Fri, 19 July 2024
Your Visitor Number :-   7196078
SuhisaverSuhisaver Suhisaver

ਸ਼ਬਦ ਗੁਰੂ ਤੋਂ ਪ੍ਰੇਮੀ ਤੱਕ ਦਾ ਸਫ਼ਰ -ਬੁੱਧ ਸਿੰਘ ਨੀਲੋਂ

Posted on:- 10-12-2014

suhisaver

ਸ਼ਬਦ ਤੁਰਦਾ ਹੈ। ਇੱਕ ਥਾਂ ਤੋਂ ਦੂਜੀ ਥਾਂ ਤੱਕ। ਸ਼ਬਦ ਜਦੋਂ ਗੁਰੂ ਬਣਦਾ ਹੈ। ਫਿਰ ਉਹ ਸ਼ਬਦ ਨਹੀਂ, ਗੁਰੂ ਹੋ ਜਾਂਦਾ ਹੈ। ਗੁਰੂ ਜਦੋਂ ਸ਼ਬਦ ਰਾਹੀਂ ਸਾਡੇ ਅੰਦਰ ਵਾਸ ਕਰਦਾ ਹੈ ਤਾਂ ਸਾਡਾ ਅੰਦਰ ਨਿਰਮਲ, ਨਿਰਛਲ ਤੇ ਭੈਅ-ਹੀਣ ਹੋ ਜਾਂਦਾ ਹੈ। ਫਿਰ ਮਨ ਅੰਦਰ ਨਾ ਡਰ ਹੁੰਦਾ ਹੈ, ਨਾ ਨਿਰਵੈਰ ਨਾ ਨਿਰਭਾਓ। ਉਸ ਸਮੇਂ “ਤੂੰ ਹੀ ਤੂੰ ਹੁੰਦਾ ਹੈ।” ਪਰ ਇਸ ਤਰ੍ਹਾਂ ਦਾ ਦੌਰ ਮਨੁੱਖ ਅੰਦਰ ਬਹੁਤ ਘੱਟ ਆਉਂਦਾ ਹੈ। ਜਦੋਂ ਮਨੁੱਖ ਸ਼ਬਦ ਦੇ ਲੜ ਲੱਗ ਕੇ ਗੁਰੂ ਤੱਕ ਪੁੱਜਦਾ ਹੈ ਪਰ ਬਹੁਤੀ ਵਾਰ ਤਾਂ ਮਨੁੱਖ ਸ਼ਬਦ ਗੁਰੂ ਤੋਂ ਬਹੁਤ ਪਿੱਛੇ ਰਹਿ ਜਾਂਦਾ ਹੈ। ਸ਼ਬਦ ਸਾਨੂੰ ਗਿਆਨ ਨਾਲ ਜੋੜ ਕੇ ਧਿਆਨ ਵੱਲ ਲੈ ਕੇ ਜਾਂਦਾ ਹੈ। ਜਦੋਂ ਅਸੀਂ ਧਿਆਨ ਕਰਦੇ ਹਾਂ ਤਾਂ ਸਾਡੇ ਅੰਦਰ ਸੁਪਨਿਆਂ ਦੀ ਤਾਕੀ ਖੁੱਲ੍ਹ ਜਾਂਦੀ ਹੈ। ਉਹ ਤਾਕੀ ਜਿਹੜੀ ਧਿਆਨ ਤੇ ਸਮਾਧੀ ਤੱਕ ਦੇ ਸਫਰ ਵਿੱਚ ਰੁਕਾਵਟ ਬਣਦੀ ਹੈ। ਅਸੀਂ ਧਿਆਨ ਕਰਦੇ ਹੋਏ, ਉਸ ਖਿੜਕੀ ਰਾਹੀਂ ਸੰਸਾਰ ਨੂੰ ਵੇਖਦੇ ਹਾਂ। ਉਹ ਸੰਸਾਰ ਜਿਹੜਾ ਇੱਕ ਸੁਪਨਾ ਹੈ।

ਸੰਸਾਰ ਨਾਲ ਜੁੜਿਆ ਮਨੁੱਖ ਧਿਆਨ ਨਹੀਂ ਲਗਾ ਸਕਦਾ। ਉਸ ਨੂੰ ਪਦਾਰਥਾਂ ਦਾ ਮੋਹ, ਲਾਲਚ, ਤਿ੍ਰਸ਼ਨਾ, ਦੁੱਖ ਤੇ ਹਉਂਮੈ ਆਪਣੀ ਗਿ੍ਰਫਤ ਚੋਂ ਮੁਕਤ ਨਹੀ ਹੋਣ ਦਿੰਦੀ। ਮੁਕਤੀ ਲਈ ਸਾਨੂੰ ਖੁਦ ਮੁਕਤ ਹੋਣਾ ਪੈਂਦਾ ਹੈ। ਬਿਨ ਮੁਕਤ ਹੋਇਆਂ ਮੁਕਤੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਕੁਝ ਪ੍ਰਾਪਤ ਕਰਨ ਲਈ ਸਾਨੂੰ ਕੁਝ ਨਾ ਕੁਝ ਦੇਣਾ ਕੁਝ ਛੱਡਣਾ ਪੈਂਦਾ ਹੀ ਹੈ।

ਇਹ ਲੈਣ ਦੇਣ ਦਾ ਰਿਸ਼ਤਾ ਸੰਸਾਰੀ ਵੀ ਹੈ ਤੇ ਕਰਤਾਰੀ ਵੀ ਹੈ। ਇਹ ਸਾਨੂੰ ਚੱਕਰ ਵਿੱਚ ਘੁਮਾਈ ਰੱਖਦਾ ਹੈ। ਚੱਕਰ ਵਿੱਚ ਪਿਆ ਮਨੁੱਖ ਕਦੇ ਵੀ ਬਾਹਰ ਨਹੀਂ ਆਉਂਦਾ। ਉੱਥੇ ਉਸ ਦਾ ਆਪਣਾ ਹੀ ਸੰਸਾਰ ਬਣ ਜਾਂਦਾ ਹੈ। ਉਹ ਸੰਸਾਰ ਜਿਸ ਵਿੱਚ ਉਹ ਜਿਊਂਦਾ ਹੈ। ਜਿਊਂਦੇ ਰਹਿਣ ਲਈ ਸਾਨੂੰ ਪੌਣ-ਪਾਣੀ ਤੇ ਅੰਨ ਦੀ ਲੋੜ ਹੁੰਦੀ ਹੈ। ਜੇ ਜ਼ਿੰਦਗੀ ਹੈ ਤਾਂ ਸੰਸਾਰ ਹੈ। ਸੰਸਾਰ ਵਿੱਚ ਰਹਿ ਕੇ ਅਸੀਂ ਜ਼ਿੰਦਗੀ ਤੋਂ ਦੂਰ ਹੀ ਨਹੀਂ ਜਾਂਦੇ ਸਗੋਂ ਸ਼ਬਦ ਗੁਰੂ ਤੋਂ ਵੀ ਦੂਰ ਚਲੇ ਜਾਂਦੇ ਹਾਂ।

ਜ਼ਿੰਦਗੀ ਤੇ ਸੰਸਾਰ ਇੱਕ ਹਨ ਪਰ ਜਦੋਂ ਮਨੁੱਖ ਸ਼ਬਦ ਦੀ ਓਟ ੁਿਵੱਚ ਆਉਂਦਾ ਹੈ ਤਾਂ ਉਹ ਸ਼ਬਦਾਂ ਨਾਲ ਖੇਡਣ ਲੱਗ ਪੈਂਦਾ ਹੈ। ਸ਼ਬਦਾਂ ਨਾਲ ਖੇਡਣ ਵਾਲਾ ਮਨੁੱਖ ਬਹੁਤ ਛੇਤੀ ਹੋਰਨਾਂ ਉੱਤੇ ਕਾਬਜ਼ ਹੋ ਜਾਂਦਾ ਹੈ। ਜਦੋਂ ਤੁਸੀਂ ਸੰਸਾਰ ਉੱਤੇ ਕਬਜ਼ਾ ਕਰਦੇ ਹੋ ਤਾਂ ਉਸ ਸਮੇਂ ਤੁਸੀਂ ਸ਼ਬਦ ਨਾਲੋਂ ਟੁੱਟ ਕੇ ਸੰਸਾਰ ਨਾਲ ਜੁੜ ਜਾਂਦੇ ਹੋ। ਸੰਸਾਰ ਨਾਲ ਜੁੜਿਆ ਮਨੁੱਖ ਜਦੋਂ ਵੀ ਕੁਝ ਕਰਦਾ ਹੈ। ਉਸ ਦੇ ਕੀਤੇ ਦਾ ਕੋਈ ਅਸਰ ਤਾਂ ਪੈਂਦਾ ਹੈ। ਇਹ ਅਸਰ ਹੀ ਹੈ ਜਿਹੜਾ ਉਸ ਨੂੰ ਸੰਸਾਰ ਦੇ ਧੁਰ ਅੰਦਰ ਤੀਕ ਲੈ ਕੇ ਜਾਂਦਾ ਹੈ। ਸੰਸਾਰ ਵਿੱਚ ਰਹਿੰਦਾ ਮਨੁੱਖ ਸ਼ਬਦ ਦੀ ਪ੍ਰਵਾਹ ਨਹੀਂ ਕਰਦਾ। ਜਦੋਂ ਉਹ ਸ਼ਬਦ ਨਾਲੋਂ ਟੁੱਟਦਾ ਹੈ ਤਾਂ ਉਹ ਵਿਕਾਰਾਂ ਵੱਲ ਤੁਰਦਾ ਹੈ ਉਹ ਵਿਕਾਰਾਂ ਦੀ ਬਦੌਲਤ ਆਪਣੇ ਆਲੇ ਦੁਆਲੇ ਅਜਿਹਾ ਜੰਗਲ ਪੈਦਾ ਕਰ ਲੈਂਦਾ ਹੈ। ਉਹ ਜੰਗਲ ਹੀ ਉਸ ਦੇ ਆਲੇ ਦੁਆਲੇ ਕੰਡਿਆਲੀ ਤਾਰ ਬਣ ਜਾਂਦੀ ਹੈ। ਉਸ ਦੀ ਹਾਲਤ ਮੱਕੜੀ ਦੇ ਜਾਲੇ ਵਰਗੀ ਹੁੰਦੀ ਹੈ, ਉਹ ਖੁਦ ਜਾਲ ਵਿੱਚ ਫਸ ਕੇ ਰਹਿ ਜਾਂਦਾ ਹੈ।

ਜਦੋਂ ਕੋਈ ਵਿਅਕਤੀ ਕਿਸੇ ਭਵਸਾਗਰ ਵਿੱਚ ਫਸ ਜਾਂਦਾ ਹੈ, ਫਿਰ ਉਸ ਦੇ ਮਿੱਤਰ ਵੀ ਉਸ ਦੇ ਦੁਸ਼ਮਣ ਬਣ ਜਾਂਦੇ ਹਨ। ਆਪਣੇ ਰਿਸ਼ਤੇ ਵੀ ਮੁੱਖ ਮੋੜ ਲੈਂਦੇ ਹਨ ਫਿਰ ਉਹ ਉਸ ਦੀ ਮਜਬੂਰੀ ਦਾ ਲਾਭ ਉਠਾਉਂਦੇ ਹਨ। ਉਸ ਦੇ ਧਨ ਦੌਲਤ ਨੂੰ ਲੁੱਟਦੇ ਹਨ। ਇਹ ਲੁੱਟ ਜਾਇਦਾਦ, ਮਾਇਆ ਅਤੇ ਸਰੀਰਿਕ ਵੀ ਹੋ ਸਕਦੀ ਹੈ।

ਹੁਣ ਮਸਲਾ ਇਹ ਹੈ ਕਿ ਸ਼ਬਦ ਗੁਰੂ ਨਾਲੋਂ ਟੁੱਟ ਕੇ ਮਨੁੱਖ ਪ੍ਰੇਮੀ ਕਦੋਂ ਬਣ ਗਿਆ? ਇਸ ਸਭ ਕੁਝ ਲਈ ਸ਼ਬਦ ਗੁਰੂ ਵਾਲੇ ਵੀ ਕਸੂਰਵਾਰ ਹਨ। ਜਿਨ੍ਹਾਂ ਨੇ ਮਨੁੱਖ ਨੂੰ ਸ਼ਬਦ ਗੁਰੂ ਨਾਲ ਜੋੜਨ ਦੀ ਬਜਾਏ ਉਸ ਨੂੰ ਆਪਣੇ ਗਲੇ ਵੀ ਨਾ ਲਗਾਇਆ। ਸਗੋਂ ਉਸ ਨੂੰ ਜਾਤਾਂ ਪਾਤਾਂ ਵਿੱਚ ਵੰਡ ਕੇ ਉਸ ਨੂੰ ਗੁਰੂ ਨਾਲੋਂ ਤੋੜਿਆ। ਇਸੇ ਤੋੜ ਵਿਛੋੜੇ ਕਰਕੇ ਪਿੰਡਾਂ ਸ਼ਹਿਰਾਂ ਵਿੱਚ ਵੱਖ-ਵੱਖ ਜਾਤਾਂ ਦੇ ਸ਼ਬਦ ਗੁਰੂਦੁਆਰੇ ਖੁੱਲ੍ਹ ਗਏ ਹਨ। ਸ਼ਬਦ ਗੁਰੂ ਨੇ ਤਾਂ ਨਿਮਾਣਿਆਂ ਨਿਤਾਣਿਆਂ ਨੂੰ ਸ਼ਕਤੀ ਪ੍ਰਦਾਨ ਕਰਕੇ ਗੁਰੂ ਸ਼ਬਦ ਦੇ ਮੋਹਰੀ ਬਣਇਆ ਸੀ। ਉਨ੍ਹਾਂ ਤਾਂ ਜਾਤ-ਪਾਤ ਤੇ ਊਚ-ਨੀਚ ਦਾ ਵਰਕਾ ਹੀ ਪਾੜ ਦਿੱਤਾ ਸੀ। ਅੱਜ ਉਹੀ ਵਰਕਾ ਪਿੰਡ-ਪਿੰਡ ਘਰ-ਘਰ ਥੋਹਰਾਂ ਬਣ ਕੇ ਉੱਗ ਆਇਆ ਹੈ। ਇਨ੍ਹਾਂ ਥੋਹਰਾਂ ਨੂੰ ਪਾਣੀ ਵੀ ਉਨ੍ਹਾਂ ਨੇ ਹੀ ਦਿੱਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਸ਼ਬਦ ਗੁਰੂ ਨਾਲੋਂ ਤੋੜਿਆ ਸੀ, ਜਿਹੜੇ ਅੱਜ ਪ੍ਰੇਮੀਆਂ ਨੂੰ ਸ਼ਬਦ ਗੁਰੂ ਨਾਲ ਜੋੜ ਰਹੇ ਹਨ। ਪਿੰਡਾਂ ਅਤੇ ਸ਼ਹਿਰਾਂ ਅੰਦਰ ਧਰਮ ਬਦਲਣ ਦੀ ਮੁਹਿੰਮ ਦੀ ਜਿਹੜੀ ਨੇ੍ਹਰੀ ਆਈ ਹੈ, ਇਸ ਨੇ ਸ਼ਬਦ ਗੁਰੂ ਨੂੰ ਭਾਰੀ ਠੇਸ ਪਹੁੰਚਾਈ ਹੈ। ਇਹ ਠੇਸ ਮਨਾਂ ਅੰਦਰ ਤਾਂ ਪਹਿਲਾਂ ਹੀ ਪੁੱਜੀ ਹੋਈ ਸੀ। ਹੁਣ ਇਹ ਮੜ੍ਹੀਆਂ ਤੱਕ ਵੀ ਪੁੱਜ ਗਈ ਹੈ। ਹੁਣ ਜਿਹੜੇ ਪਿੰਡਾਂ ਵਿੱਚ ਪ੍ਰੇਮੀਆਂ ਨੂੰ ਸ਼ਬਦ ਗੁਰੂ ਨਾਲ ਜੋੜਨ ਦੀਆਂ ਅਤੇ ਤੋੜਨ ਦੀਆਂ ਘਟਨਾਵਾਂ ਵੱਧ ਰਹੀਆਂ ਹਨ, ਇਹ ਨਾ ਤਾਂ ਸ਼ਬਦ ਗੁਰੁ ਦੇ ਪੈਰੋਕਾਰਾਂ ਲਈ ਅਤੇ ਨਾ ਹੀ ਪ੍ਰੇਮੀਆਂ ਲਈ ਲਾਹੇਵੰਦ ਹਨ ਸਗੋਂ ਇਸ ਨਾਲ ਦੋਵੇਂ ਪਾਸੇ ਜੋ ਨੁਕਸਾਨ ਹੁੰਦਾ ਹੈ, ਉਹ ਮਨੁੱਖਤਾ ਦਾ ਹੈ। ਉਸ ਮਨੁੱਖਤਾ ਦਾ ਜਿਸ ਨੂੰ ਸ਼ਬਦ ਗੁਰੂ ਜੋੜਦਾ ਹੈ। ਇਹ ਭਾਵੇਂ ਮੁਹਿੰਮ ਆਪਣੇ ਆਕਾਂ ਨੂੰ ਖੁਸ਼ ਕਰਨ ਲਈ ਕੀਤੀ ਜਾ ਰਹੀ ਹੈ। ਇਸ ਮੁਹਿੰਮ ’ਤੇ ਵਿਅੰਗ ਕਰਦੀ ਲਾਲ ਸਿੰਘ ਦਿਲ ਦੀ ਕਵਿਤਾ “ਜਾਤ” ਯਾਦ ਆਉਂਦੀ ਹੈ, ਜਿਸ ਦੇ ਬੋਲ ਹਨ :

ਮੈਨੂੰ ਪਿਆਰ ਕਰਦੀਏ
ਪਰ-ਜਾਤ ਕੁੜੀਏ
ਸਾਡੇ ਸਕੇ ਮੁਰਦੇ ਵੀ
ਇੱਕ ਥਾਂ ਨਹੀਂ ਜਲਾਏ ਜਾਂਦੇ।

ਅੱਜ ਜਿਸ ਤਰ੍ਹਾਂ ਪ੍ਰੇਮੀਆਂ ਨੂੰ ਸ਼ਬਦ ਨਾਲ ਜੋੜਿਆ ਜਾ ਰਿਹਾ ਹੈ ਇਹ ਇੱਕ ਮਹਿਜ਼ ਡਰਾਮਾ ਤੇ ਡਰਾਵਾ ਹੈ। ਵੋਟਾਂ ਦੀ ਰਾਜਨੀਤੀ ਹੈ। ਰਾਜਨੀਤੀ ਹੀ ਧਰਮ ਨੂੰ ਤੋੜਦੀ ਹੈ ਅਤੇ ਵੋਟਾਂ ਪ੍ਰਾਪਤ ਕਰਦੀ ਹੈ। ਉਂਜ ਤਾਂ ਸ਼ਬਦ ਗੁਰੂ ਵਾਲੇ ਵੀ ਨੀ ਚਾਹੁੰਦੇ ਕਿ “ਉਹ ਉਨ੍ਹਾਂ” ਵਿੱਚ ਸ਼ਾਮਿਲ ਹੋ ਜਾਣ। ਉਨ੍ਹਾਂ ਨੂੰ ਆਪਣੀ “ਚੌਧਰ” ਦਾ ਫਿਕਰ ਹੈ ਜੇ ਇਹ ਨਿੱਕੀਆਂ-ਨਿੱਕੀਆਂ ਜਾਤਾਂ ਸ਼ਬਦ ਗੁਰੂ ਦੇ ਲੜ ਲੱਗ ਗਈਆਂ ਤਾਂ ਇੱਕ ਦਿਨ ਇਹ “ਚੌਧਰ” ਵਿੱਚਂੋ ਆਪਣਾ ਹਿੱਸਾ ਮੰਗਣਗੀਆਂ। ਉਹ “ਚੌਧਰ” ਵਿੱਚੋਂ ਹਿੱਸਾ ਦੇ ਕੇ ਕਿਵੇਂ ਜਿਉਂ ਸਕਣਗੇ। ਉਨ੍ਹਾਂ ਨੂੰ ਸ਼ਬਦ ਗੁਰੂ ਦੇ ਨਾਲ ਜੋੜਨ ਨਾਲੋਂ ਉਨ੍ਹਾਂ ਨੂੰ “ਵੋਟਾਂ” ਬਣਾਈ ਰੱਖਣਾ ਹੀ ਉਨ੍ਹਾਂ ਦੀ ਰਾਜਸੀ ਲੋੜ ਹੈ।

ਹੁਣ ਜਦੋਂ ਅਸੀਂ ਆਧੁਨਿਕ ਦੌਰ ਵਿੱਚੋਂ ਲੰਘ ਰਹੇ ਹਾਂ। ਸੰਸਾਰ ਇੱਕ ਪਿੰਡ ਬਣ ਗਿਆ ਹੈ। ਮੀਡੀਏ ਤੇ ਇੰਟਰਨੈੱਟ ਨੇ ਦੁਨੀਆਂ ਨੂੰ ਇੱਕ ਦੂਜੇ ਦੇ ਨੇੜੇ ਲੈ ਆਂਦਾ ਹੈ ਪਰ ਇਸ ਸੰਸਾਰੀ ਪਿੰਡ ਵਿੱਚੋਂ ਆਮ ਮਨੁੱਖ ਦਾ ਪਿੰਡ, ਉਸ ਦਾ ਘਰ ਗਵਾਚ ਗਿਆ ਹੈ। ਸਾਇੰਸ ਨੇ ਆਪਣੀਆਂ ਬੁਲੰਦੀਆਂ ਛੂਹ ਲਈਆਂ ਹਨ ਪਰ ਅਸੀਂ ਅਜੇ ਵੀ ਆਪਣੇ ਆਪ ਨੂੰ 16ਵੀਂ 17ਵੀਂ ਸਦੀ ਵੱਲ ਖਿੱਚੀ ਤੁਰੇ ਜਾ ਰਹੇ ਹਾਂ। ਅਸੀਂ ਆਧੁਨਿਕ ਨਹੀਂ ਰੂੜ੍ਹੀਵਾਦੀ ਵਧੇਰੇ ਹਾਂ ਉਂਝ ਅਸੀਂ ਆਧੁਨਿਕ ਹੋਣ ਦਾ ਪਾਖੰਡ ਕਰਦੇ ਹਾਂ ਪਰ ਸਾਡੀ ਮਾਨਸਿਕਤਾ ਅਜੇ ਵੀ ਜੰਗਲ ਤੋਂ ਬਾਹਰ ਨਹੀਂ ਆਈ। ਹੁਣ ਬਾਬਰਸ਼ਾਹੀ, ਔਰੰਗਜ਼ੇਬੀ ਤੇ ਜਹਾਂਗੀਰੀ ਦੇ ਦੌਰ ਦਾ ਫਿਰ ਪਾਸਾ ਬਦਲ ਗਿਆ ਹੈ। “ਹੁਣ ਆਪਣੇ” ਹੀ ਇਹ ਹੁਕਮਰਾਨਾ ਦੀ ਭੂਮਿਕਾ ਨਿਭਾਉਣ ਲੱਗ ਪਏ ਹਨ। ਸਾਡੇ ਗੁਰੂ ਨੇ ਤਾਂ ਇਹ ਆਖਿਆ ਸੀ

“ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ।”
ਇਸ ਵਿਚਾਰਧਾਰਾਂ ਨੂੰ ਆਪਣੇ ਹੀ ਆਪਣੇ ਹੱਥੀਂ ਕਤਲ ਕਰ ਰਹੇ ਹਨ। ਹੁਣ ਨਾਂ ਤਾਂ ਕੋਈ ਅਬਦਾਲੀ ਹੈ ਤੇ ਨਾ ਹੀ ਕੋਈ ਜ਼ਕਰੀਆਂ ਖਾਂ। ਹੁਣ ਤਾਂ ਆਪਣਿਆਂ ਦੀ ਆਪਣਿਆਂ ਨਾਲ ਜੰਗ ਹੈ। ਜਿਸ ਵਿੱਚ ਬਾਲਣ ਲੋਕ ਬਣ ਰਹੇ ਹਨ। ਉਹ ਲੋਕ ਜਿਹੜੇ ਸਮੇਂ ਦੀ ਹਕੂਮਤ ਦੇ ਜ਼ੁਲਮ ਤੋਂ ਸਤਾਏ ਧਰਮ ਦੀ ਗੋਦ ਵਿੱਚ ਜਾਂਦੇ ਹਨ। ਜਿਨ੍ਹਾਂ ਨੂੰ ਅਜੇ ਵੀ ਰੋਜ਼ੀ ਰੋਟੀ ਦਾ ਫਿਕਰ ਵੱਢ-ਵੱਢ ਖਾ ਰਿਹਾ ਹੈ। ਇਹ ਫਿਕਰਾਂ ਦੀ ਪੰਡ ਉਨ੍ਹਾਂ ਦੇ ਸਿਰ ਉੱਤੋਂ ਕਿਸੇ ਨੇ ਵੀ ਨਹੀਂ ਉਤਾਰਨੀ। ਇਹ ਪੰਡ ਤਾਂ ਉਨ੍ਹਾਂ ਅੰਦਰ ਛੁਪੀ ਉਸ ਸ਼ਕਤੀ ਨੇ ਉਤਾਰਨੀ ਹੈ, ਜਿਸ ਸ਼ਕਤੀ ਨੂੰ ਦਸ਼ਮੇਸ਼ ਪਿਤਾ ਨੇ ਪਛਾਣਿਆਂ ਸੀ ਅਤੇ ਉਨ੍ਹਾਂ ਨੂੰ ਸ਼ਕਤੀਸ਼ਾਲੀ ਬਣਾ ਕੇ ਜ਼ੁਲਮ ਦੇ ਖਿਲਾਫ ਚਟਾਨ ਵਾਂਗ ਖੜ੍ਹੇ ਕੀਤਾ ਸੀ। ਉਦੋਂ ਚਿੜੀਆਂ ਤੋਂ ਬਾਜ਼ ਡਰਦੇ ਸਨ।

ਹੁਣ ਤਾਂ ਚਿੜੀਆਂ ਬਾਜ਼ਾਂ ਤੋਂ ਡਰਦੀਆਂ ਹੀ ਨਹੀਂ ਸਗੋਂ ਉਨ੍ਹਾਂ ਦਾ ਭੋਜਨ ਵੀ ਬਣ ਰਹੀਆਂ ਹਨ ਅਤੇ ਬਾਲਣ ਵੀ। ਇਹੀ ਚਿੜੀਆਂ ਕਦੇ ਵੋਟਾਂ ਬਣਦੀਆਂ ਹਨ ਕਦੇ ਅਣਚਾਹੀ ਜੰਗ ਵਿੱਚ ਮਰਨ ਲਈ ਵਸਤੂਆਂ ਬਣਦੀਆਂ ਹਨ। ਸ਼ਬਦ ਗੁਰੂ ਤੋਂ ਪ੍ਰੇਮੀ ਤੱਕ ਦਾ ਸਫਰ ਤਾਂ ਉਨ੍ਹਾਂ ਨੇ ਤਹਿ ਕਰ ਲਿਆ ਹੈ ਪਰ ਉਨ੍ਹਾਂ ਨੂੰ ਸ਼ਬਦ ਗੁਰੁ ਤੇ ਪ੍ਰੇਮੀ ਵਿਚਲੇ ਅੰਤਰ ਦਾ ਗਿਆਨ ਨਹੀਂ। ਉਨ੍ਹਾਂ ਨੂੰ ਉੱਡਦੇ ਬਾਜ਼ਾਂ ਦਾ ਕੋਈ ਗਿਆਨ ਨਹੀਂ, ਜਿਨ੍ਹਾਂ ਨੇ ਉਨ੍ਹਾਂ ਦੇ ਤਨ ਤੇ ਮਨ ਦਾ ਚੈਨ ਖੋਹਿਆ ਹੋਇਆ ਹੈ। ਸ਼ਬਦ ਦੇ ਲੜ ਲੱਗ ਕੇ ਮਨੁੱਖ ਗਿਆਨਵਾਨ ਹੁੰਦਾ ਹੈ। ਇਹ ਗਿਆਨ ਜਦੋਂ ਤਲਵਾਰ ਤੱਕ ਸਫਰ ਕਰਦਾ ਹੈ ਤਾਂ ਬਹੁਤ ਕੁਝ ਹਾਸਿਲ ਹੋ ਜਾਂਦਾ ਹੈ ਤੇ ਬਹੁਤ ਕੁਝ ਅਣਚਾਹਿਆ ਮਰ ਵੀ ਜਾਂਦਾ ਹੈ।

ਸ਼ਬਦ ਗੁਰੂ ਤੋਂ ਪ੍ਰੇਮੀ ਤੱਕ ਦਾ ਸਫਰ ਸਾਡੇ ਸਮਿਆਂ ਦਾ ਉਹ ਅਣਚਿਤਵਿਆ ਸੱਚ ਹੈ, ਜਿਹੜਾ ਪਹਿਲਾਂ ਕਦੇ ਵੀ ਨਹੀਂ ਹੋਇਆ। ਜਦੋਂ ਸ਼ਬਦ ਗੁਰੂ ਵਾਲੇ ਜੰਗਲਾਂ ਵਿੱਚ ਪੁੱਜ ਗਏ ਸਨ ਤੇ ਪੱਤਾ ਪੱਤਾ ਵੈਰੀ ਹੋ ਗਿਆ ਸੀ, ਉਦੋਂ ਵੀ ਅਜਿਹਾ ਦੌਰ ਨਹੀਂ ਸੀ ਆਇਆ ਜਿਸ ਦੌਰ ਵਿੱਚੋਂ ਅੱਜ ਅਸੀਂ ਲੰਘ ਰਹੇ ਹਾਂ। ਇਹ ਸਾਡੇ ਉੇਨ੍ਹਾਂ ਅਖੌਤੀ ਧਰਮ ਨਾਇਕਾਂ ਦੀ ਨਲਾਇਕੀ ਦਾ ਦੌਰ ਹੈ, ਜਿਨ੍ਹਾਂ ਨੇ ਸ਼ਬਦ ਗੁਰੂ ਦੀ ਵਿਚਾਰਧਾਰਾ ਨੂੰ ਨਾ ਤਾਂ ਸਮਝਿਆ ਤੇ ਨਾ ਹੀ ਉਸ ਨੂੰ ਆਪਣੇ ਜੀਵਨ ਵਿੱਚ ਅਪਣਾਇਆ।

ਸ਼ਬਦ ਮਨੁੱਖ ਨੂੰ ਜੋੜਦਾ ਹੈ ਤੇ ਗੁਰੂ ਤੱਕ ਲੈ ਕੇ ਜਾਂਦਾ ਹੈ। ਗੁਰੂ ਮਨੁੱਖ ਨੂੰ ਆਪਣੇ ਨਾਲ ਜੋੜਦਾ ਹੋਇਆ ਉਸ ਦੀ ਅੰਦਰਲੀ ਸ਼ਕਤੀ ਨੂੰ ਪਹਿਚਾਣਦਾ ਹੈ ਪਰ ਮਨੁੱਖ ਤਾਂ ਹਉਂਮੈ ਤੇ ਹੰਕਾਰ ਦੀ ਪੰਡ ਚੁੱਕੀ ਸ਼ਬਦ ਗੁਰੂ ਤੋਂ ਦੂਰ ਹੁੰਦਾ ਜਾ ਰਿਹਾ ਹੈ। ਮਨੁੱਖ ਨੂੰ ਕਦੋਂ ਸਮਝ ਲੱਗੇਗੀ ਕਿ ਸ਼ਬਦ ਕੀ ਹੁੰਦਾ ਹੈ? ਸ਼ਬਦ ਗੁਰੂ ਕਦੋਂ ਬਣਦਾ ਹੈ? ਇਹ ਗਿਆਨ ਹਾਸਿਲ ਕਰਨ ਲਈ ਸਾਨੂੰ ਜਾਤ ਪਾਤ ਧਰਮ ਨਸਲ ਤੋਂ ਉੱਪਰ ਉੱਠ ਕੇ ਸ਼ਬਦ ਨਾਲ ਜੁੜਨਾ ਪਵੇਗਾ ਅਤੇ ਸ਼ਬਦ ਗੁਰੂ ਦੀ ਵਿਚਾਰਧਾਰਾ ਨੂੰ ਮਨੁੱਖਤਾ ਦੇ ਭਲੇ ਲਈ ਅਪਨਾਉਣਾ ਪਵੇਗਾ ਅਤੇ ਆਪਣੇ ਅੰਦਰ ਵੱਧ ਰਹੇ ਵਿਕਾਰਾਂ ਦੀ ਪੰਡ ਨੂੰ ਉਤਾਰ ਕੇ ਸਰਬੱਤ ਦੇ ਭਲੇ ਲਈ ਸ਼ਬਦ ਗੁਰੂ ਨੂੰ ਆਮ ਲੋਕਾਂ ਤੱਕ ਲੈ ਕੇ ਜਾਣਾ ਪਵੇਗਾ।

ਸੰਪਰਕ: +91 94643 70823

Comments

Security Code (required)Can't read the image? click here to refresh.

Name (required)

Leave a comment... (required)

ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ