Sun, 03 March 2024
Your Visitor Number :-   6882368
SuhisaverSuhisaver Suhisaver

ਤਿੰਨੋਂ ਪ੍ਰਮੁੱਖ ਉਮੀਦਵਾਰਾਂ ਲਈ ਵਕਾਰ ਦਾ ਸਵਾਲ ਬਣੀ ਸੰਗਰੂਰ ਸੀਟ -ਸ਼ਿਵ ਇੰਦਰ ਸਿੰਘ

Posted on:- 09-05-2019

suhisaver

ਸੰਗਰੂਰ ਲੋਕ ਸਭਾ ਹਲਕਾ  ਤਿੰਨੋਂ ਪ੍ਰਮੁੱਖ  ਪਾਰਟੀਆਂ ਲਈ ਵਕਾਰ ਦਾ ਸਵਾਲ ਬਣ ਚੁੱਕਾ  ਹੈ । ਇਸ ਹਲਕੇ ਨੂੰ  ਸਿਆਸੀ ਤੌਰ `ਤੇ ਗਰਮ ਹਲਕਾ  ਆਖਿਆ ਜਾ ਸਕਦਾ ਹੈ  ।   ਖੇਤੀ ਸੰਕਟ ਤੇ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਹਲਕੇ  ਦੇ  ਲੋਕ ਆਪਣੇ ਨਵੇਂ ਐਮ .ਪੀ . ਕੋਲੋਂ ਇਹਨਾਂ  ਸਮੱਸਿਆਵਾਂ ਦਾ  ਹੱਲ ਭਾਲਦੇ ਹਨ । ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਮੈਦਾਨ `ਚ ਹਨ , ਜੋ ਇਲਾਕੇ ਦੇ ਮੌਜੂਦਾ ਸਾਂਸਦ ਨੇ  , ਅਕਾਲੀ ਦਲ ਵੱਲੋਂ ਪਰਮਿੰਦਰ ਸਿੰਘ ਢੀਂਡਸਾ ਮੈਦਾਨ `ਚ ਹਨ  ਜੋ ਪੰਜਾਬ ਦੇ ਵਿੱਤ ਮੰਤਰੀ ਰਹਿ ਚੁੱਕੇ ਹਨ । ਕਾਂਗਰਸ ਵੱਲੋਂ ਸਾਬਕਾ ਵਿਧਾਇਕ ਕੇਵਲ ਢਿੱਲੋਂ ਮੈਦਾਨ `ਚ ਹਨ । ਗਰਮ ਖਿਆਲੀ ਸੋਚ ਵਾਲੇ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ  ਹਲਕੇ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ  । ਲੋਕ ਇਨਸਾਫ ਪਾਰਟੀ ਨੇ  ਗਾਇਕ ਜੱਸੀ ਜਸਰਾਜ ਨੂੰ ਟਿਕਟ ਦਿੱਤੀ  ਹੈ  ।

   ਭਗਵੰਤ ਮਾਨ ਲਈ ਇਹ ਸੀਟ ਸਭ ਤੋਂ ਵਕਾਰ ਵਾਲੀ ਇਸ ਲਈ ਵੀ  ਹੈ ਕਿਉਂ ਕਿ ਆਮ ਆਦਮੀ ਪਾਰਟੀ ਨੇ  2017 `ਚ  ਸੰਗਰੂਰ ਲੋਕ ਸਭ ਹਲਕੇ `ਚ ਪੈਂਦੀਆਂ 9  ਵਿਧਾਨ ਸਭਾ ਸੀਟਾਂ  `ਚੋਂ 5 ਸੀਟਾਂ ਜਿੱਤੀਆਂ ਸਨ । ਪਾਰਟੀ ਦੇ ਪ੍ਰਮੁੱਖ ਨੇਤਾ ਅਮਨ ਅਰੋੜਾ ਤੇ ਹਰਪਾਲ ਚੀਮਾ ਸੰਗਰੂਰ ਲੋਕ ਸਭਾ ਹਲਕੇ ਨਾਲ  ਸਬੰਧਤ  ਹਨ ।  `ਆਪ` ਵਿਚ ਚੱਲ ਰਹੀ   ਪਾਟੋ-ਧਾੜ  `ਚ ਜੇ  ਮਾਨ ਇਹ ਸੀਟ ਕੱਢ ਲੈਂਦਾ ਹੈ ਤਾਂ ਉਹ  ਪੂਰੀ ਪਾਰਟੀ ਨੂੰ ਪੰਜਾਬ ਵਿਚ ਫਿਰ ਤੋਂ ਪੈਰੀਂ ਖੜ੍ਹਾ  ਕਰਨ `ਚ ਕਾਮਯਾਬ ਹੋ ਸਕਦਾ   ਹੈ ।


ਕਾਂਗਰਸ ਵੱਲੋਂ ਪੰਜਾਬ `ਚੋਂ ਤੇ ਭਾਜਪਾ ਵੱਲੋਂ ਦਿੱਲੀ `ਚੋਂ ਆਪ ਵਿਧਾਇਕਾਂ ਨੂੰ ਪਾਰਟੀ `ਚ ਸ਼ਾਮਿਲ ਕਰਾਉਣ ਬਾਰੇ ਉਹ ਮੋਦੀ ਤੇ ਕੈਪਟਨ ਅਮਰਿੰਦਰ ਨੂੰ ਵਿਅੰਗ `ਚ ਆਖਦਾ  ਹੈ  ``ਜੇ ਤੁਸੀਂ ਸਾਡੇ ਜਿੱਤੇ ਹੋਏ ਵਿਧਾਇਕਾਂ ਨੂੰ ਪੈਸੇ ਦੇ ਜ਼ੋਰ `ਤੇ ਖਰੀਦਣਾ ਹੀ ਹੈ ਤਾਂ ਪਹਿਲਾਂ ਸਾਨੂੰ ਸੀਟਾਂ ਜਿੱਤ ਲੈਣ ਦਿਓ ਫੇਰ ਖ਼ਰੀਦ ਲੈਣਾ ।``
          
ਪਰਮਿੰਦਰ ਸਿੰਘ ਢੀਂਡਸਾ ਅਕਾਲੀ -ਭਾਜਪਾ ਦੇ ਸਾਂਝੇ ਉਮੀਦਵਾਰ ਹਨ । ਉਹਨਾਂ ਲਈ ਇਹ ਸੀਟ ਇਸ ਲਈ ਮਹੱਤਵਪੂਰਨ ਹੈ ਕਿਉਂ ਕਿ 2015 ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਰਨ ਤੇ ਕਿਸਾਨੀ ਸੰਕਟ ਕਰਕੇ ਅਕਾਲੀ ਸੂਬੇ ਦੇ ਲੋਕਾਂ ਦੇ ਮੂੰਹੋਂ ਲਹਿ ਚੁੱਕੇ ਹਨ । ਪਰਮਿੰਦਰ ਢੀਂਡਸਾ ਲਈ ਇਹ  ਜਿੱਤ ਉਸਦੀ ਪਾਰਟੀ ਦੇ ਦੁਬਾਰਾ ਉਭਾਰ `ਚ ਸਹਾਈ ਹੋ ਸਕਦੀ ਹੈ । ਪਰਮਿੰਦਰ ਸਿੰਘ ਢੀਂਡਸਾ ਦੇ  ਪਿਤਾ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਜੋ ਅਕਾਲੀ ਦਲ ਤੇ ਉਸਦੇ ਪ੍ਰਧਾਨ ਤੋਂ ਖਫ਼ਾ ਚੱਲੇ ਆ ਰਹੇ ਹਨ । ਪਰਮਿੰਦਰ ਲਈ ਚੁਣੌਤੀ ਬਣ ਸਕਦੇ ਹਨ ਭਾਵੇਂ ਕਿ ਸੁਖਦੇਵ ਸਿੰਘ ਢੀਂਡਸਾ  ਆਪਣੇ ਪੁੱਤਰ ਲਈ ਪ੍ਰਚਾਰ ਕਰ ਰਹੇ ਹਨ ।
        
ਕਾਂਗਰਸ ਦੇ ਕੇਵਲ ਢਿੱਲੋਂ ਨੂੰ ਇਹ ਸੀਟ ਕੈਪਟਨ ਦਾ ਨਜ਼ਦੀਕੀ ਹੋਣ ਕਰਕੇ ਮਿਲੀ ਹੈ । 2017 ਚ ਉਹ ਬਰਨਾਲਾ ਵਿਧਾਨ ਸਭਾ ਸੀਟ ਤੋਂ ਚੋਣ ਹਾਰ ਗਏ ਸਨ । ਜੇ ਕੇਵਲ ਢਿੱਲੋਂ  ਜਿੱਤਦਾ ਹੈ ਤਾਂ ਉਸਦੇ ਸਿਆਸੀ ਕੱਦ ਨੂੰ ਉਭਾਰਨ `ਚ ਇਹ ਸੀਟ ਸਹਾਈ ਹੋਵੇਗੀ ।
     
 ਇਹ  ਹਲਕਾ  ਕਿਸਾਨੀ ਸੰਕਟ ਨਾਲ ਜੂਝ ਰਿਹਾ ਹੈ । ਕਿਸਾਨ ਖੁਦਕੁਸ਼ੀਆਂ ਦੇ ਬਹੁਤ ਸਾਰੇ ਮਾਮਲੇ ਇਥੋਂ ਸਾਹਮਣੇ ਆਏ ਹਨ । ਭਾਵੇਂ ਕਿ ਕਾਂਗਰਸ ਪਾਰਟੀ ਨੇ ਸੱਤਾ `ਚ ਆਉਣ ਤੋਂ ਬਾਅਦ ਕਿਸਾਨਾਂ ਦੀ ਜੂਨ ਸੁਧਾਰਨ ਦੇ ਅਨੇਕਾਂ ਵਾਅਦੇ ਕੀਤੇ ਸਨ ਪਰ ਜਦੋਂ ਦੀ ਕੈਪਟਨ ਸਰਕਾਰ ਆਈ ਹੈ , ਉਦੋਂ ਤੋਂ ਲੈ ਕੇ ਹੁਣ ਤੱਕ 1070 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ ਸਿਰਫ ਸੰਗਰੂਰ ਜ਼ਿਲ੍ਹੇ `ਚੋਂ ਹੀ  ਸਰਕਾਰ ਦੇ ਬਣਨ ਤੋਂ ਲੈ ਕੇ ਅਪ੍ਰੈਲ 2019 ਤੱਕ 179 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ । ਜਿਨ੍ਹਾਂ `ਚੋਂ 15 ਔਰਤਾਂ ਹਨ । ਇਹ ਅੰਕੜੇ ਸਿਰਫ ਉਹ ਹਨ ਜੋ ਮੀਡੀਆ ਰਿਪੋਰਟਾਂ ਰਾਹੀਂ ਸਾਹਮਣੇ ਆਏ ਹਨ। ਅਸਲ ਅੰਕੜੇ ਇਸ ਤੋਂ ਵਧੇਰੇ ਹਨ ।
         
ਕਾਂਗਰਸੀਆਂ ਤੇ ਅਕਾਲੀਆਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਨੂੰ ਇੱਕੋ ਜਿਹਾ ਮੰਨਦੇ ਹੋਈ ਭਾਰਤੀ  ਕਿਸਾਨ ਯੂਨੀਅਨ (ਉਗਰਾਹਾਂ ) ਦੇ ਆਗੂ ਗੋਬਿੰਦਰ ਸਿੰਘ ਮੰਗਵਾਲ ਕਵਿਤਾਮਈ ਅੰਦਾਜ਼ `ਚ ਆਖਦੇ ਹਨ
                                      ਨਾ ਇਹ ਕਾਂਗਰਸੀ ਨਾ ਇਹ ਅਕਾਲੀ
                                      ਇਹ ਤੁਗਲਕ ਤੇ ਅਬਦਾਲੀ
                                     ਕਰਤਾ ਦੇਸ਼ ਜਿਨ੍ਹਾਂ ਨੇ ਖਾਲੀ
                                     ਲੁੱਟ -ਲੁੱਟ ਖਾ ਲਿਆ ਭਾਰਤ ਨੂੰ
                                     ਖੇਡਣ ਸਿਆਸੀ ਖੇਡਾਂ , ਖੇਡ ਬਣਾ ਲਿਆ ਭਾਰਤ ਨੂੰ

               
ਗੋਬਿੰਦਰ ਸਿੰਘ ਹੁਰਾਂ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਇੰਨੇ ਕਿਸਾਨੀ ਅੰਦੋਲਨਾਂ ਦੇ ਬਾਵਜੂਦ ਕਾਮਯਾਬੀ ਕਿਉਂ ਨਹੀਂ ਹਾਸਲ ਹੋ ਰਹੀ ਤਾਂ ਉਹ ਆਖਦੇ ਹਨ , ``ਸਰਕਾਰਾਂ ਕਿਸਾਨਾਂ ਦੇ ਅੰਦੋਲਨਾਂ ਨੂੰ ਕਮਜ਼ੋਰ ਕਰਨ ਲਈ ਆਪਣੀਆਂ ਹੱਥ- ਠੋਕੂ  ਜਥੇਬੰਦੀਆਂ ਬਣਾ ਦਿੰਦੀਆਂ ਹਨ, ਜੋ ਕਿਸਾਨੀ ਅੰਦੋਲਨਾਂ ਦੀ ਤਾਕਤ ਨੂੰ ਕਮਜ਼ੋਰ ਕਰਨ ਦਾ ਕੰਮ ਕਰਦੀਆਂ ਹਨ ।`` ਉਹਨਾਂ ਆਖਿਆ ਕਿ ਸਰਕਾਰ ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਤੋਂ ਭੱਜ ਰਹੀ ਹੈ । ਕਿਸਾਨੀ ਕਰਜ਼ਿਆਂ ਦਾ ਘੇਰਾ ਬਹੁਤ ਸੀਮਤ ਕਰ ਦਿੱਤਾ ਹੈ । ਬਹੁਤ ਘੱਟ ਕਿਸਾਨ ਨੂੰ ਰਾਹਤ ਮਿਲੀ ਹੈ । ਲੋਨ ਤੇ ਫਸਲ ਬੀਮਾ ਯੋਜਨਾ `ਚ ਵੀ ਘਾਲਾ -ਮਾਲਾ ਹੈ ।  
          
ਕਿਸਾਨ ਆਗੂ ਅੱਗੇ ਦੱਸਦਾ ਹੈ ``ਪਿਛਲੇ ਸਮੇਂ ਅਖਬਾਰਾਂ `ਚ ਆਈਆਂ ਖ਼ਬਰਾਂ ਦੱਸਦੀਆਂ ਕਿ ਮਾੜੀ ਆਰਥਿਕ ਹਾਲਤ ਕਰਕੇ ਕਿਸਾਨ ਆਪਣੇ ਬੱਚਿਆਂ ਖਾਸ ਕਰਕੇ ਕੁੜੀਆਂ ਦਾ ਵਿਆਹ ਨਹੀਂ ਕਰ ਸਕੇ । ਉਹ ਜਦੋਂ ਬੈਂਕਾਂ ਤੋਂ ਕਰਜ਼ਾ ਲੈਂਦੇ ਹਨ ਤਾਂ ਬੈਂਕਾਂ ਉਹਨਾਂ ਤੋਂ ਇੱਕ ਕਾਗਜ਼ `ਤੇ ਦਸਤਖਤ ਕਰਾਉਂਦੀਆਂ ਹਨ । ਕਰਜ਼ਾ ਨਾ ਮੋੜਨ ਦੀ ਸੂਰਤ ਚ ਉਸਦੀ ਫੋਟੋ ਵੀ ਜਨਤਕ ਤੌਰ `ਤੇ ਨਸ਼ਰ ਕੀਤੀ ਜਾਂਦੀ ਹੈ । ਕਿਸਾਨ ਇਸਨੂੰ ਆਪਣੀ ਬੇਜ਼ਤੀ ਮੰਨਦਾ ਹੈ । ਆਤਮ -ਹੱਤਿਆ ਦਾ ਇੱਕ ਕਾਰਨ ਇਹ ਵੀ ਹੈ ।``
      
 ``ਕਿਸਾਨੀ ਸੰਕਟ ਦਾ ਭਾਵ  ਸੰਕਟਗ੍ਰਸ੍ਤ ਪਰਿਵਾਰ ਕੋਲ ਆਮ ਖਾਣ-ਪੀਣ ਤੇ ਰੋਜ਼ਮਰਾ ਦੀਆਂ ਲੋੜਾਂ ਦੀ ਪੂਰਤੀ ਨਾ ਹੋਣ ਤੋਂ ਹੈ । ਪੀੜਤ ਪਰਿਵਾਰ ਦੀਆਂ ਔਰਤਾਂ ਨੂੰ ਵੀ ਬੜੇ ਦੁੱਖ ਚੋਂ ਗੁਜ਼ਰਨਾ ਪੈਂਦਾ ਹੈ । ਉਹ  ਬਹੁਤ ਸਾਰੇ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਜਾਂਦੀਆਂ ਹਨ । ਮੁੰਡਿਆਂ ਵਾਂਗ ਪੜ੍ਹੀਆਂ -ਲਿਖੀਆਂ ਕੁੜੀਆਂ ਵੀ ਬੇਰੁਜ਼ਗਾਰ ਹਨ । ਨੌਜਵਾਨ ਮੁੰਡੇ ਖੇਤੀ `ਚ ਦਿਲਚਸਪੀ ਨਾ ਲੈ ਕੇ ਵਿਦੇਸ਼ਾਂ ਵੱਲ ਭੱਜ ਰਹੇ ਹਨ ।  `` ਇਹ ਕਹਿਣਾ ਸੀ ਇੱਕ ਹੋਰ ਕਿਸਾਨ ਭਰਪੂਰ ਸਿੰਘ ਦਾ ।
          
ਸੰਗਰੂਰ ਸਿਹਤ ਸਬੰਧੀ ਸਮੱਸਿਆਵਾਂ ਨਾਲ ਵੀ ਜੂਝ ਰਿਹਾ ਹੈ । ਇਥੇ ਹੈਪੇਟਾਈਟਸ ਸੀ ਦੇ ਕੇਸ ਪੂਰੇ ਪੰਜਾਬ ਚੋਂ ਵੱਧ ਹਨ । ਕੈਂਸਰ ਦੇ ਵੀ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ । ਸ਼ਹਿਰ `ਚ ਕੈਂਸਰ ਹਸਪਤਾਲ ਬਣਨ ਨਾਲ ਲੋਕਾਂ ਨੂੰ ਰਾਹਤ ਵੀ ਮਿਲੀ ਹੈ ।
         
ਭਗਵੰਤ ਮਾਨ ਨੂੰ ਪਸੰਦ ਕਰਨ ਵਾਲੇ ਬੜੇ ਲੋਕ ਮਿਲ ਜਾਣਗੇ ।ਸੰਗਰੂਰ ਦੇ ਬੱਸ ਸਟੈਂਡ `ਤੇ ਬੈਠੀਆਂ ਅੱਧਖੜ੍ਹ ਉਮਰ ਦੀਆਂ ਔਰਤਾਂ ਦਾ ਕਹਿਣਾ ਸੀ ``ਮਾਨ ਘਟੋ -ਘੱਟ ਸਾਡੇ ਦੁਖਦੇ ਸੁਖਦੇ `ਚ ਸਾਡੇ ਨਾਲ ਖੜ੍ਹਦਾ ਹੈ ।`` ਧਨੌਲਾ ਕਸਬੇ ਦੇ ਲੋਕਾਂ ਦਾ ਕਹਿਣਾ ਸੀ ਕਿ ਮਾਨ ਨੇ ਐੱਮ .ਪੀ . ਫੰਡ ਦੀ ਪਾਰਦਰਸ਼ੀ ਢੰਗ ਨਾਲ ਵਰਤੋਂ ਕੀਤੀ ਹੈ ।  ਉਸਨੇ ਸੰਸਦ ਵਿਚ ਕਿਸਾਨ ਤੇ ਪੰਜਾਬ ਦੇ ਮੁੱਦਿਆਂ ਬਾਰੇ ਆਵਾਜ਼ ਉਠਾਈ ਹੈ । ਸਭ ਤੋਂ ਵੱਡੀ ਗੱਲ ਜਿਸਦੀ ਲੋਕਾਂ ਨੇ ਤਾਰੀਫ ਕੀਤੀ ਕਿ ਮਾਨ ਨੇ ਵਿਦੇਸ਼ਾਂ `ਚ ਫਸੇ ਪੰਜਾਬ ਦੇ ਮੁੰਡਿਆਂ ਦੀ ਮੱਦਦ ਕੀਤੀ  ।
      
ਪਰਮਿੰਦਰ ਢੀਂਡਸਾ ਲੋਕਾਂ ਨਾਲ ਹਲਕੇ ਦਾ ਵਿਕਾਸ ਕਰਨ ਦਾ ਵਾਇਦਾ ਕਰਦਾ ਹੋਇਆ ਮੋਦੀ ਦੇ ਵਿਕਾਸ ਮਾਡਲ ਦੇ ਗੁਣ ਗਾਉਂਦਾ ਹੈ । ਬੇਅਦਬੀ ਮਸਲੇ ਬਾਰੇ ਉਹ ਆਖਦਾ ਹੈ ਕਿ ਅਕਾਲੀਆਂ ਨੂੰ ਜਾਣਬੁਝ ਕੇ ਬਦਨਾਮ ਕੀਤਾ ਗਿਆ  । ਉਹ ਇਸ ਮਾਮਲੇ ਦੀ ਨਿਰਪੱਖ ਜਾਂਚ ਦੇ ਪੱਖ ਚ ਹੈ ।ਪਰ ਕੈਪਟਨ ਸਰਕਾਰ ਦੁਆਰਾ ਕਰਾਈ ਜਾਂਚ ਨੂੰ ਉਹ ਨਿਰਪੱਖ ਨਹੀਂ ਮੰਨਦਾ ।
       
ਕਾਂਗਰਸ ਦਾ ਕੇਵਲ ਢਿੱਲੋਂ ਇਲਾਕੇ `ਚ ਯੂਨੀਵਰਸਿਟੀ ਬਣਾਉਣ ਦਾ ਵਾਇਦਾ ਕਰ ਰਿਹਾ ਹੈ । ਪਰ ਕੈਪਟਨ ਸਰਕਾਰ  ਤੋਂ ਲੋਕਾਂ ਦੀ ਨਾਰਾਜ਼ਗੀ ਵੀ ਦਿਖੀ । ਲੋਕਾਂ ਦਾ ਕਹਿਣਾ ਸੀ ਕਿ ਸਰਕਾਰ ਨੌਕਰੀਆਂ ਦੇਣ ਦੇ ਵਾਇਦੇ ਤੋਂ ਮੁਕਰੀ ਹੈ । ਨਸ਼ਿਆਂ ਦੀ ਤਸਕਰੀ ਉਸੇ ਤਰ੍ਹਾਂ ਜਾਰੀ ਹੈ । ਬੇਅਦਬੀ ਮਾਮਲੇ ਚ ਸਰਕਾਰ ਤਹਿ ਤੱਕ ਜਾਣ `ਚ ਨਾਕਾਮਯਾਬ ਰਹੀ  । ਕਿਸਾਨ ਹਾਲੇ ਵੀ ਦੁਖੀ ਹਨ । ਕੇਵਲ ਢਿੱਲੋਂ ਲਈ ਸਭ ਤੋਂ ਵੱਡੀ ਚੁਣੌਤੀ ਕਾਂਗਰਸ ਦੀ  ਆਪਸੀ  ਫੁੱਟ   ਹੈ । ਕੁਝ ਦਾ ਕਹਿਣਾ ਸੀ ਕਿ ਢਿੱਲੋਂ ਨੂੰ ਟਿਕਟ  ਕੈਪਟਨ ਦੇ ਨੇੜੇ ਹੋਣ ਕਰਕੇ ਮਿਲੀ ਹੈ । ਵਿਜੇ ਇੰਦਰ ਸਿੰਗਲਾ ਇਹ ਟਿਕਟ ਆਪਣੀ ਪਤਨੀ ਨੂੰ ਦਵਾਉਣਾ ਚਾਹੁੰਦੇ ਸਨ । ਭਾਵੇਂ ਕਿ ਸਿੰਗਲਾ ਢਿਲੋਂ ਲਈ ਪ੍ਰਚਾਰ ਕਰ ਰਹੇ ਹਨ । ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਵੱਲੋਂ ਸਵਾਲ ਪੁੱਛਣ `ਤੇ ਇਕ ਨੌਜਵਾਨ ਨੂੰ ਮਾਰਿਆ  ਥੱਪੜ  ਕੇਵਲ ਢਿੱਲੋਂ ਲਈ ਸਿਰਦਰਦੀ ਬਣ ਰਿਹਾ ਹੈ ।ਇਸਦਾ ਇਲਾਕੇ ਚ ਤਿੱਖਾ ਵਿਰੋਧ  ਹੈ ।
            
ਦਿਲਚਸਪ ਗੱਲ ਇਹ ਹੈ ਕਿ ਗਰਮ ਖਿਆਲੀ ਸਿਮਰਨਜੀਤ ਸਿੰਘ ਮਾਨ ਇਕੱਲੇ ਉਮੀਦਵਾਰ ਹਨ ਜੋ ਆਪਣੀ ਚੋਣ ਮੁਹਿੰਮ `ਚ ਪੰਜਾਬ ਦੇ ਹੱਕਾਂ ਦੀ ਗੱਲ ਕਰ ਰਹੇ ਹਨ ਤੇ ਸੰਘੀ ਢਾਂਚੇ ਦੇ ਹੱਕ `ਚ ਬੋਲ ਰਹੇ ਹਨ । ਹੁਣ ਸਿਮਰਨਜੀਤ ਸਿੰਘ ਮਾਨ  ਭਾਸ਼ਣਾਂ `ਚ ਖਾਲਿਸਤਾਨ ਦਾ ਰਾਗ ਨਹੀਂ ਅਲਾਪਦੇ ਸਗੋਂ ਮਾਨ ਦੇ ਚੋਣ ਅਬਜ਼ਰਬਰ ਰਣਜੀਤ ਸਿੰਘ ਚੀਮਾ ਤਾਂ ਜਾਤ -ਪਾਤ ਤੇ ਧਾਰਮਿਕ ਵਿਤਕਰੇ ਤੋਂ ਉੱਤੇ ਉਠ ਕੇ ਭਾਈਚਾਰਕ ਸਾਂਝ `ਤੇ ਜ਼ੋਰ ਦੇ ਰਹੇ ਹਨ  ।
        
ਅਕਾਲੀ ਦਲ (ਅੰਮ੍ਰਿਤਸਰ ) ਦੇ ਪ੍ਰਚਾਰ ਪਰਚਿਆਂ `ਚ ਸਿਮਰਨਜੀਤ ਸਿੰਘ ਮਾਨ ਦੇ ਨਾਲ ਭੀਮ ਰਾਓ ਅੰਬੇਡਕਰ ਤੇ ਬਾਮਸੇਫ਼ ਦੇ ਵਾਮਨ ਮੇਸਰਾਮ ਦੀਆਂ ਤਸਵੀਰਾਂ ਵੀ ਲੱਗੀਆਂ ਹਨ ।
      
 ਇਸ ਹਲਕੇ ਚ ਹੋ ਰਿਹਾ ਦਿਲਚਸਪ ਮੁਕਾਬਲਾ ਸੂਬੇ ਦੀ ਸਿਆਸਤ `ਤੇ ਆਪਣਾ ਵੱਖਰਾ ਅਸਰ ਛੱਡੇਗਾ ।

Comments

Ravinder

ਸਹੀ ਰਿਪੋਰਟ ਹੈ ਜੀ

Security Code (required)Can't read the image? click here to refresh.

Name (required)

Leave a comment... (required)

ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ