Mon, 26 February 2024
Your Visitor Number :-   6870124
SuhisaverSuhisaver Suhisaver

ਅਵਤਾਰ ਸਿੰਘ ਪਾਸ਼: ਉਸਦਾ ਯੁੱਗ, ਕਵਿਤਾ ਅਤੇ ਸਿਆਸਤ

Posted on:- 24-08-2015

suhisaver

-ਰਾਜੇਸ਼ ਤਿਆਗੀ, ਰਜਿੰਦਰ

ਯੁੱਧ ਤੋਂ ਬਚਣੇ ਦੀ ਲਾਲਸਾ ਨੇ
ਸਾਨੂੰ ਲਿਤਾੜ ਦਿੱਤਾ ਹੈ ਘੋੜਿਆਂ ਦੇ ਸੁੰਬਾਂ ਹੇਠ,
ਅਸੀਂ ਜਿਸ ਸ਼ਾਂਤੀ ਲਈ ਰੀਂਘਦੇ ਰਹੇ
ਉਹ ਸ਼ਾਂਤੀ ਬਘਿਆੜਾਂ ਦੇ ਜਬਾੜਿਆਂ ਵਿਚ
ਸਵਾਦ ਬਣ ਕੇ ਟਪਕਦੀ ਰਹੀ।


23 ਮਾਰਚ, 1988 ਨੂੰ ਉਹ ਅਵਾਜ਼ ਖਾਮੋਸ਼ ਹੋ ਗਈ, ਜਿਸ ਨੇ ਦੋ ਦਹਾਕੇ ਪੰਜਾਬੀ ਕਵਿਤਾ ਨੂੰ ਇੱਕ ਨਵਾਂ ਇਨਕਲਾਬੀ ਅਯਾਮ, ਇੱਕ ਨਵੀਂ ਜੁਝਾਰੂ ਵਿਧਾ ਦਿੱਤੀ। ਉਸਨੂੰ ਵਿਦਰੋਅ ਦੇ ਨਵੇਂ ਸੁਰਾਂ ਨਾਲ਼ ਦੁਬਾਰਾ ਲੈਸ ਕੀਤਾ। ਪਾਸ਼ ਨੂੰ ਖਾਲਿਸਤਾਨੀ ਫਾਸਿਸਟਾਂ ਨੇ ਗੋਲੀ ਮਾਰ ਦਿੱਤੀ। ਭਗਤ ਸਿੰਘ ਦੇ ਸ਼ਹੀਦੀ ਦਿਵਸ 'ਤੇ ਹੀ ਪਾਸ਼ ਵੀ ਸ਼ਹੀਦ ਹੋਇਆ।

ਪਾਸ਼ ਦੀ ਕਵਿਤਾ ਤੋਂ ਅਸੀਂ ਸਭ ਜਾਣੂੰ ਹਾਂ। ਪਰ ਪਾਸ਼ ਦੀ ਸਿਆਸਤ ਕੀ ਸੀ, ਜਿਸਨੂੰ ਉਸ ਦੀਆਂ ਕਵਿਤਾਵਾਂ ਨੇ ਪ੍ਰਗਟਾਵਾ ਦਿੱਤਾ? ਇਸ ਸਿਆਸਤ ਅਤੇ ਉਸਦੇ ਵਿਕਾਸਕ੍ਰਮ ਨੂੰ ਸਮਝੇ ਬਿਨਾਂ ਅਸੀਂ ਪਾਸ਼ ਅਤੇ ਉਸਦੀ ਕਵਿਤਾ ਨੂੰ ਪੜ੍ਹ ਤਾਂ ਸਕਦੇ ਹਾਂ, ਸਮਝ ਨਹੀਂ ਸਕਦੇ। ਕੀ ਮਹਿਜ਼ ਇਹ ਕਹਿ ਦੇਣ ਭਰ ਨਾਲ਼ ਕਿ ਪਾਸ਼ ਖੱਬੇਪੱਖੀ ਜਾਂ ਇਨਕਲਾਬੀ ਕਵੀ ਸਨ। ਪਾਸ਼ ਅਤੇ ਉਸਦੀ ਕਵਿਤਾ ਨੂੰ ਉਸਦੇ ਉਸ ਵਿਕਾਸ ਨੂੰ ਸਮਝਿਆ ਜਾ ਸਕਦਾ ਹੈ, ਜਿਸਨੇ ਪਾਸ਼ ਨੂੰ ਨਾ ਸਿਰਫ਼ ਪੂੰਜੀਵਾਦੀ ਸੱਤਾ ਅਤੇ ਫਾਸਿਸਟ ਖਾਲਿਸਤਾਨੀਆਂ, ਸਗੋਂ ਝੂਠੇ ਖਬੇਪਖੀਆਂ ਮੂਹਰੇ ਵੀ ਮੁੱਖ ਨਿਸ਼ਾਨੇ 'ਤੇ ਲਿਆ ਛੱਡਿਆ ਸੀ।

ਪਾਸ਼ ਨਾਲ਼ ਵੀ ਉਹੀ ਹੋਇਆ, ਜੋ ਭਗਤ ਸਿੰਘ ਨਾਲ਼ ਹੋਇਆ, ਜਿਹਨਾਂ ਲੋਕਾਂ ਨੇ ਉਸ ਦਾ ਵਿਰੋਧ ਕੀਤਾ, ਧਮਕੀਆਂ ਦਿੱਤੀਆਂ, ਉਹਨਾਂ ਨੂੰ ਕਿਨਾਰੇ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ, ਅਤੇ ਜਿਨ੍ਹਾਂ ਦਾ ਪਾਸ਼ ਨੇ ਜ਼ਿੰਦਗੀ ਭਰ ਵਿਰੋਧ ਕੀਤਾ, ਉਹੀ ਲੋਕ ਪਾਸ਼ ਦੀ ਸ਼ਹਾਦਤ ਮਗਰੋਂ ਉਸਦੇ ਪੋਸਟਰ ਲੈ ਕੇ ਸਭ ਤੋਂ ਮੂਹਰਲੀਆਂ ਕਤਾਰਾਂ 'ਚ ਖੜੇ ਹੋ ਗਏ, ਇਸ ਸ਼ਹਾਦਤ ਦਾ ਲਾਹਾ ਲੈਣ ਲਈ। ਭਗਤ ਸਿੰਘ ਦੀ ਹੀ ਤਰ੍ਹਾਂ ਪਾਸ਼ ਦੇ ਸਿਆਸੀ ਦੁਸ਼ਮਣ ਵੀ ਉਹਨਾਂ ਦੀ ਸਿਆਸਤ ਨੂੰ ਧੁੰਧਲਾਉਣ 'ਚ ਜੁਟੇ ਹਨ। ਕਹਿਣ ਦੀ ਲੋੜ ਨਹੀਂ ਕਿ ਭਗਤ ਸਿੰਘ ਅਤੇ ਪਾਸ਼ ਦੋਨਾਂ ਦੀ ਸਿਆਸਤ ਇੱਕ ਹੀ ਹੈ।

ਪਾਸ਼ ਦੇ ਲੇਖ ਅਤੇ ਚਿੱਠੀਆਂ, ਜਿਹਨਾਂ ਦਾ ਸਿਰਫ਼ ਇੱਕ ਹਿੱਸਾ ਹੀ ਬਚ ਸਕਿਆ ਹੈ, ਨਾ ਸਿਰਫ ਆਪਣੇ ਸਮੇਂ ਦੇ ਉਸ ਸਭ ਤੋਂ ਮਹਾਨ ਯੋਧਾ ਦੀ ਸਿਆਸਤ 'ਤੇ ਰੌਸ਼ਨੀ ਪਾਉਂਦੀਆਂ ਹਨ, ਸਗੋਂ ਉਸਦੇ ਵਿਰੋਧੀਆਂ, ਪਤੀਤ-ਖੱਬੇਪੱਖੀਆਂ ਦੇ ਕਾਰਨਾਮਿਆਂ, ਲਫ਼ਾਜੀ ਅਤੇ ਝੂਠੀ ਕ੍ਰਾਂਤੀਕਾਰੀਤਾ ਦੀ ਗਵਾਹੀ ਦਿੰਦੀਆਂ ਹਨ।

ਪਿਛਲੀ ਸਦੀ ਦੇ ਸੱਠ ਦੇ ਦਹਾਕੇ ਦੇ ਪਿਛਲੇ ਅੱਧ 'ਚ ਭਾਰਤੀ ਪੂੰਜੀਵਾਦ ਦੇ ਡੂੰਘੇ ਆਰਥਿਕ-ਸਿਆਸੀ ਸੰਕਟ ਦਰਮਿਆਨ ਕਿਰਤੀ ਲੋਕ ਵਿਦਰੋਅ ਵੱਲ ਮੁੜ ਰਹੇ ਸਨ, ਜਿਸਦੀ ਪਹਿਲੀ ਚਿੰਗਾਰੀ ਪੱਛਮੀ ਬੰਗਾਲ ਦੇ ਸੰਥਾਲ ਪਰਗਨਾ 'ਚ ਨਕਸਲਬਾੜੀ ਇਲਾਕੇ ਦੇ ਸੱਠ ਪਿੰਡਾਂ ਦੇ ਕਿਸਾਨ ਵਿਦਰੋਹ ਦੇ ਰੂਪ 'ਚ ਮੂਹਰੇ ਆਈ। ਇਸ ਕਿਸਾਨ ਸੰਘਰਸ਼ ਨੂੰ ਅਗਵਾਈ ਦੇਣ ਵਾਲ਼ੇ ਮਾਓਵਾਦੀਆਂ ਦੀ ਇੱਕ ਨਵੀਂ ਪੀੜੀ ਮੂਹਰੇ ਆਈ, ਜਿਸਨੇ ਦਹਾਕਿਆਂ ਤੋਂ ਗੋਡਿਆਂ ਦੇ ਭਾਰ ਰੀਂਗਦੇ ਹੋਏ ਸਤਾਲਿਨਵਾਂਦੀ ਸੰਸਦਵਾਦ ਨੂੰ ਚੁਣੌਤੀ ਦਿੱਤੀ ਅਤੇ ਖੁੱਲੇ ਸੰਘਰਸ਼ ਦਾ ਰਾਹ ਅਪਣਾਇਆ। ਦਹਾਕਿਆਂ ਤੋਂ ਸੰਸਦਵਾਦ ਦੇ ਦਮਘੋਟੂ ਮਾਹੌਲ 'ਚ ਦਮ ਤੋੜ ਰਹੀਆਂ ਸਤਾਲਿਨਵਾਂਦੀ ਪਾਰਟੀਆਂ ਅਤੇ ਆਗੂਆਂ 'ਤੇ ਬਿਜਲੀ ਡਿੱਗ ਪਈ ਅਤੇ ਸਭ ਤੋਂ ਇਮਾਨਦਾਰ ਅਤੇ ਜੁਝਾਰੂ ਨੌਜਵਾਨ 'ਨਕਸਾਲਬਾੜੀ ਸੰਗਰਾਮ' ਚੁਫ਼ੇਰੇ ਇੱਕਠੇ ਹੋਣ ਲੱਗੇ। ਮੁੱਖ ਰੂਪ ਨਾਲ਼, ਸਤਾਲਿਨਵਾਂਦ ਦੇ ਪੁਰਾਣੇ ਕਿਲੇ- ਪੱਛਮੀ ਬੰਗਾਲ ਅਤੇ ਕੇਰਲ 'ਚ ਕੇਂਦਰਿਤ ਇਸ ਕਿਸਾਨੀ ਵਿਦਰੋਅ ਦੀਆਂ ਗੂੰਜਾਂ ਪੰਜਾਬ 'ਚ ਵੀ ਪੁੱਜੀ, ਜਿੱਥੇ ਇਸਨੂੰ ਨੌਜਵਾਨਾਂ ਦਰਮਿਆਨ ਹਿਮਾਇਤ ਮਿਲੀ।

ਝੂਠ-ਮੂਠ ਹੀ, ਮਾਰਕਸ ਦਾ ਨਾਂ ਲੈਣ ਵਾਲ਼ੇ ਇਹਨਾਂ ਸੰਸਦੀ ਬਾਜ਼ੀਗਰਾਂ 'ਤੇ ਲਾਨਤ ਘੱਲਦੇ ਹੋਏ, ਪਾਸ਼ ਨੇ ਲਿਖਿਆ-

ਇਹ ਸ਼ਰਮਨਾਕ ਹਾਦਸਾ ਸਾਡੇ ਹੀ ਨਾਲ ਹੋਣਾ ਸੀ
ਕਿ ਦੁਨੀਆਂ ਦੇ ਸਭ ਤੋਂ ਪਵਿੱਤਰ ਹਰਫਾਂ ਨੇ
ਬਣ ਜਾਣਾ ਸੀ ਸਿਂਘਾਸਣ ਦੇ ਪੌਡੇ-
ਮਾਰਕਸ ਦਾ ਸ਼ੇਰ ਵਰਗਾ ਸਿਰ
ਦਿੱਲੀ ਦੀਆਂ ਭੂਲ-ਭੁਲਾਈਆਂ ਵਿਚ ਮਿਆਂਕਦਾ ਫਿਰਦਾ
ਅਸੀਂ ਹੀ ਤੱਕਣਾ ਸੀ
ਮੇਰੇ ਯਾਰੋ, ਇਹ ਕੁਫਰ ਸਾਡੇ ਹੀ ਸਮਿਆਂ ਚ ਹੋਣਾ ਸੀ


ਮਾਓਵਾਦੀਆਂ ਨੇ, ਸਤਾਲਿਨਵਾਂਦੀ ਸੰਸਦਵਾਦ ਨੂੰ ਚੁਣੌਤੀ ਤਾਂ ਜ਼ਰੂਰ ਦਿੱਤੀ ਪਰ ਉਹ ਸਤਾਲਿਨਵਾਂਦ ਦੀਆਂ ਬੁਨੀਆਦੀ ਪ੍ਰਸਥਾਪਨਾਵਾਂ ਤੋਂ ਖੁਦ ਨੂੰ ਵੱਖ ਕਰਨ 'ਚ ਨਾਕਾਮ ਰਹੇ ਅਤੇ ਉਸ ਨਾਲ਼ ਚਿਪਕੇ ਰਹੇ। ਸਮਾਜਵਾਦੀ ਇਨਕਲਾਬ ਤੋਂ ਪਹਿਲਾਂ ਅਤੇ ਉਸ ਤੋਂ ਵੱਖ ਇੱਕ 'ਜਮਹੂਰੀ ਇਨਕਲਾਬ' ਕਰਨ, ਸਨਅਤੀ ਮਜ਼ਦੂਰਾਂ ਵੱਲ ਪਿੱਠ ਫੇਰਨ ਅਤੇ ਭਾਰਤੀ ਬੁਰਜੁਆਜੀ 'ਚ ਇਨਕਲਾਬੀ ਹਿੱਸੇ ਤਲਾਸ਼ਣ ਦੀ ਉਹਨਾਂ ਦੀ ਜ਼ਿੱਦ ਨੇ, ਜਲਦੀ ਹੀ ਦੇਸ਼ ਭਰ 'ਚ ਉਠ ਰਹੇ ਕਿਸਾਨ ਵਿਦਰੋਆਂ ਦੀ ਲਹਿਰ ਨੂੰ ਠੰਡਾ ਕਰ ਦਿੱਤਾ।

ਪਾਸ਼ ਦਾ ਸਿਆਸੀ ਜਨਮ ਅਤੇ ਵਿਕਾਸ ਇਸੇ ਲਹਿਰ 'ਚ ਹੋਇਆ। ਸੰਘਰਸ਼ ਦੇ ਖਿੰਡ ਜਾਣ ਨਾਲ਼ ਕੁਝ ਲਕੀਰ ਦੇ ਫ਼ਕੀਰ 'ਚੀਨੀ ਰਸਤੇ' ਦਾ ਨਾਅਰਾ ਦਿੰਦੇ ਹੋਏ ਪੁਰਾਣੀ ਲੀਕ ਪੀਟਦੇ ਰਹੇ, ਕੁਝ ਨੱਸ ਖੜੇ ਹੋਏ, ਕੁਝ ਬੁਰਜੁਆ ਸੰਸਦਵਾਦ ਦੀ ਗੰਦੀ-ਖੇਡ ਲਈ ਕਾਹਲੇ ਹੋ ਉਠੇ, ਕੁਝ ਨੇ ਇਸ ਸੰਘਰਸ਼ ਨੂੰ ਵਪਾਰ ਦਾ ਮੰਚ ਬਣਾ ਲਿਆ ਅਤੇ ਤਰ੍ਹਾਂ-ਤਰ੍ਹਾਂ ਦੇ ਟਰਸਟਾਂ-ਪ੍ਰਕਾਸ਼ਨਾਂ ਦੇ ਨਾਂ 'ਤੇ ਮੰਡੀ ਲਗਾ ਦਿੱਤੀ।

ਇਹਨਾਂ ਸਭ ਤੋਂ ਵੱਖ, ਪਾਸ਼ ਨੇ, ਜੋ ਇਸ ਦੌਰਾਨ ਵਾਰੀ-ਵਾਰੀ ਸਤਾ ਦੇ ਜ਼ਬਰ ਦਾ ਨਿਸ਼ਾਨਾ ਬਣਦਾ ਰਿਹਾ, ਗੰਭੀਰ ਸਿਆਸੀ ਮਨਨ ਅਤੇ ਵਿਸ਼ਲੇਸ਼ਣ ਕੀਤਾ। ਉਸਦੇ ਦੋਸਤਾਂ ਦਾ ਕਹਿਣਾ ਹੈ ਕਿ ਉਹ ਘੰਟੇ ਬੱਧੀ ਕਿਤਾਬਾਂ 'ਚ ਡੁੱਬਿਆਂ ਰਹਿੰਦਾ, ਜਿਹਨਾਂ 'ਚੋਂ ਕੁਝ ਉਹ ਵਿਦੇਸ਼ ਤੋਂ ਮੰਗਵਾਉਂਦਾ ਸੀ। ਪਾਸ਼ ਉਹਨਾਂ ਵਿਰਲੇ ਕਮਿਉਨਿਸਟ ਆਗੂਆਂ 'ਚੋਂ ਇੱਕ ਸੀ, ਜਿਹਨਾਂ ਨੇ 'ਨਕਸਲਬਾੜੀ' ਦੇ ਕਿਸਾਨ ਸੰਘਰਸ਼ ਦੇ ਸਹੀ ਸਬਕ ਕੱਢੇ।

ਪਾਸ਼, ਜੋ ਨਕਸਲਬਾੜੀ ਦੇ ਦਿਨਾਂ ਤੋਂ ਹੀ, ਸਤਾਲਿਨਵਾਂਦੀ ਸੰਸਦਵਾਦ ਦਾ ਕਟੁ ਅਲੋਚਕ ਸੀ, ਹੁਣ ਮਾਓਵਾਦੀ 'ਚੀਨੀ ਰਸਤੇ' ਦੇ ਦੀਵਾਲੀਆਪਣ ਨੂੰ ਸਪਸ਼ਟ ਰੂਪ ਨਾਲ਼ ਵੇਖ ਰਿਹਾ ਸੀ। ਸੱਤਰ ਦੇ ਦਹਾਕੇ ਦੇ ਪਹਿਲੇ ਅੱਧ 'ਚ ਹੀ ਪਾਸ਼, ਅਕਤੂਬਰ ਇਨਕਲਾਬ ਦੇ ਸਹਾਇਕ ਆਗੂ ਲਿਆਂ ਤਰਾਤਸਕੀ ਅਤੇ ਉਸਦੇ 'ਸਥਾਈ ਇਨਕਲਾਬ' ਦੇ ਸਿਧਾਂਤ ਵੱਲ ਮੁੜਿਆ। ਇਸ ਫੈਸਲਾਕੁੰਨ ਮੌੜ ਨੇ, ਨਾ ਸਿਰਫ਼ ਪਾਸ਼ ਦੀ ਕਵਿਤਾ ਨੂੰ ਡੁੰਘਾਈ ਅਤੇ ਪਰਿਪਕਤਾ ਦਿੱਤੀ, ਸਗੋਂ ਉਸਦੀ ਸਿਆਸਤ ਨੂੰ ਇਨਕਲਾਬੀ ਧੁਰੀ ਵੀ ਦਿੱਤੀ।

ਪਾਸ਼ ਦੇ ਜੀਵਨ ਅਤੇ ਸਾਹਿਤ ਕਾਰਜ ਦੇ ਵਿਸ਼ੇ 'ਚ ਗੱਲ ਕਰਦੇ ਹੋਏ ਸਤਾਲਿਨਵਾਂਦੀ ਅਤੇ ਮਾਓਵਾਦੀ ਆਗੂ, ਉਸਦੇ ਜੀਵਨ ਦੇ ਇਸ ਪੂਰੇ ਮਹੱਤਵਪੂਰਨ ਅਧਿਆਏ 'ਤੇ ਪਰਦਾ ਪਾ ਦਿੰਦੇ ਹਨ। ਇਸ ਪਰਦਾਪੋਸ਼ੀ ਜ਼ਰੀਏ ਉਹ ਨੌਜਵਾਨਾਂ ਅਤੇ ਇਨਕਲਾਬੀ ਮਜ਼ਦੂਰ ਜਮਾਤ ਨੂੰ ਨਾ ਸਿਰਫ਼ ਪਾਸ਼ ਨੂੰ ਸਮਝਣ ਤੋਂ ਰੋਕ ਦਿੰਦੇ ਹਨ, ਸਗੋਂ ਉਸ ਇਨਕਲਾਬੀ ਰਾਹ ਨੂੰ ਵੀ ਧੁੰਦਲਾ ਦਿੰਦੇ ਹਨ, ਜੋ ਪਾਸ਼ ਨੇ ਫਡ਼ਿਆ ਅਤੇ ਜਿਸ 'ਤੇ ਉਹ ਆਪਣੀ ਸ਼ਹਾਦਤ ਤਕ ਡਟਿਆ ਰਿਹਾ।

ਪਾਸ਼ ਦੇ ਜੀਵਨਕਾਲ 'ਚ ਜੋ ਤਿੰਨ ਕਵਿਤਾ ਸੰਗ੍ਰਹਿ ਛਪੇ, ਉਸ 'ਚ 'ਉਡਦੇ ਬਾਜਾਂ ਮਗਰ' 1973 ਅਤੇ 'ਸਾਡੇ ਸਮਿਆਂ 'ਚ' 1978, 'ਤੇ ਉਸ ਇਨਕਲਾਬੀ ਵਿਰਾਸਤ ਦੀ ਛਾਪ ਸਪਸ਼ਟ ਦੇਖੀ ਜਾ ਸਕਦੀ ਹੈ, ਜਿਸਨੂੰ ਤਰਾਤਸਕੀ ਤੋਂ ਹਾਸਿਲ ਕਰਨ ਦਾ ਦਾਅਵਾ ਪਾਸ਼ ਨੇ ਵਾਰੀ-ਵਾਰੀ ਕੀਤਾ। 1970 'ਚ ਪ੍ਰਕਾਸ਼ਿਤ 'ਲੌਹ ਕਥਾ' ਤੱਕ ਅਜੇ ਪਾਸ਼ ਸਿਆਸੀ ਅਤੇ ਕਲਾਤਮਕ ਤੌਰ 'ਤੇ ਪੂਰੀ ਤਰ੍ਹਾਂ ਪਰਿਪਕ ਨਹੀਂ ਸੀ। ਉਸਦੀ ਮੌਤ ਮਗਰੋਂ ਪ੍ਰਕਾਸ਼ਿਤ 1981 'ਚ ਪ੍ਰਕਾਸ਼ਿਤ 'ਖਿਲਰੇ ਹੋਏ ਵਰਕੇ' ਉਸਦੇ ਲੇਖਾਂ ਅਤੇ ਚਿੱਠੀਆਂ ਦਾ ਸੰਗ੍ਰਹਿ ਹੈ। ਉਸਦੀਆਂ ਕਵਿਤਾਵਾਂ ਦਾ ਇੱਕ ਸੰਗ੍ਰਹਿ 1997 'ਚ ਲਾਹੌਰ ਤੋਂ ਪ੍ਰਕਾਸ਼ਿਤ ਹੋਇਆ।

ਲੀਕ ਨਾਲ਼ ਬੱਝੀ ਅਤੇ ਦਕੀਆਨੂਸ ਰਸਮੀ ਸਿੱਖਿਆ 'ਚ ਪਾਸ਼ ਦੀ ਰੂਚੀ ਵਿਕਸਿਤ ਨਹੀਂ ਹੋ ਸਕੀ ਅਤੇ ਉਹ ਮੁਸ਼ਕਿਲ ਨਾਲ਼ ਮੈਟ੍ਰਿਕ ਪਾਸ ਕਰਕੇ ਗਿਆਨੀ ਦਾ ਡਿਪਲੋਮਾ ਲੈ ਸਕੇ। ਪਰ ਅਕਤੂਬਰ ਇਨਕਲਾਬ ਅਤੇ ਉਸਦੇ ਆਗੂਆਂ, ਖਾਸ ਰੂਪ ਨਾਲ਼ ਲੈਨਿਨ ਅਤੇ ਤਰਾਤਸਕੀ ਨੇ ਪਾਸ਼ ਦੇ ਵਿਅਕਤੀਤਵ 'ਤੇ ਅਜਿਹੀ ਛਾਪ ਛੱਡੀ ਕਿ ਪਾਸ਼ ਦੀ ਕਵਿਤਾ 'ਚ ਮਜ਼ਦੂਰਾਂ ਅਤੇ ਕਿਰਤੀ ਲੋਕਾਂ ਦੀ ਆਤਮਾ ਬੋਲਣ ਲੱਗੀ। ਉਸ ਦੀ ਕਵਿਤਾ ਕਿੰਨੀਆਂ ਹੀ ਦੇਸ਼ੀ-ਵਿਦੇਸ਼ੀ ਭਾਸ਼ਾਵਾਂ 'ਚ ਪ੍ਰਕਾਸ਼ਿਤ ਹੁੰਦੀ ਰਹੀ ਅਤੇ ਉਹਨਾਂ ਨੂੰ ਕਿੰਨੇ ਹੀ ਇਨਾਮਾਂ ਨਾਲ਼ ਪੰਜਾਬ ਸਾਹਿਤ ਅਕਾਦਮੀ ਦਾ ਸਰਵਉੱਚ ਇਨਾਮ ਵੀ ਮਿਲਿਆ।

ਸਤਾਲਿਨਵਾਂਦ ਵਿਰੁਧ ਸੰਘਰਸ਼ 'ਚ, ਪਾਸ਼ ਦੁਆਰਾ ਲਿਆਂ ਤਰਾਤਸਕੀ ਵੱਲ ਮੁੜਨ ਅਤੇ ਉਸਦੀ ਖੁੱਲੀ ਹਿਮਾਇਤ ਕਰਨ ਦੇ ਨਾਲ਼ ਹੀ, ਸਤਾਲਿਨਵਾਂਦੀ ਆਗੂਆਂ ਨੇ ਪਾਸ਼ ਦੇ ਸਿਆਸੀ ਪਤਨ ਦਾ ਐਲਾਨ ਕਰ ਦਿੱਤਾ। ਪਾਸ਼ ਦੇ ਜੀਵਨ ਕਾਲ 'ਚ ਇਹਨਾਂ ਝੂਠੇ ਖਬੇਪਖੀਆਂ ਨੇ ਉਸਨੂੰ ਲਗਾਤਾਰ ਪਰੇਸ਼ਾਨ ਕੀਤਾ ਅਤੇ ਉਸਦੀ ਮੌਤ ਮਗਰੋਂ ਨੌਜਵਾਨ ਕਾਰਕੁੰਨਾਂ ਨੂੰ ਹਨੇਰੇ 'ਚ ਰੱਖ ਕੇ, ਇਹ ਦੁਰੰਗੇ ਆਗੂ, ਇੱਕ ਪਾਸੇ ਤਾਂ ਪਾਸ਼ ਦੀ ਸ਼ਹਾਦਤ 'ਤੇ ਆਪਣੀ ਉਸੇ ਬੋਗਸ ਸਿਆਸਤ ਦੀਆਂ ਰੋਟੀਆਂ ਸੇਕਦੇ ਰਹੇ ਜਿਸਦਾ ਪਾਸ਼ ਅੰਤਿਮ ਸਮੇਂ ਤਕ ਵਿਰੋਧੀ ਰਿਹਾ, ਅਤੇ ਦੂਜੇ ਪਾਸੇ ਦਬੀ ਜੁਬਾਨ ਨਾਲ਼ ਪਾਸ਼ ਦੇ ਸਿਆਸੀ-ਸਭਿਆਚਾਰਕ 'ਪਤਨ' ਦੇ ਐਲਾਨ ਕਰਦੇ ਰਹੇ।

ਨਾ ਸਿਰਫ਼ ਪਾਸ਼ ਦੀਆਂ ਚਿੱਠੀਆਂ ਅਤੇ ਲੇਖਾਂ ਨੂੰ, ਸਗੋਂ ਕਵਿਤਾਵਾਂ ਨੂੰ ਵੀ ਸਾਵਧਾਨੀ ਨਾਲ਼ ਚੁਣ-ਚੁਣ ਕੇ ਪ੍ਰਕਾਸ਼ਿਤ ਹੋਣ ਦਿੱਤਾ। ਉਹਨਾਂ ਕਵਿਤਾਵਾਂ ਨੂੰ, ਜਿਸ 'ਚ ਪਾਸ਼ ਨੇ ਉਹਨਾਂ ਝੂਠੇ ਸਤਾਲਿਨਵਾਂਦੀ ਆਗੂਆਂ ਨੂੰ ਨੰਗਾ ਕਰਕੇ ਰੱਖ ਦਿੱਤਾ ਸੀ, ਸਾਜਿਸ਼ਾਨਾ ਤਰੀਕੇ ਨਾਲ਼ ਗ਼ੈਰ-ਹਾਜਰ ਕਰ ਦਿੱਤਾ ਗਿਆ। ਆਪਣੀ ਕਵਿਤਾ 'ਕਾਮਰੇਡ ਨਾਲ਼ ਗਲਬਾਤ' 'ਚ ਪਾਸ਼ ਨੇ ਇਹਨਾਂ ਰੰਗੇ ਸਿਆਰਾਂ ਦਾ ਜਿਵੇਂ ਨਕਾਬ ਹੀ ਪਾੜ ਸੁੱਟਿਆ।
ਪਾਸ਼ ਨੇ ਲਿਖਿਆ-

ਤੇ ਸ਼ਬਦ ਸਟੇਟ ਵਿਚ ਦੋਹਾਂ ‘ਚੋਂ ਤੈਨੂੰ
ਕਿਹੜੀ ‘ਟ’ ਪਸੰਦ ਹੈ ਕਾਮਰੇਡ ?
ਅਫਲਾਤੂਨ ਦਾ ਗਣ ਰਾਜ
ਅਰਸਤੂ ਦਾ ਰਾਜ-ਧਰਮ
ਤੇ ਟ੍ਰਾਸਟਕੀ ਦੀ ਪੁੜਪੁੜੀ ‘ਚ ਖੁੱਭੀ ਕਾਮਿਨਟ੍ਰਨ ਦੀ ਕੁਹਾੜੀ
ਕਾਮਰੇਡ, ਤੈਨੂੰ ਤਿੰਨਾਂ ਦੀ ਕੋਈ ਸਕੀਰੀ ਦਿਸਦੀ ?
ਮਨੁੱਖ ਦਾ ਗਰਮ ਲਹੂ ਠੰਡੇ ਫਰਸ਼ ਤੇ ਫੈਲਣ ਨਾਲ. . . ?
ਤੇ ਨਸਲ ਵਿਚ ਸੁਧਾਰ ਦਾ ਬਹਾਨਾ
ਤੈਨੂੰ ਕਿਸ ਤਰ੍ਹਾਂ ਲਗਦਾ ਹੈ ਕਾਮਰੇਡ ?


19 ਜੁਲਾਈ 1974 ਨੂੰ ਆਪਣੇ ਮਿੱਤਰ ਸ਼ਮਸ਼ੇਰ ਸੰਧੂ ਨੂੰ ਇੱਕ ਖ਼ਤ 'ਚ ਪਾਸ਼ ਨੇ ਲਿਖਿਆ, “ਅੱਜ ਕੱਲ ਮੈਂ ਤਰਾਤਸਕੀ ਨੂੰ ਪੜ੍ਹ ਰਿਹਾ ਹਾਂ।  ਉਹਦੀ  ਸਵੈ-ਜੀਵਨੀ  ਵਲੈਤੋਂ  ਮੰਗਵਾਈ  ਹੈ  ਤੇ  1905  ਦੇ  ਅਸਫਲ ਇਨਕਲਾਬ ਬਾਰੇ ਉਹਦੇ ਲੇਖਾਂ ਦੀ ਕਿਤਾਬ ਮੈਨੂੰ ਭਗਵਾਨ ਤੋਂ ਮਿਲ ਗਈ ਸੀ। ਮੈਂ ਇਹਨਾਂ ਦੋਹਾਂ ਕਿਤਾਬਾਂ ਵਿਚੋਂ ਢੇਰ ਸਾਰਾ ਸਿੱਖਿਆ ਹੈ। ਛੇਤੀ ਹੀ ਮੈਂ  ਉਹਦੀਆਂ  ਬਾਕੀ  ਕਿਤਾਬਾਂ  ਵੀ  ਹਾਸਲ  ਕਰ  ਲਵਾਂਗਾ।  ਯਾਰ,  ਬੜੀ ਅਸਧਾਰਨ ਕਿਸਮ ਦੀ ਅਤੇ ਖੌਰੂ ਪਾਊ ਰੂਹ ਹੈ ਉਸਦੀ। ਉਸ ਤੋਂ ਬਾਦ ਮੈਂ ਲੈਨਿਨ ਨੂੰ ਇਕ ਵੱਢਿਓਂ ਸ਼ੁਰੂ ਕਰਾਂਗਾ ਮੈਂ ਅੱਗੇ ਉਸ ਨੂੰ ਵਿਕੋਲਿੱਤਰੇ ਰੂਪ ਵਿਚ ਅੱਧਾ ਕੁ ਪੜ੍ਹਿਆ ਹੈ-ਪਰ ਜਿਸ ਮੱਤ ਉਤੇ ਸਾਨੂੰ ਏਨੀਆਂ ਆਸਾਂ ਹੋਣ ਉਹਦੀ ਜਾਣਕਾਰੀ ਪੂਰੀ ਤਰ੍ਹਾਂ ਅਤੇ ਹਰ ਤਰ੍ਹਾਂ ਹੋਣੀ ਜ਼ਰੂਰੀ ਹੈ‘’’

ਨਕਲੀ ਖੱਬੇ ਪੱਖੀਆਂ ਦਾ ਮਜ਼ਾਕ ਉਡਾਉਂਦੇ ਅਤੇ ਨਾਲ਼ ਹੀ ਨੌਜਵਾਨਾਂ ਨੂੰ ਸੰਘਰਸ਼ ਲਈ ਲਲਕਾਰਦੇ ਹੋਏ, ਪਾਸ਼ ਨੇ ਲਿਖਿਆ:

ਏਥੇ ਤਾਂ ਪਤਾ ਨਹੀਂ ਕਦੋਂ ਆ ਧਮਕਣ
ਲਾਲ-ਪਗੜੀਆਂ ਵਾਲ਼ੇ ਆਲੋਚਕ
ਤੇ ਸ਼ੁਰੂ ਕਰ ਦੇਣ
ਕਵਿਤਾ ਦੀ ਦਾਦ ਦੇਣੀ


ਦਮਘੋਟੂ ਜੀਵਨ ਹਾਲਤਾਂ, ਜਿਹਨਾਂ ਨੂੰ ਪੂੰਜੀਵਾਦ ਨੇ ਕਿਰਤੀ ਲੋਕਾਂ ਲਈ ਰਚਿਆ ਸੀ, ਤੋਂ ਮੁਕਤੀ ਲਈ, ਵਿਅਕਤੀਗਤ ਯਤਨਾਂ ਦੀ ਵਿਅਰਥਤਾ ਨੂੰ ਰੇਖਾਂਕਿਤ ਕਰਦੇ ਅਤੇ ਇਨਕਲਾਬ ਨੂੰ ਇੱਕੋ-ਇੱਕ ਰਾਹ ਦੀ ਤੌਰ 'ਤੇ ਮੂਹਰੇ ਰੱਖਦੇ ਹੋਏ, ਪਾਸ਼ ਲਿਖਦਾ ਹੈ,

ਇਹ ਤਾਂ ਸਾਰੀ ਉਮਰ ਨਹੀਂ ਲੱਥਣਾ ਭੈਣਾਂ ਦੇ ਵਿਆਹਾਂ ਉਤੇ ਚੁੱਕਿਆ ਕਰਜ਼ਾ,
ਪੈਲੀਆਂ ਵਿਚ ਛਿੜਕੇ ਹੋਏ ਲਹੂ ਦਾ
ਹਰ ਕਤਰਾ ਵੀ ਇਕੱਠਾ ਕਰਕੇ
ਏਨਾ ਰੰਗ ਨਹੀਂ ਬਣਨਾ,
ਕਿ ਚਿੱਤਰ ਲਵਾਂਗੇ, ਇਕ ਸ਼ਾਂਤ
ਮੁਸਕਰਾਉਂਦੇ ਹੋਏ ਜਣੇ ਦਾ ਚਿਹਰਾ
ਅਤੇ ਹੋਰ
ਕਿ ਜ਼ਿੰਦਗੀ ਦੀਆਂ ਪੂਰੀਆਂ ਰਾਤਾਂ ਵੀ ਗਿਣੀਆਂ ਚੱਲੀਏ
ਤਾਰਿਆਂ ਦੀ ਗਿਣਤੀ ਨਹੀਂ ਹੋਣੀ
ਕਿਉਂ ਕਿ ਨਹੀਂ ਹੋ ਸਕਣਾ ਇਹ ਸਭ


20 ਮਈ 1970 ਨੂੰ ਪਾਸ਼ ਪਹਿਲੀ ਵਾਰੀ ਗ੍ਰਿਫ਼ਤਾਰ ਹੋਏ, ਉਹਨਾਂ ਨੂੰ ਕਤਲ ਦੇ ਮੁਕਦਮੇ 'ਚ ਫਸਾਇਆ ਗਿਆ। ਜੇਲ੍ਹ 'ਚ ਰਹਿੰਦੇ ਲਿਖਦੇ ਰਹੇ ਅਤੇ ਲਗਭਗ ਇਕ ਵਰੇ ਮਗਰੋਂ ਬਾਹਰ ਆਉਂਦੇ ਹੀ ਫਿਰ ਸੰਘਰਸ਼ 'ਚ ਜੁਟ ਗਏ, ਇਸੇ ਸਮੇਂ ਉਹ ਤਰਾਤਸਕੀ ਵੱਲ ਝੁਕ ਰਹੇ ਸਨ।

1971 'ਚ ਹੀ ਮਾਰਕਸਵਾਦੀ ਸਿਆਸਤ ਬਾਰੇ ਆਪਣੀ ਪਰਿਪਕਤਾ ਨੂੰ ਬਿੰਬਿਤ ਕਰਦੇ, ਇੰਗਲੈਂਡ 'ਚ ਰਹਿ ਰਹੇ, ਆਪਣੇ ਮਿੱਤਰ ਮੁਸ਼ਤਾਕ ਨੂੰ 29 ਜੁਲਾਈ 1971 ਨੂੰ ਲਿਖੇ ਆਪਣੇ ਖ਼ਤ 'ਚ ਪਾਸ਼ ਨੇ ਲਿਖਿਆ “ਜਥੇਬੰਦੀ ਬਾਰੇ ਤਰਾਤਸਕੀ ਦੀ ਸਮਝ ਬਾਰੇ ਤੇਰੇ ਵਿਚਾਰ ਪ੍ਰਮਾਣੀਕ ਨਹੀਂ ਹਨ- ਉਸ ਨੂੰ ਪਾਰਟੀ ਤੋਂ ਭੱਜਣ ਵਾਲਾ ਯੋਧਾ ਕਹਿ ਕੇ ਸਮਝਿਆ ਨਹੀਂ ਜਾ ਸਕਦਾ-ਇਹ ਤੱਤ ਉਸ ਨੂੰ ਦੂਜੀ ਸੰਸਾਰ ਜੰਗ ਬਾਰੇ ਪ੍ਰੋਲੇਤਾਰੀ ਦੇ ਰੋਲ, ਸਾਮਰਾਜਵਾਦ ਅਤੇ ਨਾਜ਼ੀਵਾਦ ਬਾਰੇ ਉਸ ਦੀ ਸਮਝ, ਪਰਮਾਨੈਂਟ ਰੈਵੋਲੂਸ਼ਨ ਦਾ ਸਿਧਾਂਤ  ਆਦਿ ਵਿਲੱਖਣਤਾਵਾਂ ਨਾਲ ਜੋੜ ਕੇ ਵੇਖਣਾ ਚਾਹੀਦਾ ਹੈ। ਸਤਾਲਿਨ ਦਾ ਉਸ ਸਬੰਧੀ ਵਤੀਰਾ ਤੇ ਉਸ ਦੇ ਨੁਕਸਾਂ ਨੂੰ ਤੂੰ ਠੀਕ ਸਮਝ ਸਕਿਆ ਏਂ।”

1972 'ਚ ਪਾਸ਼ ਵਿਦਿਆਰਥੀ ਅੰਦੋਲਨ ਦੌਰਾਨ ਫਿਰ ਗ੍ਰਿਫ਼ਤਾਰ ਹੋਇਆ। ਅੰਦੋਲਨ ਦੀ ਮੁਖ ਸੰਚਾਲਕ ਸ਼ਕਤੀ ਦੱਸ ਕੇ ਉਸ ਨੂੰ ਸੂਬੇ ਭਰ 'ਚ ਦੰਗਾ ਅਤੇ ਅਵਿਵਸਥਾ ਫੈਲਾਉਣ ਲਈ ਜੇਲ੍ਹ 'ਚ ਰੱਖਿਆ ਗਿਆ। 1974 'ਚ ਉਸਨੂੰ ਰੇਲਵੇ ਮਜ਼ੂਦਰਾਂ ਦੀ ਹੜਤਾਲ ਦੌਰਾਨ ਜੇਲ 'ਚ ਸੁੱਟਿਆ ਗਿਆ ਅਤੇ ਫਿਰ ਐਂਮਰਜੇਂਸੀ ਦੌਰਾਨ ਉਹ ਜੇਲ੍ਹ 'ਚ ਰਹੇ।

1973 'ਚ ਪਾਸ਼ ਨੇ ਨਕਸਲਬਾੜੀ ਦੇ ਦੌਰ ਦੇ ਸਾਥੀਆਂ ਨਾਲ਼ ਮਿਲ ਕੇ ਪੰਜਾਬੀ ਸਾਹਿਤਕ ਮੈਗਜ਼ੀਨ 'ਰੋਹਲੇ ਬਾਣ' ਕੱਢੀ ਪਰ ਸਾਹਿਤ ਅਤੇ ਕਲਾ ਦੇ ਸਵਾਲ 'ਤੇ ਇਹਨਾਂ ਸਾਥੀਆਂ ਦੀ ਪਛੜੀ ਸਮਝ ਦੇ ਚਲਦੇ ਪਾਸ਼ ਇਸ ਤੋਂ ਵੱਖ ਹੋ ਗਏ, ਦਰਅਸਲ ਪਾਸ਼ ਇੱਥੇ ਮਾਓਵਾਦੀਆਂ ਦੇ 'ਮਜ਼ਦੂਰ ਸਭਿਆਚਾਰ' ਦੇ ਵਿਚਾਰ ਨਾਲ਼ ਪਰੇਸ਼ਾਨ ਸਨ ਅਤੇ ਤਰਾਸਤਕੀ ਦੇ ਕਲਾ-ਸਾਹਿਤ ਸਬੰਧੀ ਵਿਚਾਰਾਂ ਦੀ ਹਮਾਇਤ ਕਰ ਰਹੇ ਸਨ। 1974 'ਚ ਪਾਸ਼ ਨੇ ਸਮਾਨ ਵਿਚਾਰਾਂ ਵਾਲ਼ੇ ਨੌਜਵਾਨ ਸਾਥੀਆਂ ਨੂੰ ਲੈ ਕੇ 'ਸਿਆੜ' ਪੰਜਾਬੀ ਸਾਹਿਤਕ ਮੈਗਜ਼ੀਨ ਕੱਢੀ, ਜੋ ਸਾਧਨਾਂ ਦੀ ਕਮੀ ਦੇ ਚਲਦੇ ਜਲਦੀ ਹੀ ਬੰਦ ਹੋ ਗਈ। ਇਹੀ ਅਗਲੀ ਮੈਗਜ਼ੀਨ 'ਹੋਕਾ' ਦੇ ਨਾਂ ਨਾਲ਼ ਛਪੀ।

ਸਤਾਲਿਨਵਾਂਦੀ ਆਗੂਆਂ ਨੂੰ ਜਿਵੇਂ ਹੀ ਪਤਾ ਲੱਗਿਆ ਕਿ ਪਾਸ਼ ਤਰਾਤਸਕੀ ਵੱਲ ਮੁੜ ਰਿਹਾ ਹੈ ਅਤੇ ਉਸਨੂੰ ਸੰਜੀਦਗੀ ਨਾਲ਼ ਪੜ•ਨ 'ਚ ਰੁਝਿਆ ਹੈ, ਉਹਨਾਂ ਨੇ ਪਾਸ਼ ਨੂੰ ਇਸ ਤੋਂ ਪਰੇ ਕਰਨ ਲਈ, ਸਾਜਿਸ਼ ਦੇ ਤਹਿਤ, ਉਸਨੂੰ ਭੂਮੀਗਤ ਹੋਣ ਦੇ ਨਿਰਦੇਸ਼ ਦਿੱਤੇ, ਪਰ ਪਾਸ਼ ਨੇ, ਜੋ ਹੁਣ ਤਰਾਤਸਕੀ ਤੋਂ ਇਨਕਲਾਬ ਦੀ ਯੰਤਰਿਕੀ ਨੂੰ ਸਿੱਖ ਸਮਝ ਰਿਹਾ ਸੀ, ਭੂਮੀਗਤ ਹੋਣ ਤੋਂ ਸਪਸ਼ਟ ਇਨਕਾਰ ਕਰ ਦਿੱਤਾ। ਹਾਰ ਕੇ ਇਹਨਾਂ ਆਗੂਆਂ ਨੇ ਪਾਸ਼ ਨੂੰ ਸਿੱਧੇ ਧਮਕਾਣਾ ਸ਼ੁਰੂ ਕੀਤਾ, ਸਾਡੇ ਸਮਿਆ 'ਚ ਦੇ ਪਹਿਲੇ ਸੰਸਕਰਨ ਦੀ ਅਣਛਪੀ ਭੂਮਿਕਾ 'ਚ ਪਾਸ਼ ਲਿਖਦੇ ਹਨ, “ਰਿਹਾ ਹੋਣ ਤੋਂ ਕੁਝ ਦਿਨ ਬਾਦ ਮੇਰੇ ਕੋਲ ਦੋ ਗੁਪਤਵਾਸ ਕਾਮਰੇਡ ਆਏ ਤੇ ਮੈਨੂੰ ਫ਼ੌਰਨ ਅੰਡਰਗਰਾਉਂਡ ਹੋਣ ਦਾ ਆਦੇਸ਼ ਦਿੱਤਾ। ਮੇਰੇ ਨਾਂਹ ਕਰਨ ਤੇ ਧਮਕੀ ਦਿੱਤੀ ਕਿ ਮੇਰੇ ਖ਼ਿਲਾਫ਼ ਪਾਰਟੀ ਵੱਲੋਂ ਪ੍ਰਚਾਰ ਕੀਤਾ ਜਾਵੇਗਾ ਕਿ ਮੈਂ ਇਨਕਲਾਬੀ ਨਹੀਂ-ਅਤੇ ਫੇਰ ਮੇਰੀ ਕਵਿਤਾ ਦੀ ਵਾਹ ਵਾਹ ਹੋਣੋਂ ਹੱਟ ਜਾਊਗੀ। ਇਸ ਘਟਨਾ ਤੋਂ ਬਾਦ ਮੈਂ ਸੋਚਿਆ, 'ਮਨਾਂ, ਜੇ ਤੇਰੀ ਕਵਿਤਾ ਇਸ ਪਾਰਟੀ ਦੇ ਰਹਿਮ ’ਤੇ ਹੀ ਹੈ ਤਾਂ ਸਵਾਹ ਲਿਖਦਾ ਏਂ ਤੂੰ'।”

ਪਾਸ਼ ਨੇ ਅੱਗੇ ਲਿਖਿਆ, “ਪਰ ਆਪਣੀ ਵਿਚਾਰਧਾਰਾ ਤੇ ਭਾਰਤੀ ਕਮਿਊਨਿਸਟ ਪ੍ਰੈਕਟਿਸ ਦੀਆਂ ਅੰਦਰੂਨੀ ਗੁੰਝਲਾਂ 'ਚੋਂ ਮੈਂ ਓਦੋਂ ਹੀ ਨਿਕਲ ਸਕਿਆ ਜਦ ਲਿਆਂ ਤਰਾਤਸਕੀ ਨੂੰ ਪੜ੍ਹਨਾ ਸ਼ੁਰੂ ਕੀਤਾ। ਜਿਵੇਂ ਜਿਵੇਂ  ਤਰਾਤਸਕੀ ਦੇ ਵਿਚਾਰ ਪੜ੍ਹ, ਅਜੋਕੇ ਅੰਤਰ-ਰਾਸ਼ਟਰੀ ਕਮਿਊਨਿਸਟ ਸੰਘਰਸ਼ਾਂ ਅਤੇ ਸਮਾਜਵਾਦ ਮੁਖੀ ਸਾਹਿਤ ਦੀਆਂ ਸਮੱਸਿਆਵਾਂ ਦੇ ਆਧਾਰ ਅਤੇ ਕਾਰਣ ਸਪੱਸ਼ਟ ਹੁੰਦੇ ਗਏ। ਮੇਰੇ ਅੰਦਰੋਂ ਆਪਣਿਆਂ ਪ੍ਰਤੀ ਖਿਝ ਘਟਦੀ ਗਈ, ਹਮਦਰਦੀ ਵਧਦੀ ਗਈ। ਜੇ ਮੈਂ ਓਦੋਂ ਕਾਮਰੇਡਾਂ ਦੇ ਆਖੇ ਲੱਗ ਕੇ ਅੰਡਰਗਰਾਉਂਡ ਹੋ ਜਾਂਦਾ ਤਾ ਸ਼ਾਇਦ ਬੜ੍ਹਕਾਂ ਮਾਰ ਮਾਰ ਖੋਖਲੀ ਕਵਿਤਾ ਲਿਖਣਾ ਮੇਰੀ ਹੋਣੀ ਬਣ ਜਾਂਦੀ। ਤੇ ਜੇ ਤਰਾਤਸਕੀ ਨੂੰ ਨਾ ਪੜ੍ਹਦਾ ਤਾਂ ਸ਼ਾਇਦ ਹੁਣ ਤੱਕ ਕਮਿਊਨਿਸਟ ਵਿਰੋਧੀ ਕਵੀ ਹੋ ਨਿਬੜਦਾ।

ਹੁਣ ਮੈਂ ਜੋ ਵੀ ਹਾਂ ਮੈਨੂੰ ਆਪਣੇ ਬੀਤੇ ਤੇ ਬਹੁਤਾ ਅਫ਼ਸੋਸ ਨਹੀਂ ਹੈ। ਇਸ ਪੱਚੀ ਵਰਿਆਂ ਦੀ ਉਮਰ ਵਿਚ ਸਮਰੱਥਾ ਨੇ ਵੱਧ ਤੋਂ ਵੱਧ ਏਨਾ ਹੀ ਕਮਾ ਸਕਣਾ ਸੀ।”
 
25 ਅਗਸਤ 1974 ਨੂੰ ਆਪਣੀ ਡਾਇਰੀ 'ਚ ਪਾਸ਼ ਨੇ ਲਿਖਿਆ, ''ਹੁਣੇ-ਹੁਣੇ ਮੈਂ ਤਰਾਤਸਕੀ ਦੀ ਪੁਸਤਕ 'ਸਟਾਲਿਨਲਿਸਟ ਸਕੂਲ ਆਫ ਫਾਲਸੀਫਿਕੇਸ਼ਨ' ਖ਼ਤਮ ਕੀਤੀ ਹੈ।

ਆਪਣੇ ਲੇਖ ''ਤਰਾਤਸਕੀ ਦੇ ਵਿਸ਼ੇ 'ਚ'' ਪਾਸ਼ ਨੇ ਲਿਖਿਆ, “ਤਰਾਤਸਕੀ ਸੰਬੰਧੀ ਮੇਰੀ ਟਿੱਪਣੀ ਦੇ ਪ੍ਰਤੀਕਰਮ ਵਿਚ ਚੌਂਹ ਜਣਿਆਂ ਨੇ ਆਪਣੇ ਵਿਚਾਰ ਪ੍ਰਗਟਾਏ ਹਨ। ਜਿਨ੍ਹਾਂ ਵਿਚੋਂ ਤਿੰਨ ਜਣਿਆਂ ਨੇ ਨਿਰੋਲ ਵਿਚਾਰਧਾਰਕ ਖ਼ੇਤਰ ਦੀ ਬਹਿਸ ਲਈ ਕੋਸ਼ਿਸ਼ ਕੀਤੀ ਹੈ ਅਤੇ ਚੌਥੇ ਨੇ ਤਰਾਤਸਕੀ ਦੇ ਬਹਾਨੇ ਨਾਲ ਮੈਨੂੰ ਵਿਅਕਤੀਗਤ ਤੌਰ ਤੇ ਭੰਡਣ, ਗਾਹਲਾਂ ਕੱਢਣ ਲਈ ਦਾਅ ਲਾਇਆ ਹੈ। ਇਹ ਸੁਖਦੀਪ ਕੌਣ ਹੈ ਤੇ ਇਸ ਨੂੰ ਸੂਡੋ ਨਾਂ ਥੱਲੇ ਲਿਖਣ ਦੀ ਲੋੜ ਕਿਉਂ ਪਈ? ਸੂਡੋ ਨਾਂ ਥੱਲੇ ਕੇਵਲ ਓਦੋਂ ਹੀ ਲਿਖਿਆ ਜਾਂਦਾ ਹੈ ਕਿ ਲਿਖਣ ਵਾਲਾ ਅੰਡਰਗਰਾਊਂਡ ਹੋਵੇ ਅਤੇ ਬਹਿਸ general ਹੋਵੇ। ਪਰ ਜਦੋਂ ਕਿਸੇ ਵਿਅਕਤੀ ਨੂੰ ਘਟੀਆ ਕੈਰੀਅਰਵਾਦੀ ਭਗੌੜਾ ਗਰਦਾਨਣ ਅਤੇ ਬਿਜਲੀ ਝਟਕੇ ਲਾਉਣ ਦੀ ਨੌਬਤ ਹੋਵੇ ਤਾਂ ਮਖੌਟਾ ਪਾਕੇ ਲਿਖਣਾ ਗ਼ਲਤ ਵੀ ਹੈ ਤੇ ਬੌਧਕ ਜੁਰਮ ਵੀ। ਮੈਂ ਵੀ ਤਰਾਤਸਕੀਵਾਦ ਬਾਰੇ ਆਪਣੇ ਵਿਚਾਰਾਂ ਨੂੰ ਕਿਸੇ ਸੂਡੋ ਨਾਂ ਥੱਲੇ ਛਪਵਾ ਕੇ ਆਪਣੇ person ਨੂੰ ਬਹਿਸ ਚੋਂ ਬੇਲਾਗ ਰੱਖ ਸਕਦਾ ਸੀ ਪਰ ਮੈਨੂੰ ਆਪਣੇ ਵਿਚਾਰਾਂ ਦੀ ਸੱਚਾਈ ਉਤੇ ਯਕੀਨ ਹੈ ਅਤੇ ਉਨ੍ਹਾਂ ਨੂੰ ਖੁੱਲੇ ਪ੍ਰਵਾਨ ਕਰਨ ਤੋਂ ਮੈਨੂੰ ਕੋਈ ਝਿਜਕ ਨਹੀਂ ਹੈ। ਸੋ ਮੈਂ ਅਜਿਹਾ ਨਹੀਂ ਕੀਤਾ।”
 
ਪਾਸ਼ ਅੱਗੇ ਲਿਖਦੇ ਹਨ, “ਇਸ ਵਿਅਕਤੀ ਨੇ ਅਤੇ ਸ੍ਰੀ ਪ੍ਰੇਮ ਸਿੰਘ ਨੇ ਇਹ ਕੋਸ਼ਿਸ਼ ਕੀਤੀ ਹੈ ਕਿ ਤਰਾਤਸਕੀ ਦੇ ਹੱਕ ਵਿਚ ਮੇਰੀਆਂ ਪੇਸ਼ ਕੀਤੀਆਂ ਲੈਨਿਨ ਦੀਆਂ ਟੂਕਾਂ ਦੇ ਮੁਕਾਬਲੇ ਵਿਚ ਲੈਨਿਨ ਦੀਆਂ ਉਸ ਦੇ ਖ਼ਿਲਾਫ਼ ਟੂਕਾਂ ਪੇਸ਼ ਕਰਕੇ ਸੱਚ ਨੂੰ neutralise ਕਰ ਦੇਈਏ। ਦਰਅਸਲ ਇਹ ਕੋਈ ਉਸਾਰੂ ਬਹਿਸ ਦਾ ਢੰਗ ਨਹੀਂ ਹੈ। ਇਸ ਤਰ੍ਹਾਂ ਮੈਂ ਹੋਰ ਸੈਂਕੜੇ ਟੂਕਾਂ ਲੈਨਿਨ ਦੀਆਂ ਲਿਖਤਾਂ ਚੋਂ ਤਰਾਤਸਕੀ ਦੇ ਹੱਕ ਵਿਚ ਪੇਸ਼ ਕਰ ਸਕਦਾ ਹਾਂ ਤੇ ਇਹ ਵਿਰੋਧ ਚ ਪੇਸ਼ ਕਰ ਸਕਦੇ ਹਨ। ਇੰਜ ਕੋਈ ਸਿੱਟਾ ਕੱਢਣਾ ਅਸੰਭਵ ਹੈ। ਲੈਨਿਨ ਤੇ ਤਰਾਤਸਕੀ ਰੂਸ ਦੀ ਇਨਕਲਾਬੀ ਜੰਗ ਵਿਚ ਇਕ ਦੂਏ ਦੇ ਨਜ਼ਦੀਕੀ ਵੀ ਰਹੇ ਹਨ ਅਤੇ ਵਿਰੋਧੀ ਵੀ। ਜਦੋਂ ਤਰਾਤਸਕੀ ਬਾਰੇ ਲੈਨਿਨ ਦੀਆਂ ਟੂਕਾਂ ਪੇਸ਼ ਕੀਤੀਆਂ ਸਨ ਤਾਂ ਇਸ ਭਾਵ ਨਾਲ ਨਹੀਂ. ਸਾਡੇ ਕਮਿਊਨਿਸਟ ਕਾਡਰ ਦੀ ਅਨਪੜ•ਤਾ ਦਾ ਇਹਾ ਆਲਮ ਹੈ ਕਿ ਮਾਓ ਜ਼ੇ ਤੁੰਗ ਨੂੰ ਪੜ੍ਹ ਅਤੇ ਸਮਝੇ ਬਿਨਾਂ ਉਸ ਦੀ ਪੂਜਾ ਕੀਤੀ ਜਾ ਸਕਦੀ ਹੈ, ਪਾਰਟੀ ਵਫ਼ਾਦਾਰੀ ,ਪਾਰਟੀ ਹਿੱਤਾਂ ਦੇ ਨਾਂ ਤੇ ਹਾਕਮਾਂ ਨਾਲ ਸਮਝੋਤੇ, ਲੂਣ ਦੀ ਤਲੀ ਨੂੰ ਮਿਸ਼ਰੀ ਕਰਕੇ ਜਾਣਿਆ ਜਾ ਸਕਦਾ ਹੈ ਅਤੇ ਹੱਕ ਵਿਚ ਦਲੀਲ਼ਬਾਜ਼ੀ ਕੀਤੀ ਜਾ ਸਕਦੀ ਹੈ। ਸਤਾਲਿਨ ਦੇ ਜ਼ੁਲਮਾਂ ਨੂੰ ਹਾਲਾਤ ਦੀ ਮਜਬੂਰੀ ਤੇ ਹਾਲਾਤ ਦੀ ਮੰਗ ਕਹਿਕੇ justify ਕੀਤਾ ਜਾ ਸਕਦਾ ਹੈ। ਜਦ ਕਿਸੇ ਵੀ ਵਿਅਕਤੀ ਜਾਂ ਵਿਚਾਰ ਦੇ ਹੱਕ ਵਿਚ ਜਾਂ ਖ਼ਿਲਾਫ਼ ਜਦੋਂ ਚਾਹੋ ਢੋਲ ਵਜਾਏ ਜਾ ਸਕਦੇ ਹਨ ਅਤੇ ਲੜਾਕੀਆਂ ਸਫ਼ਾਂ ਦੀ ਬਾਜ਼ੀ ਪਵਾ ਪਵਾ ਕੇ ਨਚਾਇਆ ਜਾ ਸਕਦਾ। ਸਾਡੀ ਸੂਝ ਦੀ ਨਹੀਂ, ਸਾਡੇ ਜਜ਼ਬਾਤਾ ਦੀ ਸਿਖਲਾਈ ਕੀਤੀ ਜਾਂਦੀ ਰਹੀ ਹੈ। ਸਤਾਲਿਨ ਪ੍ਰਤੀ ਸ਼ਰਧਾ ਤੇ ਉਸ ਤੇ ਜ਼ਰਾ ਕੁ ਉਂਗਲ ਰੱਖੇ ਜਾਣ ਉਤੇ ਤੜਪ ਉਠਣ ਦਾ ਵਤੀਰਾ ਵੀ ਇਸੇ ਵੇਗ ਦੀ ਉਪਜ ਹੈ। ਏਥੇ ਦੋਵੇਂ ਗੱਲਾਂ ਕੰਮ ਕਰਦੀਆਂ ਹਨ। ਸਾਡੀ ਅਨਪੜ•ਤਾ ਅਤੇ ਚੇਤਨਾ ਦਾ ਜਜ਼ਬਾਤੀ ਆਧਾਰ ਸਤਾਲਿਨ ਨਾਲ ਸਾਡੀ ਇਕ ਜਜ਼ਬਾਤੀ ਸਾਂਝ ਬਣਾ ਦਿਤੀ ਗਈ ਹੈ। ਜਜ਼ਬੇ ਦਲੀਲਾਂ ਨੂੰ ਹੱਕਦੇ ਅਤੇ ਇਤਹਾਸ ਦੀ justification ਕਰਦੇ ਆ ਰਹੇ ਹਨ। ਹਾਲੇ ਅਸੀਂ ਆਮ ਭਾਰਤੀ ਕਮਿਊਨਿਸਟ ਅਗਿਆਨਤਾ ਦੇ ਅੰਧਕਾਰ ਦੇ ਯੁੱਗ ਵਿਚੋਂ ਲੰਘ ਰਹੇ ਹਾਂ। ਕੇਵਲ ਗਿਆਨ ਹੀ ਸਾਨੂੰ ਮੁਕਤ ਕਰਾ ਸਕਦਾ ਹੈ।”

'ਜ਼ਮੀਨੀ ਕੰਮ' ਦੇ ਨਾਂ 'ਤੇ ਡੂੰਘੇ ਅਧਿਐਨ ਅਤੇ ਵਿਸ਼ਲੇਸ਼ਣ ਪ੍ਰਤੀ ਨਾਕਾਰਾਤਮਕ ਰਵਇਆ ਰੱਖਣ ਵਾਲ਼ੇ ਸਤਾਲਿਨ-ਮਾਓ ਦੇ ਚੇਲਿਆਂ ਦੀ ਅਲੋਚਨਾ ਕਰਦੇ ਹੋਏ, ਪਾਸ਼ ਕਹਿੰਦੇ ਹਨ- '' ਅਜਿਹਾ ਰੁਝਾਨ ਸਥਾਪਤ ਕੀਤਾ ਗਿਆ ਹੈ ਕਿ ਕਿਤਾਬੀ ਗਿਆਨ ਨੂੰ ਨਫ਼ਰਤ ਦੀ ਨਿਗਾਹ ਨਾਲ ਦੇਖਿਆ ਜਾਂਦਾ ਹੈ ਅਤੇ ਅਮਲ ਨੂੰ ਸਭ ਰੋਗਾਂ ਦਾ ਦਾਰੂ ਸਮਝਿਆ ਜਾਂਦਾ ਹੈ''

ਲੇਖ ਦੇ ਅੰਤ 'ਚ ਪਾਸ਼ ਲਿਖਦੇ ਹਨ ਕਿ “ਇਸ ਨਾਲ ਇਹ ਸਿੱਧ ਹੋ ਜਾਂਦਾ ਹੈ ਕਿ ਲੈਨਿਨ ਸਦਾ ਤਰਾਤਸਕੀ ਦੇ ਪੱਖ ਵਿਚ ਰਿਹਾ ਹੈ ਅਤੇ ਇਹ ਗੱਲ ਤਰਾਤਸਕੀ ਨੂੰ ਮਜ਼ਬੂਤ ਕਰਦੀ ਹੈ। ਨਹੀਂ, ਮੇਰੀ ਮਨਸ਼ਾ ਸੀ ਕਿ ਤਰਾਤਸਕੀ ਨੂੰ ਹਾਲੇ ਤੱਕ ਅਸੀਂ ਕਿਸੇ ਭੱਬੂ ਵਾਂਗ ਤ੍ਰਬਕ ਕੇ ਦੇਖਦੇ ਰਹੇ ਹਾਂ ਜਦ ਕਿ ਮਹਾਨ ਲੈਨਿਨ ਉਸ ਨੂੰ ਇਸ ਤਰ੍ਹਾਂ ਨਫ਼ਰਤ ਨਹੀਂ ਕਰਦਾ ਸੀ, ਤੇ ਉਨ੍ਹਾਂ ਟੂਕਾਂ ਦੀ ਮਹੱਤਤਾ ਇਸ ਲਈ ਵੀ ਵੱਧ ਹੈ ਕਿ ਉਹ ਉਮਰ ਭਰ ਦੇ ਬਹੁਮੁਖੀ ਘੋਲ ਤੋਂ ਬਾਦ ਲੈਨਿਨ ਦੇ ਅੰਤ ਸਮੇਂ ਦੀ ਵਸੀਅਤ ਵਿਚੋਂ ਟੂਕਾਂ ਹਨ ਜੋ ਸਤਾਲਿਨ ਦੇ ਖ਼ਿਲਾਫ਼ ਅਤੇ ਤਰਾਤਸਕੀ ਦੇ ਹੱਕ ਵਿਚ ਜਾਂਦੀਆਂ ਹਨ।”

ਪਾਸ਼ ਲਗਾਤਾਰ ਸਰਕਾਰੀ ਜ਼ਬਰ ਦਾ ਸ਼ਿਕਾਰ ਹੁੰਦੇ ਰਹੇ, ਝੂਠੇ ਮੁਕਦਮਿਆਂ 'ਚ ਫਸਾਏ ਜਾਂਦੇ ਰਹੇ, ਵਾਰੀ-ਵਾਰੀ ਜੇਲ੍ਹ ਗਏ, ਪਰ ਝੂਠੇ ਖਬੇਪੱਖੀ ਆਗੂਆਂ ਨੇ ਪਾਸ਼ ਨੂੰ ਭਗੋੜਾ ਅਤੇ ਗਦਾਰ ਕਹਿ ਕੇ ਕਿਨਾਰੇ ਲਗਾਉਣ 'ਚ ਕੋਈ ਕਸਰ ਨਹੀਂ ਛੱਡੀ। ਲੰਦਨ ਸਥਿਤ, ਪਾਸ਼ ਦੇ ਦੋਸਤ ਭਾਰਤ ਭੂਸ਼ਨ ਜੀ ਨੇ ਦਸਿਆ ਕਿ ਪਾਸ਼ ਦੀ ਮੌਤ ਮਗਰੋਂ ਉਹਨਾਂ ਦੇ ਪਿਤਾ ਕੋਲ਼ ਪਾਸ਼ ਦੇ ਲੇਖਾਂ, ਚਿੱਠੀਆਂ ਦਾ ਜੋ ਸੰਗ੍ਰਿਹ ਸੀ, ਉਸਦੇ ਬਹੁਤ ਹਿੱਸੇ ਲੋਕ ਇਹ ਕਹਿ ਕੇ ਲੈ ਗਏ ਕਿ ਉਹਨਾਂ ਨੇ ਪਾਸ ਉਪਰ ਲਿਖਣਾ ਹੈ, ਪਰ ਮਗਰੋਂ ਉਹ ਸਮਗਰੀ ਕਦੇ ਵਾਪਸ ਨਾ ਮੁੜੀ।

ਪੰਜਾਬ ਦੇ ਖਾਲਿਸਤਾਨੀ ਉਗਰਵਾਦ ਦੇ ਦੌਰ 'ਚ 'ਪਾਸ਼' ਦਰਅਸਲ ਤਿਹਰਾ ਸੰਘਰਸ਼ ਕਰ ਰਹੇ ਸਨ, ਇੱਕ ਪਾਸੇ ਪੂੰਜੀਵਾਦੀ ਸੱਤਾ, ਦੂਜੇ ਪਾਸੇ ਖਾਲਿਸਤਾਨੀ ਅਤੇ ਤੀਜੇ ਪਾਸੇ ਸਤਾਲਿਨਵਾਂਦੀ ਕਮਿਉਨਿਸਟਾਂ ਨਾਲ਼ ਉਹ ਜੂਝ ਰਹੇ ਸਨ, ਜਿਸ 'ਚ ਕਵਿਤਾ ਹੀ ਉਹਨਾਂ ਦਾ ਹਥਿਆਰ ਸੀ।

ਇਹੀ ਉਹ ਦੌਰ ਸੀ ਜਦੋਂ ਖਾਲਿਸਤਾਨੀਆਂ ਅੱਗੇ ਅੱਡੀਆਂ ਰਗੜਦੇ, ਮਾਓਵਾਦੀ, ਪੰਜਾਬ ਦੀਆਂ ਕੰਧਾਂ 'ਤੇ 'ਕਾਮਰੇਡ ਭਿੰਡਰਾਵਾਲਾ ਜਿੰਦਾਬਾਦ' ਦੇ ਨਾਅਰੇ ਲਿਖੇ ਰਹੇ ਸਨ ਅਤੇ ਸਤਾਲਿਨਵਾਂਦੀ ਆਗੂ ਖਾਲਿਸਤਾਨੀਆਂ ਨਾਲ਼ ਲੜਨ ਦਾ ਸਵਾਂਗ ਕਰਦੇ, ਲਸੰਸੀ ਬਦੂੰਕਾਂ ਸਹਾਰੇ ਆਪਣਾ ਸਿਰ ਬਚਾਉਣ 'ਚ ਜੁਟੇ ਸਨ, ਠੀਕ ਇਸ ਵਕਤ ਪਾਸ਼ ਤ੍ਰਿਕੋਣੀ ਸੰਘਰਸ਼ 'ਚ ਜੁਟਿਆ ਸੀ ਅਤੇ ਨੌਜਵਾਨ ਕਮਿਉਨਿਸਟ ਕਾਰਕੁੰਨਾਂ ਨੂੰ ਖੁਦ ਨੂੰ ਇਨਕਲਾਬੀ ਸਿਧਾਂਤ ਨਾਲ਼ ਜੋੜਨ ਲਈ ਲਲਕਾਰ ਰਿਹਾ ਸੀ।

ਖਾਲਿਸਤਾਨੀ ਅੱਤਵਾਦੀਆਂ ਵਿਰੁੱਧ, ਨਿਡਰ, ਬੋਖੌਫ਼ ਸੰਘਰਸ਼ 'ਚ ਜੁਟੇ, ਪਾਸ਼ ਉਸੇ ਉਤਸਾਹ ਨਾਲ਼ ਦਿੱਲੀ ਦੀ ਪੂੰਜੀਵਾਦੀ ਸੱਤਾ ਨਾਲ਼ ਵੀ ਜੂਝ ਰਹੇ ਸਨ। ਖਾਲਿਸਤਾਨੀ ਫਾਸਿਸਟਾਂ ਦੀ ਨੱਕ ਹੇਠ, ਉਹਨਾਂ ਦੀ ਕੜੀ ਨਿੰਦਾ ਕਰਦੇ, ਪਾਸ਼ ਨੇ ਨਿਡਰਤਾ ਨਾਲ਼ ਲਿਖਿਆ, ''ਅੱਜ ਦੇ ਪੰਜਾਬ ਵਿਚ ਘੈਂਕਰੇ ਹੋਏ ਖ਼ਾਲਿਸਤਾਨੀ ਗਰੋਹ ਪਿਛੋਕੜ ਤੇ ਵਿਰਸੇ ਵਜੋਂ ਹਿਟਲਰ ਤੇ ਉਹਦੀ ਫ਼ਾਸ਼ੀ ਪਾਰਟੀ ਨਾਲ ਜ਼ਰੂਰ ਰਲਦੇ ਹਨ, ਪਰ "ਖ਼ਲਕ ਮਹਿ ਖ਼ਾਲਕ" (ਲੋਕਾਂ ਵਿਚ ਰੱਬ) ਦੇਖਣ ਵਾਲੇ ਮਹਾਨ ਸਿੱਖ ਗੁਰੂਆਂ ਨਾਲ ਇਨ੍ਹਾਂ ਦਾ ਉੱਕਾ ਹੀ ਕੋਈ ਸਰੋਕਾਰ ਨਹੀਂ।'' ਉਸਨੇ ਅੱਗੇ ਕਿਹਾ, ''ਪੂਰੇ ਪੰਜਾਬ ਦੇ ਇਤਿਹਾਸ ਵਿਚ ਇਹ ਕਦੀ ਨਹੀਂ ਹੋਇਆ ਕਿ ਆਪਣੇ ਆਪ ਨੂੰ ਰਾਜ ਵਿਰੁੱਧ ਬਾਗ਼ੀ ਕਹਿਣ ਵਾਲੀ ਧਿਰ ਨੇ ਕਦੀ ਇੱਕ ਵਾਰ ਵੀ ਨਿਹੱਥੀ ਲੋਕਾਈ ਦਾ ਖ਼ੂਨ ਡੋਹਲਿਆਂ ਹੋਵੇ। ਜਾਂ ਅਸਹਿਮਤ ਲੋਕਾਂ ਉੱਤੇ ਵਾਰ ਕੀਤਾ ਹੋਵੇ ਜੋ ਰਾਜ ਮਸ਼ੀਨਰੀ ਦਾ ਅੰਗ ਨਾ ਹੋਣ।''

ਖਾਲਿਸਤਾਨੀ ਦਹਿਸ਼ਤਗਰਦੀ ਨੂੰ ਇੰਦਰਾ ਗਾਂਧੀ ਦੀ ਅਗਵਾਈ ਵਾਲ਼ੀ ਕੇਂਦਰ ਸਰਕਾਰ ਦੀ ਸਾਜਿਸ਼ ਦਸਦੇ ਹੋਏ, ਪਾਸ਼ ਨੇ ਕਿਹਾ, “ਅਪਰਾਧੀ ਹੈ, ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਦਾ ਵਿਗੜਿਆ ਹੋਇਆ ਸੋਚ ਪ੍ਰਬੰਧ ਜਿਸ ਨੇ "ਗ਼ਰੀਬੀ ਹਟਾਓ", "ਸਮਾਜਵਾਦ ਲਿਆਓ", "ਗ਼ਰੀਬ ਮੁਲਕਾਂ ਨੂੰ ਢਾਓ" ਆਦ ਨਾਹਰਿਆਂ ਦਾ ਹੀਜ ਪਿਆਜ਼ ਖੁੱਲਦਾ ਤੇ ਅਸਰ ਮੁੱਕਦਾ ਦੇਖ ਕੇ ਚੋਣਾਂ ਜਿੱਤਣ ਲਈ ਨਵਾਂ ਢੰਗ ਇਹ ਅਪਣਾ ਲਿਆ ”
 
ਇੰਦਰਾ ਗਾਂਧੀ, ਆਖਰਕਾਰ ਆਪਣੇ ਹੀ ਪੁੱਟੇ ਖੱਡੇ 'ਚ ਜਾ ਡਿੱਗੀ। ਖਾਲਿਸਤਾਨੀ ਉਗਰਵਾਦੀਆਂ ਦੁਆਰਾ ਇੰਦਰਾ ਗਾਂਧੀ ਦੇ ਕਤਲ 'ਤੇ ਪਾਸ਼ ਨੇ ਲਿਖਿਆ:

ਮੈਂ ਉਮਰ ਭਰ ਉਸ ਦੇ ਖ਼ਿਲਾਫ਼ ਸੋਚਿਆ ਅਤੇ ਲਿਖਿਆ
ਜੇ ਉਸ ਦੇ ਸੋਗ ਵਿਚ ਸਾਰਾ ਹੀ ਦੇਸ਼ ਸ਼ਾਮਿਲ ਹੈ
ਤਾਂ ਇਸ ਦੇਸ਼ ਚੋਂ ਮੇਰਾ ਨਾਮ ਕੱਟ ਦੇਵੋ
(ਬੇਦਖਲੀ ਲਈ ਬਿਨੈ-ਪਤਰ ਵਿਚੋਂ)


ਇਸ ਤ੍ਰਿਕੋਣ ਵਿਰੁਧ, ਇਨਕਲਾਬੀ ਸੰਘਰਸ਼ ਲਈ ਨੌਜਵਾਨ ਪੀੜੀਆਂ ਨੂੰ ਲਲਕਾਰਦੇ, ਪਾਸ਼ ਨੇ ਲਿਖਿਆ:

ਹੱਥ ਜੇ ਹੋਣ ਤਾਂ
ਜੋੜਨ ਲਈ ਹੀ ਨਹੀਂ ਹੁੰਦੇ
ਨਾ ਦੁਸ਼ਮਣ ਸਾਹਮਣੇ ਚੁੱਕਣ ਨੂੰ ਹੀ ਹੁੰਦੇ ਹਨ
ਇਹ ਗਿੱਚੀਆਂ ਮਰੋੜਨ ਲਈ ਵੀ ਹੁੰਦੇ ਹਨ
ਹੱਥ ਜੇ ਹੋਣ ਤਾਂ
ਹੀਰ ਦੇ ਹੱਥੋਂ ਚੂਰੀ ਫੜਨ ਲਈ ਹੀ ਨਹੀਂ ਹੁੰਦੇ
ਸੈਦੇ ਦੀ ਜਨੇਤ ਡੱਕਣ ਲਈ ਵੀ ਹੁੰਦੇ ਹਨ
ਕੈਦੋਂ ਦੀ ਵੱਖੀਆਂ ਤੋੜਨ ਲਈ ਵੀ ਹੁੰਦੇ ਹਨ
ਹੱਥ ਕਿਰਤ ਕਰਨ ਲਈ ਹੀ ਨਹੀਂ ਹੁੰਦੇ
ਲੋਟੂ ਹੱਥਾਂ ਨੂੰ ਤੋੜਨ ਲਈ ਵੀ ਹੁੰਦੇ ਹਨ....ਲੈਨਿਨ, ਤਰਾਤਸਕੀ, ਰੋਜ਼ਾ ਵਰਗੇ ਉਹਨਾਂ ਸਾਰੇ ਇਕਨਲਾਬੀਆਂ ਵਾਂਗ, ਜਿਹਨਾਂ ਦੇ ਪੈਰ-ਚਿੰਨ੍ਹ ਪਾਸ਼ ਦਾ ਰਾਹ ਦਰਸਾਵਾਂ ਕਰ ਰਹੇ ਸਨ, ਪਾਸ਼ ਵੀ ਜ਼ਿੰਦਗੀ ਨੂੰ ਚੁਣੌਤੀ ਦੇ ਰਿਹਾ ਸੀ। ਪਾਸ ਨੇ ਲਿਖਿਆ

ਜੀਣ ਦਾ ਇਕ ਹੋਰ ਵੀ ਢੰਗ ਹੁੰਦਾ ਹੈ
ਭਰੇ ਟਰੈਫਿਕ ਵਿਚ ਚੌਫ਼ਾਲ ਲਿਟ ਜਾਣਾ
ਅਤੇ ਸਲਿਪ ਕਰ ਦੇਣਾ
ਵਕਤ ਦਾ ਬੋਝਲ ਪਹੀਆ…


ਬਹੁਤ ਪਹਿਲਾਂ ਹੀ ਪਾਸ਼ ਨੇ ਮੌਤ ਦੇ ਆਪਣੇ ਢੰਗ ਦੀ ਚੌਣ ਕਰ ਲਈ ਸੀ। ਮੌਤ ਦੀਆਂ ਅੱਖਾਂ 'ਚ ਅੱਖਾਂ ਪਾ ਕੇ, ਪਾਸ਼ ਨੇ ਚੁਣੌਤੀਪੂਰਨ ਸੁਰ 'ਚ ਕਿਹਾ:

ਮਰਨ ਦਾ ਇਕ ਹੋਰ ਵੀ ਢੰਗ ਹੁੰਦਾ ਹੈ
ਮੌਤ ਦੇ ਚਿਹਰੇ ਤੋਂ ਚੁੱਕ ਦੇਣਾ ਨਕਾਬ
ਅਤੇ ਜ਼ਿੰਦਗੀ ਦੀ ਚਾਰ ਸੀ ਵੀਹ ਨੂੰ
ਸ਼ਰੇਆਮ ਬੇ-ਪਰਦ ਕਰ ਦੇਣਾ


ਪਾਸ਼ ਇਸੇ ਤਰ੍ਹਾਂ ਜੀਵਿਆ ਅਤੇ ਮਰਿਆ। ਆਪਣੀਆਂ ਸ਼ਰਤਾਂ 'ਤੇ। ਜ਼ਿੰਦਗੀ ਅਤੇ ਮੌਤ ਦੋਨਾਂ ਨੂੰ ਜਿਵੇਂ ਵਸ਼ 'ਚ ਕਰ ਲਿਆ ਹੋਵੇ।

ਪਾਸ਼ ਦੀ ਮੌਤ ਮਗਰੋਂ ਵੀ ਉਸਦੇ ਕਈ ਸਾਥੀਆਂ ਨੇ ਪਾਸ਼ ਦੀ ਸਿਆਸੀ ਵਿਰਾਸਤ ਨੂੰ ਅੱਗੇ ਵਧਾਇਆ, ਨਿਬੰਧ ਲੇਖਕ ਅਤੇ ਕਵੀ ਸਾਥੀ ਅਮਰਜੀਤ ਚੰਦਨ ਅਤੇ ਸਤੀ ਕੁਮਾਰ ਵਰਗੇ ਲੋਕ ਇਸ ਕੰਮ 'ਚ ਜੁਟੇ ਰਹੇ। ਪਾਸ਼ ਅਤੇ ਉਸਦੇ ਗੁਰੂ ਤਰਾਤਸਕੀ ਲਈ, ਇਨਕਲਾਬ-ਵਿਰੋਧੀ ਸਤਾਲਿਨਵਾਂਦੀ ਆਗੂਆਂ ਦੇ ਦਿਲ-ਦਿਮਾਗ 'ਚ ਜੋ ਨਫ਼ਰਤ ਦਾ ਜ਼ਹਿਰ ਭਰਿਆ ਸੀ, ਉਸਦਾ ਇੱਕ ਉਦਾਹਰਨ ਤਦ ਮਿਲਿਆ ਜਦੋਂ ਇੱਕ ਸੰਮੇਲਨ 'ਚ ਬ੍ਰਿਟੇਨ 'ਚ ਸਤਾਲਿਨਵਾਂਦੀ ਕਮਿਉਨਿਸਟ ਪਾਰਟੀ ਦੇ ਪਤੀਤ ਕਾਰਿੰਦੇ ਹਰਪਾਲ ਬਰਾੜ ਨੇ ਪਾਸ਼ ਦੇ ਸਾਥੀ ਅਮਰਜੀਤ ਚੰਦਨ ਨੂੰ ਪਾਸ਼ ਦਾ ਹਿਮਾਇਤੀ ਹੋਣ ਲਈ ਥੱਪੜ ਮਾਰ ਦਿੱਤਾ। ਇਹ ਹਰਪਾਲ ਬਰਾੜ, ਪੰਜਾਬ ਦੇ ਮੁੱਖਮੰਤਰੀ ਅਤੇ ਦੱਖਣਪੰਥੀ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਦੇ ਭਰਾ ਗੁਰਦਾਸ ਬਾਦਲ ਦਾ ਸੱਕਾ ਸਾਲਾ ਹੈ ਅਤੇ ਬ੍ਰਿਟੇਨ 'ਚ ਕੱਪੜੇ ਦਾ ਵੱਡਾ ਵਪਾਰੀ ਅਤੇ ਅਰਬਾਂ ਦੀ ਸੰਪਤੀ ਦਾ ਮਾਲਕ ਵੀ। ਇਹ ਤਰਾਤਸਕੀ ਦਾ ਕੱਟੜ ਵਿਰੋਧੀ ਹੈ ਅਤੇ ਸਾਮਰਾਜਾਵਾਦੀ ਤੰਤਰ ਨਾਲ਼ ਜੁੜੇ ਗਰੋਵਰ ਫਰ ਵਰਗੇ ਉਹਨਾਂ ਖਲਨਾਇਕਾਂ 'ਚੋਂ ਇੱਕ ਹੈ, ਜੋ ਅਕਤੂਬਰ ਇਨਕਲਾਬ ਦੇ ਮਹਾਨ ਆਗੂ ਲਿਆਂ ਤਰਾਤਸਕੀ ਵਿਰੁੱਧ ਕੂੜ ਪ੍ਰਚਾਰ 'ਚ ਜੁਟੇ ਰਹਿੰਦੇ ਹਨ। ਇਹ ਅਮਰੀਕਾ-ਬ੍ਰਿਟਿਸ਼ ਸੱਤਾ ਅਦਾਰਿਆਂ ਨਾਲ਼ ਮਜ਼ਬੂਤੀ ਨਾਲ਼ ਬੰਨੇ ਹਨ। ਸੰਸਾਰ ਭਰ ਦੇ ਸਤਾਲਿਨਵਾਂਦੀ, ਇਹਨਾਂ ਦੇ ਲੇਖਾਂ ਚੋਂ, ਤਰਾਤਸਕੀ ਵਿਰੁਧ ਹਵਾਲੇ, ਲੈ ਕੇ ਚਿਪਕਾਉਂਦੇ ਰਹਿੰਦੇ ਹਨ। ਵਰਨਣਯੋਗ ਹੈ ਕਿ ਹਰਪਾਲ ਬਰਾੜ ਦੇ ਭਾਣਜੇ ਮਨਪ੍ਰੀਤ ਬਾਦਲ ਨੇ, ਜੋ ਪ੍ਰਕਾਸ਼ ਸਿੰਘ ਬਾਦਲ ਦੀ ਕੈਬਿਨਿਟ 'ਚ ਵਣਜ ਮੰਤਰੀ ਰਿਹਾ, ਪੰਜਾਬ ਪੀਪਲਜ਼ ਪਾਰਟੀ ਬਣਾਈ ਸੀ। ਭਾਰਤ 'ਚ ਕੰਮ ਕਰ ਰਹੀ ਸੀਪੀਆਈ, ਸੀਪੀਐਮ ਵਰਗੀਆਂ ਸਤਾਲਿਨਵਾਂਦੀ ਪਾਰਟੀਆਂ ਨੂੰ ਪੀਪਲਜ਼ ਪਾਰਟੀ ਪਿੱਛੇ ਬੰਨਣ 'ਚ ਹਰਪਾਲ ਬਰਾੜ ਨੇ ਵੱਡੀ ਭੂਮਿਕਾ ਨਿਭਾਈ। ਸਤਾਲਿਨਵਾਂਦੀ ਖੱਬੇਪਖ ਦੀਆਂ ਇਹ ਪਾਰਟੀਆਂ, ਮਨਪ੍ਰੀਤ ਬਾਦਲ ਦੀ ਇਸ ਪਾਰਟੀ ਨਾਲ਼ ਮੋਰਚੇ 'ਚ ਰਹੀਆਂ ਹਨ, ਜਦੋਂ ਕਿ ਪੰਜਾਬ ਪੀਪਲਜ਼ ਪਾਰਟੀ ਦਾ ਦੂਜਾ ਹੱਥ ਸਿੱਧੇ ਪੂੰਜੀਵਾਦ ਦੀ ਦੂਜੀ ਵੱਡੀ ਪਾਰਟੀ, ਕਾਂਗਰਸ ਦੇ ਹੱਥ 'ਚ ਰਿਹਾ ਹੈ।

ਇਹਨਾਂ ਝੂਠੇ ਖਬੇਪਖੀਆਂ ਨੇ ਜੋ ਆਪਣੀਆਂ ਅੱਡੀਆਂ ਚੁੱਕ ਕੇ ਵੀ ਪਾਸ਼ ਦੀਆਂ ਅੱਡੀਆਂ ਤਕ ਨਹੀਂ ਪੁੱਜ ਸਕਦੇ ਸਨ, ਪਾਸ਼ ਨੂੰ ਜ਼ਿੰਦਗੀ ਭਰ ਪਰੇਸ਼ਾਨ ਕੀਤਾ ਅਤੇ ਆਰੋਪ ਲਗਾਏ ਅਤੇ ਉਹਨਾਂ ਦੀ ਮੌਤ ਮਗਰੋਂ ਸ਼ਹਾਦਤ 'ਤੇ ਰੋਟੀਆਂ ਸੇਕਣ ਪੁੱਜ ਗਏ।

ਫਾਸਿਜ਼ਮ ਵਿਰੁੱਧ ਪਾਸ਼ ਦੇ ਅਟੁੱਟ ਸੰਘਰਸ਼, ਵਿਸ਼ੇਸ਼ ਰੂਪ ਨਾਲ਼ ਅਮਰੀਕਾ ਤੋਂ ਪ੍ਰਕਾਸ਼ਿਤ ਮੈਗਜ਼ੀਨ 'ਐਂਟੀ 47' 'ਚ ਉਹਨਾਂ ਦੇ ਫਾਸਿਜ਼ਟ ਵਿਰੋਧ ਰੂਪ ਤੋਂ ਘਬਰਾਏ, ਖਾਲਿਸਤਾਨੀ ਫਾਸੀਸਟਾਂ ਨੇ ਦੋਆਬਾ 'ਚ ਉਹਨਾਂ ਨੂੰ ਆਪਣੇ ਸ਼ਿਕਾਰਾਂ ਦੀ ਸੂਚੀ 'ਚ ਸਭ ਤੋਂ ਉਪਰ ਰੱਖ ਲਿਆ ਅਤੇ 23 ਮਾਰਚ ਨੂੰ ਉਹਨਾਂ ਨੂੰ ਜਲੰਧਰ (ਪੰਜਾਬ) 'ਚ ਉਹਨਾਂ ਦੇ ਪਿੰਡ ਤਲਵੰਡੀ ਸਲੇਮ 'ਚ ਗੋਲੀਆਂ ਨਾਲ਼ ਭੁੰਨ ਦਿੱਤਾ।

ਇਹ ਨਿਸ਼ਚਿਤ ਹੈ ਕਿ ਜੇਕਰ ਖਾਲਿਸਤਾਨੀਆਂ ਨੇ ਪਾਸ਼ ਨੂੰ ਨਹੀਂ ਮਾਰਿਆ ਹੁੰਦਾ ਤਾਂ ਉਹ ਸਤਾਲਿਨਵਾਂਦੀਆਂ ਜਾਂ ਪੂੰਜੀਵਾਦੀ ਸੱਤਾ ਦਾ ਸ਼ਿਕਾਰ ਹੋਏ ਹੁੰਦੇ। ਪਾਸ਼ ਇਹਨਾਂ ਸਾਰਿਆਂ ਦਾ ਸਾਂਝਾ ਵੈਰੀ ਸੀ, ਹੈ ਅਤੇ ਰਹੇਗਾ ਵੀ।

Comments

Roshan kussa

bahut hi wahyat kisam da lekh hai...... paash dian kavitavan de bdi haso heeni vyahakhya hai.....

pawandeep singh brar

Najeyaj Sabanda di Bhet charya kranti kari na ke khalstani ne marea

Rajinder

ਸਾਥੀਓ ਅਸੀਂ ਚਾਹੁਨੇ ਹਾਂ ਕਿ ਪਾਸ਼ ਉਪਰ ਲਿਖੇ ਸਾਡੇ ਇਸ ਲੇਖ ਉਪਰ ਭਖਵੀਂ ਚਰਚਾ ਹੋਵੇ. ਅਕਸਰ ਫਿਰਕਾਪਰਸਤ ਤਾਕਤਾਂ ਅਤੇ ਸਤਾਲਿਨਵਾਦੀ ਦੋਨਾਂ ਦਾ ਹੀ ਇਹ ਵਤੀਰਾ ਹੁਂਦਾ ਹੈ ਕਿ ਜੋ ਲਿਖਤ ਉਹਨਾਂ ਦਾ ਪਰਦਾਫ਼ਾਸ਼ ਕਰ ਰਹੀ ਹੁਂਦੀ ਹੈ, ਉਸਨੂਂ ਉਹ ਕਦੇ ਚਰਚਾ ਦਾ ਵਿਸ਼ਾ ਨਹੀਂ ਬਣਨ ਦਿਂਦੇ, ਅਸਲ ਚ ਇਹ ਵੀ ਉਹਨਾਂ ਦੀ ਸਾਜਿਸ਼ ਹੀ ਹੁਂਦੀ ਹੈ. ਪਰ ਸਾਥੀਅਾਂ ਨੂਂ ਬੇਨਤੀ ਹੈ ਕਿ ਉਹ ਚਰਚਾ ਚ ਹਿਸਾ ਲੈਣ ਤੋਂ ਪਹਿਲਾਂ ਲੇਖ ਚਂਗੀ ਤਰਾਂ ਪਡ਼ ਲੈਣ ਅਤੇ ਭਾਰਤ ਭੂਸ਼ਨ ਦੇ ਬਲਾਗ ਜਾਂ ਹੋ ਕਿਤਾਬਾਂ ਤੋਂ ਜੋ ਹਵਾਲੇ ਅਸੀਂ ਪੇਸ਼ ਕੀਤੇ ਹਨ ਉਹਨਾਂ ਦੀ ਪੁਸ਼ਟੀ ਕਰ ਲੈਣ. ਸਲਾਮ

Rajinder

ਖੂਹ ਖੂਹ ਬੜੇ ਥੋੜ੍ਹੇ ਬਚੇ ਨੇ ਹੁਣ ਪਰ ਉਹ ਕੱਲਮ-ਕੱਲੇ ਸੁੰਨੇ ਜਿਹੇ ਜਿਥੇ ਵੀ ਹਨ ਹਨੇਰੇ ਤੋਂ ਸੁਰੱਖਿਅਤ ਨਹੀਂ ਜੋ ਪਿਆਸ ਦੇ ਪੱਜ ਉਤਰਦਾ ਹੈ ਉਨ੍ਹਾਂ 'ਚ ਤੇ ਮੌਤ ਭਰ ਦੇਂਦੈ ਸਭ ਤੋਂ ਭੋਲੇ-ਭਾਲੇ ਪੰਛੀਆਂ ਦੇ ਆਂਡਿਆਂ ਵਿਚ ਫਸਲਾਂ ਲਈ ਬੇਕਾਰ ਹੋਣ ਤੋਂ ਬਾਅਦ ਖੂਹ ਬੜੇ ਥੋੜ੍ਹੇ ਬਚੇ ਨੇ ਹੁਣ ਉਨ੍ਹਾਂ ਦੀ ਖਾਸ ਲੋੜ ਨਹੀਂ ਭਾਗਭਰੀ ਧਰਤੀ ਨੂੰ ਪਰ ਹਨੇਰੇ ਨੂੰ ਉਨ੍ਹਾਂ ਦੀ ਲੋੜ ਹੈ ਕਿਸੇ ਵੀ ਗੁਟਕਦੀ ਉਡਾਣ ਦੇ ਵਿਰੁੱਧ ਹਨੇਰਾ ਉਨ੍ਹਾਂ ਨੂੰ ਮੋਰਚੇ ਲਈ ਵਰਤਦਾ ਹੈ ਖੂਹ ਬੇਸ਼ੱਕ ਥੋੜ੍ਹੇ ਨੇ ਹੁਣ ਸੰਖ ਦੀ ਗੂੰਜ ਰਾਹੀਂ ਨਿੱਤ ਡਰਦੀ ਨੀਂਦ ਵਿਚ ਮੌਤ ਵਡਿਆਉਂਦੇ ਹੋਏ ਭਜਨਾਂ ਦੀ ਭਾਲ ਵਿਚ ਤੇ ਅਤੀਤ ਗਾਉਂਦੀਆਂ ਬੜ੍ਹਕਾਂ ਵਿਚ ਪਰ ਅਜੇ ਵੀ ਕਾਫੀ ਨੇ ਖੂਹ ਉਨ੍ਹਾਂ ਵਿਚ ਹਲਕ ਗਿਆ ਹਨੇਰਾ ਅਜੇ ਚਿੰਘਾੜਦਾ ਹੈ ਦੁਆ ਲਈ ਉੱਠਦੇ ਹੱਥਾਂ ਦੀ ਬੁੱਕ ਜੋ ਖੂਹ ਸਿਰਜਦੀ ਹੈ ਸਾਲਮ ਮਨੁੱਖ ਨੂੰ ਨਿਗਲਣ ਲਈ ਸਿਰਫ ਉਸ ਵਿਚਲਾ ਹੀ ਹਨੇਰ ਕਾਫ਼ੀ ਹੈ ਇਨ੍ਹਾਂ ਖੂਹਾਂ ਦੇ ਅੰਦਰ ਮ੍ਹੇਲਦਾ ਫ਼ਨੀਅਰ ਹਨੇਰਾ ਸੁੜਕ ਜਾਂਦਾ ਹੈ, ਕਿਸੇ ਵੀ ਹਿੱਕ ਅੰਦਰ ਖਿੜਦੇ ਹੋਏ ਚਾਨਣ ਦੇ ਸਾਹ ਖੂਹ ਤੁਹਾਨੂੰ ਜੋੜਦੇ ਹਨ ਮੋਈਆਂ ਸਦੀਆਂ ਨਾਲ ਖੂਹ ਤੁਹਾਨੂੰ ਗੂੰਜ ਦੇ ਨਸ਼ੇ 'ਤੇ ਲਾ ਕੇ ਆਪਣੇ ਜ਼ਖ਼ਮਾਂ ਨੂੰ ਗਾਉਣਾ ਸਿਖਾਉਂਦੇ ਹਨ ਖੂਹ ਨਹੀਂ ਚਾਹੁੰਦੇ ਕਿ ਧੁਪ ਜਾਵੇ ਤੁਹਾਡੇ ਚੇਤੇ 'ਚੋਂ ਖੋਪਿਆਂ ਵਿਚ ਜੁਪਣ ਦਾ ਦ੍ਰਿਸ਼। ਵਸਤੂ ਜਾਂ ਮਸ਼ੀਨ ਨਹੀਂ ਹੁਣ ਮੁਕੰਮਲ ਫ਼ਲਸਫਾ ਨੇ ਖੂਹ ਖੂਹ ਤਾਂ ਚਾਹੁੰਦੇ ਹਨ ਉਨ੍ਹਾਂ ਸੰਗ ਜੁੜੀ ਹਰ ਭਿਆਨਕਤਾ ਤੁਹਾਡੇ ਅੰਦਰ ਪਿਛਲਖੁਰੀ ਗਿੜਦੀ ਰਹੇ ਖੂਹ ਤੁਹਾਡੇ ਨਾਲ ਸਫ਼ਰ ਕਰਦੇ ਨੇ ਬੱਸਾਂ ਵਿਚ ਉਨ੍ਹਾਂ ਵਿਚਲਾ ਹਨੇਰਾ ਆਦਮੀ ਦੀ ਭਾਸ਼ਾ ਖੋਹ ਕੇ ਸਿਰਫ਼ ਮਮਿਆਉਣਾ ਸਿਖਾਉਂਦਾ ਹੈ ਖੂਹ ਤੁਹਾਡੀਆਂ ਛਾਤੀਆਂ ਵਿਚ ਸਰਸਰਾਉਂਦੇ ਹਨ ਜਨਾਜ਼ੇ ਤੋਂ ਪਰਤਦੇ ਜਦ ਤੁਹਾਡੇ ਵਿਚ ਬਚੇ ਹੋਏ ਹੋਣ ਦਾ ਸ਼ੁਕਰਾਨਾ ਗਾਉਂਦਾ ਹੈ। ਬਚਾਅ ਦੀ ਆਖਰੀ ਜੰਗ ਲੜਦਿਆਂ ਹਨੇਰਾ ਬੇਹੱਦ ਖ਼ੂੰ-ਖ਼ਾਰ ਹੋ ਚੁਕਿਆ ਹੈ ਹੁਣ - ਬਚਾਅ ਦੀ ਆਖ਼ਰੀ ਜੰਗ ਲੜਦਿਆਂ ਹਨੇਰਾ ਹਰ ਸ਼ੈਅ ਵਿੰਨ੍ਹਦੇ ਹੋਏ ਤੁਹਾਡੀ ਜਗਦੀ ਹੋਈ ਦੁਨੀਆਂ ਦੇ ਆਰਪਾਰ ਨਿਕਲਣਾ ਚਾਹੁੰਦਾ ਹੈ ਤੁਹਾਡੇ ਬੋਲਾਂ ਦੀ ਲਿਸ਼ਕ 'ਚ ਸਿੰਮਣ ਨੂੰ ਹਨ੍ਹੇਰਾ ਆਪਣੇ ਘੁਰਨਿਆਂ ਸਮੇਤ ਬੇਹੱਦ ਤਰਲ ਹੋ ਚੁੱਕਾ ਹੈ ਹੁਣ ਏਨੇ ਤਰਲ ਹਨੇਰੇ ਦੇ ਖ਼ਿਲਾਫ਼ ਹੁਣ ਤੁਸੀਂ ਪਹਿਲਾਂ ਵਾਂਗ ਨਹੀਂ ਲੜ ਸਕਦੇ ਕੋਈ ਸਹੂਲਤੀ ਤੇ ਅਣਸਰਦੇ ਦੀ ਠੰਢੀ ਜੰਗ ਏਨੇ ਤਰਲ ਹਨ੍ਹੇਰੇ ਦੇ ਖ਼ਿਲਾਫ਼ ਤੁਹਾਡਾ ਸੁਵਿਧਾਮਈ ਵਜੂਦ ਬੜਾ ਨਾ-ਕਾਫ਼ੀ ਹੈ ਏਨੇ ਤਰਲ ਹਨੇਰੇ ਦੇ ਬਿਲਕੁਲ ਗਵਾਂਢ ਜੀਂਦੇ ਹੋਏ ਤੁਸੀਂ ਨਿਹੱਥਿਆਂ ਤੁਰ ਨਹੀਂ ਸਕਦੇ।

ਬੇਅੰਤ

ਅਸਲ ਵਿੱਚ ਪਾਸ਼ ਏਹੀ ਸੀ ਪਰ ਇਹ ਕਾਮਰੇਡਾਂ ਦੇ ਫਿੱਟ ਨੀ ਆਉਣਾ ਕਿਉਂਕੇ ਇਹਨਾਂ ਨੇ ਉਸਨੂੰ ਬੈਅ ਕਰਵਾ ਲਿਆ ਹੈ। ਕਵਿਤਾ ਦੀ ਵਿਆਖਿਆ ਬਹੁ-ਦਿਸ਼ਾਵੀ ਹੁੰਦੀ ਹੈ। ਸ਼ਾਇਦ ਪਾਸ਼ ਨੇ ਇਸਦਾ ਵੀ ਜਵਾਬ ਦਿੱਤਾ ਹੈ, "ਕਾਮਰੇਡ ਤੂੰ ਸ਼ਬਦਾਂ ਨੂੰ ਛਾਂਗਣਾ ਸਿਖ ਲਿਆ ਹੈ"।

akaxinumidiru

http://mewkid.net/order-amoxicillin/ - Buy Amoxicillin <a href="http://mewkid.net/order-amoxicillin/">Amoxicillin 500 Mg</a> igj.xsfg.suhisaver.org.xnx.xw http://mewkid.net/order-amoxicillin/

cazobaxa

http://mewkid.net/order-amoxicillin/ - Amoxicillin <a href="http://mewkid.net/order-amoxicillin/">Amoxicillin 500 Mg</a> mgw.kzjb.suhisaver.org.ydv.cf http://mewkid.net/order-amoxicillin/

Security Code (required)Can't read the image? click here to refresh.

Name (required)

Leave a comment... (required)

ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ