Tue, 23 April 2024
Your Visitor Number :-   6993419
SuhisaverSuhisaver Suhisaver

ਲੇਬਰ ਸੰਕਟ ਨੇ ਪੇਂਡੂ ਭਾਈਚਾਰਕ ਸਾਂਝ ਨੂੰ ਕੀਤਾ ਤਾਰ-ਤਾਰ

Posted on:- 11-05-2020

suhisaver

 -ਸੂਹੀ ਸਵੇਰ ਬਿਊਰੋ
           
ਕਰੋਨਾ ਵਾਇਰਸ ਦੇ ਕਾਰਨ ਪੰਜਾਬ ਦੇ ਪਿੰਡਾਂ `ਚ ਆਇਆ ਲੇਬਰ ਦਾ ਸੰਕਟ ਹੁਣ ਭਾਈਚਾਰਕ ਸਾਂਝ ਨੂੰ ਖੋਰਾ ਲਾਉਣ ਲੱਗਾ ਹੈ ।  ਪਿੰਡਾਂ ਦੇ  ਘੜੰਮ ਚੌਧਰੀ ਮੌਕੇ ਅਜਿਹੇ ਹਾਲਾਤ ਦਾ ਫਾਇਦਾ ਲੈ ਕੇ  ਲੋਕਾਂ `ਚ  ਲਕੀਰਾਂ ਖਿੱਚਣ ਲਈ ਵਰਤਣ ਦੇ ਰਾਹ ਤੁਰੇ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ’ਚੋਂ ਕਰੀਬ 11 ਲੱਖ ਮਜ਼ਦੂਰ ਹਿਜਰਤ ਦੇ ਰਾਹ ਪਏ ਹਨ। ਕਰੀਬ ਛੇ ਲੱਖ ਮਜ਼ਦੂਰ ਤਾਂ ਇਕੱਲੇ ਲੁਧਿਆਣਾ ਦੇ ਹਨ।  ਵਿਸਾਖੀ ਮੌਕੇ ਪੰਜਾਬ ਆਉਣ ਵਾਲੀ ਆਰਜ਼ੀ ਲੇਬਰ ਵੀ  ਐਤਕੀਂ ਨਹੀਂ ਆ ਸਕੀ। ਝੋਨੇ ਨੇ ਸੀਜ਼ਨ `ਚ ਪੰਜਾਬ ਦੇ ਕਿਸਾਨਾਂ ਦੀ ਟੇਕ ਖੇਤਰੀ ਮਜ਼ਦੂਰਾਂ `ਤੇ ਰਹਿ ਜਾਂਦੀ ਹੈ ।

ਇਸੇ ਹਾਲਤ ਕਰਕੇ ਹੁਣ ਕਿਸਾਨਾਂ ਵੱਲੋਂ  ਮਤੇ ਪਾਸ ਕਰਕੇ ਨਿਸ਼ਚਿਤ ਮਜ਼ਦੂਰੀ ਦੇਣ ਲਈ ਮੁਨਿਆਦੀ ਕਰਾਈ ਜਾ ਰਹੀ ਹੈ ਜਦਕਿ ਮਜ਼ਦੂਰ ਭਾਈਚਾਰੇ ਨੇ ਵੀ ਅੰਦਰੋਂ ਅੰਦਰੀਂ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਠੇਕੇ ’ਤੇ ਜ਼ਮੀਨਾਂ ਲੈਣ ਵਾਲੇ ਕਿਸਾਨ ਮੁੱਕਰਨ ਲੱਗੇ ਹਨ ਤੇ ਕਿਸਾਨੀ ਦਰਮਿਆਨ ਹੀ ਇੱਕ ਨਵੀਂ ਲਕੀਰ ਖੜ੍ਹੀ ਹੋਣ ਲੱਗੀ ਹੈ। ਕਿਸਾਨ ਮਜ਼ਦੂਰ ਧਿਰਾਂ ਇਸ ਮਾਮਲੇ ’ਤੇ ਗੰਭੀਰ ਹਨ ਜੋ ਕਿਸੇ ਸੂਰਤ ਵਿਚ ਕੋਈ ਦਰਾੜ ਨਹੀਂ ਦੇਖਣਾ ਚਾਹੁੰਦੀਆਂ ਹਨ। ਕਿਸਾਨਾਂ ਨੂੰ ਡਰ ਹੈ ਕਿ ਕਿਤੇ ਸਥਾਨਕ ਮਜ਼ਦੂਰ ਪ੍ਰਤੀ ਏਕੜ ਭਾਅ ਉੱਚਾ ਨਾ ਮੰਗ ਲੈਣ।  

ਮੁਕਤਸਰ ਜ਼ਿਲ੍ਹੇ ਦੇ ਬਲਾਕ ਗਿੱਦੜਬਾਹਾ ਨੇ ਇਸ ਦਾ ਮੁੱਢ ਬੰਨ੍ਹਿਆ ਹੈ ਅਤੇ ਹੁਣ ਸਮੁੱਚੇ ਮਾਲਵੇ ’ਚ ਹੋਕੇ ਵੱਜਣ ਲੱਗੇ ਹਨ। ਮਲੋਟ ਦੇ ਪਿੰਡ ਮਾਹੂਆਣਾ ’ਚ ਪੰਚਾਇਤੀ ਇਕੱਠ ਨੇ ਜ਼ਮੀਨਾਂ ਦਾ ਠੇਕਾ ਹੀ ਨਿਸ਼ਚਿਤ ਕਰ ਦਿੱਤਾ ਹੈ ਅਤੇ ਬਠਿੰਡਾ ਦੇ ਪਿੰਡ ਜੀਦਾ ਦੀ ਪੰਚਾਇਤ ਨੇ ਲੇਬਰ ਦਾ ਪ੍ਰਤੀ ਏਕੜ 3000 ਤੋਂ 3200 ਰੁਪਏ ਰੇਟ ਤੈਅ ਕੀਤਾ ਹੈ। ਜੋ ਪਾਲਣਾ ਨਹੀਂ ਕਰੇਗਾ ਉਸ ਨੂੰ 10 ਹਜ਼ਾਰ ਰੁਪਏ ਜੁਰਮਾਨਾ ਵੀ ਰੱਖਿਆ ਹੈ। ਪਿੰਡ ਗੁਰੂਸਰ (ਭਗਤਾ) ਨੇ ਪ੍ਰਤੀ ਏਕੜ ਝੋਨੇ ਦੀ ਲਵਾਈ ਦਾ ਭਾਅ ਤਿੰਨ ਹਜ਼ਾਰ ਨਿਸ਼ਚਿਤ ਕਰ ਦਿੱਤਾ ਹੈ। ਮੋਗਾ ਦੇ ਪਿੰਡ ਰਣੀਕੇ ਨੇ ਠੇਕੇ ਦਾ ਭਾਅ ਬੰਨ੍ਹ ਦਿੱਤਾ ਹੈ। ਮਾਨਸਾ ਦੇ ਪਿੰਡ ਭੈਣੀ ਬਾਘਾ ਵਿੱਚ ਮਤਾ ਪਾਸ ਕੀਤਾ ਗਿਆ ਹੈ ਕਿ ਠੇਕੇ ਦੀ ਅਦਾਇਗੀ ਦੋ ਕਿਸ਼ਤਾਂ ਵਿੱਚ ਕਰਨੀ ਹੈ ਜਦਕਿ ਪਹਿਲੋਂ ਇੱਥੇ ਇੱਕੋ ਕਿਸ਼ਤ ਵਿੱਚ ਅਦਾਇਗੀ ਹੁੰਦੀ ਸੀ। ਮਜ਼ਦੂਰੀ ਦਾ ਭਾਅ 3200 ਰੁਪਏ ਤੈਅ ਕੀਤਾ ਹੈ। ਬਰਨਾਲਾ ਜ਼ਿਲ੍ਹੇ ਦੇ ਦਰਜਨ ਪਿੰਡਾਂ ’ਚ ਵੀ ਕੁੜੱਤਣ ਬਣਨ ਲੱਗੀ ਹੈ। ਪਿੰਡ ਚੀਮਾ ਦੀ ਪੰਚਾਇਤ ਨੇ ਤਾਂ ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਰੱਖ ਦਿੱਤਾ ਹੈ।

        
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਪਟਿਆਲਾ ਨੇ ਅੱਜ ਪਿੰਡ ਗੱਜੂਮਾਜਰਾ ’ਚ ਜ਼ਿਲ੍ਹਾ ਪੱਧਰੀ ਮੀਟਿੰਗ ਕਰਕੇ ਕਿਸਾਨਾਂ ਮਜ਼ਦੂਰਾਂ ਨੂੰ ਸੰਜਮ ਵਰਤਣ ਲਈ ਆਖਿਆ ਹੈ। ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ ਨੇ ਕਿਹਾ ਕਿ ਲੇਬਰ ਦਾ ਸੰਕਟ ਆਰਜ਼ੀ ਹੈ ਪਰ ਪੱਕੀਆਂ ਲਕੀਰਾਂ ਖਿੱਚੇ ਜਾਣ ਦਾ ਡਰ ਵੀ ਹੈ। ਭਾਕਿਯੂ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਅਤੇ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ ਨੇ ਮੰਗ ਰੱਖੀ ਹੈ ਕਿ ਸਰਕਾਰ ਸਹਿਕਾਰੀ ਸਭਾਵਾਂ ਜ਼ਰੀਏ ਝੋਨੇ ਦੀ ਲਵਾਈ ਲਈ ਮਸ਼ੀਨਾਂ ਦਾ ਪ੍ਰਬੰਧ ਕਰੇ। ਉਨ੍ਹਾਂ ਕਿਹਾ ਕਿ ਉਹ ਕਿਸੇ ਹਾਲ ’ਚ ਪਿੰਡਾਂ ਦੇ ਘੜੰਮ ਚੌਧਰੀਆਂ ਦੀ ਪੁੱਗਣ ਨਹੀਂ ਦੇਣਗੇ ਤੇ ਦੋਹਾਂ ਧੜਿਆਂ ਨੂੰ ਸਮਝਾਉਣਗੇ।
          
ਦੁਆਬੇ ਦੀ ਗੰਨਾ ਪੱਟੀ ’ਚ ਇਵੇਂ ਦਾ ਹਾਲੇ ਸੰਕਟ ਉਭਰਿਆ ਨਹੀਂ ਹੈ। ਭਾਕਿਯੂ (ਦੁਆਬਾ) ਦੇ ਸੀਨੀਅਰ ਆਗੂ ਸਤਨਾਮ ਸਿੰਘ ਆਖਦੇ ਹਨ ਕਿ ਆਉਂਦੇ ਦਿਨਾਂ ਵਿੱਚ ਦੁਆਬੇ ’ਚ ਵੀ ਇਹ ਲਾਗ ਆ ਸਕਦੀ ਹੈ। ਕਿਸਾਨ ਮੰਗ ਕਰਦੇ ਹਨ ਕਿ ਸਰਕਾਰ ਫੌਰੀ ਝੋਨੇ ਦੀ ਅਗੇਤੀ ਲਵਾਈ ਦੀ ਛੋਟ ਦੇਵੇ ਤਾਂ ਜੋ ਲੇਬਰ ਸੰਕਟ ਨਾਲ ਕਿਸਾਨ ਨਜਿੱਠ ਸਕਣ। ਅਫਵਾਹਾਂ ਦਾ ਬਾਜ਼ਾਰ ਵੀ ਸਿਖਰ ’ਤੇ ਹੈ।ਮਾਲਵੇ  ਦੇ ਇੱਕ   ਪਿੰਡ ਜੇਠੂਕੇ ’ਚ ਇੱਕ ਅਫ਼ਵਾਹ ਨੇ ਤਾਂ  ਕਿਸਾਨ ਤੇ ਮਜ਼ਦੂਰ ਗੁੱਟਾਂ `ਚ ਲੜਾਈ ਹੀ ਕਰ ਦੇਣੀ ਸੀ  । ਕਿਸਾਨ ਆਗੂ ਝੰਡਾ ਸਿੰਘ ਨੇ ਮੌਕਾ ਸੰਭਾਲ ਲਿਆ। ਪਿੰਡ ਅਸਪਾਲ ਕਲਾਂ ਅਤੇ ਪਿੰਡ ਝਲੂਰ ਵੀ ਏਦਾਂ ਦੇ ਮਤੇ ਪਾਸ ਹੋ ਗਏ ਹਨ। ਸੰਗਰੂਰ ਦੇ ਪਿੰਡ ਲਾਡ ਵਣਜਾਰਾ ਅਤੇ ਕੌਹਰੀਆ ਆਦਿ ਪਿੰਡਾਂ ’ਚੋਂ ਅਜਿਹੀਆਂ ਖ਼ਬਰਾਂ ਮਿਲੀਆਂ ਹਨ। ਕਾਨੂੰਨੀ ਮਾਹਿਰ ਆਖਦੇ ਹਨ ਕਿ ਪੰਚਾਇਤਾਂ ਵੱਲੋਂ ਪਾਏ ਅਜਿਹੇ ਮਤੇ ਕਾਨੂੰਨੀ ਜ਼ੱਦ ਵਿਚ ਨਹੀਂ ਆਉਂਦੇ ਹਨ। ਭਾਵੇਂ ਇਹ ਆਰਜ਼ੀ ਸਮਾਜਿਕ ਸੰਕਟ ਹੈ ਪਰ ਜਾਤ ਪਾਤ ਦੀ ਕੰਧ ਨੂੰ ਹੋਰ ਮਜ਼ਬੂਤ ਕਰਨ ਲਈ ਸ਼ਕਤੀ ਬਖਸ਼ੇਗਾ।  
         ਲੁਧਿਆਣਾ ਜ਼ਿਲ੍ਹੇ ਦੇ ਇੱਕ ਕਿਸਾਨ ਸਤਵੰਤ ਸਿੰਘ ਦਾ ਕਹਿਣਾ ਹੈ, ``ਪਿਛਲੇ ਸਾਲ ਮੈਂ ਆਪਣੀ ਜ਼ਮੀਨ ਪੰਜਾਹ ਹਜ਼ਾਰ ਰੁਪਏ ਕਿੱਲੇ ਦੇ ਹਿਸਾਬ ਨਾਲ ਠੇਕੇ `ਤੇ ਚਾੜ੍ਹੀ ਸੀ ਹੁਣ ਲਗਦਾ ਜੇ 45 ਹਜ਼ਾਰ ਰੁਪਏ ਨੂੰ ਵੀ ਚੜ੍ਹ ਜਾਵੇ ਮੈਂ  ਸ਼ੁਕਰ ਮਨਾਵਾਂਗਾ ।`` ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹਲਵਾਰਾ ਦੇ ਖੇਤ ਮਜ਼ਦੂਰ ਝੰਡਾ ਸਿੰਘ ਦਾ ਕਹਿਣਾ ਹੈ, ``ਧਨੀ ਕਿਸਾਨ ਮਤੇ ਪਾਸ ਕਰ ਕੇ ਸਾਡੀ ਮੇਹਨਤ ਮਜ਼ਦੂਰੀ ਨੂੰ ਘਟਾ ਰਹੇ ਹਨ । ਇਹ ਸਾਡੇ ਪਰਿਵਾਰ ਵਾਲਿਆਂ ਦੇ ਢਿੱਡ `ਤੇ ਲੱਤ ਮਾਰਨ ਵਾਲੀ ਗੱਲ ਹੈ । ਸਰਕਾਰ ਨੂੰ ਇਸ ਮਾਮਲੇ `ਚ ਸਾਡੀ ਬਾਂਹ ਫੜਨੀ ਚਾਹੀਦੀ ਹੈ ।``
     
ਮੋਟੇ ਅੰਦਾਜ਼ੇ ਅਨੁਸਾਰ ਪੰਜਾਬ ਵਿੱਚ 15 ਲੱਖ ਦੇ ਕਰੀਬ ਖੇਤੀ ਮਜ਼ਦੂਰ ਹਨ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਉਹ ਨਾ ਤਾਂ ਦਾਬੇ ਦੇ ਪੱਖ ਵਿਚ ਹਨ ਅਤੇ ਨਾ ਹੀ ਕਾਲਾਬਾਜ਼ਾਰੀ ਦੇ ਹੱਕ ਵਿੱਚ। ਲੇਬਰ ਸੰਕਟ ਕਰਕੇ ਜੋ ਸਮਾਜਿਕ ਸੰਕਟ ਉਭਰਿਆ ਹੈ, ਉਸ ਨੂੰ ਸੰਜਮ ਨਾਲ ਹੱਲ ਕਰਨ ਦੀ ਲੋੜ ਹੈ। ਦੋਹਾਂ ਧਿਰਾਂ ਦੇ ਹਿੱਤ ਸਾਂਝੇ ਹਨ ਅਤੇ ਮੁਸ਼ਕਲਾਂ ਇੱਕ ਹਨ। ਉਨ੍ਹਾਂ ਕਿਹਾ ਕਿ ਦੋਹੇਂ ਧਿਰਾਂ ਘੜੰਮ ਚੌਧਰੀਆਂ ਦੀ ਚਾਲ ਨੂੰ ਸਮਝਣ।
       
ਕਰੋਨਾ ਮਹਾਂਮਾਰੀ ਦੇ ਚਲਦਿਆਂ ਪੰਜਾਬ ਦੇ ਪਿੰਡਾਂ `ਚੋਂ ਲਗਾਤਾਰ ਇਸ ਤਰ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਹਨ ਜਿਸ ਤੋਂ ਪਤਾ ਲਗਦਾ ਹੈ ਕਿ ਲੋਕਾਂ `ਚ ਆਪਸੀ ਸਦਭਾਵਨਾ ਟੁੱਟੀ ਹੈ ।  ਜਦੋਂ  ਪੰਜਾਬ `ਚ  ਕੋਵਿਡ -19 ਨਾਲ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡਪਠਲਾਵਾ   ਬਲਦੇਵ ਸਿੰਘ ਦੀ  ਪਹਿਲੀ ਮੌਤ ਹੋਈ ਹੈ  (ਇਹ ਦੇਸ਼ `ਚ ਕੋਰੋਨਾ ਨਾਲ ਹੋਈ ਚੌਥੀ ਮੌਤ ਸੀ ) ਉਦੋਂ  ਪੰਜਾਬ ਦਾ ਇੱਕ ਖਾਸ ਤਬਕਾ ਇਸ ਬਿਮਾਰੀ ਨੂੰ ਪੰਜਾਬ `ਚ ਲਿਆਉਣ ਲਈ ਐਨ.ਆਰ . ਆਈ ਪੰਜਾਬੀਆਂ ਨੂੰ ਜ਼ਿਮੇਵਾਰ  ਠਹਿਰਾਇਆ ਗਿਆ  । ਰਾਜ ਦੇ ਕਈ ਪਿੰਡਾਂ `ਚ ਐਨ.ਆਰ . ਆਈਜ਼ ਨਾਲ ਮਾੜਾ ਸਲੂਕ ਕੀਤਾ ਗਿਆ । ਪੰਜਾਬ ਦੇ ਬਹੁ-ਗਿਣਤੀ ਪਿੰਡਾਂ `ਚ    ਪ੍ਰਸ਼ਾਸਨ ਦੀ ਅਪੀਲ ’ਤੇ ਕਰੀਬ ਇੱਕ ਮਹੀਨੇ ਤੋਂ ਵਧੇਰੇ ਸਵੈ-ਰੱਖਿਆ ਲਈ  ਪਿੰਡ ਵਾਸੀਆਂ ਨੇ ਖੁਦ ਨਾਕੇ ਲਾਏ । ਉਸ ਸਮੇਂ ਵੀ ਲੋਕਾਂ `ਚ ਆਪਸੀ ਮਨ- ਮਟਾਵ ਦੀਆਂ ਖ਼ਬਰਾਂ ਮਿਲੀਆਂ ਸਨ । ਲੋਕਾਂ ਦੀ  ਸ਼ਿਕਾਇਤ ਸੀ  ਕਿ ਨਾਕਿਆਂ ’ਤੇ ਖੜ੍ਹਦੇ ਨੌਜਵਾਨਾਂ ਨੇ ਇਨ੍ਹਾਂ ਨਾਕਿਆਂ ਨੂੰ ਸੁਰੱਖਿਆ ਦੀ ਥਾਂ ਰੋਹਬ ਦਾ ਅੱਡਾ ਬਣਾ ਲਿਆ ਸੀ  ।
         
ਕਰੋਨਾ ਵਾਇਰਸ ਦੇ ਚਲਦਿਆਂ ਜਿਵੇਂ ਦੇਸ਼ `ਚ  ਮੁਸਲਿਮ ਭਾਈਚਾਰੇ ਨੂੰ ਮਿਥ ਕੇ ਬਦਨਾਮ ਕੀਤਾ ਜਾ ਰਿਹਾ ਹੈ ਇਸਦਾ ਸੇਕ ਹੁਣ ਹਿੰਦੂ ਬਹੁ -ਗਿਣਤੀ ਵਾਲੇ ਤੇ ਭਾਜਪਾ ਦੇ ਪ੍ਰਭਾਵ ਵਾਲੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਲਵਾੜਾ ਤਹਿਸੀਲ ਦੇ ਗੁੱਜਰ ਮੁਸਲਮਾਨਾਂ ਨੂੰ ਵੀ ਝੱਲਣਾ ਪੈ ਰਿਹਾ ਹੈ । ਸੋਸ਼ਲ ਮੀਡੀਆ ’ਤੇ ਫੈਲ਼ਾਈਆਂ ਜਾ ਰਹੀਆਂ ਅਫ਼ਵਾਹਾਂ ਦੇ ਮੱਦੇਨਜ਼ਰ ਲੋਕਾਂ ਨੇ ਗੁੱਜਰਾਂ ਤੋਂ ਦੁੱਧ ਲੈਣਾ ਬੰਦ ਕਰ ਦਿੱਤਾ ਹੈ। ਪੰਜਾਬ ਜਿਵੇਂ ਹੀ ਹਜ਼ੂਰ ਸਾਹਿਬ ਤੋਂ ਵਾਪਸ ਪਰਤੇ ਸ਼ਰਧਾਲੂਆਂ ਕਰਕੇ ਕੋਵਿਡ-19 ਦੇ ਕੇਸ ਵਧੇ ਤਾਂ ਪੰਜਾਬ ਦੇ ਕਈ ਪਿੰਡਾਂ `ਚੋਂ ਹਜ਼ੂਰ ਸਾਹਿਬ ਦੇ ਸ਼ਰਧਾਲੂਆਂ ਨਾਲ ਬੁਰੇ ਸਲੂਕ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ।  ਇਸ ਸਾਰੇ ਵਰਤਾਰੇ ਬਾਰੇ ਪੰਜਾਬ ਦੇ ਉਘੇ ਸਮਾਜ ਸਾਸ਼ਤਰੀ ਪ੍ਰੋ : ਬਾਵਾ ਸਿੰਘ ਦਾ ਕਹਿਣਾ ਹੈ ,``ਪਿੰਡ ਦੇ ਲੋਕਾਂ `ਚ ਇਹ ਦਰਾੜਾਂ ਸਮਾਜਿਕ ਜਾਗਰੂਕਤਾ ਦੀ ਕਮੀ ਸਰਕਾਰ ਦੀਆਂ ਨਲਾਇਕੀਆਂ ਕਰਕੇ ਪਨਪੀ ਹੈ ਪਰ ਮੌਜੂਦਾ ਸਮੇਂ ਜੋ ਲੇਬਰ ਦੇ ਸੰਕਟ ਕਰਕੇ ਆਪਸੀ ਸਾਂਝ ਟੁੱਟਣ ਦੀ ਸਮੱਸਿਆ ਆ ਰਹੀ ਹੈ ਉਹ ਹੋਰ ਵੀ ਖਤਰਨਾਕ ਹੈ ਪੰਜਾਬ ਸਰਕਾਰ ਨੂੰ ਛੇਤੀ ਹੀ ਇਸ ਮਾਮਲੇ `ਚ ਦਖਲ ਦੇ ਕੇ ਹੱਲ ਕੱਢਣਾ ਚਾਹੀਦਾ ਹੈ । ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਲੇਬਰ ਦਾ ਸੰਕਟ ਤੇ ਮਹਾਂਮਾਰੀ ਥੋੜੇ ਸਮੇਂ ਦੀ ਗੱਲ ਹੈ ਪਰ ਲੋਕਾਂ ਨੇ ਪਿੰਡਾਂ `ਚ ਸਾਰੀ ਉਮਰ ਇਕੱਠਿਆਂ ਰਹਿਣਾ ਹੈ ।``

Comments

Security Code (required)Can't read the image? click here to refresh.

Name (required)

Leave a comment... (required)

ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ