Sun, 18 February 2018
Your Visitor Number :-   1142582
SuhisaverSuhisaver Suhisaver
ਮੀਡੀਆ ਅਤੇ ਪਾਠਕ ਦੇ ਰਿਸ਼ਤੇ ਵਿੱਚ ਵੱਧ ਰਿਹਾ ਹੈ ਫਾਸਲਾ: ਹਰਤੋਸ਼ ਬੱਲ               ਬੂਟਾ ਸਿੰਘ ਅਤੇ ਮਹਿੰਦਰ ਸਿੰਘ ਮਾਨੂੰਪੁਰੀ ਨੂੰ ਮਿਲਿਆ ਸੂਹੀ ਸਵੇਰ ਮੀਡੀਆ ਐਵਾਰਡ              

ਕੀ ਮੈਂ ਆਪਣੇ-ਆਪ ਨੂੰ ਗੋਲੀ ਮਾਰ ਲਵਾਂ?

Posted on:- 01-02-2018

ਅੰਗਰੇਜ਼ੀ ਅਖਬਾਰ ਇੰਡੀਅਨ ਐਕਸਪ੍ਰੈਸ ਦੇ ਚੰਡੀਗੜ ਐਡੀਸ਼ਨ  ਵਿਚ (31 ਜਨਵਰੀ, 2018), ਜੈਤੋ ਵਿਚ 29 ਜਨਵਰੀ ਨੂੰ ਵਾਪਰੀ ਮੰਦਭਾਗੀ ਘਟਨਾ ਬਾਰੇ ਦਿਵਿਯਾ ਗੋਇਲ ਦੀ ਕਾਫੀ ਵਿਸਤਰਿਤ ਰਿਪੋਰਟ ਛਪੀ ਹੈ। ਪੰਜਾਬੀ ਪਾਠਕਾਂ ਦੀ ਸਹੂਲਤ ਹਿੱਤ ਉਸ ਰਿਪੋਰਟ ਦਾ ਪੰਜਾਬੀ ਰੂਪ ਪੇਸ਼ ਕਰ ਰਹੇ ਹਾਂ।

ਘੋੜਾ ਦੱਬਣ ਤੋਂ ਪਹਿਲਾਂ ਪੰਜਾਬ ਪੁਲੀਸ ਅਧਿਕਾਰੀ ਨੇ ਰੋਸ ਪ੍ਰਗਟ ਕਰ ਰਹੇ ਵਿਦਿਆਰਥੀਆਂ ਨੂੰ ਕਿਹਾ: 

 ਕੀ ਮੈਂ ਆਪਣੇ ਆਪ ਨੂੰ ਗੋਲੀ ਮਾਰ ਲਵਾਂ?

 ਦਿਵਿਯਾ ਗੋਇਲ: ਕੋਟਕਪੂਰਾ/ਜੈਤੋ/ਫਰੀਦਕੋਟ( ਜਨਵਰੀ 30)

  “ਕੀ ਮੈਂ ਆਪਣੇ-ਆਪ ਨੂੰ ਗੋਲੀ ਮਾਰ ਲਵਾਂ?” ਇਹ ਸਨ ਉਹ ਆਖਰੀ ਸ਼ਬਦ ਜੋ ਡੀ.ਐਸ.ਪੀ ਬਲਜਿੰਦਰ ਸਿੰਘ ਸੰਧੂ ਵਲੋਂ ਖੁਦ ਦੇ ਸਿਰ ਵਿਚ ਗੋਲੀ ਮਾਰੇ ਜਾਣ ਤੋਂ ਪਹਿਲਾਂ ਵਿਦਿਆਰਥੀਆਂ ਨੇ ਸੁਣੇ। ਸੰਧੂ ਸੋਮਵਾਰ ਨੂੰ ਪਟਿਆਲਾ ਯੂਨੀਵਰਸਿਟੀ ਦੇ ਜੈਤੋ ਖੇਤਰੀ ਕੇਂਦਰ ਵਿਚ ਵਿਦਿਆਰਥੀਆਂ ਵਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੇ ਐਨ ਵਿਚਕਾਰ ਖੜਾ ਸੀ ਅਤੇ ਉਸ ਤੋਂ ਇਕ ਦਿਨ ਬਾਅਦ ਵੀ ਯੂਨੀਵਰਸਿਟੀ ਕੇਂਦਰ ਦੇ ਪਰਵੇਸ਼ ਦੁਆਰ ਉਪਰ ਖੂਨ ਦੇ ਧੱਬੇ ਨਜ਼ਰ ਆ ਰਹੇ ਹਨ ਅਤੇ ਕੈਂਪਸ ਵਿਚ ਪੂਰੀ ਤਰਾਂ ਸੁੰਨ ਪਸਰੀ ਹੋਈ ਹੈ।

ਯੂਨੀਵਰਸਿਟੀ ਨੇ ਛੁੱਟੀ ਐਲਾਨ ਕਰ ਦਿਤੀ ਹੈ ਅਤੇ ਵਿਦਿਆਰਥੀ, ਖਾਸ ਕਰ ਯੂਨੀਅਨ ਲੀਡਰ, ਚਾਰ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰ ਲਏ ਜਾਣ ਤੋਂ ਬਾਅਦ,ਕਿਧਰੇ ਲੁਕ-ਛਿਪ ਗਏ ਹਨ। ਜਦੋਂ ਉਸ ਨੇ ਪੁੜਪੁੜੀ ’ਤੇ ਰੱਖ ਆਪਣੇ ਆਪ  ਨੂੰ ਗੋਲੀ ਮਾਰੀ ਤਾਂ ਗੋਲੀ ਸਿਰ ਤੋਂ ਪਾਰ ਹੋ ਕੇ ਨਜ਼ਦੀਕ ਖੜੇ ਸਿਪਾਹੀ ਨੂੰ ਵੀ ਜਖ਼ਮੀ ਕਰ ਗਈ ਜੋ ਜਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਮੰਗਲਵਾਰ ਨੂੰ ਪੂਰਾ ਹੋ ਗਿਆ।

ਇਕ ਵਿਦਿਆਰਥੀ, ਜਿਸ ਨੇ ਗੋਲੀ ਚੱਲਣ ਦੀ ਘਟਨਾ ਨੂੰ ਦੇਖਿਆ, ਨੇ ਦੱਸਿਆ ਕਿ ਇੰਨਕਲਾਬੀ ਨੌਜਵਾਨ ਵਿਦਿਆਰਥੀ ਮੰਚ ਦਾ ਸਟੂਡੈਂਟ ਲੀਡਰ ਗਰੁਜਿੰਦਰ ਵਿਦਿਆਰਥੀ ਭਾਸ਼ਨ ਕਰ ਰਿਹਾ ਸੀ ਜਦੋਂ ਵਿਦਿਆਰਥੀਆਂ ਦਾ ਇਕ ਹੋਰ ਗੁੱਟ ਘਟਨਾ ਵਾਲ਼ੀ ਥਾਂ ’ਤੇ ਆ ਧਮਕਿਆ। “ਦੂਸਰੇ ਗਰੁੱਪ ਵਿਚੋਂ ਕਿਸੇ ਨੇ ਗੁਰਜਿੰਦਰ ਨੂੰ ਲਲਕਾਰਿਆ ਅਤੇ ਕਿਹਾ ਕਿ ‘ਅਸੀਂ ਤੇਰੇ ਗੋਲੀ ਮਾਰਾਂਗੇ’। ਇਸ ਦੇ ਜਵਾਬ ਵਿਚ ਗੁਰਜਿੰਦਰ ਨੇ ਕਿਹਾ ਕਿ ‘ਤੁਸੀਂ ਮੈਨੂੰ ਗੋਲੀ ਕਿਵੇਂ ਮਾਰ ਸਕਦੇ ਹੋ?ਫਿਰ ਰੋਸ ਪ੍ਰਗਟ ਕਰ ਰਹੇ ਵਿਦਿਆਰਥੀਆਂ ਵਿਚੋਂ ਕਿਸੇ ਨੇ ਕਿਹਾ ਕਿ ਜਿਹੜੇ ਪੁਲੀਸ ਵਾਲੇ ਇਨਸਾਫ ਨਹੀਂ ਦਿਵਾ ਸਕਦੇ, ਗੋਲੀ ਉਨ੍ਹਾਂ ਨੂੰ ਵੱਜਣੀ ਚਾਹੀਦੀ ਹੈ। ਹਰ ਤਰਫ ਹਫੜਾ-ਤੱਫੜੀ ਪੈ ਜਾਣ ਕਾਰਨ ਡੀ.ਐਸ.ਪੀ ਸਾਹਿਬ ਘਬਰਾ ਗਏ ਅਤੇ ਕਿਹਾ ‘ਕੀ ਮੈਂ ਆਪਣੇ-ਆਪ ਨੂੰ ਗੋਲੀ ਮਾਰ ਲਵਾਂ? ਪਿੱਛੇ ਤੋਂ ਇਕ ਆਵਾਜ਼ ਆਈ ‘ਹਾਂ ਮਾਰ ਲਵੋ ਖੁਦ ਨੂੰ ਗੋਲੀ’ਅਤੇ ਉਸੇ ਵਕਤ ਹੀ ਅਸੀਂ ਗੋਲੀ ਦੀ ਆਵਾਜ਼ ਸੁਣੀ” ਉਸ ਵਿਦਿਆਰਥੀ ਨੇ ਦੱਸਿਆ।
       
ਇਕ ਹੋਰ ਨੇ ਦੱਸਿਆ ਕਿ ਗੋਲੀ ਦੀ ਆਵਾਜ਼ ਤੋਂ ਬਾਅਦ ਪੂਰੀ ਤਰਾਂ ਚੁੱਪ ਵਰਤ ਗਈ ਅਤੇ ਯੂਨੀਅਨ ਲੀਡਰਾਂ ਸਮੇਤ ਸਾਰੇ ਵਿਦਿਆਰਥੀ ਘਟਨਾ ਵਾਲ਼ੀ ਥਾਂ ਤੋਂ ਚਲੇ ਗਏ। ਬਰਨਾਲਾ ਦੀ ਸੁਮਨਪ੍ਰੀਤ ਕੌਰ ਨੇ ਦੱਸਿਆ ਕਿ “ ਜੋ ਵਿਦਿਆਰਥੀ ਅਸਲ ਵਿਚ ਡੀ.ਐਸ.ਪੀ ਨਾਲ ਬਹਿਸ ਕਰ ਰਹੇ ਸਨ, ਉਹ ਦੌੜ ਗਏ ਅਤੇ ਪੁਲੀਸ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਵਿਚ ਨਾਕਾਮ ਰਹੀ। ਅਸੀਂ ਤਾਂ ਪੁਲੀਸ ਦੀ ਲੋਕਾਂ ਦੇ ‘ਨਿੱਜੀ ਕਿਰਦਾਰਾਂ ਉਪਰ ਨਜ਼ਰ ਰੱਖਣ’ ਵਾਲੀ ਕਾਰਵਾਈ( ਮੌਰਲ ਪੁਲੀਸਿੰਗ) ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਆਏ ਸੀ ਅਤੇ ਹਿੰਸਕ ਹੋਏ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਸਾਡੇ ਨਾਲ ਵੀ ਧੱਕਾ-ਮੁੱਕੀ ਕੀਤੀ। ਮੈਨੂੰ ਨੂੰ ਸੱਟਾਂ ਲੱਗੀਆਂ ਅਤੇ ਪੁਲੀਸ ਨੇ ਮੈਨੂੰ ਹਿਰਾਸਤ ਵਿਚ ਲੈ ਲਿਆ। ਅਸੀਂ ਤਾਂ ਨਾਹਰਿਆਂ ਦੀਆਂ ਅਵਾਜ਼ਾਂ ਦੌਰਾਨ ਬਸ ਗੋਲੀ ਦੀ ਆਵਾਜ਼ ਸੁਣੀ”।
     
ਸੰਧੂ ਦੀਆਂ ਅੰਤਿਮ ਰਸਮਾਂ ਬੁਧਵਾਰ ਨੂੰ ਉਨ੍ਹਾਂ ਦੇ ਰਿਹਾਇਸ਼ੀ ਸ਼ਹਿਰ ਪਟਿਆਲਾ ਵਿਖੇ ਹੋਣਗੀਆਂ। ਉਨ੍ਹਾਂ ਦੇ ਪਿਤਾ ਦੇਵ ਸਿੰਘ ਨੇ ਕਿਹਾ, “ ਅਸੀਂ ਅਜੇ ਵੀ ਸਦਮੇਂ ’ਚੋਂ ਉਭਰ ਨਹੀਂ ਸਕੇ। ਸਾਨੂੰ ਸਮਝ ਨਹੀਂ ਆਉਂਦੀ ਕਿ ਉਸ ਨੇ ਅਜਿਹਾ ਇੰਤਹਾਈ ਕਦਮ ਕਿਉਂ ਚੁਕਿਆ”। ਰਿਸ਼ਤੇਦਾਰਾਂ ਨੇ ਦੱਸਿਆ ਕਿ ਉਸ ਦਾ ਲੜਕਾ ਕੈਨੇਡਾ ਤੋਂ ਵਾਪਸੀ ਲਈ ਚੱਲਿਆ ਹੋਇਆ ਹੈ।
       
ਪਰ ਇਹ ਰੋਸ ਪ੍ਰਦਰਸ਼ਨ ‘ਮੌਰਲ-ਪੁਲੀਸਿੰਗ’ ਦੇ ਖਿਲਾਫ ਸੀ—ਜਿਸ ਵਿਚ ਕਥਿਤ ਤੌਰ ’ਤੇ ਜੈਤੋ ਥਾਣੇ ਦੇ ਐਸ.ਐਚ.ਓ ਗੁਰਮੀਤ ਸਿੰਘ ਉਲਝਿਆ ਹੋਇਆ ਹੈ-ਅਤੇ ਸੰਧੂ ਨੂੰ ਇਸੇ ਕਾਰਨ ਜੈਤੋ ਖੇਤਰੀ ਕੇਂਦਰ ਜਾਣ ਲਈ ਮਜ਼ਬੂਰ ਹੋਣਾ ਪਿਆ। ਇਹ ਘਟਨਾ-ਕਰਮ 12 ਜਨਵਰੀ ਨੂੰ ਸ਼ੁਰੂ ਹੋਇਆ ਜਦੋਂ ਇਸ ਕਾਲਜ ਦੇ ਤਿੰਨ ਵਿਦਿਆਰਥੀਆਂ, ਦੋ ਲੜਕੇ ਤੇ ਇਕ ਲੜਕੀ, ਨੂੰ ਗੁਰਮੀਤ ਸਿੰਘ ਨੇ “ਸੜਕਾਂ ਉਪਰ ਘੁੰਮਦੇ ਫਿਰਦੇ ਰਹਿਣ ਕਾਰਨ ਪ੍ਰੇਸ਼ਾਨੀ ਖੜੀ ਕਰਨ” ਨੂੰ ਲੈ ਕੇ ਬੱਸ ਸਟੈਂਡ ਤੋਂ ਕਥਿਤ “ਚੁੱਕ ਲਿਆ ਗਿਆ” ਅਤੇ ਪੁਲੀਸ ਸਟੇਸ਼ਨ ਲਿਜਾਇਆ ਗਿਆ। ਵਿਦਿਆਰਥੀਆਂ ਦੇ ਮਾਪੇ ਦੋਸ਼ ਲਾਉਂਦੇ ਹਨ ਕਿ ਉਨ੍ਹਾਂ ਨੂੰ ਘੱਟੋ-ਘੱਟ ਪੰਜ ਘੰਟੇ ਹਵਾਲਾਤ ਵਿਚ ਰੱਖਿਆ ਗਿਆ ਅਤੇ ਕੁਟਿਆ-ਮਾਰਿਆ ਵੀ ਗਿਆ।
   
 ਵਿਦਿਆਰਥੀਆਂ ਨੇ ਇਸ ‘ਮੌਰਲ ਪੁਲੀਸਿੰਗ” ਦੀ ਕਾਰਵਾਈ ਵਿਰੁੱਧ ਯੂਨੀਵਰਸਿਟੀ ਵਿਚ ਸ਼ਿਕਾਇਤ ਦਰਜ ਕਰਾਈ ਅਤੇ ਵਿਦਿਆਰਥੀ ਯੂਨੀਅਨਾਂ ਨੇ ਗੁਰਮੀਤ ਸਿੰਘ ਵਿਰੁਧ ਐਕਸ਼ਨ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿਤੇ।
     
ਹਵਾਲੇ ਅਧੀਨ ਆਏ ਇਹ ਤਿੰਨੋਂ ਵਿਦਿਆਰਥੀ ਮੰਗਲਵਾਰ ਨੂੰ (ਰਿਪੋਰਟ ਲਿਖਣ ਦੇ ਦਿਨ-ਅਨੁਵਾਦਕ) ਕੋਟਕਪੂਰਾ ਤੇ ਫਰੀਦਕੋਟ ਵਿਚਲੇ ਆਪਣੇ ਘਰਾਂ ਵਿਚ ਉਪਲੱਬਧ ਨਹੀਂ ਸਨ। “ ਪੁਲੀਸ ਕੱਲ ਤੋਂ ਹੀ ਉਨ੍ਹਾਂ ਦੇ ਘਰਾਂ ਉਪਰ ਛਾਪੇ ਮਾਰ ਰਹੀ ਹੈ। ਉਹ ਬਹੁਤ ਡਰੇ ਹੋਏ ਹਨ”, ਪਛਾਣ ਗੁਪਤ ਰੱਖਣ ਦੀ ਸ਼ਰਤ ’ਤੇ ਉਨ੍ਹਾਂ ਦੇ ਇਕ ਨਜ਼ਦੀਕੀ ਦੋਸਤ ਨੇ ਦੱਸਿਆ।
       
ਉਨ੍ਹਾਂ ਲੜਕਿਆਂ ਵਿਚੋਂ ਇਕ ਲੜਕੇ ਦੇ ਬਾਪ ਨੇ ਕੋਟਕਪੂਰੇ ਤੋਂ ਗੱਲ ਕਰਦੇ ਹੋਏ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ ਕਿ “ ਮੇਰਾ ਲੜਕਾ ਅਤੇ ਉਸ ਦੇ ਦੋ ਦੋਸਤ ਜੈਤੋ ਬੱਸ ਸਟੈਂਢ ’ਤੇ ਖੜੇ ਬੱਸ ਦਾ ਇੰਤਜ਼ਾਰ ਕਰ ਰਹੇ ਸਨ। ਕਿਉਂਕਿ ਉਨ੍ਹਾਂ ਕੋਲ ਸਟੂਡੈਂਟ-ਪਾਸ ਸਨ ,ਇਸ ਲਈ ਉਹ ਪੰਜਾਬ ਰੋਡਵੇਜ਼ ਦੀ ਬੱਸ ਨੂੰ ਉਡੀਕ ਰਹੇ ਸਨ। ਦੋ ਲੜਕਿਆਂ ਤੇ ਇਕ ਲੜਕੀ ਨੂੰ ਇਕੱਠਿਆਂ ਖੜੇ ਦੇਖ ਕੇ ਐਸ.ਐਚ.ਓ ਉਨ੍ਹਾਂ ਕੋਲ ਆਇਆ ਅਤੇ ‘ਮੌਰਲ ਪੁਲੀਸਿੰਗ’ਦੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਅਪਮਾਨਜਨਕ ਸਵਾਲ ਪੁੱਛੇ”।
     
ਲੜਕੇ ਦਾ ਪਿਤਾ ਨੇ ਦੱਸਿਆ ਕਿ ਲੜਕੀ ਨੇ ਪੁਲੀਸ ਨਾਲ ਬਹਿਸ ਕੀਤੀ ਕਿ ਉਹ ਪੂਲੀਸ ਵਾਹਨ ਵਿਚ ਨਹੀਂ ਬੈਠੇਗੀ ਪਰ ਉਸ ਨੂੰ ਵਾਲਾਂ ਤੋਂ ਫੜ ਕੇ ਘਸੀਟਿਆ ਗਿਆ ਅਤੇ ਪੁਲੀਸ ਗੱਡੀ ਵਿਚ ਸੁਟ ਲਿਆ ਗਿਆ। ਉਹ ਤਿੰਨੋਂ ਵਿਦਿਆਰਥੀ ਆਪਣੇ ਪਛਾਣ-ਪੱਤਰ ਪੁਲੀਸ ਨੂੰ ਦਿਖਾਉਂਦੇ ਰਹੇ ਪਰ ਕਿਸੇ ਨੇ ਉਨ੍ਹਾਂ ਦੀ ਗੱਲ ਨਾ ਸੁਣੀ। ਉਨ੍ਹਾਂ ਨੂੰ ਪੁਲੀਸ ਸਟੇਸ਼ਨ ਲਿਜਾਇਆ ਗਿਆ ਅਤੇ ਲੜਕਿਆਂ ਨੂੰ ਆਪਣੇ ਜੁੱਤੇ ਉਤਾਰਨ ਨੂੰ ਕਿਹਾ ਗਿਆ। ਐਸ. ਐਚ.ਓ ਅਤੇ ਦੂਸਰੇ ਪੁਲੀਸ ਕਰਮੀਆਂ ਨੇ ਸੋਟੀਆਂ ਨਾਲ ਉਨ੍ਹਾਂ ਦੇ ਪੈਰ-ਤਲੇ ਕੁੱਟੇ। ਐਸ. ਐਚ.ਓ ਨੇ ਤਾਂ ਇਥੋਂ ਤੱਕ ਕਿਹਾ ਕਿ ‘ਕੁੜੀ ਨੂੰ ਵੀ ਲੰਬਾ ਪਾਉ’, ਲੜਕੇ ਦੇ ਬਾਪ ਨੇ ਦੱਸਿਆ। ਉਸ ਨੇ ਅਗੇ ਦੱਸਿਆ ਕਿ ਕਈ ਘੰਟਿਆਂ ਦੇ ਤਸ਼ੱਦਦ ਅਤੇ ਬੇਇਜ਼ਤੀ ਤੋਂ ਬਾਅਦ ਹੀ ਉਨ੍ਹਾਂ ਨੂੰ ਰਿਹਾ ਕੀਤਾ ਗਿਆ”।
   
ਐਸ.ਐਚ.ਓ ਗੁਰਮੀਤ ਸਿੰਘ ਨੇ ਇਨ੍ਹਾਂ ਸਾਰੇ ਦੋਸ਼ਾਂ ਦਾ ਖੰਡਨ ਕੀਤਾ ਅਤੇ ਦਾਅਵਾ ਕੀਤਾ ਕਿ “ਸ਼ਹਿਰ ਵਾਸੀਆਂ ਨੇ ਉਸ ਕੋਲ ਸ਼ਿਕਾਇਤ ਕੀਤੀ ਸੀ ਕਿ ਪਿੰਡਾਂ ਤੋਂ ਲੜਕੇ ਲੜਕੀਆਂ ਜੈਤੋ ਪੜ੍ਹਨ ਲਈ ਆਉਂਦੇ ਹਨ ਪਰ ਪੜ੍ਹਨ ਦੀ ਬਜਾਏ ‘ਸੜਕਾਂ ਉਪਰ ਘੁੰਮ ਫਿਰ ਕੇ ਪ੍ਰੇਸ਼ਾਨੀ ਖੜੀ’ ਕਰਦੇ ਹਨ। ਇਸ ਲਈ ਇਸ ਸਭ ਨੂੰ ਠੱਲ ਪਾਉਣ ਅਸੀਂ ਮੁਹਿੰਮ ਚਲਾਈ। ਮੈਂ ਕਿਸੇ ਲੜਕੇ ਜਾਂ ਲੜਕੀ ਨੂੰ ਥਾਣੇ ਨਹੀਂ ਲੈ ਕੇ ਆਇਆ, ਉਹ ਝੂਠ ਬੋਲ ਰਹੇ ਹਨ। ਮੈਂ ਉਨ੍ਹਾਂ ਨੂੰ ਬੱਸ ਸਟੈਂਡ ਉਪਰ ਹੀ, ਉਨ੍ਹਾਂ ਨੂੰ ਉਥੇ ਬੇ-ਬਜਾਹ ਖੜੇ ਰਹਿਣ ਲਈ, ਮਹਿਜ਼ ਘੂਰਿਆ” ਉਸ ਨੇ ਕਿਹਾ।
     
ਗੁਰਮੀਤ ਦੇ ਕਹਿਣ ਅਨੁਸਾਰ, ਪ੍ਰਦਸ਼ਨਕਾਰੀਆਂ ਨੇ ਡੀ.ਐਸ.ਪੀ ਨੂੰ ਖੁਦਕੁਸ਼ੀ ਕਰਨ ਲਈ ਉਕਸਾਇਆ। ਡੀ,ਐਸ.ਪੀ ਸਾਹਿਬ ਨੇ ਮੈਨੂੰ ਕਦੇ ਵੀ ਵਿਦਿਆਰਥੀਆਂ ਤੋਂ ਮਾਫੀ ਮੰਗਣ ਲਈ ਨਹੀਂ ਕਿਹਾ ਅਤੇ ਮੈਂ ਮਾਫੀ ਮੰਗਾਂ ਹੀ ਕਿਉਂ ਜਦੋਂ ਮੈਂ ਕੋਈ ਗਲਤੀ ਹੀ ਨਹੀਂ ਕੀਤੀ”, ਉਸ ਨੇ ਕਿਹਾ।
   
ਕਾਲਜ ਦੀ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਕਿਹਾ ਕਿ ਵਿਦਿਆਰਥੀਆਂ ਨੇ ਉਸ ਕੋਲ ਐਸ.ਐਚ.ਓ ਦੇ ਖਿਲਾਫ਼ ਲਿਖਤੀ ਸ਼ਿਕਾਇਤ ਕੀਤੀ ਸੀ ਅਤੇ ਲੜਕੀ ਤਾਂ ਇਸ ਕਥਿਤ ਬੇਇਜ਼ਤੀ ਕਾਰਨ ਕਾਲਜ ਛੱਡਣਾ ਚਾਹੁੰਦੀ ਸੀ। ਲਿਖਤੀ ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ ਮਿਸ ਕੌਰ ਨੇ ਕਿਹਾ ਕਿ “ ਲੜਕੀ ਨੇ ਆਪਣੀ ਸ਼ਿਕਾਇਤ ਵਿਚ ਲਿਖਿਆ ਹੈ ਕਿ ਉਸ ਨੂੰ ਬਗ਼ੈਰ ਕਿਸੇ ਮਹਿਲਾ ਪੁਲੀਸ ਕਰਮੀ ਦੀ ਹਾਜ਼ਰੀ ਦੇ ਥਾਣੇ ਲਿਜਾਇਆ ਗਿਆ। ਐਸ.ਐਚ.ਓ ਨੇ ਉਸ ਵਿਰੁਧ ਅਪਮਾਨਜਨਕ ਸ਼ਬਦ ਵਰਤੇ ਅਤੇ ਲੜਕਿਆਂ ਨੂੰ ਥੱਪੜ ਮਾਰੇ ਗਏ। ਸਿਰਫ ਅਜਿਹੇ ਵਿਵਹਾਰ ਕਾਰਨ ਹੀ ਮੇਰੇ ਕਾਲਜ ਦੇ ਵਿਦਿਆਰਥੀਆਂ ਨੇ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ”।
           
 ਪ੍ਰਿਸੀਪਲ ਕੌਰ ਦੇ ਕਹਿਣ ਅਨੁਸਾਰ ਜੇਕਰ ਐਸ.ਐਚ.ਓ ਮਾਫੀ ਮੰਗ ਲੈਂਦਾ ਤਾਂ ਡੀ.ਐਸ.ਪੀ ਦੀ ਮੌਤ ਨੂੰ ਟਾਲਿਆ ਜਾ ਸਕਦਾ ਸੀ। ਡੀ.ਐਸ.ਪੀ. ਮਸਲਾ ਹੱਲ ਕਰਨਾ ਚਾਹੁੰਦਾ ਸੀ ਅਤੇ ਉਸ ਨੇ ਐਸ.ਐਚ.ਓ ਨੂੰ ਵਿਦਿਆਰਥੀਆਂ ਤੋਂ ਮਾਫੀ ਮੰਗਣ ਲਈ ਕਿਹਾ ਸੀ। ਉਹ ਖੁਦ ਐਸ.ਐਚ.ਓ ਦੀ ਤਰਫੋਂ ਵਿਦਿਆਰਥੀਆਂ ਤੋਂ ਮਾਫੀ ਮੰਗਣ ਲਈ ਤਿਆਰ ਸੀ ਪਰ ਵਿਦਿਆਰਥੀਆਂ ਦੀ ਮੰਗ ਸੀ ਕਿ ਐਸ.ਐਚ.ਓ ਖੁਦ ਮਾਫੀ ਮੰਗੇ” ਮਿਸ ਕੌਰ ਨੇ ਕਿਹਾ।
          
ਦੂਸਰੇ ਲੜਕੇ ਦੇ ਪਿਤਾ, ਜੋ ਕਿ ਫਰੀਦਕੋਟ ਦਾ ਰਹਿਣ ਵਾਲਾ ਹੈ, ਨੇ ਕਿਹਾ ਕਿ ਉਸ ਦਾ ਲੜਕਾ ਸੋਮਵਾਰ ਤੋਂ ਹੀ ਘਰ ਤੋਂ ਗ਼ਾਇਬ ਹੈ ਅਤੇ ਪੂਰੇ ਘਟਨਾ-ਕਰਮ ਨੇ ਉਸ ਨੂੰ ਝੰਜੋੜ ਕੇ ਰੱਖ ਦਿਤਾ ਹੈ। “ਅਸੀਂ ਉਨੀ ਦੇਰ ਕਿਸੇ ਦੇ ਮੱਥੇ ਕਿਵੇਂ ਲੱਗ ਸਕਦੇ ਹਾਂ ਜਿੰਨੀ ਦੇਰ ਪੁਲੀਸ ਸਾਨੂੰ ਯਕੀਨ ਨਹੀਂ ਦਿਵਾਉਂਦੀ ਕਿ ਮੁੰਡਿਆਂ ਨੂੰ ਹੋਰ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ? ਡੀ.ਐਸ.ਪੀ ਨੇ ਜੋ ਕੀਤਾ, ਉਸ ਲਈ ਉਹ ਕਿਵੇਂ ਜ਼ਿੰਮੇਵਾਰ ਹਨ?ਮੈਨੂੰ ਆਪਣੇ ਲੜਕੇ ਦੀ ਜਾਨ ਦੀ ਫਿਕਰ ਹੈ” ਉਸ ਨੇ ਕਿਹਾ।
            
ਜਿਸ ਲੜਕੀ ਨੂੰ ਕਥਿਤ ‘ਪ੍ਰੇਸ਼ਾਨ’ ਕੀਤਾ ਗਿਆ ਸੀ, ਉਸ ਦੇ ਪਿਤਾ ਨੂੰ ਸੋਮਵਾਰ ਤੋਂ ਹੀ, “ਸ਼ਾਤੀ ਭੰਗ ਹੋਣ ਦੇ ਖ਼ਦਸ਼ੇ ਕਾਰਨ” ਪੁਲੀਸ ਹਿਰਾਸਤ ਵਿਚ ਰੱਖਿਆ ਹੋਇਆ ਹੈ। ਉਸ ਨੂੰ ਆਖਰ ਅੱਜ ਮੰਗਲਵਾਰ ਨੂੰ ਜ਼ਮਾਨਤ ਮਿਲਣ ਬਾਅਦ ਰਿਹਾ ਕੀਤਾ ਗਿਆ।

  ਇਸ ਦੌਰਾਨ ਫਰੀਦਕੋਟ ਦੇ ਐਸ.ਐਸ.ਪੀ ਨਾਨਕ ਸਿੰਘ ਨੇ ਕਿਹਾ ਕਿ ਕਿਸੇ ਵੀ ਵਿਦਿਆਰਥੀ ਖਿਲਾਫ਼ ‘ਖੁਦਕੁਸ਼ੀ ਲਈ ਉਕਸਾਉਣ’ ਦਾ ਦੋਸ਼ ਲਾ ਕੇ ਪਰਚਾ ਦਰਜ ਨਹੀਂ ਕੀਤਾ ਗਿਆ ਹੈ ਅਤੇ ਡੀ.ਐਸ.ਪੀ ਦੀ ਮੌਤ ਦੇ ਮਾਮਲੇ ਵਿਚ ਐਫ.ਆਈ.ਆਰ ਸਿਰਫ ਅਣ-ਪਛਾਤੇ ਪਰਦ੍ਰਸ਼ਨਕਾਰੀਆਂ ਦੇ ਖਿਲਾਫ਼ ਦਰਜ ਕੀਤੀ ਗਈ ਹੈ। ਉਸ ਨੇ ਅੱਗੇ ਕਿਹਾ ਕਿ “ਤਿੰਨ ਵਿਦਿਆਰਥੀਆਂ ਦੀ ਸ਼ਿਕਾਇਤ ’ਤੇ ਐਸ.ਐਚ.ਓ ਦੇ ਵਿਰੁਧ ਪੜਤਾਲ ਸ਼ੁਰੂ ਕੀਤੀ ਗਈ ਹੈ ਅਤੇ ਜੇਕਰ ਉਹ ਦੋਸ਼ੀ ਪਾਇਆ ਗਿਆ ਤਾਂ ਕਾਰਵਾਈ ਕੀਤੀ ਜਾਵੇਗੀ”।

ਪੇਸ਼ਕਸ਼ ਤੇ ਅਨੁਵਾਦ - Harcharan Singh Chahal

Comments

Name (required)

Leave a comment... (required)

Security Code (required)ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ