Thu, 28 May 2020
Your Visitor Number :-   2519805
SuhisaverSuhisaver Suhisaver
ਸੂਹੀ ਸਵੇਰ ਦਾ ਸਾਲਾਨਾ ਸਮਾਗਮ 9 ਫਰਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ               ਜਥੇਦਾਰ ਅਵਤਾਰ ਸਿੰਘ ਮੱਕੜ ਨਹੀਂ ਰਹੇ              

ਦਲਿਤ ਨੌਜਵਾਨ ਨੂੰ ਗੰਭੀਰ ਜ਼ਖ਼ਮੀ ਕਰਨ ਵਾਲੇ ਜਾਤੀਵਾਦੀ ਹਮਲਾਵਰਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ - ਮਜ਼ਦੂਰ ਮੁਕਤੀ ਮੋਰਚਾ

Posted on:- 10-04-2020

suhisaver

 ਮਾਨਸਾ : ਮਜ਼ਦੂਰ ਮੁਕਤੀ ਮੋਰਚਾ ਪੰਜਾਬ ਨੇ ਜ਼ਿਲ੍ਹਾ ਮਾਨਸਾ ਦੇ ਐਸਐਸਪੀ ਤੋਂ ਮੰਗ ਕੀਤੀ ਹੈ ਕਿ ਕੁਝ ਦਿਨ ਪਹਿਲਾਂ ਜ਼ਿਲ੍ਹੇ ਦੇ ਪਿੰਡ ਬੀਰ ਖੁਰਦ ਵਿੱਚ ਇਕ ਦਲਿਤ ਨੌਜਵਾਨ ਨੂੰ ਮਾਮੂਲੀ ਗੱਲ ਬਦਲੇ ਬੁਰੀ ਤਰ੍ਹਾਂ ਜ਼ਖ਼ਮੀ ਤੇ ਜਾਤੀ ਤੌਰ'ਤੇ ਅਪਮਾਨਤ ਕਰਨ ਵਾਲੇ ਪਿੰਡ ਦੇ ਇਕ ਜ਼ਿਮੀਂਦਾਰ ਤੇ ਉਸ ਦੇ ਲੜਕੇ ਖਿਲਾਫ ਐਸ ਸੀ - ਐਸ ਕੀ ਵਧੀਕੀਆਂ ਰੋਕੂ ਐਕਟ ਤਹਿਤ ਕੇਸ ਦਰਜ ਕਰਕੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।  
                   
ਇਸ ਮਾਮਲੇ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੀਪੀਆਈ (ਐਮਐਲ) ਲਿਬਰੇਸ਼ਨ ਦੇ ਸੀਨੀਅਰ ਆਗੂ ਕਾਮਰੇਡ ਭਗਵੰਤ ਸਿੰਘ ਸਮਾਓ ਨੇ ਦਸਿਆ ਕਿ ਕਰੋਨਾ ਦੀ ਮਹਾਂਮਾਰੀ ਦੇ ਸੰਕਟ ਸਮੇਂ ਅੱਜ ਜਿਥੇ ਸਮਾਜ ਦਾ ਵੱਡਾ ਹਿੱਸਾ ਜੀ-ਜਾਨ ਨਾਲ ਗਰੀਬ ਤੇ ਲੋੜਵੰਦ ਲੋਕਾਂ ਦੀ ਸੇਵਾ ਵਿੱਚ ਲੱਗਿਆ ਹੋਇਆ ਹੈ, ਉਥੇ ਅਜੇ ਵੀ ਕੁਝ ਜਾਤੀਵਾਦੀ ਪੇਂਡੂ ਧਨਾਡ ਦਲਿਤਾਂ ਗਰੀਬਾਂ ਪ੍ਰਤੀ ਪਹਿਲਾਂ ਵਾਂਗ ਹੀ ਘੋਰ ਜਾਤੀ ਨਫਰਤ ਵਿੱਚ ਗਲਤਾਨ ਹਨ। ਇਸ ਵਰਤਾਰੇ ਦੀ ਇੱਕ ਘਿਨਾਉਣੀ ਮਿਸਾਲ 6 ਅਪ੍ਰੈਲ ਨੂੰ ਜ਼ਿਲ੍ਹੇ ਦੇ ਪਿੰਡ ਬੀਰ ਖੁਰਦ ਵਿਖੇ ਸਾਹਮਣੇ ਆਈ। ਉਥੇ ਇਕ ਖਾਂਦੇ ਪੀਂਦੇ ਜ਼ਿਮੀਂਦਾਰ ਟੱਬਰ ਨੇ ਆਪਣੇ ਖੇਤ ਨੇੜਲੇ ਸੂਏ ਦੇ ਖਤਾਨਾਂ ਵਿੱਚ ਸਰਕਾਰੀ ਜ਼ਮੀਨ ਉੱਤੇ ਨਜਾਇਜ਼ ਕਬਜ਼ਾ ਕਰਕੇ ਗੰਢੇ ਲਾਏ ਹੋਏ ਹਨ।

ਖੇਤਾਂ ਵੱਲ ਗਏ ਪਿੰਡ ਦੇ ਦੋ ਦਲਿਤ ਨੌਜਵਾਨਾਂ - ਜਿੰਨ੍ਹਾਂ ਵਿੱਚੋਂ ਇਕ 12 ਸਾਲ ਦਾ ਬੱਚਾ ਹੀ ਹੈ - ਵਲੋਂ ਰੋਟੀ ਨਾਲ ਖਾਣ ਲਈ ਉਥੋਂ ਦੋ - ਦੋ ਗੰਢੇ ਪੁੱਟ ਲਏ। ਇਸ "ਮਹਾਂ ਕਸੂਰ" ਦੇ ਬਦਲੇ ਉਸ ਜ਼ਿਮੀਂਦਾਰ ਅਤੇ ਉਸ ਦੇ ਲੜਕੇ ਵੱਲੋਂ ਉਨ੍ਹਾਂ ਦੋਵਾਂ ਦਲਿਤ ਨੌਜਵਾਨਾਂ ਨੂੰ ਘੇਰ ਕੇ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਗਾਲ਼ਾਂ ਕੱਢ ਕੇ ਜਾਤੀ ਤੌਰ 'ਤੇ ਅਪਮਾਨਤ ਕੀਤਾ ਗਿਆ। ਇਹ ਮਾਰਕੁਟਾਈ ਐਨੀ ਵਹਿਸ਼ੀ ਸੀ ਕਿ ਦੋਸ਼ੀਆਂ ਨੇ ਹੋਰ ਸੱਟਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਨਾਮਕ ਇੱਕ ਨੌਜਵਾਨ ਦੀ ਇਕ ਲੱਤ ਅਤੇ ਇਕ ਬਾਂਹ ਵੀ ਤੋੜ ਦਿੱਤੀ। ਜਿਸ ਨੂੰ ਡਰੇ ਹੋਏ ਦਲਿਤ ਪਰਿਵਾਰ ਨੇ ਇਕ ਦਿਨ ਤਾਂ ਘਰ ਹੀ ਪਾਈ ਰੱਖਿਆ, ਪਰ ਹਾਲਤ ਵਿਗੜਦੀ ਵੇਖ ਕੇ ਲੋਕਾਂ ਦੇ ਕਹਿਣ ਤੇ ਅਗਲੇ ਦਿਨ ਲਿਆ ਕੇ ਸਿਵਲ ਹਸਪਤਾਲ ਮਾਨਸਾ ਵਿੱਚ ਦਾਖਲ ਕਰਵਾਇਆ।
           
ਕਾਮਰੇਡ ਸਮਾਓਂ ਨੇ ਦਸਿਆ ਕਿ ਉਨ੍ਹਾਂ ਕੱਲ ਸਰਕਾਰੀ ਹਸਪਤਾਲ ਮਾਨਸਾ ਪਹੁੰਚ ਕੇ, ਉਥੇ ਦਾਖਲ ਉਕਤ ਨੌਜਵਾਨ ਦਾ ਹਾਲ ਚਾਲ ਅਤੇ ਘਟਨਾ ਦਾ ਵੇਰਵਾ ਪੁਛਿਆ । ਜ਼ਖ਼ਮੀ ਨੌਜਵਾਨ ਨੇ ਦਸਿਆ ਕਿ ਪੁਲਿਸ ਥਾਣਾ ਭੀਖੀ ਦੇ ਮੁਲਾਜ਼ਮ ਮੇਰੇ ਬਿਆਨ ਤਾਂ ਲਿਖਕੇ ਲੈ ਗਏ ਹਨ, ਪਰ ਅਜੇ ਤੱਕ ਪੁਲਿਸ ਵਲੋਂ ਦੋਸ਼ੀਆਂ ਖਿਲਾਫ਼ ਕੇਸ ਦਰਜ ਕਰਨ ਜਾਂ ਉਨ੍ਹਾਂ ਨੂੰ ਫੜਨ ਬਾਰੇ ਸਾਨੂੰ ਕੋਈ ਸੂਚਨਾ ਨਹੀਂ ਹੈ।
             
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵਲੋਂ ਮੰਗ ਕੀਤੀ ਗਈ ਹੈ ਕਿ ਬੇਸ਼ੱਕ ਕਰਫਿਊ ਅਤੇ ਲੌਕਡਾਊਨ ਕਾਰਨ ਪੁਲੀਸ ਕਾਫੀ ਉਲਝੀ ਹੋਈ ਹੈ, ਤਦ ਵੀ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਦੋਸ਼ੀਆਂ ਖਿਲਾਫ ਤੁਰੰਤ SC/ST ਐਕਟ ਤਹਿਤ ਬਣਦਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਸਰਕਾਰੀ ਜ਼ਮੀਨ ਉੱਤੋਂ ਦੋਸ਼ੀ ਪਰਿਵਾਰ ਦਾ ਨਜਾਇਜ਼ ਕਬਜ਼ਾ ਖਤਮ ਕਰਵਾਇਆ ਜਾਵੇ। ਜ਼ਖ਼ਮੀ ਗਰੀਬ ਦਲਿਤ ਨੌਜਵਾਨ ਦੇ ਇਲਾਜ ਦਾ ਪੂਰਾ ਖਰਚ ਵੀ ਸਰਕਾਰ ਵਲੋਂ ਚੁਕਿਆ ਜਾਵੇ। ਇਸ ਪੀੜਤ ਪਰਿਵਾਰ ਦੀ ਸੁਣਵਾਈ ਨਾ ਹੋਣ ਦੀ ਸੂਰਤ ਵਿੱਚ ਜਥੇਬੰਦੀ ਪੁਲਿਸ ਪ੍ਰਸ਼ਾਸਨ ਖਿਲਾਫ ਸੰਘਰਸ਼ ਛੇੜਨ ਲਈ ਮਜ਼ਬੂਰ ਹੋਵੇਗੀ।

         
- ਕਾਮਰੇਡ ਭਗਵੰਤ ਸਿੰਘ ਸਮਾਂਓ, ਸੂਬਾ ਪ੍ਰਧਾਨ, ਮਜ਼ਦੂਰ ਮੁਕਤੀ ਮੋਰਚਾ ਪੰਜਾਬ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ