Thu, 18 July 2024
Your Visitor Number :-   7194643
SuhisaverSuhisaver Suhisaver

ਗੈਬਰੀਅਲ ਗਾਰਸ਼ੀਆ ਮਾਰਕੇਜ਼ ਅਤੇ ਉਸ ਦੀਆਂ ਸ਼ਾਹਕਾਰ ਰਚਨਾਵਾਂ - ਤਨਵੀਰ ਸਿੰਘ ਕੰਗ

Posted on:- 09-06-2012

suhisaver

ਗੈਬਰੀਅਲ ਗਾਰਸ਼ੀਆ ਮਾਰਕੇਜ਼ ਲੈਟਿਨ ਅਮਰੀਕਾ ਦਾ ਉਹ ਪ੍ਰਸਿੱਧ ਨਾਵਲਕਾਰ ਹੈ, ਜਿਸ ਦੇ ਨਾਵਲਾਂ ਵਿਚਲੀ ਮੈਜਿਕ ਰੀਅਲਇਜ਼ਮ ਨੇ ਪੂਰੇ ਸਾਹਿਤ ਜਗਤ ਨੂੰ ਕੀਲ ਕੇ ਰੱਖਿਆ ਹੋਇਆਂ ਹੈ,ਮੈਜਿਕ ਰੀਅਲਇਜ਼ਮ ਅਤੇ ਗਾਰਸ਼ੀਆਂ ਮਾਰਕੇਜ ਹੁਣ ਇਹ ਦੋਵੇ ਸ਼ਬਦ ਇੰਨੇ ਇੱਕ-ਮਿੱਕ ਹੋ ਚੁੱਕੇ ਹਨ ਕਿ ਇੱਕ ਦੂਜੇ ਦਾ ਹੀ ਪ੍ਰਗਟਾਵਾ ਕਰਦੇ ਹਨ। ਕਲਾ ਦੇ ਕਈ ਹੋਰ ਖੇਤਰਾ ਦੇ ਨਾਲ-ਨਾਲ ਮੈਜਿਕ ਰੀਅਲਇਜ਼ਮ ਨੂੰ ਫਿਲਮਾਂ ਅਤੇ ਪੇਂਟਿੰਗ ਵਿੱਚ ਵੀ ਅਜਮਾਇਆ ਗਿਆ। ਮੈਜਿਕ ਰੀਅਲਇਜ਼ਮ ਕੀ ਹੈ ਇਸ ਬਾਰੇ ਸਾਹਿਤ ਦੇ ਹਰ ਪਾਰਖੂ ਦੀ ਕਵਿਤਾ ਦੀ ਪਰਿਭਾਸਾਂ ਵਾਂਗ ਹੀ ਆਪਣੀ ਆਪਣੀ ਰਾਏ ਹੈ।ਬਿਲਕੁਲ ਸੌਖੇ ਸ਼ਬਦਾਂ ਵਿੱਚ ਆਖੀਏ ਤਾਂ ਕੁਝ ਅੱਦਭੁਤ ਹੈਰਾਨੀਜਨਕ ਜਾਦੂਈ ਚੀਜ਼ਾਂ ਜਾਂ ਘਟਨਾਵਾਂ ਨੂੰ ਅਸਲ ਘਟਵਾਨਾਂ ਜਾਂ ਯਥਾਰਥ ਵਿੱਚ ਇਨ੍ਹਾਂ ਰਲ-ਗੱਡ ਕਰ ਦੇਣਾ ਹੈ, ਜਿੱਥੇ ਉਹ ਯਥਾਰਥ ਦਾ ਹੀ ਰੂਪ ਲੱਗਣ ਨੂੰ ਮੈਜਿਕ ਰੀਅਲਇਜ਼ਮ ਕਿਹਾ ਜਾਂਦਾ ਹੈ ਅਤੇ ਗਾਰਸ਼ੀਆ ਮਾਰੇਕਜ਼ ਨੂੰ ਵਾਰਤਕ ਵਿੱਚ ਇਸ ਕਲਾ ਦਾ ਜਾਦੂਗਰ ਕਿਹਾ ਜਾ ਸਕਦਾ ਹੈ।ਗਾਰਸ਼ੀਆ ਮਾਰਕੇਜ਼ ਦਾ ਜਨਮ ਕੋਲੰਬੀਆ ਵਿੱਚ 6 ਮਾਰਚ, 1928 ਨੂੰ ਹੋਇਆ,ਉਸ ਦਾ ਪਾਲਣ-ਪੋਸ਼ਣ ਜ਼ਿਆਦਾਤਰ ਉਸ ਦੇ ਦਾਦਾ ਅਤੇ ਦਾਦੀ ਵੱਲੋ ਕੀਤਾ ਗਿਆ। ਉਸ ਦਾ ਦਾਦਾ ਨਿਕੋਲਸ ਰਿਕਰਾਡੋ ਉਦਾਰਵਾਦੀਆ ਵੱਲੋਂ ਲੜੇ 100 ਦਿਨਾਂ ਦੇ ਇੱਕ ਯੁੱਧ ਦਾ ਕਰਨਲ ਸੀ।ਇਹ ਵੀ ਖਿਆਲ ਕੀਤਾ ਜਾਂਦਾ ਹੈ ਕਿ ਮਾਰਕੇਜ਼ ਦੁਆਰਾ ਲਿਖਿਆ ਇੱਕ ਬੇਹਤਰੀਨ ਲਘੂ ਨਾਵਲ ‘ਨੋ ਵਨ ਰਾਈਟ ਟੂ ਕਰਨਲ' ਉਸ ਦੇ ਦਾਦੇ ਦੀ ਕਹਾਣੀ ਤੋ ਹੀ ਪ੍ਰੇਰਤਾ ਸੀ। ਨੋ ਵਨ ਰਾਈਟ ਟੂ ਕਰਨਲ' ਇੱਕ ਐਸੇ ਸੇਵਾ ਮੁਕਤ ਕਰਨਲ ਦੀ ਕਹਾਣੀ ਹੈ ਜੋ ਇੱਕ ਪਿੰਡ ਵਿੱਚ ਰਹਿੰਦਾ ਸਰਕਾਰ ਵੱਲੋਂ ਮਿਲਣ ਵਾਲੀ ਪੈਨਸ਼ਨ ਦੇ ਚੈਕ ਦੀ ਉਡੀਕ ਕਰ ਰਿਹਾ ਹੈ।ਇਸ ਵਿੱਚ ਮਾਰਕੇਜ਼ ਨੇ ਜਿਸ ਤਰ੍ਹਾਂ ਦੇ ਬੇਈਮਾਨ ਸਮਾਜਿਕ ਅਤੇ ਰਾਜਨੀਤਿਕ ਵਾਤਾਵਰਣ ਦੀ ਵਿਆਖਿਆ ਕੀਤੀ ਹੈ ਉਹ ਆਮ ਕੋਲੰਬੀਆ ਦੀ 1950 ਦੇ ਦਹਾਕੇ ਦੀ ਹੀ ਤਸਵੀਰ ਪੇਸ਼ ਕਰਦਾ ਹੈ। ਇਸ ਨਾਵਲ ਦੀ ਵਾਰਤਕ ਸ਼ੈਲੀ ਦਾ ਇੱਕ ਵੱਖਰਾ ਹੀ ਸਵਾਦ ਹੈ ਜੋ ਕਿਤੇ ਕਿਤੇ ਹਾਸ-ਭਰਪੂਰ ਅਤੇ ਕਿਤੇ ਕਿਤੇ ਬਹੁਤ ਹੀ ਡਰਾਉਣੀ ਹੈ।


ਗਾਰਸ਼ੀਆ ਮਾਰਕੇਜ਼ ਕਿਤੇ ਨਾ ਕਿਤੇ ਆਪਣੀ ਦਾਦੀ ਤੋ ਵੀ ਕਾਫੀ ਪ੍ਰਭਾਵਤ ਰਿਹਾ ਆਪਣੇ ਸ਼ਾਹਕਾਰ ਨਾਵਲ ਜਿਸ ਦਾ ਪੰਜਾਬੀ ਦੇ ਨਾਲ ਨਾਲ 37 ਹੋਰ ਭਾਸ਼ਾਵਾਂ ਵਿੱਚ ਵੀ ਅਨੁਵਾਦ ਹੋਇਆ ਅਤੇ ਜਿਸ ਦੀ ਅੰਦਾਜਨ ਦੋ ਲੱਖ ਕਾਪੀ ਵਿਕੀ ‘ਇੱਕ ਸੋ ਸਾਲ ਦਾ ਇਕਲਾਪਾ' ਜਿਸ ਲਈ ਮਾਰਕੇਜ਼ ਨੂੰ ਨੋਬਲ ਇਨਾਮ ਵੀ ਮਿਲਿਆ ਬਾਰੇ ਗੱਲ ਕਰਦਿਆ ਇਹ ਸ਼ੱਪਸਟ ਕਰਦਾ ਹੈ ਕਿ ਉਹ ਚਾਹੁੰਦਾ ਸੀ ਕਿ ਉਹ ਉਸ ਸ਼ੈਲੀ ਵਿੱਚ ਲਿਖੇ ਜਿਵੇ ਉਸ ਦੀ ਦਾਦੀ ਉਸ ਨੂੰ ਕਹਾਣੀਆਂ ਸੁਣਾਇਆ ਕਰਦੀ ਸੀ, ਬਿਲਕੁਲ ਉਵੇਂ ਹੀ ਜਿਵੇਂ ਉਸ ਦੀ ਦਾਦੀ ਪਰੀਕਥਾਵਾਂ ਅਤੇ ਹੋਰ ਹੈਰਾਨੀਜਨਕ ਗੈਰ-ਕੁਦਰਤੀ ਘਟਨਾਵਾਂ ਨੂੰ ਬਿਲਕੁਲ ਸਹਿਜ ਅਤੇ ਕੁਦਰਤੀ ਭਾਵ ਨਾਲ ਬਿਆਨ ਕਰਦੀ ਸੀ,ਜਿਵੇਂ ਕਿਸੇ ਹੈਰਾਨੀਜਨਕ ਘਟਨਾ ਨੂੰ ਸੁਣਾਉਂਦੇ ਹੋਏ ਵੀ ਉਸ ਦੇ ਚਿਹਰੇ ਦੇ ਹਾਵ-ਭਾਵ ਬਿਲਕੁਲ ਵੀ ਸੁਣਨ ਵਾਲਿਆ ਦੇ ਹੈਰਾਨ ਚਿਹਰਿਆਂ ਵਾਂਗ ਕਦੇ ਵੀ ਬਦਲਦੇ ਨਹੀ ਸਨ। ਮਾਰਕੇਜ਼ ਇਸ ਵਿੱਚ ਪੂਰੀ ਤਰ੍ਹਾਂ ਸਫਲ ਰਿਹਾ ਅਤੇ ‘ਇੱਕ ਸੋ ਸਾਲ ਦਾ ਇਕਲਾਪਾ' ਨਾਵਲ ਵਿੱਚ ਉਸ ਨੇ ਮੈਜਿਕ ਰੀਅਲਇਜ਼ਮ ਦੀ ਸਿਖਰ ਨੂੰ ਛੋਹਿਆ।ਇਹ ਨਾਵਲ ਇੱਕ ਕਾਲਪਨਿਕ ਸ਼ਹਿਰ ਮਕੌਦੋ ਵਿੱਚ ਰਹਿਣ ਵਾਲੇ ਬੂੰਦੀਇਆਂ ਪਰਿਵਾਰ ਦੀਆਂ ਛੇ ਪੀੜ੍ਹੀਆ ਵਿੱਚ ਵਾਪਰਦੀ ਕਹਾਣੀ ਹੈ।ਇਸ ਕਾਲਪਨਿਕ ਸ਼ਹਿਰ ਦੀ ਰਚਨਾ ਮਾਰਕੇਜ਼ ਨੇ ਆਪਣੀ ਵਾਰਤਕ ਜੋ ਮੂਲ ਰੂਪ ਵਿੱਚ ਸਪੇਨਿਸ਼ ਭਾਸ਼ਾ ਵਿੱਚ 1950 ਵਿੱਚ ਛਪੀ ਸੀ ਪਰ 1972 ਵਿੱਚ ਅੰਗਰੇਜ਼ੀ ਵਿੱਚ ਅਨੁਵਾਦ ਕੀਤੀ ਗਈ ‘ਲੀਫ ਸਟਰੋਮ ਐਡ ਅਦਰ ਸਟੋਰੀਜ਼' ਵਿੱਚ ਕੀਤੀ ਸੀ।ਲੀਫ ਸਟਰੋਮ ਦੀ ਕਹਾਣੀ ਇੱਕ ਐਸੇ ਕਰਨਲ ਅਤੇ ਇੱਕ ਛੋਟੇ ਜਿਹੇ ਕਸਬੇ ਦੁਆਲੇ ਘੁੰਮਦੀ ਹੈ ਜੋ ਕਿ ਇੱਕ ਕੇਲਾ ਕੰਪਨੀ ਦੇ ਕੰਟਰੋਲ ਹੇਠ ਹੈ ਅਤੇ ਜੋ ਇੱਕ ਗੁੰਮਨਾਮ ਡਾਕਟਰ ਦੇ ਕਤਲ ਦੇ ਵਿਵਾਦ ਵਿੱਚ ਸਮਹਾਣੇ ਆਉਂਦੀ ਹੈ।ਇਸ ਨੂੰ ਮਾਰਕੇਜ਼ ਨੇ ਆਪਣੇ ਸ਼ਾਹਕਾਰ ਨਾਵਲ ‘ਇੱਕ ਸੋ ਸਾਲ ਦਾ ਇਕਲਾਪਾ' ਵਿੱਚ ਵੀ ਆਧਾਰ ਬਣਾਇਆ ਹੈ।ਇਸ ਨਾਵਲ ਵਿਚਲੇ ਕਾਲਪਨਿਕ ਸ਼ਹਿਰ ਰਾਹੀ ਮਾਰਕੇਜ਼ ਨੇ ਕੋਲੰਬੀਆ ਦਾ ਹੀ ਇੱਕ ਛੋਟਾ ਰੂਪ ਪੇਸ਼ ਕੀਤਾ ਹੈ ਜਿਸ ਵਿੱਚ ਦੱਖਣੀ ਅਮਰੀਕਾ ਅਤੇ ਦੁਨੀਆ ਦੇ ਵਿਸਥਾਰ ਨਾਲ ਸਮਹਾਣੇ ਆਈਆਂ ਰਾਜਨੀਤਿਕ,ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਦੀ ਤਸਵੀਰ ਪੇਸ਼ ਕੀਤੀ ਹੈ।ਇਸ ਵਿੱਚ ਮਾਰਕੇਜ਼ ਨੇ ਕੁਝ ਐਸੀਆ ਹੈਰਾਨੀਜਨਕ ਜਾਦੂਈ ਘਟਨਾਵਾਂ ਨੂੰ ਯਥਾਰਥਵਾਦ ਨਾਲ ਰਲ-ਗੱਡ ਕੀਤਾ ਹੈ ਜੋ ਪੂਰੀ ਕਹਾਣੀ ਦੀ ਲੜੀ ਦਾ ਹੀ ਹਿੱਸਾ ਜਾਪਦੀਆਂ ਹਨ ,ਜਿਵੇਂ ਮਾਰਕੇਜ਼ ਕਈ ਪਾਤਰਾ ਦਾ ਮੌਤ ਤੋ ਬਆਦ ਵੀ ਫਿਰ ਜੀਵਤ ਲੋਕਾਂ ਨਾਲ ਸੰਵਾਦ ਰਚਾਉਂਦਾ ਹੈ, ਹੁਸੀਨ ਰਾਮਦਿਉਸ ਦਾ ਉੱਡਦੇ ਹੋਏ ਗਾਇਬ ਹੋ ਜਾਣਾ,ਪਰਿਵਾਰ ਦੇ ਆਖਰੀ ਮੈਂਬਰ ਦੇ ਜਨਮ ਸਮੇਂ ਸੂਰ ਦੀ ਪੂਛ ਉੱਗੀ ਹੋਣਾ ਅਤੇ ਮੈਲੀ ਆਦਿ ਦਾ ਰਹੱਸਮਈ ਪਾਤਰ,ਜਿਨ੍ਹਾਂ ਨੂੰ ਮਾਰਕੇਜ਼ ਨੇ ਬੜੇ ਹੀ ਸਹਿਜਭਾਵ ਨਾਲ ਯਥਾਰਥਵਾਦ ਨਾਲ ਇੱਕ ਮਿੱਕ ਕਰ ਦਿੱਤਾ ਹੈ।

ਮੈਜਿਕ ਰੀਅਲਇਜ਼ਮ ਦੇ ਇੱਕ ਹੋਰ ਕਮਾਲ ਦੀ ਝਲਕ ਮਾਰਕੇਜ ਦੇ ਇੱਕ ਹੋਰ ਲਘੂ ਨਾਵਲ ‘ਏ ਵੈਰੀ ਓਲੋਡ ਮੈਨ ਵਿਦ ਐਨੋਮੀਰਸ ਵਿਨਗਸ' ਵਿੱਚ ਦੇਖਣ ਨੂੰ ਮਿਲਦੀ ਹੈ।ਇਹ ਇੱਕ ਐਸੇ ਪਰਾਂ ਵਾਲੇ ਬੁੱਢੇ ਆਦਮੀ ਦੀ ਕਹਾਣੀ ਹੈ ਜੋ ਇੱਕ ਗਰੀਬ ਕੈਥੋਲਿਕ ਪਰਿਵਾਰ ਨੂੰ ਬਾਰਸ਼ ਦੇ ਦਿਨਾਂ ਵਿੱਚ ਆਪਣੇ ਵਿਹੜੇ ਦੇ ਚਿੱਕੜ ਵਿੱਚ ਡਿੱਗਿਆ ਮਿਲਦਾ ਹੈ,ਇਹ ਪੂਰੀ ਤਰ੍ਹਾਂ ਨਾਲ ਇੱਕ ਸੰਕੇਤਕ ਰਚਨਾ ਹੈ।ਇਸ ਵਿੱਚ ਉਸ ਨੇ ਮੁੱਨਖੀ ਸੁਭਾਅ ਨੂੰ ਬੜੀ ਬਰੀਕੀ ਨਾਲ ਪੇਸ਼ ਕੀਤਾ ਹੈ ਕਿ ਕਿਵੇ ਇੱਕ ਇਨਸਾਨ ਦਾ ਪਰਿਵਾਰਿਕ ਅਤੇ ਆਸਧਾਰਣ ਆਪਰਿਵਾਰਿਕ ਦੋਹਾਂ ਚੀਜ਼ਾਂ ਲਈ ਇੱਕ ਅੱਲਗ ਅੱਲਗ ਨਜ਼ਰੀਆ ਅਤੇ ਭਾਵਨਾਵਾਂ ਹਨ।ਗਾਰਸ਼ੀਆ ਮਾਰਕੇਜ਼ ਦੀ ਇੱਕ ਖੂਬੀ ਹੋਰ ਵੀ ਹੈ ਕਿ ਉਸ ਨੇ ਧਰਮ ਅਤੇ ਰੱਬ ਨੂੰ ਸਥਾਪਿਤ ਸਿਧਾਤਾਂ ਵਿੱਚੋਂ ਕੱਢ ਕੇ ਯਹੂਦੀ,ਈਸਾਈਅਤ, ਇਸਲਾਮਿਕ ਅਤੇ ਕੰਨਫੂਸ਼ਿਸ ਦੇ ਮਿਥਿਹਾਸ ਨੂੰ ਆਪਣੀਆ ਲਿਖਤਾਂ ਵਿੱਚ ਵਰਤਿਆ ਹੈ।ਗਾਰਸ਼ੀਆ ਮਾਰਕੇਜ਼ ਕਾਫਕਾ ਦੀਆ ਲਿਖਤਾ ਤੋ ਵੀ ਕਾਫੀ ਪ੍ਰਭਾਵਤ ਰਿਹਾ ਹੈ।

ਮਾਰਕੇਜ਼ ਦੀ ਪਿਆਰ ਦੇ ਵਿਸ਼ੇ ’ਤੇ ਲਿਖੀ ਗਈ ਇੱਕ ਬਹੁਤ ਹੀ ਪਿਆਰੀ ਰਚਨਾ ਹੈ ‘love in the time of cholera’   ਜੋ ਅੰਗਰੇਜ਼ੀ ਵਿੱਚ ਅਨੁਵਾਦ ਹੋਈ ਹੈ।ਇਹ ਇੱਕ ਐਸੀ ਪ੍ਰੇਮ ਕਹਾਣੀ ਹੈ ਜਿਸ ਦੇ ਮੁੱਖ ਪਾਤਰ ਸਮਾਜਿਕ ਅਤੇ ਕਲਚਰਲ ਬੰਦਿਸ਼ਾਂ ਕਾਰਨ 51 ਸਾਲ ਪਿਆਰ ਦਾ ਇਜ਼ਹਾਰ ਕਰਨ ਲਈ ਇੰਤਜ਼ਾਰ ਕਰਦੇ ਹਨ।ਜਦੋਂ ਤੱਕ ਪ੍ਰੇਮਿਕਾਂ ਦੇ ਪਤੀ ਦੀ ਮੌਤ ਹੁੰਦੀ ਹੈ ਅਤੇ ਇਸ ਪ੍ਰੇਮ ਕਹਾਣੀ ਦੇ ਸੁਖਦ ਸਮੇਂ ਦਾ ਸੰਕੇਤ ਆਉਂਦਾ ਹੈ,ਉਦੋਂ ਤੱਕ ਉਹ ਬਜ਼ੁਰਗ ਹੋ ਜਾਂਦੇ ਹਨ,ਪਰ ਕਹਾਣੀ ਦੇ ਪਹਿਲੇ ਭਾਗ ਵਾਂਗ ਹੀ ਵਿਰੋਧ ਮੌਜੂਦ ਰਹਿੰਦਾ ਹੈ, ਇਸ ਵਾਰ ਪ੍ਰੇਮਿਕਾ ਦੀ ਬੇਟੀ ਦੁਆਰਾ ਇਸ ਵਿਰੋਧ ਕੀਤਾ ਜਾਂਦਾ ਹੈ।ਇਸ ਰਾਹੀ ਮਾਰਕੇਜ਼ ਪਾਠਕਾਂ ਨੂੰ ਇਹ ਯਾਦ ਦਿਵਾਉਂਦਿਆਂ ਕਿ ਪਿਆਰ ਤਾਂ ਪਿਆਰ ਹੈ ਕਿਤੇ ਵੀ ਕਿਸੇ ਵੀ ਸਮੇਂ,ਪਰ ਮੌਤ ਦੇ ਕਰੀਬ ਪੁੰਹਚ ਕੇ ਇਹ ਹੋਰ ਵੀ ਗੂੜਾ ਹੋ ਜਾਂਦਾ ਹੈ ਇਸ ਨਾਵਲ ਨੂੰ ਖਤਮ ਕਰਦਾ ਹੈ।ਇੱਕ ਆਮ ਜਿਹੇ ਵਿਸ਼ੇ ਵਿੱਚ ਵੀ ਮਾਰਕੇਜ ਯਥਾਰਥਵਾਦ ਦੀਆ ਹੱਦਾਂ ਵਿੱਚ ਰਹਿੰਦਾ ਹੋਇਆ ਮੈਜੀਕਲ ਰੋਮਾਂਸਵਾਦ ਦੀ ਸਿਖਰ ਨੂੰ ਛੋਹ ਜਾਦਾ ਹੈ।ਇਸ ਤੋਂ ਇਲਾਵਾ ਮਾਰਕੇਜ਼ ਦੀਆ ਕੁਝ ਹੋਰ ਵੀ ਵਧੀਆ ਰਚਨਾਵਾਂ ਹਨ ਜਿਵੇਂ The autumn of patriarch, chronicle of death fortold,news of a kidnapping, the general in his labyrinth, 2002 ਵਿੱਚ ਮਾਰਕੇਜ਼ ਨੇ ਆਪਣੀ ਸਵੈਜੀਵਨੀ ਦਾ ਪਹਿਲਾ ਭਾਗ living to tell the tail  ਵੀ ਪ੍ਰਕਾਸ਼ਿਤ ਕਰਵਾਈ,ਜਿਸ ਵਿੱਚ ਉਸ ਦੀ ਮੁੱਢਲੀ ਜ਼ਿੰਦਗੀ ਤੋਂ ਲੈ ਕੇ ਲੀਫ ਸਟਰੋਮ ਦੇ ਪ੍ਰਕਾਸ਼ਿਤ ਹੋਣ ਤੱਕ ਦੀ ਕਹਾਣੀ ਹੈ।
 

Comments

G.S Dhaliwal

good, Intellectual writing

gurpreet kaur

thanks for sharing

Avtar Singh Billing

Written after very deep study

Security Code (required)Can't read the image? click here to refresh.

Name (required)

Leave a comment... (required)

ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ