Mon, 21 August 2017
Your Visitor Number :-   1075442
SuhisaverSuhisaver Suhisaver
ਗੋਰਖਪੁਰ ਦੁਖਾਂਤ; ਨਿਆਂਇਕ ਜਾਂਚ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਇਰ               ਦੂਰਦਰਸ਼ਨ ਤੇ ਅਕਾਸ਼ਵਾਣੀ ਵੱਲੋਂ ਮਾਣਿਕ ਸਰਕਾਰ ਦਾ ਅਜ਼ਾਦੀ ਦਿਵਸ ਭਾਸ਼ਣ ਪ੍ਰਸਾਰਿਤ ਕਰਨ ਤੋਂ ਇਨਕਾਰ               ਭੂਟਾਨ ਨੇ ਡੋਕਲਾਮ ’ਤੇ ਚੀਨ ਦੇ ਦਾਅਵੇ ਨੂੰ ਨਕਾਰਿਆ              

ਨੌਜਵਾਨ ਭਾਰਤ ਸਭਾ ਤੇ ਪੀ.ਐੱਸ.ਯੂ. ਵੱਲੋਂ ਫਿਰੋਜ਼ਪੁਰ ਵਿਖੇ ਵਿਸ਼ਾਲ ਕਾਨਫਰੰਸ

Posted on:- 27-03-2017

suhisaver

ਸ਼ਹੀਦਾਂ ਦੇ ਗੁਪਤ ਟਿਕਾਣੇ ਨੂੰ ਅਜਾਇਬਘਰ ਬਣਾਉਣ ਦੀ ਮੰਗ

ਫਿਰੋਜ਼ਪੁਰ : ਪੰਜਾਬ ਸਟੂਡੈਂਟਸ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਦੇ ਸੱਦੇ 'ਤੇ ਅੱਜ ਪੰਜਾਬ ਦੇ ਕੋਨੇ-ਕੋਨੇ ਤੋਂ ਹਜ਼ਾਰਾਂ ਵਿਦਿਆਰਥੀ, ਨੌਜਵਾਨ ਫਿਰੋਜ਼ਪੁਰ ਸ਼ਹਿਰ ਦੇ ਤੂੜੀ ਬਾਜ਼ਾਰ ਵਿਚਲੇ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੇ ਗੁਪਤ ਟਿਕਾਣੇ ਨੂੰ ਅਜਾਇਬ ਘਰ ਅਤੇ ਲਾਇਬਰੇਰੀ ਬਣਾਉਣ ਦੀ ਮੰਗ ਨੂੰ ਲੈ ਕੇ ਵਿਸ਼ਾਲ ਕਾਨਫਰੰਸ 'ਚ ਇਕੱਠੇ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਰਮਿੰਦਰ ਸਿੰਘ ਪਟਿਆਲਾ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਹੋਰਾਂ ਦੀ ਸ਼ਹਾਦਤ ਤੋਂ 83 ਸਾਲ ਬਾਅਦ ਇਤਿਹਾਸਕਾਰ ਰਾਕੇਸ਼ ਕੁਮਾਰ ਨੇ ਇਸ ਇਤਿਹਾਸਕ ਟਿਕਾਣੇ ਨੂੰ ਖੋਜਿਆ ਹੈ ਪਰ ਸਰਕਾਰ ਕ੍ਰਾਂਤੀਕਾਰੀ ਅੰਦੋਲਨ ਦੀ ਇਸ ਮਹਾਨ ਵਿਰਾਸਤ ਨੂੰ ਸਾਂਭਣ ਤੋਂ ਇਨਕਾਰੀ ਹੈ।

ਇਤਿਹਾਸਕਾਰ ਰਾਕੇਸ਼ ਕੁਮਾਰ ਨੇ ਕਿਹਾ ਕਿ ਇਸ ਟਿਕਾਣੇ ਨਾਲ ਭਾਰਤ ਦੇ ਕ੍ਰਾਂਤੀਕਾਰੀ ਅੰਦੋਲਨ ਦੀਆਂ ਵੱਡੀਆਂ ਘਟਨਾਵਾਂ ਜੁੜੀਆਂ ਹਨ। ਇਸੇ ਟਿਕਾਣੇ ਉੱਪਰ ਬੈਠ ਕੇ ਕ੍ਰਾਂਤੀਕਾਰੀਆਂ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਵਿਉਂਤਬੰਦੀ ਕੀਤੀ ਤੇ ਏਅਰ ਪਿਸਟਲ ਨਾਲ ਨਿਸ਼ਾਨੇਬਾਜੀ ਵੀ ਕਰਦੇ ਰਹੇ। ਇਸੇ ਟਿਕਾਣੇ ਹੇਠਾਂ ਡਾ. ਗਯਾ ਪ੍ਰਸ਼ਾਦ ਨੇ ਦਵਾਖਾਨਾ ਖੋਲਿਆ ਜਿੱਥੇ ਉਹ ਬੰਬ ਬਣਾਉਣ ਦੀ ਸਮੱਗਰੀ ਇਕੱਠੀ ਕਰਦੇ ਰਹੇ। ਇੱਥੇ ਹੀ ਸ਼ਹੀਦ ਭਗਤ ਸਿੰਘ ਨੇ ਭੇਸ ਵਟਾਉਣ ਲਈ ਦਾੜੀ ਤੇ ਕੇਸ ਕਟਵਾਏ ਸਨ, ਕਈ ਸ਼ਹੀਦਾਂ ਦੀਆਂ ਜੀਵਨੀਆਂ ਸ਼ਿਵ ਵਰਮਾ ਨੇ ਇੱਥੇ ਬੈਠ ਕੇ ਲਿਖੀਆਂ ਸਨ।

ਸ਼ਹੀਦ ਭਗਤ ਸਿੰਘ ਦੇ ਭਾਣਜੇ ਡਾ. ਜਗਮੋਹਨ ਨੇ ਕਿਹਾ ਕਿ ਸਰਕਾਰਾਂ ਦੇਸ਼ ਦੇ ਇਨਕਲਾਬੀ ਅੰਦੋਲਨ ਦੇ ਇਤਿਹਾਸ ਨੂੰ ਲੋਕਾਂ ਤੋਂ ਦੂਰ ਕਰ ਰਹੀਆਂ ਹਨ। ਹੁਣ ਨਾ ਹੀ ਦੇਸ਼ ਦੀਆਂ ਯੂਨੀਵਰਸਿਟੀਆਂ ਵਿੱਚ ਕ੍ਰਾਂਤੀਕਾਰੀ ਅੰਦੋਲਨ 'ਤੇ ਕੋਈ ਵਿਸ਼ੇਸ਼ ਖੋਜ ਹੋ ਰਹੀ ਹੈ ਅਤੇ ਨਾ ਹੀ ਉਹਨਾਂ ਦੀ ਵਿਰਾਸਤ ਨੂੰ ਸਾਂਭਿਆ ਜਾ ਰਿਹਾ ਹੈ। ਇਸੇ ਕਰਕੇ ਇਹ ਇਤਿਹਾਸਕ ਟਿਕਾਣਾ ਰੁਲਣ ਲਈ ਮਜਬੂਰ ਹੈ।

ਕ੍ਰਾਂਤੀਕਾਰੀ ਗਯਾ ਪ੍ਰਸ਼ਾਦ ਦੇ ਬੇਟੇ ਕ੍ਰਾਂਤੀ ਕੁਮਾਰ ਨੇ ਕਿਹਾ ਕਿ ਲੰਮੀ ਜੱਦੋਜਹਿਦ ਤੋਂ ਬਾਅਦ ਸਰਕਾਰ ਨੇ ਦਸੰਬਰ 2015 ਵਿੱਚ ਇਸ ਇਮਾਰਤ ਨੂੰ ਸੁਰੱਖਿਅਤ ਇਮਾਰਤ ਦਾ ਐਲਾਨ ਕੀਤਾ ਹੈ ਅਤੇ ਇਸ ਤੋਂ ਬਾਅਦ ਕੁਝ ਨਹੀਂ ਕੀਤਾ। ਜੇਕਰ ਇੱਥੇ ਅਜਾਇਬਘਰ ਤੇ ਲਾਇਬਰੇਰੀ ਬਣਾਈ ਜਾਵੇ ਤਾਂ ਇਹ ਵਿਰਾਸਤ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਨਾਸ੍ਰੋਤ ਬਣ ਸਕਦੀ ਹੈ।

ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਨੇ ਕਿਹਾ ਕਿ ਜਿਸ ਸਾਮਰਾਜਵਾਦ ਨੂੰ ਸ਼ਹੀਦ ਭਗਤ ਸਿੰਘ ਨੇ ਮੁਰਦਾਬਾਦ ਕਿਹਾ, ਭਾਰਤੀ ਹਾਕਮ ਉਸੇ ਸਾਮਰਾਜ ਦੇ ਦਲਾਲ ਹਨ ਜੋ ਕਿ ਸਾਮਰਾਜੀ ਮੁਲਕਾਂ ਦੀਆਂ ਬਹੁਕੌਮੀ ਕੰਪਨੀਆਂ ਨੂੰ ਦੇਸ਼ ਦਾ ਜਲ, ਜੰਗਲ, ਜ਼ਮੀਨ ਵੇਚ ਰਹੇ ਹਨ। ਦੇਸ਼ ਦਾ ਕਿਸਾਨ, ਮਜ਼ਦੂਰ ਬਦਹਾਲੀ ਦਾ ਸ਼ਿਕਾਰ ਹੈ। ਦੇਸ਼ ਦੀ ਜਵਾਨੀ ਦਾ ਭਵਿੱਖ ਹਨੇਰਮਈ ਹੋ ਗਿਆ ਹੈ। ਅਜਿਹੇ ਸਮੇਂ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਸਾਮਰਾਜ ਵਿਰੋਧੀ ਵਿਰਾਸਤ ਹੀ ਸਾਮਰਾਜ ਤੇ ਉਸ ਦੇ ਦਲਾਲ ਭਾਰਤੀ ਹਾਕਮਾਂ ਖ਼ਿਲਾਫ਼ ਜੂਝਣ ਦੀ ਪ੍ਰੇਰਣਾ ਦੇ ਸਕਦੀ ਹੈ ਪਰ ਉਸ ਦੀ ਪ੍ਰੇਰਣਾਮਈ ਵਿਰਾਸਤ ਨੂੰ ਖਤਮ ਕਰਨ ਦੇ ਯਤਨ ਹੋ ਰਹੇ ਹਨ।

ਮਹਾਂਵੀਰ ਸਿੰਘ ਦੇ ਪਰਿਵਾਰਕ ਮੈਂਬਰ ਅਸੀਮ ਰਠੌਰ ਨੇ ਕਿਹਾ ਕਿ ਅੱਜ ਉਹਨਾਂ ਨੂੰ ਇਸ ਇਤਿਹਾਸਕ ਸੰਘਰਸ਼ ਦਾ ਹਿੱਸਾ ਬਣਨ ਦਾ ਮਾਣ ਮਹਿਸੂਸ ਹੋ ਰਿਹਾ ਹੈ। ਜਦੋਂ ਤੱਕ ਇਹ ਮੰਗ ਪੂਰੀ ਨਹੀਂ ਹੁੰਦੀ ਉਹ ਸੰਘਰਸ਼ ਦਾ ਸਾਥ ਦੇਣਗੇ। ਇਸ ਮੌਕੇ ਬੀ.ਕੇ. ਦੱਤ ਦੀ ਬੇਟੀ ਭਾਰਤੀ ਬਾਗਚੀ ਦਾ ਭੇਜਿਆ ਸੰਦੇਸ਼ ਵੀ ਪੜਿਆ ਗਿਆ, ਉਹਨਾਂ ਵੀ ਇਸ ਸੰਘਰਸ਼ ਦੀ ਹਮਾਇਤ ਕੀਤੀ।

ਇਸ ਮੌਕੇ ਪੀ.ਐਸ.ਯੂ. ਦੇ ਜਨਰਲ ਸਕੱਤਰ ਪ੍ਰਦੀਪ ਕਸਬਾ, ਨੌਜਵਾਨ ਭਾਰਤ ਸਭਾ ਦੇ ਭੁਪਿੰਦਰ ਲੌਂਗੋਵਾਲ, ਮੰਗਾ ਆਜ਼ਾਦ, ਨੌਜਵਾਨ ਭਾਰਤ ਸਭਾ ਦੇ ਅਸ਼ਵਨੀ ਘੁੱਦਾ, ਮਾਲਵਾ ਯੂਥ ਫੈਡਰੇਸ਼ਨ ਦੇ ਲੱਖਾ ਸਿਧਾਣਾ, ਪੀ.ਐਸ.ਯੂ. (ਸ਼ਹੀਦ ਰੰਧਾਵਾ) ਅਤੇ ਕਹਾਣੀਕਾਰ ਅਤਰਜੀਤ, ਬੁੱਧੀਜਵੀ ਸੀਤਾ ਰਾਮ ਬਾਂਸਲ ਤੇ ਕਈ ਹੋਰ ਅਹਿਮ ਬੁੱਧੀਜੀਵੀ, ਲੇਖਕ ਅਤੇ ਹੋਰ ਸਮਾਜ ਸੇਵੀ ਆਦਿ ਸ਼ਾਮਿਲ ਹੋਏ। ਕਾਨਫਰੰਸ ਤੋਂ ਬਾਅਦ ਹਜ਼ਾਰਾਂ ਨੌਜਵਾਨ, ਬੁੱਧੀਜੀਵੀ, ਲੇਖਕਾਂ ਅਤੇ ਹੋਰ ਸਮਾਜ ਸੇਵੀ ਸਮੇਤ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਇਸ ਗੁਪਤ ਟਿਕਾਣੇ ਨੂੰ ਅਜਾਇਬ ਘਰ ਤੇ ਲਾਇਬਰੇਰੀ ਬਣਾਉਣ ਦੀ ਮੰਗ ਦੇ ਨਾਅਰਿਆਂ ਸਹਿਤ ਫਿਰੋਜ਼ਪੁਰ ਸ਼ਹਿਰ ਦੇ ਮੇਨ ਬਜ਼ਾਰਾਂ ਤੋਂ ਹੁੰਦੇ ਹੋਏ ਤੂੜੀ ਬਜ਼ਾਰ ਦੇ ਗੁਪਤ ਟਿਕਾਣੇ ਤੱਕ ਮਾਰਚ ਕੀਤਾ ਗਿਆ।

- ਰਜਿੰਦਰ ਸਿੰਘ

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ