Sat, 19 September 2020
Your Visitor Number :-   2678419
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਮੁੱਖ ਮੰਤਰੀ ਦੇ ਹਲਕੇ ਲੰਬੀ ਦੀ ਦਰਦ ਭਰੀ ਦਾਸਤਾਨ : ਬਾਰਸ਼ਾਂ ਨੇ ਕਿਸਾਨਾਂ ਦਾ ਲੱਕ ਤੋੜਿਆ, ਹਜ਼ਾਰਾਂ ਏਕੜ ਫਸਲ ਬਰਬਾਦ

Posted on:- 11-09-2014

ਮਲੋਟ :  ਪੱਕਦੀ ਫ਼ਸਲ ਦੇ ਨਾਲ ਹੀ ਸੱਧਰਾਂ ਜਵਾਨ ਕਰੀ ਬੈਠੇ ਕਿਸਾਨਾਂ ਦੀਆਂ ਉਮੀਦਾਂ ਦਾ ਹਾਲ ਠੀਕ ਵੈਸਾ ਹੀ ਹੋ ਗਿਆ ਹੈ, ਜੋ ਪਾਣੀ ਦੇ ਕਹਿਰ ਅੱਗੇ ਦਮ ਤੋੜ ਰਹੀ ਫ਼ਸਲ ਦਾ ਹੋ ਰਿਹੈ। ਖੇਤ ਮਜ਼ਦੂਰਾਂ ਦਾ ਹਾਲ ਸਭ ਤੋਂ ਬਦਤਰ ਹੈ। ਕੰਮ ਨੂੰ ਮੀਂਹ ਨੇ ਝੰਬ ਦਿੱਤਾ ਤੇ ਉਨ੍ਹਾਂ ਦੇ ਮਕਾਨਾਂ ਨੂੰ ਪਾਣੀ ਦੇ ਚੜਾਅ ਨੇ। ਇਨ੍ਹਾਂ ਕੋਲ ਤਾਂ ਰਫਾ ਹਾਜ਼ਤ ਜਾਣ ਲਈ ਵੀ ਥਾਂ ਨਹੀਂ ਰਹੀ। 

ਇਨਸਾਨਾਂ ਲਈ ਹੀ ਇਹ ਮੀਂਹ ਕਹਿਰ ਨਹੀਂ ਬਣਿਆ, ਹਜ਼ਾਰਾਂ ਜੀਵ ਜੰਤੂਆਂ ਦੀ ਵੀ ਇਸ ਨੇ ਬਲੀ ਲੈ ਲਈ ਹੈ। ਪਸ਼ੂਆਂ ਲਈ ਵੀ ਪੇਟ ਦਾ ਪਾਲਣਾ ਕਰੜੀ ਘਾਲਣਾ ਬਣ ਗਿਆ ਹੈ; ਕਿਉਂਕਿ ਪੱਠਾ-ਨੀਰਾ ਇੱਕ ਵਾਰ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ।
ਗੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਪਏ ਪੰਜ ਦਿਨ ਲਗਾਤਾਰ ਮੀਂਹ ਨੇ ਮੁਕਤਸਰ ਜਿਲ੍ਹੇ ਨੂੰ ਲਗਾਤਾਰ ਦੂਜੇ ਸਾਲ ਹੜ੍ਹਾਂ 'ਚ ਡਬੋ ਦਿੱਤਾ। ਮੁੱਖ ਮੰਤਰੀ ਦਾ ਜੱਦੀ ਹਲਕਾ ਲੰਬੀ ਇਸ ਮਾਮਲੇ 'ਚ ਸਭ ਤੋਂ ਅਭਾਗਾ ਰਿਹਾ, ਜਿੱਥੇ ਕਰੀਬ ਢਾਈ ਦਰਜ਼ਨ ਪਿੰਡਾਂ 'ਚ ਭਿਅੰਕਰ ਹੜ੍ਹ ਵਰਗੀ ਸਥਿਤੀ ਉਤਪੰਨ ਹੋ ਗਈ ਹੈ। ਜਿਸ ਕਾਰਨ ਜੀਵਨ ਦਾ ਗੱਡਾ ਲੀਹੋਂ ਲੱਥ ਗਿਆ ਹੈ। ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਹੈ, ਜਿਸ ਦਾ ਮਾਇਕ ਨੁਕਸਾਨ ਕਰੋੜਾਂ 'ਚ ਬਣਦਾ ਹੈ। ਜੋ ਫਸਲਾਂ ਬੱਚ ਗਈਆਂ ਹਨ, ਉਨ੍ਹਾਂ 'ਚ ਵੀ ਐਨਾ ਪਾਣੀ ਖੜ੍ਹਾ ਹੈ ਕਿ ਉਸ ਨੂੰ ਕੱਢਣ ਲਈ ਜੇਬ 'ਚੋਂ ਪੈਸਾ ਤੇ ਸਰੀਰ 'ਚੋਂ ਪਸੀਨਾ ਨਿਕਲ ਜਾਵੇਗਾ। ਸੈਂਕੜੇ ਕੱਚੇ-ਪੱਕੇ ਮਕਾਨ ਜਾਂ ਤਾਂ ਡਿੱਗ ਪਏ ਹਨ ਜਾਂ ਡਿੱਗਣ 'ਤੇ ਕਗਾਰ 'ਤੇ ਖੜ੍ਹੇ ਹਨ।
ਇੱਥੇ ਇਹ ਦੱਸਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਪਿਛਲੇ ਸਾਲ ਵੀ ਮੁਕਤਸਰ ਜਿਲ੍ਹੇ 'ਚ ਹੜ੍ਹ ਆ ਗਏ ਸਨ। ਲੇਕਿਨ, ਇਸ ਵਾਰ ਉਹ ਇਲਾਕੇ ਵੀ ਨਹੀਂ ਬਚੇ ਜੋ ਪਿਛਲੇ ਸਾਲ ਮੀਂਹ ਦੀ ਮਾਰ ਤੋਂ ਬੱਚ ਗਏ ਸਨ। ਅੱਜ ਇਸ ਪ੍ਰਤੀਨਿਧੀ ਨੇ ਜਦੋਂ ਪ੍ਰਭਾਵਿਤ ਪਿੰਡਾਂ 'ਚ ਜਾ ਕੇ ਰਿਪੋਰਟ ਤਿਆਰ ਕੀਤੀ ਤਾਂ ਸਥਿਤੀ ਅਤਿ ਗੰਭੀਰ ਨਜ਼ਰ ਆਈ। ਕਈ ਪਿੰਡਾਂ 'ਚ ਪਾਣੀ ਪੰਜ-ਪੰਜ ਫੁੱਟ ਤੱਕ ਚੜ੍ਹਿਆ ਹੋਇਆ ਸੀ। ਇਸ ਮੁਸ਼ਕਲ ਸਫ਼ਰ ਦੀ ਸ਼ੁਰੂਆਤ ਪੱਕੀ ਪਿੰਡ ਤੋਂ ਹੋਈ, ਜਿੱਥੇ ਸਥਿਤੀ ਇਹ ਸੀ ਕਿ ਪਿੰਡ ਇੰਂਝ ਲੱਗ ਰਿਹਾ ਸੀ ਜਿਵੇਂ ਸਮੁੰਦਰ 'ਚ ਕੋਈ ਟਾਪੂ ਹੋਵੇ; ਕਿਉਂਕਿ ਪਿੰਡ ਦੇ ਬਾਹਰਵਾਰ ਪੰਜ ਤੋਂ ਦਸ ਫੁੱਟ ਤੱਕ ਪਾਣੀ ਸੈਂਕੜੇ ਏਕੜ ਦੇ ਏਰੀਏ 'ਚ ਭਰਿਆ ਪਿਆ ਸੀ। ਕਦੇ ਸਰਦਾਰੀਆਂ ਮਾਣਦੇ ਕਿਸਾਨ ਜਗਰਾਜ ਸਿੰਘ ਭੁੱਲਰ ਨੇ ਦੱਸਿਆ ਕਿ ਸਾਡੇ ਵਰਗਾ ਖੁਸ਼ਹਾਲ ਪਿੰਡ ਕੋਈ ਨਹੀਂ ਸੀ, ਪਰ ਸੇਮ ਤੇ ਬਾਰਸ਼ਾਂ ਨੇ ਸਾਨੂੰ ਕੱਖੋਂ ਹੌਲਿਆਂ ਬਣਾ ਦਿੱਤਾ। ਉਸ ਨੇ ਦੱਸਿਆ ਕਿ ਇਸ ਵਾਰ ਸਾਉਂਣ ਸੁੱਕਾ ਲੰਘਿਆ ਤੇ ਪਾਣੀ ਕਾਫੀ ਹੇਠਾਂ ਚਲਾ ਗਿਆ ਪਰ ਅੰਤ 'ਚ ਪਏ ਮੀਂਹ ਨੇ ਫਸਲਾਂ ਦੇ ਰੂਪ 'ਚ ਬੀਜੇ ਸਾਡੇ ਸੁਫਨਿਆਂ ਨੂੰ ਵਿੰਨ੍ਹ ਦਿੱਤਾ ਹੈ ਤੇ ਸਾਡੀ ਤਬਾਹੀ 'ਚ ਸਭ ਤੋਂ ਵੱਡਾ ਯੋਗਦਾਨ ਪਾਇਆ। ਸਰਕਾਰ ਦੇ 'ਵਚਿੱਤਰ' ਸੇਮ ਨਾਲੇ ਨੇ, ਡਰੇਨਜ਼ ਅਧਿਕਾਰੀਆਂ ਵੱਲੋਂ ਪਾ ਕੇ ਪੂਰ ਨਾ ਗਏ ਪਾੜ੍ਹ ਨੇ ਨਾ ਸਿਰਫ ਸਾਡੀਆਂ ਫਸਲਾਂ ਗਾਲ ਦਿੱਤੀਆਂ ਬਲਕਿ ਖੇਤ 'ਚ ਪਾਏ ਮਹਿਲਨੁਮਾ ਘਰ ਨੂੰ ਵੀ ਖੰਡਰ ਬਨਣ ਦੇ ਰਾਹ ਪਾ ਦਿੱਤਾ ਹੈ।
ਉਸ ਨੇ ਦੱਸਿਆ ਕਿ ਪਿੰਡ ਦੇ ਸੇਮ ਗ੍ਰਸਤ 250 ਏਕੜ ਰਕਬੇ 'ਚ ਪਿਛਲੇ ਪੰਦਰ੍ਹਾਂ ਸਾਲਾਂ ਤੋਂ ਸੇਰ ਦਾਣੇ ਵੀ ਨਹੀਂ ਹੋਏ, ਇਸ ਹੜ੍ਹ ਨੇ ਤਾਂ ਹੁਣ ਕਮਰ ਹੀ ਤੋੜ ਦਿੱਤੀ ਹੈ। ਇਸ ਤੋਂ ਅੱਗੇ ਸ਼ਾਮ ਖੇੜਾ, ਭਾਈ ਕੇਰਾ, ਬਲੋਚ ਕੇਰਾ, ਕੋਲਿਆਂਵਾਲੀ, ਡੱਬਵਾਲੀ ਮਲਕੋ ਕੀ, ਅਰਨੀਵਾਲਾ, ਤੱਪਾ ਖੇੜਾ, ਦਿਉਣ ਖੇੜਾ, ਆਧਨੀਆਂ, ਸ਼ੇਰਾਂ ਵਾਲੀ, ਕੱਟਿਆਂਵਾਲੀ ਆਦਿ ਪਿੰਡਾਂ ਦਾ ਹਾਲ ਵੀ ਤਰਸਯੋਗ ਨਜ਼ਰ ਆਇਆ। ਕੋਲਿਆਂਵਾਲੀ ਪਿੰਡ 'ਚ ਫਸਲ ਡੋਬਦਾ ਹੋਇਆ ਪਾਣੀ ਪਿੰਡ 'ਚ ਵੀ ਆ ਵੜਿਆ, ਪਿੰਡ ਦੇ ਚੁਫੇਰੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ।
ਲੰਬੀ ਹਲਕੇ ਦਾ ਪਿੰਡ ਮੰਨੀਆਂਵਾਲਾ ਤਾਂ ਦੁਨੀਆਂ ਨਾਲੋਂ ਹੀ ਕੱਟਿਆ ਨਜ਼ਰ ਆ ਰਿਹਾ ਸੀ; ਕਿਉਂਕਿ ਪਿੰਡ 'ਚ ਐਨਾ ਪਾਣੀ ਹੈ ਕਿ ਛੋਟੇ ਵਹੀਕਲ ਪਿੰਡ 'ਚ ਦਾਖਲ ਹੀ ਨਹੀਂ ਹੋ ਸਕਦੇ। ਮੰਨੀਆਂਵਾਲਾ ਦੇ ਵਸਨੀਕ ਜੱਗਾ ਸਿੰਘ ਜੋ ਫੁੱਲੂ ਖੇੜਾ ਵਿੱਚ ਇੱਕ ਚਾਹ ਦੀ ਦੁਕਾਨ 'ਤੇ ਚਿੰਤਾਤੁਰ ਜਿਹਾ ਹੋ ਕੇ ਬੈਠਾ ਸੀ ਨੇ ਇਸ ਪ੍ਰਤੀਨਿਧੀ ਨੂੰ ਦੱਸਿਆ ਕਿ ਉਹ ਬਾਹਰ ਜਾ ਰਿਹਾ ਸੀ, ਪਰ ਰਸਤੇ 'ਚ ਫੋਨ ਆ ਗਿਆ ਕਿ ਮੇਰਾ ਮਕਾਨ ਡਿੱਗ ਪਿਆ ਹੈ, ਮੈਂ ਅੱਭੜਵਾਹੇ ਪਿੱਛੇ ਨੂੰ ਭੱਜ ਤੁਰਿਆ, ਪਾਣੀ ਏਨਾ ਹੈ ਕਿ ਮੇਰੀ ਹਿੰਮਤ ਨਹੀਂ ਹੋ ਰਹੀ ਕਿ ਮੈਂ ਪਿੰਡ ਪਹੁੰਚ ਜਾਵਾਂ। ਮੰਨੀਆਂਵਾਲਾ ਪਿੰਡ 'ਚ ਜਾਣ 'ਤੇ ਸਾਰੇ ਰਸਤੇ ਬੰਦ ਮਿਲੇ। ਸ਼ਮਸ਼ਾਨ ਘਾਟ 'ਚ ਬੈਠੇ ਕੁਝ ਮਜਦੂਰਾਂ ਨਾਲ ਜਦੋਂ ਵਾਰਤਾਲਪ ਕੀਤਾ ਜਾ ਰਿਹਾ ਸੀ ਤਾਂ ਉਸੇ ਵੇਲੇ ਦਰਸ਼ਨ ਸਿੰਘ ਨਾਂਅ ਦਾ ਇੱਕ ਵਿਅਕਤੀ ਆਪਣੇ ਡੰਗਰ ਲੈ ਕੇ ਆ ਗਿਆ। ਦਰਸ਼ਨ ਸਿੰਘ ਨੇ ਦੱਸਿਆ ਕਿ ਡੰਗਰ ਭੁੱਖੇ ਮਰ ਰਹੇ ਸਨ, ਮੇਰੇ ਤੋਂ ਦੇਖੇ ਨਹੀਂ ਗਏ ਤੇ ਮੈਂ ਸ਼ਮਸ਼ਾਨਘਾਟ 'ਚ ਚਰਾਉਣ ਲੈ ਆਇਆ, ਪਰ ਇਸ ਕੰਮ ਲਈ ਮੈਨੂੰ ਗਲੇ ਤੱਕ ਪਾਣੀ 'ਚੋਂ ਗੁਜ਼ਰਕੇ ਇੱਕ ਕਿਲੋਮੀਟਰ ਦੂਰ ਇੱਥੇ ਆਉਂਣਾ ਪਿਆ। ਕੁਲ ਮਿਲਾ ਕੇ ਇਸ ਖਿੱਤੇ 'ਚ ਹਾਲਾਤ ਅਤਿ ਨਾਜ਼ੁਕ ਹਨ। ਇਲਾਕੇ ਦਾ ਮੁੱਖ ਮੰਤਰੀ ਹੈ ਪਰ ਜੋ ਰਾਹਤ ਕਾਰਜ਼ ਚੱਲਣੇ ਚਾਹੀਦੇ ਸੀ ਉਹ ਸੁਸਤੀਲੇ ਹਨ। ਸਰਕਾਰੀ ਰਾਹਤ ਕਿਤੇ ਕਿਤੇ ਜੇ ਸੀ ਬੀ ਮਸ਼ੀਨਾਂ ਨਾਲ ਖਾਲੇ ਪੁੱਟਣ ਅਤੇ ਮੋਟਰ ਪੰਪ ਲਾਉਣ ਤੱਕ ਸੀਮਤ ਹੈ। ਕਈ ਪਿੰਡ ਤਾਂ ਏਦਾਂ ਦੇ ਹਨ, ਜਿੱਥੇ ਹਾਲੇ ਤੱਕ ਕੋਈ 'ਜੱਥੇਦਾਰ' ਵੀ ਨਹੀਂ ਉਪੜਿਆ, ਸਰਕਾਰੀ ਬਾਬੂ ਤਾ ਦੂਰ ਰਹੇ। ਪਿੰਡਾਂ ਦੇ ਕਿਸਾਨਾਂ ਨਾਲ ਗੱਲ ਕਰਨ 'ਤੇ ਇਹ ਵੀ ਗੱਲ ਸਾਹਮਣੇ ਆਈ ਕਿ ਜੱਥੇਦਾਰ ਪਾਣੀ ਕਢਵਾਉਂਣ ਦੇ ਮਾਮਲੇ 'ਚ ਵੀ ਵਿਤਰਕਾ ਕਰ ਰਹੇ ਹਨ, ਜਿੱਥੇ ਉਹ ਆਪਣੇ ਚਹੇਤਿਆਂ ਨੂੰ ਦਿਲ ਖੋਲ ਕੇ ਡੀਜ਼ਲ ਅਤੇ ਮਸ਼ੀਨਰੀ ਮੁਹੱਈਆ ਕਰਵਾ ਰਹੇ ਹਨ ਉੱਥੇ ਦੂਜੇ ਪਿੰਡਾਂ ਦਾ ਪਾਣੀ ਵੀ ਨਿਕਲਣ ਤੋਂ ਰੋਕ ਰਹੇ ਹਨ, ਜਿਸ ਕਾਰਨ ਹਾਲਾਤ ਕਿਸੇ ਵੇਲੇ ਵੀ ਵਿਸਫੋਟਕ ਬਣ ਸਕਦੇ ਹਨ। ਪਿੰਡਾਂ ਦੇ ਗਰੀਬ ਪਰਵਾਰ ਪਾਣੀ 'ਚ ਘਿਰੇ ਬੈਠੇ ਹਨ। ਗੱਲ ਕਰਨ 'ਤੇ ਕਈ ਅਜਿਹੇ ਪਰਵਾਰਾਂ ਨੇ ਦੱਸਿਆ ਕਿ ਸਾਡੀ ਸਹਾਇਤਾ ਲਈ ਕੋਈ ਨਹੀਂ ਬਹੁੜ ਰਿਹਾ। ਪਾਣੀ ਕਾਰਨ ਉਹ ਘਰਾਂ 'ਚ ਤੜੇ ਬੈਠੇ ਹਨ ਪਰ ਹੁਣ ਹਾਲਤ ਭੁੱਖਮਰੀ ਵਾਲੇ ਬਣ ਗਏ ਹਨ। ਇੱਥੇ ਦੱਸਣਯੋਗ ਹੈ ਕਿ ਬਹੁਤੇ ਪਿੰਡਾਂ ਨੂੰ ਸਰਕਾਰ ਵੱਲੋਂ ਕੱਢੇ ਸੇਮ ਨਾਲਿਆਂ ਨੇ ਹੀ ਡੋਬਿਆ ਹੈ।
ਜੱਥੇਦਾਰਾਂ ਦੇ ਚਹੇਤਿਆਂ ਦੇ ਮਨ ਮਰਜ਼ੀ ਵਾਲੇ ਨਕਸ਼ਿਆਂ 'ਤੇ ਵਿੰਗੇ-ਟੇਢੇ ਬਣੇ ਇਨ੍ਹਾਂ ਸੇਮ ਨਾਲਿਆਂ ਦੀ ਉਸ ਵਿਭਾਗ ਨੇ ਸਫਾਈ ਹੀ ਨਹੀਂ ਸੀ ਕਰਵਾਈ, ਜੋ 'ਖਾਸ' ਪੱਤਰਕਾਰਾਂ ਤੋਂ ਖ਼ਬਰ ਲੁਆ ਕੇ ਅਗਾਂਊ ਪ੍ਰਬੰਧ 'ਟਿੱਚ' ਹੋਂਣ ਦਾ ਢਿੰਡੋਰਾ ਪਿੱਟ ਰਿਹਾ ਸੀ। ਡੱਬਵਾਲੀ ਮਲਕੋ ਕੋਲ ਤਾਂ ਵੱਡਾ ਸੇਮ ਨਾਲ ਖੇਤਾਂ ਦੇ ਬਰਾਬਰ ਹੋਂਿÂਆ ਪਿਆ ਸੀ। ਕਿਸਾਨਾਂ ਨੂੰ ਪਹਿਲਾਂ ਸੋਕੇ ਨੇ ਤੇ ਹੁਣ ਡੋਬੇ ਨਾ ਰਗੜ ਕੇ ਰੱਖ ਦਿੱਤਾ ਹੈ। ਮੁੱਖ ਮੰਤਰੀ ਆਮ ਤੌਰ 'ਤੇ ਲੰਬੀ ਨੂੰ ਆਪਣਾ 'ਵਿਹੜਾ' ਦੱਸਦੇ ਹਨ। ਪਰ ਅੱਜ ਇਹ 'ਵਿਹੜਾ' ਜਲਮਘਨ ਹੈ। ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਕਦ ਇਸ 'ਵਿਹੜੇ' 'ਚ ਫੇਰਾ ਪਾਉਂਣਗੇ? ਪਰ ਕਿਤੇ ਉਹ ਗੱਲ ਨਾ ਹੋ ਜਾਵੇ ਕਿ 'ਬੜੀ ਦੇਰ ਕਰਦੀ ਮੇਹਰਬਾਂ ਆਤੇ ਆਤੇ', ਕਿਉਂਕਿ ਜਿਸ ਹਿਸਾਬ ਨਾਲ ਪਾਣੀ ਭਰਿਆ ਪਿਆ ਹੈ, ਉਸ ਤੋਂ ਬਿਮਾਰੀਆਂ ਫੈਲਣ ਅਤੇ ਲੜਾਈਆਂ ਹੋਂਣ ਦਾ ਤਾਂ ਡਰ ਹੈ ਹੀ, ਗਰੀਬ ਪਰਵਾਰਾਂ ਲਈ ਪੇਟ ਪਾਲਣਾ ਵੀ ਇੱਕ ਚਣੌਤੀ ਬਣ ਗਿਐ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ