Sun, 18 February 2018
Your Visitor Number :-   1142582
SuhisaverSuhisaver Suhisaver
ਮੀਡੀਆ ਅਤੇ ਪਾਠਕ ਦੇ ਰਿਸ਼ਤੇ ਵਿੱਚ ਵੱਧ ਰਿਹਾ ਹੈ ਫਾਸਲਾ: ਹਰਤੋਸ਼ ਬੱਲ               ਬੂਟਾ ਸਿੰਘ ਅਤੇ ਮਹਿੰਦਰ ਸਿੰਘ ਮਾਨੂੰਪੁਰੀ ਨੂੰ ਮਿਲਿਆ ਸੂਹੀ ਸਵੇਰ ਮੀਡੀਆ ਐਵਾਰਡ              

ਕੇਂਦਰੀ ਬਜਟ: ਲੋਕਾਂ ਲਈ ਮੋਦੀ ਦਾ ਇੱਕ ਵੱਡਾ ਜੁਮਲਾ

Posted on:- 02-02-2018

suhisaver

ਮੋਦੀ ਸਰਕਾਰ ਨੇ ਆਪਣਾ ਪੰਜਵਾਂ ਅਤੇ ਅੰਤਿਮ ਬਜਟ ਉਸ ਸਮੇਂ ਪੇਸ਼ ਕੀਤਾ ਹੈ, ਜਦੋਂ ਭਾਰਤੀ ਆਰਥਿਕਤਾ ਦੇ ਸਾਰੇ ਖੇਤਰ ਖੇਤੀਬਾੜੀ, ਸਨਅਤ ਅਤੇ ਸੇਵਾ ਖੇਤਰ ਇੱਕ ਗੰਭੀਰ ਆਰਥਿਕ ਸੰਕਟ ਦੀ ਲਪੇਟ ਵਿੱਚ ਹਨ। ਕਿਸਾਨ ਰਿਕਾਰਡ ਪੈਦਾਵਾਰ 27 ਕਰੋੜ 50 ਲੱਖ ਟਨ ਪੈਦਾਵਾਰ ਕਰਨ ਦੇ ਬਾਵਜੂਦ ਕਰਜ਼ੇ ਵਿੱਚ ਫਸੇ ਹੋਣ ਕਰਕੇ ਖੁਦਕਸ਼ੀਆਂ ਕਰ ਰਹੇ ਹਨ। ਸਨਅਤੀ ਸੰਕਟ ਕਾਰਨ ਨਿਰਮਾਣ ਸਨਅਤ ਅਤੇ ਵੱਡੇ ਵੱਡੇ ਪ੍ਰੋਜੈਕਟ ਅੱਧ ਵਿਚਾਲੇ ਰੁਕੇ ਪਏ ਹਨ, ਜ਼ਮੀਨ ਦੀਆਂ ਕੀਮਤਾਂ ਗਿਰ ਚੁੱਕੀਆਂ ਹਨ, ਰੀਅਲ ਇਸਟੇਟ ਦੇ ਕਾਰੋਬਾਰੀਆਂ ਦੇ ਉਸਾਰੇ ਫਲੈਟ ਵੇਚਣ ਖੁਣੋਂ ਫਸੇ ਪਏ ਹਨ ਅਤੇ ਇਸ ਕਰਕੇ ਕਾਰੋਬਾਰੀਆਂ ਦੇ ਡੀਫਾਲਟਰ ਹੋਣ ਨਾਲ ਬੈਂਕਾਂ ਦੇ ਵੱਡੇ ਪੱਧਰ 'ਤੇ ਵੱਟੇ ਖ਼ਾਤੇ ਵੱਧ ਰਹੇ ਹਨ। ਆਰਥਿਕ ਸੰਕਟ ਕਾਰਨ ਨਿਵੇਸ਼ਕਾਰ ਸਨਅਤ ਅਤੇ ਸੇਵਾ ਖੇਤਰ ਵਿੱਚ ਨਿਵੇਸ਼ ਕਰਕੇ ਫਸਣਾ ਨਹੀਂ ਚਾਹੁੰਦੇ, ਉਹ ਸ਼ੇਅਰ ਬਾਜ਼ਾਰ ਵਿੱਚ ਪੈਸਾ ਲਾ ਰਹੇ ਹਨ ਜਿਸ ਕਾਰਨ ਸ਼ੇਅਰ ਬਾਜ਼ਾਰ ਅਸਮਾਨ ਛੂਹ ਰਿਹਾ ਹੈ।

ਮੋਦੀ ਸਰਕਾਰ ਨੇ ਕਿਸਾਨਾਂ ਦੀਆਂ ਫ਼ਸਲਾਂ ਦੀਆਂ ਲਾਗਤਾਂ ਦਾ ਡੇਢ ਗੁਣਾ ਮੁੱਲ ਦੇਣ ਦਾ ਇੱਕ ਹੋਰ ਜੁਮਲਾ ਛੱੱਡ ਕੇ ਅਰਥਸ਼ਾਸਤਰੀਆਂ ਨੂੰ ਵੀ ਅਚੰਭੇ ਵਿੱਚ ਪਾ ਦਿੱਤਾ ਹੈ। ਹਾਲਾਂਕਿ ਸਰਕਾਰ ਦੀਆਂ ਆਪਣੀਆਂ ਰਿਪੋਰਟਾਂ ਮੁਤਾਬਕ ਕਣਕ ਦੀ ਲਾਗਤ 2408 ਰੁਪਏ ਪ੍ਰਤੀ ਕਵਿੰਟਲ ਪੈਂਦੀ ਹੈ ਅਤੇ ਉਨ੍ਹਾਂ ਨੂੰ ਘੱਟੋ ਘੱਟ ਸਮਰਥਨ ਮੁੱਲ 1625 ਰੁਪਏ ਮਿਲਦਾ ਹੈ। ਦੇਸ਼ ਦੀ 60 ਪ੍ਰਤੀਸ਼ਤ ਜ਼ਮੀਨ ਬਰਸਾਤ 'ਤੇ ਨਿਰਭਰ ਹੈ। ਇਸ ਸਾਰੀ ਜ਼ਮੀਨ ਦੀ ਸਿੰਚਾਈ ਕਰਨ ਲਈ ਬਜਟ ਵਿੱਚ 1260 ਕਰੋੜ ਰੁਪਏ ਰੱਖ ਕੇ ਇੱਕ ਹੋਰ ਜੁਮਲਾ ਛੱਡਿਆ ਗਿਆ ਹੈ। ਕਿਸਾਨਾਂ ਦਾ ਪ੍ਰਤੀ ਪਰਿਵਾਰ ਖ਼ਰਚਾ 4700 ਰੁਪਏ ਪ੍ਰਤੀ ਮਹੀਨਾ ਹੈ ਪਰ ਉਨ੍ਹਾਂ  ਦੀ ਆਮਦਨ 3600 ਰੁਪਏ ਹੈ।

ਦੇਸ਼ ਦੇ ਕਿਸਾਨਾਂ ਸਿਰ 12.60  ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਅਤੇ ਸਾਢੇ ਤਿੰਨ ਲੱਖ ਕਿਸਾਨ ਖੁਦਕਸੀਆਂ ਕਰ ਚੁੱਕੇ ਹਨ। ਪਰ ਬਜਟ ਵਿੱਚ ਨਾ ਕਿਸਾਨਾਂ ਦਾ ਕਰਜ਼ਾ ਮੁਆਫ਼ੀ ਅਤੇ ਨਾ ਹੀ ਖੁਦਕਸ਼ੀਆਂ ਕਰ ਚੁੱਕੇ ਕਿਸਾਨਾਂ ਦੇ ਪੀੜਤ ਪਰਿਵਾਰਾਂ ਨੂੰ ਕੋਈ ਰਾਹਤ ਪੈਕੇਜ ਰੱਖਿਆ ਗਿਆ ਹੈ। ਬਜਟ ਵਿੱਚ 222 ਖੇਤੀ ਮੰਡੀਆਂ ਮਜਬੂਤ ਕਰਨ ਲਈ 2000 ਕਰੋੜ ਰੁਪਏ, ਖੇਤੀ ਲਈ 10 ਲੱਖ ਕਰੋੜ ਰੁਪਏ ਉਦਾਰ ਕਰਜ਼ਾ ਦੇਣ, 51 ਲੱਖ ਕਰੋੜ ਰੁਪਏ ਘਰ ਬਨਾਉਣ, 2 ਕਰੋੜ ਘਰ ਬਨਾਉਣ, 8 ਕਰੋੜ ਔਰਤਾਂ ਨੂੰ ਗੈਸ ਕਨੈਕਸ਼ਨ ਦੇਣ, ਫੂਡ ਪ੍ਰੋਸੈਸਿੰਗ ਆਦਿ ਕਰਨ ਦੇ ਵਾਅਦੇ ਕੀਤੇ ਗਏ ਹਨ। ਪਰ ਇਹ ਇਤਨੀ ਵੱਡੀ ਪੂੰਜੀ ਕਿਥੋਂ ਆਵੇਗੀ, ਇਸ ਦਾ ਬਜਟ ਵਿੱਚ ਕੋਈ ਉਪਬੰਦ ਦਿਖਾਈ ਨਹੀਂ ਦਿੰਦਾ।

ਮੋਦੀ ਸਰਕਾਰ ਦੀਆਂ ਉਦਾਰਵਾਦੀ ਨੀਤੀਆਂ ਕਾਰਨ ਦੇਸ਼ ਦੀ 70 ਪ੍ਰਤੀਸ਼ਤ ਪੂੰਜੀ ਰਿਲਾਇੰਸ ਅਤੇ ਗੌਤਮ ਅਡਾਨੀ ਵਰਗੇ ਵੱਡੇ ਘਰਾਣਿਆਂ ਕੋਲ ਇਕੱਤਰ ਹੋ ਰਹੀ ਹੈ ਪਰ ਮੋਦੀ ਇਸ ਬਜਟ ਨੂੰ ਮਜਦੂਰਾਂ, ਕਿਸਾਨਾਂ ਅਤੇ ਮੁਲਾਜ਼ਮਾਂ ਅਤੇ ਸਰਬੱਤ ਦੇ ਕਲਿਆਣ ਵਾਲਾ ਕਹਿ ਰਿਹਾ ਹੈ।ਸੰਕਟ ਕਾਰਨ ਦੇਸ਼ ਵਿੱਚ ਬੇਰੁਜ਼ਗਾਰੀ ਨੇ ਵਿਰਾਟ ਰੂਪ ਧਾਰਨ ਕਰ ਲਿਆ ਹੈ ਪਰ ਮੌਜੂਦਾ ਬਜਟ ਇਨ੍ਹਾਂ ਸਮੱਸਿਅਵਾਂ ਦਾ ਕੋਈ ਹੱਲ ਪੇਸ਼ ਕਰਨ ਵਿੱਚ ਬੁਰੀ ਤਰ੍ਹਾਂ ਨਾਕਾਮ ਹੈ।ਦੇਸ਼ ਦੇ ਇੱਕ ਕਰੋੜ 80 ਲੱਖ ਪੜ੍ਹੇ ਲਿਖੇ ਬੇਰੁਜ਼ਗਾਰਾਂ ਦੀ ਫੌਜ ਨੂੰ ਬਜਟ ਕੋਈ ਆਸ ਦੀ ਕਿਰਨ ਲੈ ਕੇ ਨਹੀਂ ਆਇਆ। ਇਸ ਤਰ੍ਹਾਂ ਮੋਦੀ ਦਾ ਇਹ ਬਜਟ ਵੀ ਇੱਕ ਹੋਰ ਵੱਡਾ ਜੁਮਲਾ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਜਨਰਲ ਸਕੱਤਰ ਕੰਵਲਜੀਤ ਖੰਨਾ ਅਤੇ ਸੂਬਾ ਪ੍ਰਧਾਨ ਸਾਥੀ ਨਰਾਇਣ ਦੱਤ ਨੇ ਇਸ ਬਜਟ ਨੂੰ ਲੋਕ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਇਹ ਬਜਟ ਅਤੇ ਕੇਂਦਰੀ ਅਤੇ ਸੂਬਾਈ ਸਰਕਾਰਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਉਦਾਰਵਾਦੀ ਨੀਤੀਆਂ ਕਿਸਾਨਾਂ-ਮਜ਼ਦੂਰਾਂ ਸਮੇਤ ਸੱਭੇ ਮਿਹਨਤ ਕਰਨ ਵਾਲੇ ਲੋਕਾਂ ਦਾ ਜਿਊਣਾ ਮੁਹਾਲ ਕਰਨਗੀਆਂ। ਇਸ ਲਈ ਮਿਹਨਤਕਸ਼ ਲੋਕਾਈ ਦੇ ਆਉਣ ਵਾਲੇ ਸਮੇਂ ਵਿੱਚ ਵਿਸ਼ਾਲ ਸਾਂਝੇ,ਤਿੱਖੇ ਸੰਘਰਸ਼ਾਂ ਦੇ ਵੇਗ ਤੇਜ਼ ਕਰਨ ਦੀ ਲੋੜ ਹੈ।

Comments

Name (required)

Leave a comment... (required)

Security Code (required)ਖ਼ਬਰਸਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ