Fri, 19 July 2024
Your Visitor Number :-   7196114
SuhisaverSuhisaver Suhisaver

ਗੋਰਾ ਰੰਗ ਨਾ ਕਿਸੇ ਦਾ ਹੋਵੇ, ਸਾਰਾ ਪਿੰਡ ਵੈਰ ਪੈ ਗਿਆ. . . -ਸੁਰਜੀਤ ਮਾਨ

Posted on:- 16-12-2015

suhisaver

...ਜੇ ਸਾਰਾ ਨਹੀਂ, ਅੱਧਾ ਤਾਂ ਵੈਰ ਪੈਣਾ ਹੀ ਹੁੰਦਾ ਹੈ।ਕਾਰਨ, ਕਾਲ਼ੇ ਰੰਗ ਵਾਲੇ ਕੁਨੱਖਿਆਂ ਦੀ ਗੋਰੇ ਰੰਗ ਵਾਲੇ ਸੁਨੱਖਿਆਂ ਪ੍ਰਤੀ ਕਮੀਣੀ ਈਰਖਾ।ਕਾਲਜਾਂ, ਯੂਨੀਵਰਸਿਟੀਆਂ ਵਿੱਚ ਹੀ ਦੇਖ ਲਓ, ਜਦੋਂ ਕੋਈ ਗੋਰੀਆਂ ਦੀ ਜਾਈ ਸੁਨੱਖੀ, ਰਕਾਨ ਵਿਦਿਆਰਥਣ ਦਯਾਰ ਦੀ ਸਰਦਲ `ਤੇ ਪੈਰ ਹੀ ਰੱਖਦੀ ਹੈ, ਉਸ ਤੋਂ ਪਹਿਲਾਂ ਹੀ ਉੱਕਰੇ ਜਾਂਦੇ ਹਨ, ਉਸ ਬਾਰੇ ਕਾਲੇ ਲੇਖ ਅਤੇ ਕੁਬੋਲ।ਉੱਕਰਨ ਵਾਲੇ ਪਤਾ ਕੌਣ ਹੁੰਦੇ ਹਨ, ਜਿਹੜੇ ਉਸ ਦੇ ਰੰਚਕ ਭਰ ਇਸ਼ਾਰੇ ਉੱਪਰ ਪਹਾੜੋਂ ਪੱਥਰ ਲਿਆਉਣ ਲਈ ਤਿਆਰ ਹੁੰਦੇ ਹਨ।ਇਸ ਦੇ ਉਲਟ ਕਦੇ ਵੇਖਿਐ ਕਿਸੇ ਕੁਨੱਖੀ, ਕੁੱਢਰ ਬਾਰੇ ਅਜਿਹਾ ਕੋਈ ਕੁਬੋਲ? ਇਹ ਸੱਚ ਸ਼ਾਇਰੀ ਸੰਸਾਰ ਦਾ ਵੀ ਹੈ-ਜੋ ਹੈ ਇਸ ਆਰਟੀਕਲ ਦਾ ਵਿਸ਼ਾ।ਕਿੰਝ ਕਈ ਸਿਰੇ ਦੇ ਸ਼ਾਇਰ ਅਜਿਹੇ ਕੁਬੋਲਾਂ ਕਾਰਨ ਉਮਰੋਂ ਪਹਿਲਾਂ ਹੀ ਹਾਰ-ਹੁੱਟ ਕੇ ਟੁੱਟ ਜਾਂਦੇ ਹਨ, ਹੌਲ਼ੀ-ਹੌਲ਼ੀ ਮੁੱਕ ਜਾਂਦੇ ਹਨ।

ਅਜਿਹੇ ਕੁ-ਮੰਜ਼ਰ ਵਿੱਚ ਸਭ ਤੋਂ ਪਹਿਲਾਂ ਯਾਦ ਆਉਂਦੀ ਹੈ ਅੰਗਰੇਜ਼ੀ ਕਵਿਤਾ ਵਿੱਚ ਸੁਨਹਿਰੀ ਕਾਲ ਵਜੋਂ ਸਵਿਕਾਰੀ ਅਤੇ ਸਰਾਹੀ, ਪੰਜਾਂ ਵਿਸ਼ਵ ਪ੍ਰਸਿੱਧ ਕਵੀਆਂ- ਵਰਡਜ਼ਵਰਥ, ਕੌਲਰਿੱਜ, ਬਾਇਰਨ, ਸ਼ੈਲੀ ਅਤੇ ਕੀਟਸ- ਦੁਆਰਾ ਸਿਰਜੀ ਰੋਮਾਂਟਿਕ ਲਹਿਰ (1800-1850) ਦੇ ਸਭ ਤੋਂ ਲਾਡਲੇ ਕੀਟਸ ਦੀ, ਜੋ ਇਨ੍ਹਾਂ ਵਿੱਚੋਂ ਸਭ ਤੋਂ ਬਾਅਦ `ਆਇਆ` ਪਰ ਸਭ ਤੋਂ ਪਹਿਲਾਂ `ਗਿਆ`- ਜਦੋਂ ਉਹ ਮਸਾਂ ਪੱਚੀ ਵਰ੍ਹੇ ਤਿੰਨ ਮਹੀਨੇ, ਤੇਈ ਦਿਨ ਦਾ ਸੀ (ਅਕਤੂਬਰ 31, 1795 ਤੋਂ ਫਰਵਰੀ 23, 1821) ਅਸਲ ਵਿੱਚ ਉਹ ਗਿਆ ਨਹੀਂ, `ਭੇਜ` (Hound) ਦਿੱਤਾ।ਭੇਜਣ ਵਾਲੇ ਸਨ ਉਸ ਦੇ `ਗੋਰੇ ਰੰਗ` ਦੇ ਈਰਖਾਲੂ ਨਿੰਦਕ-ਨੁਮਾਂ ਆਲੋਚਕ ਜੋ ਉਸ ਦੀ ਹਰੇਕ ਨਵੀਂ ਕਵਿਤਾ ਨੂੰ ਪੁੱਜਕੇ ਨਿੰਦਦੇ: ਨਕਸ਼ਾਂ ਨੂੰ ਕਜਾ ਵਿੱਚ ਬਦਲ ਪੇਸ਼ ਕਰਦੇ।ਦਰਅਸਲ ਉਹ ਤਾਂ ਕੁੱਖ ਤੋਂ ਕਬਰ ਤੱਕ ਮਰਦਾ ਹੀ ਰਿਹਾ- ਪਹਿਲਾਂ ਆਰਥਿਕ ਤੰਗੀਆਂ-ਤੁਰਸ਼ੀਆਂ, ਫਿਰ ਨਾ-ਮੁਰਾਦ ਟੀ.ਬੀ. ਦੀ ਬਿਮਾਰੀ, ਫਿਰ ਮਾਰੂ ਮੁਹੱਬਤ ਦੇ ਸੱਲ ਅਤੇ ਸਭ ਤੋਂ ਵੱਧ ਉਸ ਦੀਆਂ ਕਵਿਤਾਵਾਂ ਬਾਰੇ `ਕਾਜ਼ੀਆਂ ਦੇ ਫ਼ਤਵੇ`।ਇੱਥੋਂ ਤੱਕ ਇੱਕ `ਕੁਆਰਟਲੀ` ਨਾਂ ਦੇ ਮੈਗਜ਼ੀਨ ਨੂੰ ਕੱਢਿਆ ਹੀ ਇਸ ਕੁਕਰਮ ਲਈ ਸੀ।


ਜਦੋਂ ਕੀਟਸ ਦੀ ਬੇ-ਵਕਤੀ ਮਰਗ ਦੀ ਖ਼ਬਰ ਉਸਦੇ ਸਮਕਾਲੀ ਸ਼ੈਲੀ ਕੋਲ ਪਹੁੰਚੀ ਤਾਂ ਉਸ ਨੇ ਅੱਗ-ਭਵੂਕਾ ਹੋਕੇ ਕਿਹਾ:

“ਉਹ ਮਰਿਆ ਨਹੀਂ, ਮਾਰਿਆ ਗਿਆ ਹੈ”
(He is not dead, but killed)

ਮਾਰਨ ਵਾਲੇ ਹਨ `ਕੁਆਰਟਲੀ` ਵਰਗੇ ਮੈਗਜ਼ੀਨ।ਜੇ ਹਿੰਮਤ ਸੀ ਤਾਂ ਲਿਖਦੇ ਪਤੰਦਰ ਬਾਇਰਨ ਖ਼ਿਲਾਫ਼।ਜੇ ਰਾਤੋ ਰਾਤ ਮੈਗਜ਼ੀਨ ਹੀ ਨਾ ਬੰਦ ਕਰਵਾ ਦਿੰਦਾ।(ਇਹ ਉਹ ਹੀ ਸ਼ੈਲੀ ਹੈ, ਜਿਸ ਨੇ ਕੀਟਸ ਬਾਰੇ `ਐਡੋਨਿਸ` ਨਾਮੀਂ ਮਰੱਸੀਆ ਲਿਖਿਆ ਸੀ।

ਅਜਿਹੇ ਮੈਗਜ਼ੀਨਾਂ ਦੀ ਕਮੀ ਸ਼ਾਇਦ ਕਿਸੇ ਭਾਸ਼ਾ ਵਿੱਚ ਨਾ ਹੋਵੇ, ਪਰ ਇਹ ਉਦਾਸ, ਜਜ਼ਬਾਤੀ ਆਰਟੀਕਲ ਸਿਰਫ਼ ਪੰਜਾਬੀ ਦੀ ਹੀ ਬਾਤ ਪਾਵੇਗਾ, ਜਿਸ ਵਿੱਚ ਇੱਕ-ਦੋ ਮੈਗਜ਼ੀਨ ਸ਼ੁਰੂ ਹੀ ਅਜਿਹੇ ਮੰਤਵਾਂ ਖ਼ਾਤਿਰ ਹੋਏ ਲਗਦੇ ਹਨ-ਉਹ ਵੀ ਖ਼ਾਸ ਕਰ ਇੱਕ ਖ਼ਾਸ ਤਰ੍ਹਾਂ ਦੀ ਸ਼ਾਇਰੀ ਅਤੇ ਉਸ ਨੂੰ ਰਚਣ ਵਾਲੇ ਇੱਕ, ਦੋ ਕਵੀਆਂ ਵਿਰੁੱਧ।ਚਾਹੇ ਉਹ `ਪੈਰਾਡਾਈਜ਼ ਲੌਸਟ` ਅਤੇ `ਡੀਵਾਈਨ ਕੌਮਡੀ` ਵਰਗੀਆਂ ਰਚਨਾਵਾਂ ਰਚ ਦੇਣ ਉਨ੍ਹਾਂ ਨੇ ਸਿਰਫ਼ ਨਗੋਚਾਂ ਹੀ ਕੱਢਣੀਆਂ ਹਨ (ਜਿਵੇਂ ਸੱਤਾਧਾਰੀਆਂ ਵੱਲੋਂ ਪੇਸ਼ ਬਜਟ ਦੀ ਭਾਵੇਂ ਉਹ ਰਾਮ-ਰਾਜ ਵਰਗਾ ਹੋਵੇ, ਵਿਰੋਧੀਆਂ ਵੱਲੋਂ ਨਿੰਦਾ, ਸਿਰਫ਼ ਨਿੰਦਾ ਹੀ ਸੁਣੀਂਦੀ ਹੈ।

ਬੇਸ਼ੱਕ ਅਜਿਹੀ ਆਲੋਚਨਾ ਦੇ ਸ਼ਿਕਾਰ ਹੋਰ ਵੀ ਹੋਣਗੇ, ਪ੍ਰੰਤੂ ਮੁੱਖ ਗੱਲ ਸਿਰਫ਼ ਦੋ ਸ਼ਾਇਰਾਂ ਦੀ ਹੀ ਕਰਨੀ ਹੈ; ਸ਼ਾਇਰ ਵੀ ਉਹ ਜਿਨ੍ਹਾਂ ਨੇ ਆਪਣੇ ਆਪਣੇ ਸਮੇਂ ਹਰ ਪੱਖੋਂ ਪੰਜਾਬੀ ਸ਼ਾਇਰੀ ਦੀ ਸਦਾਰਤ ਕੀਤੀ।ਇੱਕ ਤਾਂ ਬਾਰ੍ਹਾਂ ਵਰ੍ਹੇ, ਪੰਜਾਬੀ ਕਵਿਤਾ ਦੇ ਮੱਥੇ `ਤੇ ਸਦੀਆਂ ਤੱਕ ਰਹਿਣ ਵਾਲੀਆਂ ਅਮਿੱਟ ਪੈੜਾਂ ਛੱਡ, ਬਾਅਦ ਹੀ `ਨਿੱਕੀ ਉਮਰੇ` ਵਿਦਾ ਹੋ ਗਿਆ-ਸ਼ਿਵ ਕੁਮਾਰ।ਦੂਜਾ ਤਕਰੀਬਨ ਅੱਧੀ ਸਦੀ ਤੋਂ ਨਿਰ-ਚੁਣੌਤੀ ਸਦਾਰਤ ਕਰ ਰਿਹਾ ਹੈ- ਸੁਰਜੀਤ ਪਾਤਰ।(ਰਾਸ਼ੀ ਵੀ ਇੱਕ) ਪਹਿਲੇ ਜਮਾਂਦਰੂ ਕਵੀ `ਤੇ ਇਨ੍ਹਾਂ ਇਲਜ਼ਾਮ ਲਾਇਆ “ਇਸ ਨੇ ਘਰ-ਘਰ ਰੋਣ ਬਿਠਾ ਦਿੱਤੇ।ਕੀਰਨਿਆਂ ਨੂੰ ਕਵਿਤਾਵਾਂ ਕਿਵੇਂ ਸਮਝ ਲਈਏ।ਕੁੜੀਆਂ ਕੱਤਰੀਆਂ ਪੱਟ ਦਿੱਤੀਆਂ।”

ਇਹ ਈਰਖਾ ਭਿੱਜੇ ਕੁਬੋਲ ਉਸ ਸ਼ਾਇਰ ਬਾਰੇ ਹਨ, ਜਿਸ ਨੇ ਰਾਂਝੇ ਦੀਆਂ ਮੱਝਾਂ ਚਾਰਨ ਵਾਂਗ ਬਾਰਾਂ ਵਰ੍ਹੇ (1961-1973) ਪੰਜਾਬੀ ਸ਼ਾਇਰੀ ਦੀਆਂ ਪਹਿਲੀ ਵਾਰ ਕੌਮੀ ਪੱਧਰ `ਤੇ `ਗੱਲਾਂ ਕਰਵਾ` ਦਿੱਤੀਆਂ।ਮੰਨਿਆ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਹਰਿਭਜਨ ਸਿੰਘ, ਨੇਕੀ ਅਤੇ ਮੀਸੇੇ ਵਰਗੇ ਕੱਦਾਵਰ ਕਵੀਆਂ ਨੇ ਪਾਏ ਦੀ ਰਚਨਾ ਕੀਤੀ, ਪਰ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਨਾ ਪੰਜ ਨਾ ਢਾਈ ਨਦੀਆਂ ਦੇ ਪੰਜਾਬ ਦੀਆਂ ਹੱਦਾਂ ਕਦੇ ਨਾ ਟੱਪ ਸਕੀ।

ਇੱਕ ਉਦਾਹਰਣ, ਦਰਦਮੰਦਾਂ ਦੀ ਮਾਰਦੀ ਬਾਤ ਥੋੜੀ ਵਾਂਗ, ਹੀ ਬਹੁਤ ਹੈ।ਸਰਕਾਰੀ ਕਾਲਜ ਲੁਧਿਆਣੇ 1970 ਵਿੱਚ ਅੰਤਰ-ਭਾਸ਼ੀ ਮੁਸ਼ਾਇਰਾ ਮੁਨੱਕਿਤ ਕੀਤਾ ਜਾ ਰਿਹਾ ਸੀ।ਸ਼ਿਰਕਤ ਕਰਨ ਵਾਲੇ ਸਨ ਸਾਹਿਰ, ਕੈਫ਼ੀ, ਮਜਰੂਹ, ਨੀਰਜ, ਪ੍ਰੇਮ ਧਵਨ, ਮੋਹਨ ਸਿੰਘ, ਹਰਿਭਜਨ ਸਿੰਘ ਵਰਗੇ ਕੱਦਾਵਰ ਸ਼ਾਇਰ ਅਤੇ ਮੀਰੇ-ਮੁਸ਼ਾਹਿਰਾ ਮਹਿੰਦਰ ਸਿੰਘ ਬੇਦੀ।ਸਭ ਤੋਂ ਵੱਧ ਉਡੀਕਿਆ, ਸਰਾਹਿਆ ਸ਼ਾਇਰ ਸੀ ਮਹਿਜ਼ ਤੇਤੀ ਕੁ ਵਰ੍ਹਿਆਂ ਦਾ, ਸਿਰ ਤੋਂ ਪੈਰਾਂ ਤੱਕ ਸ਼ਾਇਰਾਨਾ ਦਿੱਖ ਵਾਲਾ, ਸ਼ਿਵ ਕੁਮਾਰ।ਪਹਿਲਾਂ ਤਾਂ ਉਸਨੂੰ ਜ਼ੋਰ ਲਾ ਲਿਆ ਹੂਟ ਕਰਕੇ ਉਨ੍ਹਾਂ ਨੇ ਜਿਨ੍ਹਾਂ ਅਨੁਸਾਰ ਕਵਿਤਾ ਬੰਦੂਕ ਦੀ ਗੋਲ਼ੀ `ਚੋਂ ਨਿਕਲਣੀ ਚਾਹੀਦੀ ਹੈ, ਦਿਲ `ਚੋਂ ਨਹੀਂ।ਪਰ ਚੰਦਰਮਾ `ਤੇ ਥੁੱਕਣ ਵਾਲਿਆਂ ਦੀ ਉਸ ਨੂੰ ਅਰਘ ਚੜ੍ਹਾਉਣ ਵਾਲਿਆਂ ਅੱਗੇ ਇੱਕ ਨਾ ਚੱਲੀ।ਸਭ ਤੋਂ ਨਿੱਕੀ ਉਮਰੇ ਉਸ ਨੂੰ `ਲੂਣਾ` ਸਾਹਿਤ ਅਕੈਡਮੀ ਪੁਰਸਕਾਰ ਨਾਲ ਨਿਵਾਜਿਆ ਗਿਆ ਅਤੇ ਉਸ ਨੇ ਕਿਹਾ, “ਅਸਲੀ ਪੁਰਸਕਾਰ ਕਿਸੇ ਸ਼ਾਇਰ ਲਈ ਉਹ ਹੁੰਦਾ ਹੈ, ਜੋ ਪਾਠਕ ਅਤੇ ਸਰੋਤੇ ਦਿੰਦੇ ਨੇ।” ਪਰ ਨਿੰਦਕ ਆਲੋਚਕਾਂ ਨੇ ਉਸਨੂੰ ਕਬਰੀਂ ਪਹੁੰਚਾਉਣ ਤੱਕ ਨਾ ਛੱਡਿਆ।ਹਾਰਕੇ ਉਹ ਵੀ ਕੀਟਸ ਵਾਂਗ ਜੋ ਆਖਦਾ ਹੁੰਦਾ ਸੀ,

“I think i shall be among English Poets after my death”

ਕਹਿਣ ਲੱਗਾ

“ਜਦੋਂ ਮੈਂ ਨਹੀਂ ਹੋਣਾ ਮੇਰੀਆਂ ਰਾਤਾਂ ਮਨਾਇਆ ਕਰੋਗੇ।ਮੇਰੀ ਕਬਰ `ਤੇ ਜਾ ਕੇ ਪਿੱਟਿਆ ਕਰੋਗੇ।” ਪਰ ਇਹ ਦੋਖੀ ਤਾਂ ਉਸ ਦੀਆਂ ਕਵਿਤਾਵਾਂ ਦੀ ਪੈਰੋਡੀ ਕਰਕੇ ਸਾਡਿਸਟਿਕ (sadistic) ਆਨੰਦ ਲੈਂਦੇ:

“ਮਾਏ ਨੀ ਮਾਏ ਮੈਂ ਇੱਕ ਫੁਕਰਾ ਯਾਰ ਬਣਾਇਆ”
“ਮਾਏ ਨੀ ਮਾਏ ਮੈਨੂੰ ਗ਼ਮ ਦਾ ਸੂਟ ਸਵਾਦੇ
ਆਹਾਂ ਦੀ ਕਾਲਰ, ਹੰਝੂਆਂ ਦੀ ਝਾਲਰ, ਬਟਣ ਬਿਰਹੋਂ ਦੇ ਲਾਦੇ
ਜਿੰਦ ਬਲ੍ਹੰਬਰੀ ਨੂੰ ਪਾਊਡਰ ਲਾਵਾਂ, ਸੱਤਾਂ ਸਿਵਿਆਂ ਦੀ ਰਾਖ ਲਿਆਦੇ
ਮਾਏ ਨੀ ਮਾਏ ਮੈਨੂੰ. . .”


ਕੀਟਸ ਵਾਂਗ ਆਖਰੀ ਦਿਨਾਂ ਵਿੱਚ ਉਹ ਮਾਰੂ ਬਿਮਾਰੀ ਦਾ ਸ਼ਿਕਾਰ ਹੋ ਗਿਆ ਅਤੇ ਇਨ੍ਹਾਂ ਨਿੰਦਕਾਂ ਨੇ `ਕਰ` ਵੀ ਦਿੱਤਾ।ਜਿਨ੍ਹਾਂ ਬਾਰੇ ਉਸ ਨੇ ਗ਼ੂਸੈਲੀਆਂ ਕਵਿਤਾਵਾਂ ਲਿਖੀਆਂ -`ਕੁੱਤੇ` ਅਤੇ `ਲੁੱਚੀ ਧਰਤੀ` :

“ਕੁੱਤਿਓ ਰਲ ਕੇ ਭੌਂਕੋ, ਤਾਂ ਜੋ ਮੈਨੂੰ ਨੀਂਦ ਨਾ ਆਵੇ
ਰਾਤ ਹੈ ਕਾਲੀ ਚੋਰ ਨੇ ਫਿਰਦੇ, ਕੋਈ ਘਰ ਨੂੰ ਸੰਨ੍ਹ ਨਾ ਲਾਵੇ
ਉਂਝ ਤਾਂ ਮੇਰੇ ਘਰ ਵਿੱਚ ਕੁਝ ਨੀ, ਕੁਝ ਨੇ ਹੌਕੇ ਤੇ ਕੁਝ ਹਾਵੇ
ਕੁੱਤਿਆਂ ਦਾ ਮਸ਼ਕੂਰ ਬੜਾ ਹਾਂ, ਰਾਤੋਂ ਤਾਂ ਚੱਲੋ ਡਰ ਨਾ ਆਵੇ।”
“ਅੰਬਰ ਦਾ ਜਦ ਕੰਬਲ ਲੈਕੇ, ਧਰਤੀ ਕੱਲ੍ਹ ਦੀ ਸੁੱਤੀ
ਮੈਨੂੰ ਧਰਤੀ ਲੁੱਚੀ ਜਾਪੀ, ਮੈਨੂੰ ਧਰਤੀ ਕੁੱਤੀ
ਸਦਾ ਹੀ ਰਾਜ-ਘਰਾਂ ਸੰਗ ਸੁੱਤੀ, ਰਾਜ-ਘਰਾਂ ਸੰਗ ਉੱਠੀ
ਝੁੱਗੀਆਂ ਦੇ ਸੰਗ ਜਦ ਵੀ ਬੋਲੀ, ਬੋਲੀ ਸਦਾ ਹੀ ਰੁੱਖੀ
ਫਿਰ ਵੀ ਇਸਨੂੰ `ਮਾਂ` ਉਹ ਆਖਣ, ਭਾਵੇਂ ਉਹ ਕਪੁੱਤੀ।”


ਭਾਵੇਂ ਅੱਜ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਮਹਾਨ ਸ਼ੈਕਸਪੀਅਰ ਨੇ ਸੁਖਾਂਤ ਲਿਖਦੇ ਲਿਖਦੇ ਇੱਕ ਦਮ ਹੈਮਲਟ ਕਿੰਗ ਲੀਅਰ ਵਰਗੇ ਦੁਖਾਂਤ ਲਿਖਣੇ ਕਿਉਂ ਸ਼ੁਰੂ ਕੀਤੇ।ਕੀ ਅਤੇ ਕਾਹਦੇ ਮਾਰੂ ਸਦਮੇਂ ਸਨ, ਇਸ ਤਬਦੀਲੀ ਪਿੱਛੇ, ਪਰ ਸ਼ਿਵ ਕੁਮਾਰ ਦਾ ਤਾਂ ਕਾਫ਼ੀ ਪਤਾ ਲਗਦਾ ਹੈ, ਉਸਨੇ ਉਪਰੋਕਤ ਕਵਿਤਾਵਾਂ ਕਿਉਂ ‘ਝਰੀਟੀਆਂ’ ਜਦੋਂ ਕਿ ਉਸਦਾ ਖ਼ਾਸਾ ਤਾਂ ਅਜਿਹੀਆਂ ਰਚਨਾਵਾਂ ਰਚਨ ਦਾ ਸੀ, ਜਿਨ੍ਹਾਂ ਵਿੱਚ ‘ਆਗ਼ਾਜ਼ ਅਤੇ ਅਨਜਾਮ’ ਉਸ ਨਾਲ ਹੀ ਖਤਮ ਹੋ ਗਿਆ।

ਆਖਿਰ ਨਿੰਦਕਾਂ ਤੋਂ ਅੱਕ ਕੇ, ਸਤ ਕੇ, ਅਤਿ ਬਿਮਾਰੀ ਦੀ ਹਾਲਤ ਵਿੱਚ ਵੀ, ਉਹ ਰੋਂਦਾ ਕੁਰਲਾਉਂਦਾ ਦੂਰ ‘ਪਹਾੜਾਂ ਪੈਰ ਸੁੱਤੇ ਇੱਕ ਗਰਾਂ’ ਦੇ ਚੁਬਾਰੇ ਵਿੱਚ ਮੰਜੀ ਮੱਲਣ ਲਈ ਮਜਬੂਰ ਹੋ ਗਿਆ ਅਤੇ ਮੰਜੀ ਨਾਲ ਹੀ ਉੱਠਿਆ।ਜੀਵਨ-ਸਾਥੀ ਦੀਆਂ ਕੰਬਦੀਆਂ ਬਾਹਾਂ ਵੀ ਰੋਕ ਨਾ ਸਕੀਆਂ (ਕੀਟਸ ਵੀ ਆਪਣੇ ਦੋਸਤ ਸੈਵਰਨ ਦੀਆਂ ਬਾਹਾਂ ’ਚ ਕੁਝ ਇਸੇ ਦਸ਼ਾ ’ਚ ‘ਗਿਆ’ ਸੀ)। ਅਰਥੀ ਉੱਠੀ, ਮਗਰ ਕਾਲੀਆਂ ਚੁੰਨੀਆਂ ਹੇਠਾਂ ਸੁੱਜੀਆਂ ਅੱਖਾਂ ਵਾਲਿਆਂ ’ਚ ਸਮੁੱਚੀ ਸਰਮਵਤੀ ਵੀ ਸੀ, ਜਿਸਦਾ ਲਾਡਲਾ ‘ਉਸਦੇ ਹੱਥੋਂ ਕੱਢਣ ਖੋਹ ਕੇ ਲੁਕ ਗਿਆ ਸੀ।’

ਮੋਹਨ ਸਿੰਘ ਨੇ ਭਰੇ ਦਿਲ ਅਤੇ ਗਲੇ ਨਾਲ ਇੰਝ ਹਉਕਾ ਭਰਿਆ:

“ਉਹ ਮੈਥੋਂ ਅੱਧੀ ਉਮਰ ਜਿਉਂਕੇ, ਤਿੱਗਣਾ, ਚੌਗੁਣਾ ਹੋਕੇ ਗਿਆ।ਉਹ ਕਿੱਡਾ ਵੱਡਾ ਸੀ, ਇਸ ਦਾ ਪਤਾ ਕੰਡਿਆਲ਼ੀਆਂ ਥੋਹਰਾਂ ਨੂੰ ਵੀ ਹੈ, ਪੀੜਾਂ ਦਿਆਂ ਪਰਾਗਿਆਂ ਨੂੰ ਵੀ ।ਲਾਜਵੰਤੀ ਦੀਆਂ ਟਾਹਣੀਆਂ ਨੂੰ ਉਹਦਾ ਓਦਰਿਆ ਮੂੰਹ ਯਾਦ ਏ, ਉਹਦੇ ਦਰਦਮੰਦ ਗੀਤ ਯਾਦ ਨੇ।‘ਸ਼ੀਸ਼ੋ’ ਅਤੇ ‘ਲੂਣਾ’ ਅੱਧੀ ਅੱਧੀ ਰਾਤ ਉਹਨੂੰ ਯਾਦ ਕਰ ‘ਬੁੱਲ੍ਹ ਚਿੱਥ ਚਿੱਥ ਰੋਂਦੀਆਂ ਨੇ।’   

ਉਹ ਤਾਂ ਬਸ ਏਨਾ ਕਹਿ ਕੇ ਬਾਤ ਮੁਕਾ ਦਿੰਦਾ ਸੀ:

“ਇਹ ਖ਼ੁਦ ਨੂੰ ਆਕਲ ਮੰਨਦੇ ਨੇ, ਮੈਂ ਖੁਦ ਨੂੰ ਆਸ਼ਕ ਦੱਸਦਾ ਹਾਂ,
ਇਹ ਗੱਲ ਲੋਕਾਂ ’ਤੇ ਛੱਡ ਦਈਏ, ਕੀਹਨੂੰ ਰੂਤਬਾ ਮਿਲਦਾ ਪੀਰਾਂ ਦਾ।”


ਬੁਲ੍ਹੇ ਸ਼ਾਹ, ਸ਼ਾਹ ਹੁਸੈਨ ਅਤੇ ਸੁਲਤਾਨ ਬਾਹੂ ਵਰਗੇ ਦਰਵੇਸ਼ਾਂ ਨੇ ਵੀ ਸਭ ਤੋਂ ਅਲਗ ਰੁਤਬਾ ‘ਆਸ਼ਕਾਂ’ ਨੂੰ ਹੀ ਬਖ਼ਸ਼ਿਆ ਹੈ।ਅਤੇ ਇਹ ਰੁਤਬਾ-ਏ-ਬੁਲੰਦ ਵੀ ਸਭ ਤੋਂ ਵੱਧ ਸ਼ਿਵ ਦੇ ਸੀਸ ’ਤੇ ਹੀ ਸੋਂਹਦਾ ਹੈ, ਸੋਂਹਦਾ ਰਹੇਗਾ।

ਕੁਆਰਟਲੀ-ਕਬੀਲੇ ਦੇ ਕੁਕਰਮੀਂ ਕਾਜ਼ੀਆਂ ਦੀ ਈਰਖਾਲੂ ਆਲੋਚਨਾ ਦਾ ਦੂਜਾ ਮੁੱਖ ਸ਼ਿਕਾਰ ਹੈ ਉਹ, ਜੋ ਤਕਰੀਬਨ ਅੱਧੀ ਸਦੀ ਤੋਂ ਪੰਜਾਬੀ ਕਵਿਤਾ ਦੀ ਸਦਾਰਤ ਕਰ ਰਿਹਾ ਹੈ-ਸੁਰਜੀਤ ਪਾਤਰ।ਪਹਿਲਾ ਪੰਜਾਬੀ ਕਵੀ ਜੋ ਕਵਿਤਾ ਨੂੰ ਅੰਤਰ-ਰਾਸ਼ਟਰੀ ਪੱਧਰ ’ਤੇ ਲੈ ਕੇ ਹੀ ਨਹੀਂ ਗਿਆ, ਸਗੋਂ ਸ਼ਲਾਘਾ ਵੀ ਖਟਵਾਈ, ਪਹਿਚਾਣ ਵੀ ਕਰਵਾਈ: ਜਿਸ ਦੀਆਂ ਕਵਿਤਾਵਾਂ ਦੂਸਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋ ਕੇ ਵੀ ਸਰਾਹੀਆਂ ਗਈਆਂ; ਜਿਸ ਦੀ ਸ਼ਾਇਰੀ ਦੀ ਰੇਂਜ ਕਿੰਨੀ ਵਸੀਹ ਹੈ, ਖ਼ੁਦ ਹੀ ਵੇਖ ਲਵੋ; ਪਾਲ਼ੀਆਂ ਤੋਂ ਵਿਦਵਾਨਾਂ ਤੱਕ; ਬਸਾਂ ਤੋਂ ਕੌਫੀ ਹਾਊਸਾਂ ਤੱਕ; ਛਪਾਰ ਅਤੇ ਕੁਟੀ ਦੇ ਮੇਲਿਆਂ ਤੋਂ ਯੂਨੀਵਰਸਿਟੀਆਂ-ਕਾਲਜਾਂ ਦਿਆਂ ਯੂਵਕ ਮੇਲਿਆਂ ਤੱਕ; ਅਸੈਂਬਲੀਆਂ ਅਤੇ ਸਾਂਸਦਾਂ ਵਿੱਚ ਹੁੰਦੀ ਰਾਜਨੀਤਕ ਬਹਿਸਾਂ ਤੱਕ ਅਤੇ ਅਖ਼ਬਾਰਾਂ ਅਤੇ ਮੈਗਜ਼ੀਨਾਂ ਦੀਆਂ ਖ਼ਬਰਾਂ ਅਤੇ ਆਰਟੀਕਲਾਂ ਦਿਆਂ ਸਿਰਲੇਖਾਂ ਤੱਕ-ਉਸ ਦੀ ਸ਼ਾਇਰੀ ਦਾ ਜ਼ਿਕਰ ਹੋਣਾ ਹੀ ਹੋਣਾ ਹੈ।(ਈਮਾਨ ਨਾਲ, ਇਹ ਬਹੁਤ ਕੁਝ ਘਟਾ ਕੇ ਦੱਸ ਰਿਹਾ ਹਾਂ, ਕਿਤੇ ਪ੍ਰਸ਼ੰਸ਼ਾਨਤਮਕ ਮੁਹਾਵਰਾ ਵਰਤਣ ਦਾ ਮਿਹਣਾ ਅਤੇ ਇਲਜ਼ਾਮ ਨਾ ਲੱਗ ਜਾਵੇ)

ਸ਼ਿਵ ਕੁਮਾਰ ਤੋਂ ਬਾਅਦ ਕਵਿਤਾ ਨੂੰ ਵਾਰਤਕ ਪੱਧਰ ’ਤੇ ਡਿੱਗਣ ਤੋਂ ਸਭ ਤੋਂ ਵੱਧ ਸੁਰਜੀਤ ਪਾਤਰ ਨੇ ਹੀ ਬਚਾਇਆ ਹੈ-ਉਹ ਵੀ ‘ਪੁਲ਼’ ਵਾਂਗ ਸਭ ਕੁਝ ਸਹਿੰਦਿਆਂ, ਕੁਝ ਨਾ ਕਹਿੰਦਿਆਂ।ਤਕਰੀਬਨ ਹਰ ਰੋਜ਼ ਉਹ ਕਿਸੇ ਨਾ ਕਿਸੇ ਵੱਲੋਂ, ਕਿਤੇ ਨਾ ਕਿਤੇ ਆਮੰਤ੍ਰਿਤ ਹੁੰਦਾ ਹੈ।ਅਤਿ ਸਾਊ, ਸੁਭਾਅ ਹੋਣ ਕਰਕੇ ਉਹ ਲੱਖ ਚਾਹੁੰਦਾ ਹੋਇਆ ਵੀ ਨਾਂਹ ਨਹੀਂ ਕਰਦਾ।

ਪ੍ਰੰਤੂ ਇਸ ਸੰਜੀਦਾ ਸ਼ਾਇਰ ਬਾਰੇ, ਇਹ ਈਰਖਾ ਮਾਰੇ ਆਲੋਚਕ ਅਖਵਾਉਣ ਵਾਲੇ ਨਿੰਦਕ ਪਤਾ ਕੀ ਪ੍ਰਚਾਰਦੇ ਹਨ, ਸੁਣੋ:

“ਗਲ਼ ਵਿੱਚ ਝੋਲਾ ਲਟਕਾਈ, ਕਵਿਤਾ ਦਾ ਵਿਉਪਾਰੀ ਬਣ, ਉਹ ਸ਼ਹਿਰ ਸ਼ਹਿਰ, ਨਗਰ ਨਗਰ ਘੁੰਮਦਾ ਹੈ: ਦਰ ਦਰ ਦਸਤਕ ਦਿੰਦਾ ਹੈ।ਪ੍ਰਧਾਨਗੀਆਂ ਕਰਨ ਲਈ, ਭੂਮਿਕਾਵਾਂ ਲਿਖਣ ਲਈ। ‘ਨਾਂ’ ਜਾਵੇ ਖੂਹ ਵਿੱਚ, ਸਿਰਫ ‘ਨਾਮਾਂ ਅਤੇ ਨਾਮਾਂ’ ਹੀ ਚਾਹੀਦਾ ਹੈ।”

“ਸ਼ਿਵ ਕੁਮਾਰ ਵਾਂਗ ਕਰੁਣਾ ਦਾ ਧਨੀ, ਤਰਸ ਦੀਆਂ ਤੁਤੀਰਣਾਂ ਵਗਣ ਲਾਉਣ ਵਿੱਚ ਕੋਈ ਨਹੀਂ ਉਸਦਾ ਸਾਨੀ।”
“ਗ਼ਜ਼ਲ ਦੀ ਪੁਰਾਣੇ ਯੁੱਗ ਦੀ ਦਰਬਾਰਤਾ ਨੂੰ ਪਾਤਰ ਨੇ ਨਵੇਂ ਯੁੱਗ ਦੀ ਵਪਾਰਕਤਾ ’ਚ ਬਦਲਿਆ ਹੈ।”

“ਕਵੀ ਨਹੀਂ ‘ਪ੍ਰਫਾਰਮਰ’ ਹੈ। ‘ਪ੍ਰਦਰਸ਼ਨ’ ਵੇਖਣ ਬਾਅਦ ਦਰਸ਼ਕ (ਸਰੋਤੇ ਨਹੀਂ) ਪੈਸੇ ਵਾਰਦੇ ਹਨ, ਜੋ ਸਿੱਧੀ ਮੰਚ ’ਤੇ ਪਈ ਖੁੱਲ੍ਹੀ ਬੱਗਲੀ ਵਿੱਚ ਪੈਂਦੇ ਮੇ।ਗਵੱਈਆ ਜੋ ਹੋਇਆ।”

“ਪਾਸ਼ ਤੋਂ ਉਲਟ ਇਹ ਸੱਤਾ ਸਥਾਪਨਾ ਨਾਲ ਆਢਾ ਲੈਣ ਦੀ ਥਾਂ ਅਤਿ ਕਾਇਰਤਾ ਭਰਿਆ ਸਮਝੋਤਾ ਕਰਨ ਲਈ ਪ੍ਰੇਰਦਾ ਹੈ ਅਜਿਹੇ ਸ਼ਿਅਰਾਂ ਰਾਹੀਂ:

ਏਨਾਂ ਸੱਚ ਨਾ ਬੋਲ ਕੇ ਕੱਲਾ ਰਹਿ ਜਾਵੇਂ
ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ।


ਅਜੋਕੀ ਭ੍ਰਿਸ਼ਟਤਾ ਬਰੀ ਜ਼ਿੰਦਗੀ ਦੇ ਹਾਰਡੀ-ਰੰਗ ’ਚ ਸਮੋਏ ਇਸ ਸੱਚੇ, ਕੌੜੇ ਸ਼ਿਅਰ, ਜੋ ਨੰਦਲਾਲ ਨੂਰਪੁਰੀ ਦੇ “ਐਥੋਂ ਉੜਜਾ ਭੋਲਿਆ ਪੰਛੀਆ, ਤੂੰ ਆਪਣੀ ਜਾਨ ਬਚਾ” ਜਾਵੇਦ ਅਖ਼ਤਰ ਦੇ “ਸਦੀਓ ਸੇ ਹਮਨੇ ਤੋ ਖੇਲ ਯਹੀ ਹੋਤੇ ਦੇਖਾ, ਧੀਰੇ ਧੀਰੇ ਜੀਤੀ ਦੁਨੀਆਂ ਧੀਰੇ ਧੀਰੇ ਹਾਰੇ ਲੋਕ” ਦੀ ਯਾਦ ਦਿਵਾਉਂਦਾ ਹੈ-ਦਾ ਵਿਸ਼ਲੇਸ਼ਣ ਜੋ ਇਹ ਕਾਜ਼ੀ ਕਰਦੇ ਹਨ, ਸੁਣ ਹੀ ਲਿਆ ਹੈ।ਹੁਣ, “ਪਰਖ ਸ਼ਿਅਰ ਦੀ ਆਪ ਕਰਨ ਲੈਣ ਸ਼ਾਇਰ…”। ਪਾਤਰ ਦੇ ਇੱਕ ਹੋਰ ਸ਼ਿਅਰ

“ਕੀ ਇਹ ਇਨਸਾਫ ਹਾਊਮੈ ਦੇ ਪੁੱਤ ਕਰਨਗੇ,
ਕੀ ਇਹ ਖਾਮੋਸ਼ ਪੱਥਰ ਦੇ ਬੁੱਤ ਕਰਨਗੇ,
ਜੋ ਸਲੀਬਾਂ ’ਤੇ ਟੰਗੇ ਨੇ ਲੱਥਣੇ ਨਹੀਂ
ਰਾਜ ਬਦਲਣਗੇ ਸੂਰਜ ਚੜ੍ਹਨ ਲਹਿਣਗੇ।”


ਦੀ ਵੀ ਇਹ ਕੁਝ ਅਜਿਹੀ, ਆਪੋ ਆਪਣੀ, ਆਲੋਚਨਾਂ ਕਰਦੇ ਹਨ।ਜਿਸਦਾ ਇਸ ਨਾਲ ਕੋਈ ਦੂਰ ਦਾ ਵੀ ਸਬੰਧ ਨਹੀਂ।ਪਾਸ਼,ਜਿਸ ਨਾਲ ਮੇਲ ਕੇ ਇਹ ਪਾਤਰ ਨੂੰ ਛੁਟਿਆਉਂਦੇ ਹਨ, ਖੁਦ ਕੀ, ਮਹਿਸੂਸਦਾ ਹੀ ਨਹੀਂ, ਪ੍ਰਚਾਰਦਾ ਹੈ ਪਾਤਰ ਬਾਰੇ, ਉਸਦੀ ਜ਼ੁਬਾਨੀ ਹੀ ਪੜ੍ਹ/ਸੁਣ ਲਵੋ।

“ਨਿਰਸੰਦੇਹ ਤੂੰ ਸਾਡੇ ਸਮਿਆਂ ਦਾ ਬਹੁਤ ਵੱਡਾ ਕਵੀ ਹੈਂ। ਇਹ ਤੇਰੀ ਵਿਲੱਖਣ ਆਦਤ ਅਤੇ ਸੁੰਦਰਤਾ ਹੈ ਜੋ ਮੇਰੇ ਵਰਗੇ, ਤੈਥੋਂ ਪੂਰੀ ਨਹੀਂ ਬੁਰੀ ਤਰ੍ਹਾਂ ਵੱਖਰੇ, ਬੰਦੇ ਨੂੰ ਵੀ ਇੰਝ ਕਹਿਣ ਲਈ ਮਜਬੂਰ ਕਰਦੀ ਏ।ਦੁਆ! ਤੇਰੀ ਅਤੇ ਤੇਰੀ ਸ਼ਾਇਰੀ ਦੀ ਲੰਮੀ, ਉਮਰ ਲਈ!”

ਇੱਥੋਂ ਤੱਕ ਕਿ ਉਹ ਪੁਰਸਕਾਰ ਮਿਲਣ ਉਪਰੰਤ ਖੁਸ਼ ਘੱਟ, ਭੈਅਭੀਤ ਜ਼ਿਆਦਾ ਹੁੰਦਾ ਹੈ।“ਹੁਣ ਇਹ ਫੇਰ ਬੋਲਣਗੇ ਕੁਝ ਇਹੋ ਜਿਹਾ”:

“ਸਾਨੂੰ ਪਤਾ ਜੇ ਇਹ ਇਨਾਮ-ਕਨਾਮ ਕਿਵੇਂ ਮਿਲਦੇ ਨੇ।ਅਹੀਂ ਵੀ ਲੈ ਸਕਦੇ ਜੇ, ਪਰ ਕਵਿਤਾ ਦਾ ਇਨਾਮਾਂ ਨਾਲ ਕੀ ਰਿਸ਼ਤਾ? ਸਾਰਤਰ ਨੇ ਤਾਹੀਓਂ ਨੋਬਲ ਨੂੰ ਵੀ ਠੁਕਰਾ ਦਿੱਤਾ ਹੀ।ਆਲੂਆਂ ਦੀ ਬੋਰੀ ਕਹਿ।”

ਕੋਈ ਕੁਝ ਪਿਆ ਕਹੇ, ਪਾਤਰ ਨੂੰ ਪੁਰਸਕਾਰ ‘ਮਿਲਦੇ’ ਹਨ ਉਹ ‘ਲੈਂਦਾ’ ਨਹੀਂ। ਜਿਵੇਂ ‘ਬਾਣੀਏ ਦਾ ਤੇਲ ਦੇ ਭੁਲਾਵੇਂ ਸ਼ਹਿਦ ਉਲਟਣ ਦਾ ਕਾਰਨ’ ਸਿਰਫ ਸਾਹਿਬਾਂ ਦਾ ਹੁਸਨ ਹੈ, ਹੋਰ ਕੁਝ ਨਹੀਂ।ਨਾਲੇ (ਮੈਂ ਉਸਦੀਆਂ ਸ਼ਾਮਾਂ ਤੱਕ ਦਾ ਮਹਿਰਮ ਹੋਣ ਕਾਰਨ, ਇਹ ਕਿਸੇ ਅਤਿ ਪਾਵਨ ਰਿਸ਼ਤੇ ’ਤੇ ਹੱਥ ਧਰ ਕੇ ਕਹਿ ਸਕਦਾ ਹਾਂ ਕਿ ਮੰਗਣਾਂ ਤਾਂ, ਮੁਹੱਬਤ ਤੋਂ ਸਿਵਾ , ਉਸ ਨੂੰ ਹੋਰ ਕੁਝ ਕਦੇ ਵੀ ਨਹੀਂ ਆਇਆ) ਵੱਧ ਤੋਂ ਵੱਧ, ਪਾਕਿਸਤਾਨ ਦੇ ਮਾਇਆਨਾਜ਼ ਅਤੇ ਸ਼ਰਮੀਲੇ ਹਾਕੀ ਖਿਡਾਰੀ ਹਸਨ ਸਰਦਾਰ (ਜਿਸਨੇ ਹਮੇਸ਼ਾਂ ਇਹ ਕਿਹਾ ਕਿ ਮੇਰੀ ਖੇਡ ਕਲਾ ਹੀ ਮੇਰੇ ਬਾਰੇ ਬੋਲੇਗੀ) ਵਾਂਗ ਅੱਖਾਂ ਝਮਕ ਕੇ ਆਖਦਾ ਹੈ ਕਿ ਮੇਰੀ ਸ਼ਾਇਰੀ ਹੀ ਮੇਰੀ ਸਭ ਕੁਝ ਹੀ ਹੈ।ਜਾਂ ਮੇਰੇ ਪਾਠਕ ਅਤੇ ਸਰੋਤੇ (ਸ਼ਾਇਦ ਇਹ ਉਨ੍ਹਾਂ ਬਹੁਤ ਹੀ ਘੱਟ ਕਵੀਆਂ ’ਚੋਂ ਹੈ ਜਿਨ੍ਹਾਂ ਨੂੰ ਦੋਨੋਂ ਪਾਠਕ ਅਤੇ ਸਰੋਤੇ ਇੱਕੋ ਸ਼ਿੱਦਤ ਨਾਲ ਸਰਾਹੁੰਦੇ ਹਨ।

ਕਵਿਤਾ-ਆਸ਼ਕਾਂ ਦੀ ਸਿਮਰਿਤੀ ਵਿੱਚ ਹਮੇਸ਼ਾਂ ਪਰੋਏ ਰਹਿਣਗੇ ਉਹ 1966-67 ਦੇ ਵਰ੍ਹੇ ਜਦੋਂ ਸੁਰਜੀਤ ਪਾਤਰ ਆਪਣੇ ਜੁੰਡੀ ਦੇ ਦੋਸਤਾਂ ਵੀਰ ਸਿੰਘ ਰੰਧਾਵੇ ਅਤੇ ਅਜਾਇਬ ਸਿੰਘ ਸੰਘੇ ਨਾਲ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਨ ਆਇਆ- ਖਾਮੋਸ਼, ਸ਼ਰਮੀਲਾ, ਨੀਵੀਆਂ ਨਜ਼ਰਾਂ ਨਾਲ ਤੁਰਨ ਵਾਲਾ। ਉਹ ਅਕਸਰ ਸੜਕਾਂ ਦੀ ਥਾਂ ਕੱਚੀਆਂ, ਟੇਢੀਆਂ, ਪੱਤਿਆਂ-ਢਕੀਆਂ ਪਗਡੰਡੀਆਂ ’ਤੇ ਪੈਰ ਜੇ ਘਸਰਾ ਕੇ ਤੁਰਦਾ-ਜਿਵੇਂ ਹੈਮਲਟ ਵਾਂਗੂੰ ਕੁਝ ਲੱਭ ਰਿਹਾ ਹੋਵੇ।ਗੁਣਗਾਹਕ ਤਾਂ ਸਮਝ ਗਏ ਸਨ ਕਿ ਇਹ ਗੁੰਮ ਸੁਮ ਜਿਹਾ ‘ਫੱਕਰ ਤਾਂ ਨਹੀਂ ਖਾਲੀ।”

ਆਪਣੀਆਂ ਵਿਭਾਗੀ-ਮਹਿਫ਼ਲਾਂ ਵਿੱਚ, ਕਦੇ-ਕਦੇ (ਬੇਸ਼ੱਕ ਮਿੰਨਤਾਂ ਜਿਹੀਆਂ ਕਰਵਾਕੇ) ਡਾ. ਹਰਿਭਜਨ ਦੇ ਗੀਤ ‘ਕੀ ਵੇ ਸੱਜਣ ਤਕਸੀਰ ਅਸਾਡੀ’ ਜਾਂ ‘ਸੱਜਣ ਮੈਨੂੰ ਕਿਣ-ਮਿਣ ਕਣੀਆਂ ਨਾ ਮਾਰ’ ਗਾਉਂਦਾ।ਫਿਰ ਇੱਕ ਦਿਨ ‘ਹੀਰੇ ਤੇ ਹੋਰ ਯਾਰਾਂ’ ਦੇ ਕਹਿਣ ’ਤੇ ਦੋ ਗੀਤਾਂ ਵਰਗੀਆਂ ਗ਼ਜ਼ਲਾਂ, ਜਿਨ੍ਹਾਂ ਦੇ ਕ੍ਰਮਵਾਰ ਮਤਲੇ ਸਨ:

“ਪੀਲੇ ਪੱਤਿਆਂ ’ਤੇ ਪੱਬ ਧਰਕੇ ਹਲਕੇ ਹਲਕੇ,
ਕੱਲ੍ਹ ਰਾਤ ਅਸੀਂ ਭਟਕੇ ਪੌਣਾਂ ਵਿੱਚ ਰਲਕੇ।”

ਅਤੇ
“ਕੋਈ ਡਾਲੀਆਂ ’ਚੋਂ ਲੰਘਿਆ ਹਵਾ ਬਣਕੇ
ਅਸੀ ਰਹਿਗੇ ਬਿਰਖ ਵਾਲੀ ਹਾਅ ਬਣਕੇ।”

ਇਨ੍ਹਾਂ ਦੇ ਦੋ ਸ਼ਿਅਰ (ਜੋ ਅੱਜ ਤੱਕ ਵੀ ਉਸ ਦੀ ਪਹਿਚਾਣ ਬਣੇ ਹੋਏ ਹਨ):

“ਇੱਕ ਕੈਦ ’ਚੋਂ ਦੂਜੀ ਕੈਦ ’ਚ ਪਹੁੰਚ ਗਈ
ਕੀ ਖੱਟਿਆ ਮਹਿੰਦੀ ਲਾਕੇ ਬਟਣਾ ਮਲ਼ਕੇ।”

ਅਤੇ
“ਜਦੋਂ ਮਿਲਿਆ ਸੀ ਹਾਣਦਾ ਸੀ ਸਾਂਵਰਾ ਜਿਹਾ
ਜਦੋਂ ਜੁਦਾ ਹੋਇਆ ਤੁਰ ਗਿਆ ਖ਼ੁਦਾ ਬਣਕੇ।”


ਯੂਨੀਵਰਸਿਟੀ ਦੀ ਫ਼ਿਜ਼ਾ ਵੀ ਗੁਣਗੁਣਾਉਣ ਲੱਗੀ। ਹੋਸਟਲਾਂ ਵਿੱਚ ‘ਰਾਂਝੇ ਦੇ ਨਿੱਕੇ ਵੱਡੇ ਭਰਾ’ ਸ਼ਾਮ ਪਈ ਤੋਂ ਜਾਮ ਅਤੇ ਨੈਣ ਛਲਕਾ ਛਲਕਾ ਇਹ ਗਾਉਂਦੇ। ਕੁੜੀਆਂ ਕੱਤਰੀਆਂ ਰੁਮਾਲਾਂ ’ਤੇ ਕੱਢ ਸਿਰ੍ਹਾਣਿਆਂ ਕੋਲ ਰਖਦੀਆਂ।ਫਿਰ ਉਹ ਵਿਦਾ ਹੋਇਆ ਇੱਕ ਮਾਝੇ ਦੇ ਕਾਲਜ ’ਚ (ਉੱਥੇ ਵੀ ਉਹ ‘ਗਿਆ’ ਨਹੀਂ, ‘ਬੁਲਾਇਆ’ ਗਿਆ)।ਪਹਿਲੇ ਵਰ੍ਹੇ ’ਚ ਹੀ ਅਜਿਹੀਆਂ ਛੇ ਨਜ਼ਮਾਂ- ‘ਘਰਰ ਘਰਰ’, ‘ਬੁੱਢੀ ਜਾਦੂਗਰਨੀ ਆਖਦੀ ਹੈ’, ‘ਕੰਧ ਦੀ ਜੀਭ’, ‘ਚੌਂਕ ਸ਼ਹੀਦਾਂ ’ਚ ਉਸਦਾ ਆਖਰੀ ਭਾਸ਼ਣ’, ‘ਹੁਣ ਘਰਾਂ ਨੂੰ ਪਰਤਣਾ ਮੁਸ਼ਕਲ ਬਹੁਤ ਹੈ’ ਅਤੇ ‘ਪੁਲ’ ਲਿਖੀਆਂ ਜਿਨ੍ਹਾਂ ਤੋਂ ਕੀਟਸ ਦੀਆਂ ‘ਛੇ ਮਹਾਨ ਓਡਜ’ ਯਾਦ ਆਉਂਦੀਆਂ ਹਨ ਅਤੇ ਉਨ੍ਹਾਂ ਵਾਂਗ ਇਨ੍ਹਾਂ ਦਾ ਪਾਤਰ ਦੀ ਕਵਿਤਾ ’ਚ ਹੀ ਨਹੀਂ, ਸਮੱੁਚੀ ਪੰਜਾਬੀ ਕਵਿਤਾ ’ਚ ਅੱਜ ਤੱਕ ਆਪਣਾ ਹੀ ਸਥਾਨ ਹੈ।ਇਸ ਤੋਂ ਬਾਅਦ ਜੋ ਹੋਇਆ ਉਹ ਸਾਹਿਤਕ ਤਵਾਰੀਖ਼ ਹੈ ਅਤੇ ਉਹ ਮੁਸੱਲਸਿਲ, ਚੁੱਪ ਚਾਪ ਆਪਣੀ ਮੰਜ਼ਿਲ ਵੱਲ ਵੱਧ ਰਿਹਾ ਹੈ।ਅੰਗਰੇਜ਼ੀ ਮੁਹਾਵਰੇ ਵਿੱਚ ਨਾ ਫੁੱਲਾਂ (Bouquets) ਦਾ ਚਾਅ ਨਾ ਪੱਥਰਾਂ (Bricks) (ਜੋ ਬਹੁਤ ਹੀ ਨਾ-ਮਾਤਰ ਹਨ) ਦਾ ਖ਼ੌਫ਼।

ਉਸਦੀਆਂ ਪੁਸਤਕਾਂ ਦੇ ਸਿਰਲੇਖ ਉਨ੍ਹਾਂ ਦੇ ਕੁਝ ਸ਼ਬਦੀ ਰੂਪਕ ਕਹੇ ਜਾ ਸਕਦੇ ਹਨ- ਸਾਰੇ ਪ੍ਰਤੀਕਆਤਮਕ ਬਿਰਖ ਅਰਜ਼ ਕਰੇ, ਹਵਾ ਵਿੱਚ ਲਿਖੇ ਹਰਫ਼, ਹਨੇਰੇ ’ਚ ਸੁਲਘਦੀ ਵਰਣਮਾਲਾ, ਲਫ਼ਜ਼ਾਂ ਦੀ ਦਰਗਾਹ ਅਤੇ ਸੁਰ-ਜ਼ਮੀਨ।

ਇੱਕ ਛੋਟੀ ਜਿਹੀ ਗੱਲ ਹੋਰ, ਗੁਲਜ਼ਾਰ ਵਾਂਗ ਵਾਰਤਕ ਵੀ ਉਹ ਫਿਕਰਿਆਂ ਵਿੱਚ ਨਹੀਂ, ਮਿਸਰਿਆਂ ’ਚ ਲਿਖਦਾ ਹੈ।ਜੇ ਸਬੂਤ ਚਾਹੁੰਦੇ ਹੋਵੋ ‘ਸੂਰਜ ਮੰਦਿਰ ਨੂੰ ਜਾਂਦੀਆਂ ਪਾਉੜੀਆਂ’ ਪੜ੍ਹਕੇ ਵੇਖ ਲਵੋ, ਜੇ ਪੜ੍ਹਦੇ ਪੜ੍ਹਦੇ ਗੁਣਗੁਣਾਉਣ ਨਾ ਲੱਗ ਜਾਵੋ।ਅੰਗਰੇਜ਼ੀ ਦਾ ਅਤਿ ਚਰਚਿਤ ਪਰ ਉਦਾਸਿਆ ਕਵੀ ਵਿਲੀਅਮ ਬੁੱਟਲਰ ਯੇਟਸ ਉਸਦਾ ਚਹੇਤਾ ਸ਼ਾਇਰ ਹੈ ਅਤੇ ਹੇਠ ਲਿਖਿਆ ਸ਼ਿਅਰ ਅਤਿ ਮਨ ਭਾਉਂਦਾ:

“ਤਰਕੇ ਤਾਅਲੁਕਾਤ ਪੇ ਰੋਇਆ ਤੂੰ ਨਾ ਮੈਂ,
ਲ਼ੇਕਿਨ ਯੇ ਕਯਾ ਕੇ ਚੈਨ ਸੇ ਸੋਇਆ ਤੂੰ ਨਾ ਮੈਂ।”


ਅਖੀਰ ’ਤੇ ਉਸਦੀ ਪ੍ਰਤੀਨਿੱਧ ਇੱਕ ਬਿੰਬ (image) ’ਚ ਗੁੰਦੀ ਕਵਿਤਾ ‘ਪੁਲ’ ਨੂੰ ਮੈਂ ਉਸਦੀ ਰਚਨਾ ਅਤੇ ਜੀਵਨ-ਜਾਚ ਦਾ ‘ਮੈਟਾਫਰ’ ਕਹਿਕੇ ਵਿਦਾਇਗੀ ਲੈਣ ਵਾਲਾ ਹਾਂ। . . .ਦਰਦਮੰਦਾਂ ਦੀ ਮਾਰਦੀ ਬਾਤ ਥੋੜੀ।

ਜਿਵੇਂ ‘ਇੱਕ’ ਨੇ ਤਾਂ ਆਪਣੇ ਆਪ ਨੂੰ ‘ਆਸ਼ਕ’ ਅਤੇ ਉਨ੍ਹਾਂ ਨੂੰ ‘ਆਕਲ’ ਕਹਿ ਗੱਲ ਮੁਕਾ ਵੀ ਦਿੱਤੀ ਅਤੇ ਸਮਝਾ ਵੀ; ਸੰਗਾਊ ਸੁਭਾਅ ਵਾਲੇ ‘ਦੂਜੇ’ ਨੇ ਆਦਤਨ ਅੱਖਾਂ ਝਮਕਾਕੇ-ਛਲਕਾਕੇ ਨਹੀਂ-ਕੁਝ ਇੰਝ ਮਹਿਸੂਸ ਕੀਤਾ: “ਸੰਜੋਗਾਂ ਵਾਂਗ ਸੁਭਾਅ ਅਤੇ ਰੋਲ ਵੀ ਆਪੋ ਆਪਣੇ ਹੁੰਦੇ ਹਨ ਅਤੇ ਧੁਰ ਦਰਗਾਹੋਂ ਲਿਖੇ ਜਾਂਦੇ ਹਨ।ਕੈਦੋਂ, ਅਯਾਗੋ (ੀੳਗੋ) ਨੇ ਤਾਂ ਹੀਰ, ਕੈਸੀਓ ਅਤੇ ਡੈਸਡੇਮੋਨਾ ਬਾਰੇ ਕਾਲਖਾਂ ਹੀ ਖਿਲਾਰਨੀਆਂ ਹਨ।ਜੋ ਸੋਹਣੀ ਦੀ ਨਣਦ ਦਾ ਰੋਲ ਅੱਧ-ਵਿਚਕਾਰ ਡੁਬਾਉਣਾ ਹੈ, ਲੁੱਢਣ ਮੱਲਾਹ ਦਾ ਕੰਢਿਆਂ ਤੱਕ ਪਾਰ ਲੰਘਾਉਣਾ।ਸਿਆਣੇ ਕਹਿੰਦੇ ਨੇ ਕਿ ਆਪਾਂ ਕਿਸੇ ਦਾ ਹੱਥ ਤਾਂ ਫੜ੍ਹ ਸਕਦੇ ਹਾਂ, ਜ਼ੁਬਾਨ ਨਹੀਂ।ਇਸ ਲਈ ‘ਭੋਗ ਲੈ ਮਨਾਂ ਚੁੱਪ ਕਰਕੇ. . .’ ਫੇਰ ਵੀ,

“ਦਿਲ ਹੀ ਤੋ ਹੈ ਨਾ ਸੰਗੋ ਖ਼ਿਸ਼ਤ, ਦਰਦ ਸੇ ਭਰ ਨਾ ਆਏ ਕਿਉਂ
ਰੋਏਂਗੇ ਹਮ ਹਜ਼ਾਰ ਬਾਰ, ਕੋਈ ਹਮੇਂ ਸਤਾਏ ਕਿਉਂ”


ਇਸ ਈਰਖਾ ਮਾਰੀ ਕਥਿੱਤ ਆਲੋਚਨਾ ਦੀ ਤੁਲਨਾ ਸਹਿਜੇ ਹੀ ਅਹਿਮਦ ਯਾਰ (ਮਹਾਰਾਜਾ ਰਣਜੀਤ ਸਿੰਘ ਕਾਲ ਦਾ ਕਿੱਸਾਕਾਰ) ਦੁਆਰਾ ਕੁਝ ਕਿੱਸਾਕਾਰਾਂ ਬਾਰੇ ਦਿੱਤੇ ਵਿਚਾਰਾਂ ਨਾਲ ਹੋ ਜਾਂਦੀ ਹੈ।ਕੋਈ ਰਿਆਇਤ ਨਹੀਂ ਨਾ ਕੋਈ ਵਿਰੋਧਤਾ-ਜੋ ਮਹਿਸੂਸਿਆ ਸੋ ਕਿਹਾ।ਸੁਣੋ ਕੁਝ ਕਿੱਸਾਕਾਰਾਂ ਬਾਰੇ ਵਿਚਾਰ:

“ਵਾਰਸ ਸ਼ਾਹ ਜੰਡਿਆਲੇ ਵਾਲਾ, ਕਿਸੇ ਨਾ ਹਟਕਿਆ ਹੜਿਆ
ਪਰ ਮੰਦਰਾਹੀ ਚੱਕੀ ਵਾਂਗੂੰ ਉਸ ਨਿੱਕ ਮੋਟਾ ਦੜਿਆ।”
“ਹਾਸ਼ਮ ਸੱਸੀ ਸੋਹਣੀ ਆਖੀ ਸੱਦ ਰਹਿਮਤ ਉਸਤਾਦੋਂ
ਪਰ ਦਿਲ ਵਿੱਚ ਵੱਡਾ ਤਾਜਅਬ ਆਵੇ, ਸ਼ੀਰੀ ਤੇ ਢਰਹਾਦੋਂ।”
ਖੁਸਰੋ ਸ਼ੀਰੀ ਦਾ ਜੋ ਕਿੱਸਾ, ਵਿੱਚ ਕਿਤਾਬਾਂ ਪੜ੍ਹਿਆ
ਹਾਸ਼ਮ ਹੋਰ ਤਰ੍ਹਾਂ ਕੁਝ ਲਿਖਿਆ, ਸਾਡੀ ਨਜ਼ਰ ਨਾ ਚੜ੍ਹਿਆ।


ਏਡੇ ਵੱਡੇ ਸ਼ਾਇਰਾਂ ਬਾਅਦ ਕੁਝ ਵੀ ਹੋਰ ਕਹਿਣਾਂ ਕੰਮਜ਼ਰਫ ਪੁਣਾ ਹੋਵੇਗਾ।ਇਸ ਲਈ ‘ਐਨੀ ਕੁ ਮੇਰੀ ਬਾਤ!’

ਸੰਪਰਕ: +91 98153 18755

Comments

abumiso

http://mewkid.net/buy-amoxicillin/ - Amoxicillin Without Prescription <a href="http://mewkid.net/buy-amoxicillin/">Amoxicillin 500 Mg</a> pyq.nbgz.suhisaver.org.qtk.rn http://mewkid.net/buy-amoxicillin/

olibujuqeweso

http://mewkid.net/buy-amoxicillin/ - Amoxicillin <a href="http://mewkid.net/buy-amoxicillin/">Amoxicillin</a> wif.ilrf.suhisaver.org.opl.oc http://mewkid.net/buy-amoxicillin/

EllMano

Levitra Generico Italia Disfunzione https://viacialisns.com/# - buy cialis with paypal Levitra Quanto Dura <a href=https://viacialisns.com/#>how to buy cialis</a> Tadalafil In Canada

penreli

cialis 20 ou acheter https://agenericcialise.com/ - Cialis cialis 20 pharmacie <a href=https://agenericcialise.com/#>buy cialis generic online</a> cialis 20 pharmacie en ligne

generic cialis

Composicion De Propecia Emaife https://bbuycialisss.com/# - Cialis payncsearync Cialis Kel Age escoto <a href=https://bbuycialisss.com/#>Cialis</a> bicUphociomi Indian Euromed Viagra

Nechani

<a href=https://prilig.sbs>priligy amazon uk</a> The 100 drug loading of these nanoparticles makes them specific systems to overcome the problem associated with delivery of poorly soluble drugs; in case of drugs that are poorly soluble in both water and organic solvents, nanocrystals are the proper solution Muller and Keck, 2004; Patravale and Kulkarni, 2004

Security Code (required)Can't read the image? click here to refresh.

Name (required)

Leave a comment... (required)

ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ