Wed, 23 August 2017
Your Visitor Number :-   1076259
SuhisaverSuhisaver Suhisaver
ਪਾਕਿ ਵੱਲੋਂ ਅੱਤਵਾਦੀਆਂ ਦੀ ਹਮਾਇਤ ਬਰਦਾਸ਼ਤ ਨਹੀਂ : ਟਰੰਪ               ਸੁਪਰੀਮ ਕੋਰਟ ਵੱਲੋਂ ਤਿੰਨ ਤਲਾਕ 'ਤੇ ਰੋਕ              

ਮੁਲਕ ਨੂੰ ਇੱਕ ਭਾਸ਼ਾ, ਇੱਕ ਸੱਭਿਆਚਾਰ ਵਿਚ ਬੰਨ੍ਹੇ ਜਾਣ ਦੇ ਆਰਐਸਐਸ ਦੇ ਮਨਸੂਬਿਆਂ ਦੀ ਨਿੰਦਾ

Posted on:- 26-07-2017

suhisaver

ਪਾਸ਼, ਟੈਗੋਰ, ਗ਼ਾਲਿਬ ਅਤੇ ਹੁਸੈਨ ਨੂੰ ਪਾਠਕ੍ਰਮ 'ਚੋਂ ਬਾਹਰ ਕਰਨ ਦੀ ਸਿਫਾਰਿਸ਼ ਜਮਹੂਰੀਅਤ ਦਾ ਅਪਮਾਨ

ਚੰਡੀਗੜ੍ਹ : ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਪੰਜਾਬੀ ਕਵੀ ਮਰਹੂਮ ਅਵਤਾਰ ਪਾਸ਼ ਦੀ ਕਵਿਤਾ 'ਸੱਭ ਤੋਂ ਖਤਰਨਾਕ', ਰਵਿੰਦਰ ਨਾਥ ਟੈਗੋਰ ਦੀਆਂ ਰਚਨਾਵਾਂ ਵਿਚਲੇ ਵਿਚਾਰਾਂ, ਸ਼ਾਇਰ-ਏ-ਆਜ਼ਮ ਮਿਰਜ਼ਾ ਗ਼ਾਲਿਬ ਦੀ ਇਕ ਕਵਿਤਾ ਅਤੇ ਮਰਹੂਮ ਚਿੱਤਰਕਾਰ ਐਮਐਫ਼ ਹੁਸੈਨ ਦੀ ਸਵੈ-ਜੀਵਨੀ ਦੀਆਂ ਟੂਕਾਂ ਨੂੰ ਆਰਐਸਐਸ ਦੇ ਵਿਚਾਰਕ ਦੀਨਾਨਾਥ ਬੱਤਰਾ ਵੱਲੋਂ ਐਨਸੀਈਆਰਟੀ ਦੇ ਪਾਠਕ੍ਰਮ ਵਿੱਚੋਂ ਕੱਢੇ ਜਾਣ ਦੀ ਸਿਫ਼ਾਰਸ਼ 'ਤੇ ਸਖ਼ਤ ਇਤਰਾਜ ਜਤਾਇਆ ਹੈ। ਉਨ੍ਹਾਂ ਕਿਹਾ ਕਿ ਇਹ ਸਿਲੇਬਸ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰਬੁੱਧ ਅਧਿਆਪਕਾਂ ਨੇ ਬਣਾਇਆ ਸੀ ਤੇ ਆਰਐਸਐਸ ਵੱਲੋਂ ਪਾਸ਼ ਦੀ ਕਵਿਤਾ, ਟੈਗੋਰ, ਗ਼ਾਲਿਬ ਅਤੇ ਹੁਸੈਨ ਦੀਆਂ ਕਿਰਤਾਂ ਨੂੰ ਸਿਲੇਬਸ ਵਿਚੋਂ ਕੱਢੇ ਜਾਣ ਦੀ ਕੋਸ਼ਿਸ਼ ਟੇਢੇ ਢੰਗ ਨਾਲ ਜੇਐਨਯੂ ਉੱਪਰ ਹਮਲਾ ਬੋਲਣਾ ਵੀ ਹੈ।
ਕੇਂਦਰੀ ਸਭਾ ਦੇ ਪ੍ਰਧਾਨ ਡਾ ਸਰਬਜੀਤ ਸਿੰਘ ਅਤੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਵੱਲੋਂ ਇਥੋਂ ਜਾਰੀ ਸਾਂਝੇ ਪ੍ਰੈੱਸ ਬਿਆਨ 'ਚ ਕਿਹਾ ਗਿਆ ਹੈ ਕਿ ਜਦੋਂ ਤੋਂ ਨਰਿੰਦਰ ਮੋਦੀ ਦੀ ਅਗਵਾਈ 'ਚ ਆਰਐਸਐਸ ਦੇ ਸਿਆਸੀ ਵਿੰਗ ਭਾਰਤੀ ਜਨਤਾ ਪਾਰਟੀ ਨੇ ਮੁਲਕ ਦੀ ਸੱਤਾ ਸੰਭਾਲੀ ਹੈ, ਉਦੋਂ ਤੋਂ ਹੀ ਬੜੀ ਤੇਜ਼ੀ ਨਾਲ ਭਾਰਤੀ ਵਿਸ਼ਵ ਵਿਦਿਆਲਿਆਂ ਅਤੇ ਸਕੂਲੀ ਪਾਠਕ੍ਰਮਾਂ ਨੂੰ ਆਪਣੇ ਸਿਆਸੀ ਮੁਫ਼ਾਦਾਂ ਤਹਿਤ ਬਦਲੇ ਜਾਣ ਦੀਆਂ ਕਾਰਵਾਈਆਂ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਜਮਹੂਰੀ ਮੁਲਕ 'ਚ ਇਸ ਤਰ੍ਹਾਂ ਦਾ ਤਾਨਾਸ਼ਾਹੀ ਰਵਈਆ ਸਿੱਧੇ ਤੌਰ 'ਤੇ ਜਮਹੂਰੀਅਤ ਦਾ ਅਪਮਾਨ ਤਾਂ ਹੈ ਹੀ, ਨਾਲ ਹੀ ਇਹ ਮੂਲਵਾਦੀ ਹਾਕਮਾਂ ਦੇ ਭੈਅ ਨੂੰ ਵੀ ਪ੍ਰਗਟ ਕਰਦਾ ਹੈ।

ਲੇਖਕ ਆਗੂਆਂ ਨੇ ਕਿਹਾ ਕਿ ਵੱਖ-ਵੱਖ ਵਿਦਿਅਕ ਅਦਾਰਿਆਂ ਅਤੇ ਸਾਹਿਤ, ਸੱਭਿਆਚਾਰਕ ਅਤੇ ਲੋਕ ਅਦਾਰਿਆਂ ਵਿਚੋਂ ਸਹੀ ਸੇਧ ਦੇਣ ਵਾਲੇ ਸਿੱਖਿਆ ਸ਼ਾਸਤਰੀਆਂ, ਚਿੰਤਕਾਂ ਅਤੇ ਵਿਦਵਾਨਾਂ ਦੀ ਜ਼ਬਰੀ ਵਿਦਾਈ ਤੇ ਸਮੁੱਚੇ ਮੁਲਕ ਨੂੰ ਇਕ ਭਾਸ਼ਾ, ਇਕ ਸੱਭਿਆਚਾਰ ਵਿਚ ਬੰਨ੍ਹੇ ਜਾਣ ਦੇ ਆਰਐਸਐਸ ਦੇ ਮਨਸੂਬਿਆਂ ਨੂੰ ਜਿਸ ਤੇਜ਼ੀ ਨਾਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲਾਗੂ ਕਰਨ ਦੀ ਕੋਸ਼ਿਸ਼ 'ਚ ਹੈ, ਉਹ ਚਿੰਤਾਜਨਕ ਤਾਂ ਹੈ ਹੀ, ਨਾਲ ਹੀ ਪ੍ਰਗਤੀਸ਼ੀਲ ਧਿਰਾਂ ਵਾਸਤੇ ਇਕ ਚੁਣੌਤੀ ਵੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਜਿੱਥੇ ਦੇਸ਼ ਉੱਪਰ ਕਾਬਜ਼ ਮੂਲਵਾਦੀ ਤਾਕਤਾਂ ਦੀਆਂ ਇਨ੍ਹਾਂ ਕਾਰਵਾਈਆਂ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦੀ ਹੈ, ਉਥੇ ਨਾਲ ਹੀ ਆਉਂਦੇ ਦਿਨੀਂ ਇਨ੍ਹਾਂ ਵਿਰੁੱਧ ਲੇਖਕਾਂ, ਚਿੰਤਕਾਂ, ਬੁੱਧੀਜੀਵੀਆਂ ਅਤੇ ਸਿੱਖਿਆ ਸ਼ਾਸਤਰੀਆਂ ਨੂੰ ਲਾਮਬੰਦ ਹੋਣ ਦਾ ਸੱਦਾ ਵੀ ਦਿੰਦੀ ਹੈ।

-ਸੁਸ਼ੀਲ ਦੁਸਾਂਝ

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ