ਆਲੇ ਦੁਆਲੇ ਰਹਿੰਦੇ ਲੋਕਾਂ ਨੇ ਬਾਥਰੂਮਾਂ ਦਾ ਪਾਣੀ ਬਾਹਰ ਨਾਲੀਆਂ ਚ ਨਹੀਂ ਸੀ ਪੈਣ ਦਿੱਤਾ, ਤਾਂ ਮਜਬੂਰੀ ਚ ਸਕੂਲ ਦੇ ਅੰਦਰ ਹੀ ਡੂੰਘੇ ਪੱਕੇ ਟੋਏ ਪੁੱਟ ਕੇ ਵੇਸਟ ਓਥੇ ਸੁਟਣਾ ਪਿਆ ।

ਲੋਕਾਂ ਦੀ ਮਾਨਸਿਕਤਾ ਕਿੰਨੀ ਗਰਕ ਚੁੱਕੀ ਹੈ ਕਿ ਬੱਚੇ ਉਹਨਾਂ ਦੇ ਹੀ ਪੜਦੇ ਨੇ, ਸਟਾਫ ਜਾਂ ਪ੍ਰਿੰਸੀਪਲ ਤਾਂ ਬਦਲੀ ਕਰਵਾ ਕੇ ਕਿਤੇ ਹੋਰ ਚਲੇ ਜਾਣਗੇ, ਸਮਸਿਆ ਤਾਂ ਬੱਚਿਆਂ ਲਈ ਹੈ, ਫੇਰ ਵੀ ਕੋਈ ਪਰਵਾਹ ਨਹੀਂ ਕਰਦਾ। ਲੋਕ ਕਹਿੰਦੇ ਨੇ, ਕਿ ਸਾਡੇ ਘਰਾਂ ਚ ਪਾਣੀ ਵੜਦਾ ਹੈ, ਨੀਂਵੇ ਥਾਂ ਵੱਲ ਹੀ ਜਾਏਗਾ, ਕੰਧਾਂ ਚ ਪਾੜ ਪਾਉਣ ਦੀ ਗੱਲ ਕੋਈ ਨਹੀਂ ਮੰਨਦਾ, ਆਂਹਦੇ, ਪਾਣੀ ਦੇ ਜ਼ੋਰ ਨਾਲ ਕੰਧ ਟੁਟ ਜਾਂਦੀ ਹੈ। ਮੋਹਤਬਰ ਕਹਿੰਦੇ ਸਕੂਲ ਦਾ ਮੇਨ ਗੇਟ ਮੁੱਖ ਸੜਕ ਤੋਂ ਹਟਾ ਕੇ ਪਿੱਛੇ ਕਰ ਲਓ, ਸਾਰੀ ਮੁਸ਼ਕਲ ਦਾ ਹੱਲ ਹੋ ਜਾਊ.. ਸਮਸਿਆ ਤਾਂ ਸਕੂਲ ਦੀ ਗਰਾਊਂਡ ਦਾ ਪਿੰਡ ਦੀਆਂ ਗਲੀਆਂ ਨਾਲੀਆਂ ਤੋਂ ਨੀਂਵਾਂ ਹੋਣਾ ਹੈ, ਇਹਦਾ ਗੇਟ ਨਾਲ ਕੀ ਸੰਬੰਧ..

ਪਰ ਕਿਸੇ ਨੇ ਸੁਹਿਰਦਤਾ ਨਾਲ ਮਸਲੇ ਦਾ ਹੱਲ ਕਰਨਾ ਹੋਵੇ, ਗੱਲ ਕਰਨ ਦਾ, ਦਲੀਲਾਂ ਦੇਣ ਦਾ ਵੀ ਤਾਂ ਹੀ ਫਾਇਦਾ ਹੁੰਦਾ ਹੈ।

ਹੁਣ ਵੀ ਸਕੂਲ ਦੀ ਗਰਾਊਂਡ ਚ ਫਿਰਦਾ ਮੁਸ਼ਕ ਮਾਰਦਾ ਪਾਣੀ ਪਿੰਡ ਦੇ ਲੋਕਾਂ ਦੀ ਨਲਾਇਕੀ ਤੇ ਪੰਚਾਇਤ ਦੀ ਲਾਪਰਵਾਹੀ ਅਤੇ ਪਰਸ਼ਾਸਨ ਦੀ ਘੇਸਲ ਦੀ ਦਾਸਤਾਨ ਆਪ ਹੀ ਸੁਣਾ ਰਿਹਾ ਹੈ।

ਪ੍ਰਿੰਸੀਪਲ ਤੇ ਕੁਝ ਵਿਦਿਆਰਥੀਆਂ ਦੇ ਮਾਪਿਆਂ ਨੇ ਦੱਸਿਆ ਕਿ ਸਾਰਾ ਮਾਮਲਾ ਮੀਡੀਆ ਜ਼ਰੀਏ, ਤੇ ਲਿਖਤੀ ਅਰਜ਼ੀਆਂ ਜ਼ਰੀਏ ਡੀ ਸੀ ਕਪੂਰਥਲਾ ਤੱਕ ਕਈ ਵਾਰ ਪੁਚਾਇਆ ਗਿਆ। ਪਿਛਲੀ ਵਾਰ ਲੈਕਚਰਾਰ ਸੁਨੀਲ  ਖੁਦ ਜਾ ਕੇ ਡੀ ਸੀ ਜਨਾਬ ਮੁਹੰਮਦ ਤਾਇਬ ਨੂੰ ਮਿਲੇ ਸਨ, ਲਿਖਤੀ ਅਪੀਲ ਕੀਤੀ ਸੀ ਕਿ ਮਸਲੇ ਦਾ ਹੱਲ ਕਰਵਾਇਆ ਜਾਏ, ਤਾਂ ਜੋ ਕੋਈ ਅਣਹੋਣੀ ਨਾ ਵਾਪਰੇ, ਡੀ ਸੀ ਨੇ ਢਿੱਲਵਾਂ ਦੇ ਵੇਲੇ ਦੇ ਬੀ ਡੀ ਪੀ ਓ ਸ. ਸੇਵਾ ਸਿੰਘ ਨੂੰ ਕਾਰਵਾਈ ਲਈ ਕਿਹਾ, ਸੇਵਾ ਸਿੰਘ ਇਕ ਇੰਜੀਨੀਅਰ ਨੂੰ ਲੈ ਕੇ ਆਏ ਵੀ, ਮੌਕਾ ਦੇਖਿਆ, ਪਲਾਨ ਬਣਾ ਕੇ ਲੈ ਗਏ, ਪਰ ਹੋਇਆ ਕੁਝ ਨਹੀਂ, ਹੁਣ ਡੀ ਸੀ ਤਾਇਬ ਸਾਹਿਬ ਬਦਲ ਚੁੱਕੇ ਨੇ।

7 ਅਗਸਤ ਨੂੰ ਡਿਪਟੀ ਡੀ ਓ ਬਿਕਰਮਜੀਤ ਸਿੰਘ ਵੀ ਮੌਕਾ ਦੇਖਣ ਆਏ, ਮੋਹਤਬਰਾਂ ਨੂੰ ਵੀ ਮਿਲੇ ਸਨ, ਗੱਲਾਂ ਗੱਲਾਂ ਚ ਮਸਲਾ ਹੱਲ ਹੋਣ ਦੇ ਪਲਾਨ ਬਣੇ, ਪਰ ਹੋਇਆ ਕੁਝ ਨਹੀਂ।

19 ਅਗਸਤ ਨੂੰ ਜਦੋਂ ਅਸੀਂ  ਮੀਂਹ ਤੇ ਸੀਵਰੇਜ ਦੇ ਪਾਣੀ ਚ ਡੁੱਬੇ ਸਕੂਲ ਦਾ ਦੌਰਾ ਕੀਤਾ ਤਾਂ ਓਸ ਦਿਨ ਵੀ ਸਟਾਫ ਨੇ ਕਪੂਰਥਲਾ ਦੇ ਡੀ ਸੀ ਨੂੰ ਲਿਖਤੀ ਮਾਮਲਾ ਪੁਚਾਇਆ ਸੀ, ਡੀ ਸੀ ਸਾਹਿਬ ਹੜ ਦੇ ਸੰਭਾਵੀ ਖਤਰੇ ਕਾਰਨ ਸੁਲਤਾਨਪੁਰ ਲੋਧੀ ਹਲਕੇ ਚ ਸਨ, ਤਾਂ ਉਹਨਾਂ ਦੇ ਪੀ ਏ ਦਵਿੰਦਰਪਾਲ ਸਿੰਘ ਨੂਂ ਸਾਰਾ ਮਾਮਲਾ

ਵਟਸਅਪ ਕਰ ਦਿੱਤਾ ਗਿਆ, ਉਹਨਾਂ ਡੀ ਸੀ ਸਾਹਿਬ ਦੇ ਧਿਆਨ ਚ ਮਾਮਲਾ ਲਿਆਉਣ ਦਾ ਵਾਅਦਾ ਕੀਤਾ।

ਸਕੂਲ ਚ ਪੜਦੇ ਜਾਣਕਾਰ ਪਰਿਵਾਰਾਂ ਦੇ ਬੱਚਿਆਂ ਨੇ ਇਹ ਮਾਮਲਾ ਟੋਰਾਂਟੋ ਦੇ ਰੰਗਲਾ ਪੰਜਾਬ ਰੇਡੀਓ ਅਤੇ ਸੂਹੀ ਸਵੇਰ ਮੀਡੀਆ ਅਦਾਰੇ ਦੇ ਧਿਆਨ ਚ ਲਿਆਂਦਾ ਸੀ, ਤੇ ਕਿਹਾ ਸੀ ਕਿ ਸਾਡੇ ਡੁਬਦੇ ਸਕੂਲ ਨੂੰ ਦੇਖਣ ਜ਼ਰੂਰ ਆਓ। ਉਹਨਾਂ ਦੇ ਮਾਪਿਆਂ ਨੇ ਕਿਹਾ ਕਿ ਉਕਤ ਅਦਾਰਿਆਂ ਤੱਕ ਇਹ ਮਾਮਲਾ ਤਾਂ ਪੁਚਾਉਣਾ ਹੈ ਕਿਉਂਕਿ ਉਮੀਦ ਹੈ ਕਿ ਪਰਵਾਸੀ ਪੰਜਾਬੀ,ਅਤੇ ਜਾਗਰੂਕ ਤੇ ਪੰਜਾਬ ਦੇ ਫਿਕਰਮੰਦ ਲੋਕ, ਜਿਹਨਾਂ ਚ ਇਸ ਪਿੰਡ ਦੇ ਵੀ ਲੋਕ ਨੇ, ਉਹਨਾਂ ਤੱਕ ਸਾਡੀ ਤਕਲੀਫ ਜਾਏ, ਬੱਚਿਆਂ ਤੇ ਸਕੂਲ ਸਟਾਫ ਨੂੰ ਚਾਰ - ਸਾਢੇ ਚਾਰ ਫੁੱਟ ਤੱਕ ਜਮਾਂ ਹੋ ਜਾਂਦੇ ਗੰਦੇ ਪਾਣੀ ਦੇ ਖਤਰੇ ਬਾਰੇ ਪਤਾ ਲੱਗ ਸਕੇ ਤੇ ਉਹ ਇਧਰ ਮੋਹਤਬਰਾਂ ਤੱਕ ਤੇ ਪਰਸ਼ਾਸਨ ਤੱਕ ਮਸਲੇ ਦੇ ਹੱਲ ਲਈ ਦਬਾਅ ਪਾਉਣਗੇ।ਗੱਲ ਸਾਡੇ ਵੱਸ ਦੀ ਨਹੀਂ ਰਹੀ, ਤਾਂ ਕਰਕੇ ਪਰਵਾਸੀਆਂ ਵੱਲ ਮਦਦ ਦੀ ਆਸ ਲਾਈ ਹੈ।

ਸਾਡੀ ਟੀਮ ਵੀ ਇਹਨਾਂ ਆਸਵੰਦਾਂ ਨੂੰ ਨਿਰਾਸ਼ ਨਹੀਂ ਕਰੇਗੀ, ਪੰਜਾਬ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਕਾਰਕੁੰਨਾਂ ਨਾਲ ਮਿਲ ਕੇ ਸਾਰਾ ਮਾਮਲਾ, ਜੁਡੀਸ਼ਰੀ, ਡੀ ਸੀ , ਏਡੀਸੀ, ਐਸਡੀਐਮ ਕਪੂਰਥਲਾ, ਤੱਕ ਪੁਚਾਉਣ ਦੇ ਨਾਲ ਨਾਲ ਸਕੂਲ ਐਜੂਕੇਸ਼ਨ ਪੰਜਾਬ ਦੇ ਸੈਕਟਰੀ ਸ੍ਰੀ ਕ੍ਰਿਸ਼ਨ ਕੁਮਾਰ ਤੱਕ ਵੀ ਸਾਰੇ ਸਬੂਤਾਂ ਸਮੇਤ ਪੁਚਾਉਣ ਦਾ ਵਾਅਦਾ ਕਰਕੇ ਆਈ ਹੈ ਤੇ ਜਦ ਤੱਕ ਮਸਲੇ ਦਾ ਠੋਸ ਹੱਲ ਨਹੀਂ ਹੁੰਦਾ, ਤਦ ਤੱਕ ਪਰਸ਼ਾਸਨ ਦਾ ਖਹਿਡ਼ਾ ਨਹੀਂ ਛੱਡਿਆ ਜਾਵੇਗਾ..

ਕਿ ਜਾਂ ਤਾਂ ਪਾਣੀ ਦੀ ਨਿਕਾਸੀ ਦਾ ਪਰਬਂਧ ਹੋਵੇ ਜਾਂ ਸਕੂਲ ਕਿਤੇ ਹੋਰ ਸ਼ਿਫਟ ਹੋਵੇ, ਤੇ ਜੇ ਸਰਕਾਰਾਂ ਨੇ ਮਿਥਿਆ ਹੀ ਹੈ ਕਿ ਪੰਜਾਬ ਦੀ ਪਨੀਰੀ ਨੂੰ ਗਿਆਨ ਦੇ ਦੀਵਿਆਂ ਦੀ ਲੋੜ ਕੋਈ ਨਹੀਂ ਤਾਂ ਫੇਰ ਸਕੂਲ ਨੂੰ ਛੱਪੜ ਐਲਾਨ ਦਿੱਤਾ ਜਾਵੇ।

ਇਹ ਰਿਪੋਰਟ ਪੰਜਾਬ ਦੇ ਆਪੋਧਾਪੀ ਚ ਪਏ ਲੋਕਾਂ ਦੀ ਮਾਨਸਿਕਤਾ ਚ ਆਈ ਗਿਰਾਵਟ ਦਾ ਜਿਉਂਦਾ ਜਾਗਦਾ ਸਬੂਤ ਹੈ, ਫੇਰ ਕਿਵੇਂ ਭਾਲਦੇ ਹੋ ਇਥੋਂ ਇਨਕਲਾਬ..।

ਸੱਚ ਇਹ ਵੀ ਹੈ ਕਿ ਸਕੂਲ ਚ ਧੱਕੇ ਨਾਲ ਗੰਦਾ ਪਾਣੀ ਪਾਉਣ ਦਾ ਮਸਲਾ ਸਿਆਸੀ ਧਿਰਾਂ ਲਈ ਮਸਲਾ ਨਹੀਂ ਹੈ, ਜਵਾਕਾਂ ਦੀ ਹਾਲੇ ਵੋਟ ਨਹੀਂ ਬਣੀ..

ਫਰਜ਼ ਮੇਰਾ ਸੀ ਸ਼ੀਸ਼ਾ ਧਰਨਾ
 ਸ਼ੀਸ਼ਾ ਧਰ ਕੇ ਮੁੜਿਆ ਵਾਂ...

Comments

Security Code (required)Can't read the image? click here to refresh.

Name (required)

Leave a comment... (required)

ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ