Sat, 13 July 2024
Your Visitor Number :-   7183217
SuhisaverSuhisaver Suhisaver

ਲੱਗੀ ਨਜ਼ਰ ਸੋਹਣੇ ਪੰਜਾਬ ਨੂੰ ਨੀਂ ਕੋਈ ਮਿਰਚਾਂ ਵਾਰੋ - ਬਲਜਿੰਦਰ ਕੋਟਭਾਰਾ

Posted on:- 07-02-2013

suhisaver

ਸਾਰੀਆਂ ਪੈਥੀਆਂ ਫਲਾਪ-ਡਾਕਟਰਾਂ ਤੇ ਖੋਜਾਰਥੀਆਂ ਦੇ ਹੱਥ ਖੜ੍ਹੇ

 ਮਾਹਿਰ ਡਾਕਟਰ ਖ਼ਾਨਦਾਨੀ ਰੋਗ ਦੱਸ ਕੇ ਝਾੜ ਰਹੇ ਨੇ ਪੱਲਾ

ਪੰਜਾਬ ਵਿਚ ਕੈਂਸਰ, ਕਾਲ਼ਾ ਪੀਲੀਆ ਤੇ ਹੋਰ ਕਈ ਭਿਆਨਕ ਬਿਮਾਰੀਆਂ ਦੇ ਨਾਲ ਹੀ ਕਈ ਅਜਿਹੀਆਂ ਬਿਮਾਰੀਆਂ ਵੀ ਪੈਰ ਪਸਾਰ ਚੁੱਕੀਆਂ ਨੇ ਜਿਹਨਾਂ ਦੀ ਪੰਜਾਬ ਹੀ ਨਹੀਂ ਦੇਸ਼ ਦੇ ਡਾਕਟਰਾਂ ਨੂੰ ਵੀ ਪਛਾਣ ਨਹੀਂ। ਮੌੜ ਮੰਡੀ ਤੋਂ ਮਾਨਸਾ ਸੜਕ ’ਤੇ ਪੈਂਦੇ ਬਠਿੰਡਾ ਜ਼ਿਲੇ ਦੇ ਆਖਰੀ ਪਿੰਡ ਘੁੰਮਣ ਕਲਾਂ ਦੇ ਇੱਕ ਪਰਿਵਾਰ ’ਤੇ ਅਜਿਹਾ ਕਹਿਰ ਆ ਡਿੱਗਿਆ ਹੈ ਜਿਸ ਦਾ ਕੋਈ ਹੱਲ ਨਹੀਂ। ਇਸ ਪਰਿਵਾਰ ਦੇ ਗੱਭਰੂ ਪੁੱਤ ਜਵਾਨੀ ਵਿੱਚ ਪੈਰ ਧਰਦਿਆਂ ਹੀ 22-22 ਸਾਲ ਦੀ ਉਮਰ ਵਿੱਚ ਅਚਾਨਕ ਡਿੱਗਣ ਲੱਗਦੇ ਹਨ ਤੇ ਡਿੱਗਦੇ-ਡਿੱਗਦੇ ਮੰਜੇ ਮੱਲ ਲੈਦੇ ਹਨ।ਇੱਕੋ ਘਰ ਵਿੱਚ ਤਿੰਨ ਭਰਾ ਹੱਡੀਆਂ ਦੀ ਮੁੱਠ ਬਣ ਚੁੱਕੇ ਹਨ। ਕੋਈ ਡਾਕਟਰ, ਕੋਈ ਹਕੀਮ, ਕੋਈ ਸਾਧ-ਸਿਆਣਾ ਇਸ ਪਰਿਵਾਰ ਨੇ ਆਪਣੇ ਜਵਾਨ ਪੁੱਤਾਂ ਨੂੰ ਤੰਦਰੁਸਤ ਕਰਨ ਖ਼ਾਤਰ ਨਹੀਂ ਛੱਡਿਆ ਪਰ ਹੱਥ ਝਾੜ ਕੇ ਨਿਰਾਸ਼ ਹੋ ਕੇ ਹੀ ਘਰ ਪਰਤਣਾ ਪਿਆ। ਹਰੇਕ ਪੈਥੀ ਦੇ ਮਾਹਿਰ ਡਾਕਟਰ ਨੇ ਇਸ ਰੋਗ ਨੂੰ ਲਾਇਲਾਜ ਦੱਸਦਿਆਂ ਹੱਥ ਖੜ੍ਹੇ ਕਰ ਦਿੱਤੇ। ਪੀੜਤਾਂ ਨੇ ਪੰਜਾਬ ’ਚ ਪ੍ਰਚਲਿਤ ਹੋਈਆਂ ਕਈ ਵਿਦੇਸ਼ੀ ਥਰੈਪੀਆਂ ਦੇ ਤਜਰਬੇ ਵੀ ਆਪਣੇ ਸਰੀਰਾਂ ’ਤੇ ਝੱਲੇ ਪਰ ਸਭ ਫਲਾਪ ਹੋ ਗਈਆਂ। ਤਿੰਨੇ ਭਰਾਵਾਂ ਨੂੰ ਇੱਕੋ ਉਮਰੇ 22 ਤੋਂ 38 ਸਾਲ ਦੀ ਜਵਾਨ ਉਮਰੇ ਪੱਠਿਆਂ, ਮਾਸ-ਪੇਸ਼ੀਆਂ ਦੀ ਭਿਆਨਕ ਬਿਮਾਰੀ ਨੇ ਘੇਰ ਲਿਆ ਤੇ ਸਰੀਰ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ। ਤਿੰਨੋਂ ਦਸਵੀਂ ਪਾਸ ਭਰਾ ਅੱਜ ਕੱਲ੍ਹ ਕੇਵਲ ਦੂਜਿਆਂ ’ਤੇ ਹੀ ਨਿਰਭਰ ਹੋ ਕੇ ਰਹਿ ਗਏ ਹਨ।

ਮਹਾਜਨ ਪਰਿਵਾਰ ਵਿੱਚ ਦਹਾਕਿਆਂ ਤੋਂ ਇਹ ਰੋਗ ਹੰਢਾਅ ਰਹੇ ਪੀੜਤਾਂ ਨੇ ਆਪਣੀ ਤੰਦਰੁਸਤੀ ਲਈ ਲੱਖਾਂ ਰੁਪਏ ਖ਼ਰਚ ਕਰ ਦਿੱਤੇ ਹਨ ਪਰ ਡਾਕਟਰਾਂ ਨੇ ਸਾਫ਼ ਕਹਿ ਦਿੱਤਾ ਕਿ ਇਸ ਨਾਮੁਰਾਦ ਬਿਮਾਰੀ ਦਾ ਮੌਤ ਤੋਂ ਸਿਵਾਏ ਕੋਈ ਇਲਾਜ ਨਹੀਂ ਹੈ। ਸਭ ਤੋਂ ਵੱਡਾ ਭਰਾ ਅਸ਼ੋਕ ਕੁਮਾਰ ਮੰਜੇ ਵਿੱਚ ਹੀ ਹੱਡੀਆਂ ਦੀ ਮੁੱਠ ਬਣ ਗਿਆ ਹੈ। ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਹੁਣ ਉਸ ਨੂੰ ਪਤਾ ਲੱਗ ਗਿਆ ਹੈ ਕਿ ਮੌਤ ਤੋਂ ਬਗੈਰ ਕੋਈ ਹੱਲ ਨਹੀਂ ਤਾਂ ਉਸ ਨੇ  ਵੀ ਜ਼ਿੰਦਗੀ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ। ਪਰਿਵਾਰ ਵਿੱਚ ਸਭ ਤੋਂ ਪਹਿਲਾਂ ਅਸ਼ੋਕ ਨੂੰ ਹੀ ਇਸ ਨਾਮੁਰਾਦ ਬਿਮਾਰੀ ਨੇ ਆਪਣਾ ਸ਼ਿਕਾਰ ਬਣਾਇਆ। 22 ਸਾਲ ਦੀ ਉਮਰ ਵਿੱਚ ਜਦੋਂ ਉਹ ਚੰਗਾ ਭਲਾ ਤੁਰਦਾ ਹੋਇਆ ਡਿੱਗਣ ਲੱਗਿਆ ਤਾਂ ਉਸ ਨੂੰ ਡਾਕਟਰਾਂ ਕੋਲ ਲਿਜਾਇਆ ਗਿਆ।

ਕਈ ਮਹੀਨੇ ਡਾਕਟਰ ਇੱਧਰ ਉੱਧਰ ਦੀਆਂ ਮਾਰਦੇ ਰਹੇ ਤੇ ਫਿਰ ਮਾਸ ਪੇਸ਼ੀਆਂ ਤੇ ਪੱਠਿਆਂ ਦੀ ਲਾਇਲਾਜ ਬਿਮਾਰੀ ਕਰਾਰ ਦੇ ਦਿੱਤਾ। ਉਸ ਨੇ ਫਿਜ਼ੀਓਥਰੈਪੀ ਤੇ ਯੋਗਾ ਲਗਾਤਾਰ ਕਰਨਾ ਜਾਰੀ ਰੱਖਿਆ ਤੇ ਇਸ ਦੇ ਬਾਵਜੂਦ ਬਿਮਾਰੀ ਭਾਰੀ ਪੈਂਦੀ ਗਈ ਤੇ ਹੁਣ ਉਹ 53 ਸਾਲਾਂ ਦੀ ਉਮਰ ਵਿੱਚ ਮੰਜੇ ’ਤੇ ਪੱਕੇ ਤੌਰ ’ਤੇ ਹੀ ਜੁੜ ਗਿਆ। ਬਿਮਾਰੀ ਦਾ ਪਤਾ ਲੱਗਦਿਆਂ ਹੀ ਉਸ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਉਸ ਦੇ ਭਤੀਜੇ ਆਪਣੇ ਤਾਏ ਨੂੰ ਆਪਣੇ ਪਿਤਾ ਵਾਂਗ ਹੀ ਸਾਂਭ ਰਹੇ ਹਨ। ‘‘ਬੱਸ ਭਰਾਵੋ. .  ਥੋਡੇ ਸਾਮਣੇ ਐਂ. . ਹੁਣ ਤਾਂ ਅੰਤ ਨੂੰ ਉਡੀਕਦੇ ਹਾਂ।’’ ਉਸ ਦੇ ਸ਼ਬਦ ਹਨ।
         
ਉਸ ਤੋਂ ਬਾਅਦ ਇਸੇ ਬਿਮਾਰੀ ਨੇ ਅਸ਼ੋਕ ਕੁਮਾਰ ਤੋਂ ਛੋਟੇ ਭਰਾ ਮੇਘ ਰਾਜ ਨੂੰ ਸ਼ਿਕਾਰ ਬਣ ਲਿਆ। 22 ਸਾਲ ਦੀ ਉਮਰ ਤੋਂ ਪਹਿਲਾਂ ਹੀ ਮੇਘ ਰਾਜ ਵਿਆਹਿਆ ਜਾ ਚੁੱਕਿਆ ਸੀ। 4 ਜੂਨ 1963 ਨੂੰ ਜਨਮਿਆ ਮੇਘ ਰਾਜ ਦੱਸਦਾ ਹੈ ਕਿ ਅਸ਼ੋਕ ਕੁਮਾਰ ਵਾਂਗ ਜਦੋਂ ਉਸ ਨੂੰ 22 ਸਾਲ ਦੀ ਉਮਰ ਵਿਚ ਉੱਠਣ ਬੈਠਣ ਵੇਲੇ ਸਰੀਰ ਦੇ ਸੱਜੇ ਪਾਸੇ ਸਮੱਸਿਆ ਆਉਣ ਲੱਗੀ, ਫਿਰ ਚੱਲਣ ਮੌਕੇ ਕਮਜ਼ੋਰੀ ਮਹਿਸੂਸ ਹੋਣ ਲੱਗੀ। ਉਹਨਾਂ ਨੇ ਬਠਿੰਡੇ ਵਿੱਚ ਇੱਕ ਹੱਡੀਆਂ ਦੇ ਮਾਹਿਰ ਡਾਕਟਰ ਤੋਂ ਚੈਕਅੱਪ ਕਰਵਾਇਆ ਡਾਕਟਰ ਨੇ ਕੁਝ ਦਿਨਾਂ ਬਾਅਦ ਸਾਫ਼ ਕਹਿ ਦਿੱਤਾ ਕਿ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ। ਚਿਹਰੇ ’ਤੇ ਨਿਰਾਸ਼ਾ ਲਿਆਉਂਦਾ ਹੋਇਆ ਮੇਘ ਰਾਜ ਦੱਸਦਾ ਹੈ ਕਿ ਉਸ ਨੂੰ ਚੰਡੀਗੜ੍ਹ ਦੇ ਪੀ. ਜੀ. ਆਈ. ਵਿੱਚ ਡਾਕਟਰਾਂ ਨੇ 16 ਦਿਨ ਦਾਖਲ ਰੱਖ ਕੇ ਸਰੀਰ ਵਿੱਚੋਂ ਮਾਸ ਕੱਢਣ ਮਗਰੋਂ ਕਈ ਤਜਰਬੇ ਕੀਤੇ ਤੇ ਅਖੀਰ 17 ਵੇਂ ਦਿਨ ਵੱਡੇ ਭਰਾ ਵਾਲਾ ਜਵਾਬ ਹੀ ਉਸ ਦੇ ਕੰਨੀ ਪਿਆ, ‘‘ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਬੱਸ ਘਰ ਲੈ ਜਾਓ।’’ ਉਸ ਤੋਂ ਬਾਅਦ ਦੋਵਾਂ ਭਰਾਵਾਂ ਨੂੰ ਜੈਪੁਰ ਦੇ ਮਸ਼ਹੂਰ ਹਸਪਤਾਲਾਂ ਵਿੱਚ ਦਾਖਲ ਰੱਖਿਆ ਗਿਆ। ਇੱਥੋਂ ਦੇ ਡਾਕਟਰਾਂ ਨੇ ਇਸ ਨੂੰ ਖਾਨਦਾਨੀ ਬਿਮਾਰੀ ਕਰਾਰ ਦੇ ਕੇ ਹੱਥ ਖੜ੍ਹੇ ਕਰ ਦਿੱਤੇ। ਜਦੋਂ ਕਿ ਮੇਘ ਰਾਜ ਕਹਿੰਦਾ ਹੈ ਕਿ ਉਸ ਦੇ ਦਾਦਕਿਆਂ, ਨਾਨਕਿਆਂ ਵਿੱਚ ਅਜਿਹੀ ਬਿਮਾਰੀ ਦਾ ਕਿਤੇ ਕੋਈ ਨਾਮ ਨਿਸ਼ਾਨ ਹੀ ਨਹੀਂ ਰਿਹਾ। ਇਹਨਾਂ ਸ਼ੁਰੂਆਤੀ ਮਹੀਨਿਆਂ ਵਿੱਚ ਹੀ ਇਸ ਪਰਿਵਾਰ ਦਾ 4-5 ਲੱਖ ਰੁਪਿਆ ਇਹ ਨਾਮੁਰਾਦ ਬਿਮਾਰੀ ਹੜੱਪ ਕਰ ਗਈ।  ਇਹਨਾਂ ਤੋਂ ਛੋਟਾ ਤੀਜਾ ਭਰਾ ਨਾਨਕ ਚੰਦ ਵੀ 22 ਸਾਲ ਦੀ ਉਮਰ ਵਿੱਚ ਇਸੇ ਬਿਮਾਰੀ ਦੀ ਲਪੇਟ ਵਿੱਚ ਆ ਗਿਆ।

        

21 ਮਈ 1975 ਨੂੰ ਜਨਮਿਆ ਨਾਨਕ ਚੰਦ ਆਪਣੀ ਛੋਟੀ ਜਿਹੀ ਪ੍ਰਚੂਨ ਦੀ ਹੱਟੀ ਵਿੱਚ ਦੇਸੀ ਢੰਗ ਨਾਲ ਫਿਜ਼ੀਓਥਰੈਪੀ ਕਰਕੇ ਆਪਣੀ ਬਿਮਾਰੀ ਦੇ ਹੱਲ ਲਈ ਓਹੜ-ਪੋਹੜ ਕਰਨ ਦੀ ਨਾਕਾਮ ਕੋਸ਼ਿਸ਼ ਕਰ ਰਿਹਾ ਹੈ। ਦਸਵੀਂ ਕਲਾਸ ਪਾਸ ਤੇ 38 ਸਾਲ ਦੀ ਉਮਰ ਦਾ ਨਾਨਕ ਦੱਸਦਾ ਹੈ ਕਿ ਕਈ ਥਾਵਾਂ ਤੋਂ ਡਾਕਟਰਾਂ ਨੇ ਮਾਸ ਦੇ ਟੁਕੜੇ ਵੀ ਕੱਢ ਕੱਢ ਪਰਖੇ ਪਰ ਜਵਾਬ ਸਾਰਿਆਂ ਦਾ ਇੱਕੋ ਹੀ ਹੁੰਦਾ ਹੈ। ਨਾਨਕ ਦੱਸਦਾ ਹੈ ਕਿ 22 ਸਾਲ ਦੀ ਉਮਰ ਵਿੱਚ ਹੀ ਉਸ ਦੀ ਤੋਰ ਵਿੱਚ ਫ਼ਰਕ ਪੈ ਗਿਆ ਇਸ ਦਾ ਅਹਿਸਾਸ ਉਸ ਨੂੰ ਨਹੀਂ ਸਗੋਂ ਦੂਜਿਆਂ ਨੂੰ ਹੋਇਆ ਕਿ ਤੇਰੀ ਤੋਰ ਬਦਲ ਰਹੀ ਹੈ। ਫਿਰ ਉਹ ਡਿੱਗਣਾ ਸ਼ੁਰੂ ਹੋ ਗਿਆ। ਆਪਣੇ ਆਪ ਹੀ ਮੂਧੇ ਮੂੰਹ ਡਿੱਗ ਪੈਂਦਾ ਸੀ।
        
ਇਸ ਲਾਇਲਾਜ ਬਿਮਾਰੀ ਤੋਂ ਨਿਰਾਸ਼ ਨਾਨਕ ਆਪਣੀ ਦਰਦ ਕਹਾਣੀ ਦੱਸਦਾ ਕਹਿੰਦਾ ਹੈ ਕਿ ਉਹਨਾਂ ਨੇ ਭਾਰਤ ਦਾ ਕੋਈ ਅਜਿਹਾ ਡਾਕਟਰ ਜਾਂ ਹਸਪਤਾਲ ਨਹੀਂ ਛੱਡਿਆ ਜਿਸ ਬਾਰੇ ਉਹਨਾਂ ਨੂੰ ਪਤਾ ਲੱਗਿਆ। ਉਹ ਉੱਤਰ ਪ੍ਰਦੇਸ਼ ਦੇ ਮੁਰਾਦ ਨਗਰ ਦੇ ਹਸਪਤਾਲ ਵਿੱਚ ਵੀ ਕਈ ਮਹੀਨੇ ਦਵਾਈ ਖਾਂਦੇ ਰਹੇ, ਪੰਜਾਬ ਤੋਂ ਉਤਰ ਪ੍ਰਦੇਸ਼ ਲਈ ਗੱਡੀ ਕਿਰਾਏ ’ਤੇ ਲੈ ਕੇ ਜਾਣੀ ਪੈਂਦੀ ਸੀ। 6 ਮਹੀਨੇ ਹੋਮਿਓਪੈਥੀ ਵੀ ਵਰਤੀ ਪਰ ਅਖੀਰ ਵਿੱਚ ਉਸ ਪੈਥੀ ਵਾਲੇ ਡਾਕਟਰ ਨੇ ਵੀ ਜਵਾਬ ਦੇ ਦਿੱਤਾ। ਸਭ ਤੋਂ ਵੱਧ ਤੰਗੀ ਇਹਨਾਂ ਭਰਾਵਾਂ ਨੂੰ ਇਹ ਹੋ ਰਹੀ ਹੈ ਕਿ ਉਹ ਸਰੀਰਕ ਤੌਰ ’ਤੇ ਤਾਂ ਖੁਰ ਰਹੇ ਹਨ ਪਰ ਦਿਮਾਗ ਠੀਕ ਹਾਲਤ ਵਿਚ ਹੋਣ ਕਰਕੇ ਇਹਨਾਂ ਨੂੰ ਜ਼ਿੰਦਗੀ ਭੰਗ ਦੇ ਭਾਣੇ ਜਾਣ ਦਾ ਜ਼ਿਆਦਾ ਗ਼ਮ ਹੈ। ਭਰਾਵਾਂ ਦੀ ਯਾਦਦਾਸ਼ਤ ਵੀ ਬਿਲਕੁੱਲ ਠੀਕ ਹੈ। ਕਿਸੇ ਜ਼ਮਾਨੇ ਵਿੱਚ ਲੋਕਾਂ ਦਾ ਦੇਸੀ ਨੁਖਸਿਆਂ ਨਾਲ ਇਲਾਜ ਕਰਨ ਵਾਲੇ ਪੀੜਤਾਂ ਦੇ ਬਾਪ ਕੌਰ ਚੰਦ ਗੁਪਤਾ ਦਾ ਦਰਦ ਇਹਨਾਂ ਸ਼ਬਦਾਂ ਰਾਹੀਂ ਬਾਹਰ ਨਿਕਲਦਾ ਹੈ, ਜਦੋਂ ਉਹ ਬੋਲਦੇ ਨੇ, ‘‘ ਜ਼ਿੰਦਗੀ ਦੀ ਸਾਰੀ ਪੂੰਜੀ, ਸਭ ਕੁਝ ਦਾਅ ’ਤੇ ਲਾ ਦਿੱਤਾ ਪਰ ਚੰਦਰੀ ਬਿਮਾਰੀ ਦਾ ਜਾਲ ਵੱਧਦਾ ਹੀ ਜਾ ਰਿਹਾ ਹੈ, ਹੁਣ ਇਹ ਜਿਉ ਨਹੀਂ ਰਹੇ ਸਾਹਵਾਂ ਨੂੰ ਘੜੀਸ ਰਹੇ ਨੇ. .’’।
         
ਪੀੜਤਾਂ ਦੇ ਬੱਚਿਆਂ ਤੇ ਭਤੀਜਿਆਂ ਨੇ ਆਪਣਿਆਂ ਲਈ ਰੈਗੂਲਰ ਪੜ੍ਹਾਈ ਛੱਡ ਕੇ ਪ੍ਰਾਈਵੇਟ ਸ਼ੁਰੂ ਕਰ ਦਿੱਤੀ ਹੈ। ਜਵਾਨੀ ਵਿੱਚ ਪੈਰ ਰੱਖ ਰਹੇ ਲਾਜਪਤ ਰਾਏ ਨੂੰ ਯਥਾਰਥ ਦੇ ਭੈੜੇ ਥਪੇੜਿਆਂ ਨੇ ਪਰਪੱਕ ਬਣਾ ਦਿੱਤਾ ਹੈ। ਉਹ ਕਹਿੰਦਾ ਹੈ, ‘‘ਹੁਣ ਤਾਂ ਜੀਅ ਕਰਦਾ ਹੈ ਕਿ ਇਹ ਪ੍ਰਾਈਵੇਟ ਪੜ੍ਹਾਈ ਵੀ ਛੱਡ ਕੇ ਜ਼ਿੰਦਗੀ ਪਾਪੇ, ਚਾਚੇ ਤੇ ਤਾਏ ਦੇ ਲੇਖੇ ਹੀ ਲਾ ਦੇਵਾ।’’ ਪਰਿਵਾਰ ਦੇ ਸਾਰੇ ਮੈਂਬਰ ਇੱਕ ਮੁੱਠ ਹੋ ਕੇ ਇਸ ਸੰਤਾਪ ਦਾ ਮੁਕਾਬਲਾ ਕਰ ਰਹੇ ਹਨ।
        
ਇਹਨਾਂ ਭਰਾਵਾਂ ਤੋਂ ਇਲਾਵਾ ਇਸ ਪਿੰਡ ਵਿਚ ਹੋਰ ਵੀ ਮਰੀਜ਼ ਇਸ ਬਿਮਾਰੀ ਤੋਂ ਪ੍ਰਭਾਵਿਤ ਹਨ। ਪਿੰਡ ਵਿੱਚ ਇਸੇ ਬਿਮਾਰੀ ਨਾਲ ਇੱਕ ਹੋਰ 17 ਸਾਲ ਦੇ ਗੱਭਰੇਟ ਦੀ ਮੌਤ ਹੋ ਗਈ ਜਿਸ ਨੇ ਕਰੀਬ 10 ਸਾਲ ਇਸ ਬਿਮਾਰੀ ਦਾ ਨਰਕ ਭੋਗਿਆ। ਉਸ ਨੂੰ ਕੇਵਲ 7-8 ਸਾਲ ਦੀ ਉਮਰ ਵਿੱਚ ਹੀ ਇਸ ਬਿਮਾਰੀ ਨੇ ਘੇਰ ਲਿਆ ਸੀ। ਆਪਣੇ ਮਿ੍ਰਤਕ ਪੁੱਤਰ ਜਸਪਾਲ ਸਿੰਘ ਦੀ ਫੋਟੋ ਦੇਖਦਿਆਂ ਹੀ ਉਸ ਦੀ ਮਾਤਾ ਗੁਰਦੀਪ ਕੌਰ ਭੁੱਬਾਂ ਮਾਰ ਕੇ ਰੋਂਦੀ ਹੈ। ਉਹ ਦੱਸਦੀ ਹੈ ਕਿ ਜਸਪਾਲ ਜਦੋਂ 7-8 ਸਾਲ ਦੀ ਉਮਰ ਵਿੱਚ ਸੀ ਤਾਂ ਉਹਦੇ ਤੋਂ ਆਪਣਾ ਆਪ ਘੱਟ ਹੀ ਸੰਭਾਲਿਆ ਜਾ ਰਿਹਾ ਸੀ। ਉਹਨਾਂ ਨੇ 17 ਸਾਲ ਆਪਣਾ ਸਭ ਕੁਝ ਦਾਅ ’ਤੇ ਲਾ ਕੇ ਆਪਣੇ ਮਾਸੂਮ ਪੁੱਤਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਲੱਖਾਂ ਰੁਪਏ ਦੇ ਕਰਜ਼ੇ ਚੁੱਕ ਕੇ ਕਦੇ ਦਿੱਲੀ, ਕਦੇ ਚੰਡੀਗੜ੍ਹ, ਜੈਪੁਰ ਆਦਿ ਸਭ ਥਾਵਾਂ ’ਤੇ ਲੈ ਕੇ ਗਏ ਪਰ ਡਾਕਟਰਾਂ ਨੇ ਸਾਫ਼ ਜਵਾਬ ਦੇ ਦਿੱਤਾ ਕਿ ਹੱਡੀਆਂ, ਮਾਸ ਪੇਸ਼ੀਆਂ ਵਾਲੀ ਇਸ ਨਾਮੁਰਾਦ ਬਿਮਾਰੀ ਦਾ ਕੋਈ ਇਲਾਜ ਨਹੀਂ ਅਖੀਰ ਜਸਪਾਲ 17 ਸਾਲ ਦੀ ਉਮਰ ਵਿੱਚ ਇਸ ਬਿਮਾਰੀ ਹੱਥਂੋ ਜ਼ਿੰਦਗੀ ਦੀ  ਬਾਜ਼ੀ ਹਾਰ ਗਿਆ। ਇਸ ਪਿੰਡ ਦੇ ਸਾਰੇ ਹੀ ਵਸਨੀਕਾਂ ਦੇ ਚਿਹਰਿਆਂ ’ਤੇ ਇਕ ਸਹਿਮ ਹਰ ਅੱਖ ਤੋਂ ਪੜ੍ਹਿਆ ਜਾਂਦਾ ਹੈ ਪਰ ਅਫਸੋਸ ਕਿ ਇਹ ਸਹਿਮ ਕੋਈ ਹਾਕਮੀ ਨਜ਼ਰ ਹੁਣ ਤੱਕ ਨਹੀਂ ਪਛਾਣ ਸਕੀ।

Comments

Ejaz Mahmood

Liked Like "Saanja Dais"

Jaswinder Chahal

.........ਇਸ ਪਰਿਵਾਰ ਦੀ ਹਾਲਤ ਦੇਖਕੇ ਬਹੁਤ ਦੁੱਖ ਹੋ ਰਿਹਾ ਹੈ ।

Security Code (required)Can't read the image? click here to refresh.

Name (required)

Leave a comment... (required)

ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ