Fri, 08 December 2023
Your Visitor Number :-   6731662
SuhisaverSuhisaver Suhisaver

ਬਾਬਲ ਮੈਂ ਤੇਰੀ ਬੇਟੜੀ –ਮਲਕੀਅਤ ਸਿੰਘ ਸੰਧੂ

Posted on:- 06-05-2014

ਬਾਬਲ ਮੈਂ ਤੇਰੀ ਬੇਟੜੀ, ਮੈਨੂੰ ਕੋਈ ਨਿਮਾਣੀ ਨਾ ਕਹੇ।
ਮੇਰੀ ਅਮੜੀ ਨੂੰ ਸਮਝਾ ਦੇਈਂ, ਮੈਨੂੰ ਮਰ ਜਾਣੀ ਨਾ ਕਹੇ।
ਤੂੰ ਜਿਹੜੀ ਗੱਲ ਤੋਂ ਡਰ ਰਿਹੈਂ, ਉਹ ਮਨ ‘ਤੋਂ ਖ਼ੌਫ਼ ਉਤਾਰਦੇ।
ਮੈਨੂੰ ਵੀ ਵੀਰੇ ਵਾਂਗਰਾਂ, ਉਹੀ ਲਾਡ ਦਿਹ, ਉਹੀ ਪਿਆਰ ਦਿਹ।

ਕੋਈ ਧਨ ਪਰਾਇਆ ਕਹੇ ਨਾ, ਕੋਈ ਧੀ ਬਿਗਾਨੀ ਨਾ ਕਹੇ।
ਮੇਰੀ ਅਮੜੀ ਨੂੰ ਸਮਝਾ ਦੇਈਂ, ਮੈਨੂੰ ਮਰ ਜਾਣੀ ਨਾ ਕਹੇ।
ਮੈਂ ‘ਪ੍ਰਤਿਭਾ ਪਾਟਿਲ ਕਲਪਨਾ’, ਮੈਂ ‘ਕਿਰਨ ਬੇਦੀ’ ਦੇ ਖਿ਼ਆਲ ਦੀ।
ਮੇਰੇ ਸਿਰ ‘ਤੇ ‘ਮਾਤਾ ਗੁਜਰੀ’, ਮੈਂ ‘ਬੀਬੀ ਭਾਨੀ’ ਨਾਲ ਦੀ।

ਮੇਰੇ ਮਨ ਵਿਚ ਚਾਨਣ ਸਿਦਕ ਦਾ, ਮੈਨੂੰ ਕੋਈ ਅਣਜਾਣੀ ਨਾ ਕਹੇ।
ਮੇਰੀ ਅਮੜੀ ਨੂੰ ਸਮਝਾ ਦੇਈਂ, ਮੈਨੂੰ ਮਰ ਜਾਣੀ ਨਾ ਕਹੇ।
ਮੈਂ ‘ਭਗਤ ਸਿੰਘ’ ਜਿਹੇ ਯੋਧਿਆਂ ਦੇ, ਹਾਂ ਗੁੱਟਾਂ ਦੀ ਰੱਖੜੀ।
ਮੈਂ ‘ਸਾਹਿਬਾ’ ਨਾ ਕੋਈ ‘ਹੀਰ’ ਹਾਂ, ਨਾ ‘ਸ਼ੀਰੀਂ, ਸੋਹਣੀ, ਸੱਸੜੀ’।

ਮੈਂ ਕਾਂਡ ਹਾ ਇੱਕ ਇਤਿਹਾਸ ਦਾ, ਮੈਨੂੰ ਕੋਈ ਕਹਾਣੀ ਨਾ ਕਹੇ।
ਮੇਰੀ ਅਮੜੀ ਨੂੰ ਸਮਝਾ ਦੇਈਂ, ਮੈਨੂੰ ਮਰ ਜਾਣੀ ਨਾ ਕਹੇ।
ਮੈਂ ਮਾਮਿਆਂ ਦੀ ਹਾਂ ਭਾਣਜੀ, ਨਾਨੇ-ਨਾਨੀ ਦੀ ਦੋਹਤਰੀ।
ਮੈਂ ਵੀਰਿਆਂ ਦੀ ਭੈਣ ਹਾਂ, ਦਾਦੇ-ਦਾਦੀ ਦੀ ਪੋਤਰੀ।

ਮੈਂ ‘ਪਾਕ-ਗੰਗਾ’ ਦਾ ਨੀਰ ਹਾਂ, ਕੋਈ ਗੰਧਲਾ ਪਾਣੀ ਨਾ ਕਹੇ।
ਮੇਰੀ ਅਮੜੀ ਨੂੰ ਸਮਝਾ ਦੇਈਂ, ਮੈਨੂੰ ਮਰ ਜਾਣੀ ਨਾ ਕਹੇ।
ਧੀਆਂ ਦੀ ਕਵਿਤਾ ਵਾਂਗਰਾਂ, ਮੈ ਰਾਗ ਹਾਂ ਸੰਗੀਤ ਹਾਂ।
ਮੈਂ ਹਾਂ ਭਵਿਖ ਅਮਾਨ ਦਾ, ਮੈਂ ਵਰਤਮਾਨ, ਅਤੀਤ ਹਾਂ।

ਮੈਂ ਤੇਰੀ ਧੀ ਸੁਲੱਖਣੀ, ਕੋਈ ਖਸਮਾਂ ਖਾਣੀ ਨਾ ਕਹੇ।
ਮੇਰੀ ਅਮੜੀ ਨੂੰ ਸਮਝਾ ਦੇਈਂ, ਮੈਨੂੰ ਮਰ ਜਾਣੀ ਨਾ ਕਹੇ।
ਬਾਬਲ ਮੈਂ ‘ਸ਼ੀਹਣੀ ਲਕਸ਼ਮੀ’, ਮੈਂ ‘ਮਾਂ ਭਾਗੋ’, ਮੈ ਸ਼ੇਰਨੀ।

ਇੱਕ ਵੇਰ ਹੀ ਆਉਣਾ ਜਗ ‘ਤੇ, ਮੁੜ ‘ਸੰਧੂ’ ਆਉਣਾ ਫੇਰ ਨਈਂ।
ਮੈਂ ਰੱਬ ਦੀ ਪੂਰਨ ਸਿਰਜਣਾ, ਕੋਈ ਅਰਧ-ਅੰਗਾਣੀ ਨਾ ਕਹੇ।
ਮੇਰੀ ਅਮੜੀ ਨੂੰ ਸਮਝਾ ਦੇਈਂ, ਮੈਨੂੰ ਮਰ ਜਾਣੀ ਨਾ ਕਹੇ।

ਈ-ਮੇਲ: [email protected]

Comments

ਆਰ.ਬੀ.ਸੋਹਲ

ਬਹੁੱਤ ਵਧੀਆ ਸਾਹਿਬ ਜੀ ...

Security Code (required)

Can't read the image? click here to refresh.

Name (required)

Leave a comment... (required)

ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ