Tue, 28 May 2024
Your Visitor Number :-   7069463
SuhisaverSuhisaver Suhisaver

ਜ਼ੁਬੈਰ ਅਹਿਮਦ ਦੀਆਂ ਕਵਿਤਾਵਾਂ

Posted on:- 17-07-20121-ਤੂੰ ਆਪਣੀ ਰੁੱਤ ਸੁਹਾਗਨ ਆਪੇ ਲੱਭ ਲੈ  

ਤੂੰ ਆਪਣੀ ਰੁੱਤ ਸੁਹਾਗਨ ਆਪੇ ਲੱਭ ਲੈ

ਅਸੀਂ ਵਰ ਕੀਤੇ, ਪਰਨਾਏ ਨਹੀਂ
ਅਸੀਂ ਜੰਮੇ ਜੋ,  ਓਹ ਜਾਏ ਨਹੀਂ
ਸਾਡੀ ਜੰਮਣ ਪੀੜ ਕਹਾਨੀ ਕੂੜ ਕਹਾਨੀ ਏ
ਅੱਖ ਵਛੋੜਾ ਅਣਜੰਮਿਆਂ ਦਾ ਝੋਰਾ ਏ
ਦਿਨ ਪੁਰਾਣਾ ਬੰਦ ਦਿਲੇ ਦਾ ਲਾਂਘਾ ਏ

ਏਸ ਜਾਂਦੀ ਖ਼ਾਲੀ ਸ਼ਾਮ ਨੂੰ, ਆਪਣੀ ਕਰਨੀ ਭਰ ਲੈ
ਏਸ ਨੰਗੀ ਰਾਤ ਨੂੰ ਜੁਗਾਂ ਪੁਰਾਣੀ ਚੁੰਨੀ ਕੱਜ ਲੈ


2-ਰਫ਼ੀਕ ਦੋਸਤ ਲਈ

ਕਿੰਜ ਤੇਰੀ   ਕਹਾਣੀ ਕਰੀਏ  ਅੜੀਏ
ਰੁੱਤ ਪੁਰਾਣੀ ਕਰ ਬੈਠੇ ਆਂ

ਪੂਣੀ ਪੂਣੀ ਕਰ ਜੋ ਕਤਿਆ
ਉਹਦਾ ਤਾਨ ਨਾ ਤਣਿਆ
"ਚੱਲਦਿਆਂ ਵਿਦਾ ਨਾ ਕੀਤਾ"
"ਕੱਖ ਬਾਲ ਨਾ ਬਨੇਰੇ ਧਰੇ"
ਕਿੰਜ ਲਿਖੀਏ ਰਾਮ ਕਹਾਣੀ
ਸਭ ਸੁਖ਼ਨ ਜ਼ਬਾਨੀ ਕਰ ਬੇਠੇ ਆਂ
ਰੁੱਤ ਪੁਰਾਣੀ ਕਰ ਬੈਠੇ ਆਂ


ਅਜਬ ਸ਼ਾਮ ਨਗਰ ਵਿੱਚ ਆਈ
ਬੂਹਾ ਪਿਛਲਾ ਜੋ ਲੰਘ ਆਈ
ਉਸ ਢੋਈ ਡਰ ਦੀ ਤਾਕੀ
ਸੁਪਨ ਰਾਤ ਅੱਖੀਂ ਵਿੱਚ ਪਾਈ

 
ਏਹ ਰਾਤ ਅੱਖੀਂ ਰੱਖ ਲੈਂਦੇ
ਅੱਖ ਦਰਦਾਂ ਪਾਣੀ ਕਰ ਬੈਠੇ ਆਂ
ਰੁੱਤ ਪੁਰਾਣੀ ਕਰ ਬੈਠੇ ਆਂ

*ਏਹ ਸਤਰ ਸ਼ਾਹ ਹੁਸੈਨ ਦੀ ਕਾਫ਼ੀ ਤੋ ਏ
* ਏਹ ਸਤਰ ਨਜਮ ਹੁਸੈਨ ਸਯੱਦ ਦੀ ਨਜ਼ਮ "ਕੱਖ ਬਾਲ ਕੇ ਬਨੇਰਿਆਂ ’ਤੇ ਧਰੀਏ ਜੀ'' ਤੋਂ ਏ।

 


3-ਤੇਰੇ ਅੱਜ ਦੇ ਨਾਂ

   ਜਿਵੇਂ ਟੁੱਟਾ ਪਿਆਲਾ ਜੁੜੇ ਤੇ ਅਮਰਤ ਭਰ ਜਾਏ
    ਜਿਵੇਂ ਉਜੜੀ ਝੋਕ ਵੱਸੇ ਮੁੜ ਮੇਲਾ ਲੱਗ ਜਾਏ
    ਅੱਖ ਲੱਭ ਲੱਭ ਸੀਵੇ ਉਧੜਣ ਅੰਦਰਾਂ ਦੇ     
    ਯਾਰ ਪੁਰਾਣੇ ਮੁੜ ਮੁੜ ਕਰਣ ਕਹਾਣੀ ਸਫ਼ਰਾਂ ਦੀ  
    ਅੱਜ ਰੁਖਾਂ ਦੀ ਗੱਲ ਨਾ ਕਰੀਏ , ਕੱਚੀਆਂ ਲਗਰਾਂ ਦੀ4- ਏਸ ਹਵਾ ਨੇ ਤੇਰੀ ਅੱਖ ਦਾ ਨਕਸ਼ ਨਹੀਂ ਲਿਖਣਾ

ਏਸ ਹਵਾ ਨੇ ਤੇਰੀ  ਅੱਖ ਦਾ ਨਕਸ਼ ਨਹੀਂ ਲਿਖਣਾ
ਏਹ ਝੁਲਣੀ ਏ ਪਿਛਲੇ ਪਹਿਰੀਂ
ਗੁਝ ਝੀਥਾਂ ਥਾਈਂ ਲੰਘ ਜਾਣੀ ਏਂ
ਚੁੱਪ ਪੈਰਾਂ ਹੇਠੋਂ ਵਗ ਜਾਣੀ ਏਂ
ਤੈਨੂੰ ਖ਼ਬਰ ਨਹੀਂ ਹੋਣੀ
ਕਦ ਤੀਕ ਸਾਹ ਬੇਗਾਨਾ ਕਰ ਕਰ ਲੋੜ ਦੀ ਸੂਲੀ ਟੰਗਸੈਂ
    
ਜਿਸ ਹੋਣੀ ਨੂੰ ਤੂੰ ਲੋਚ ਰਹੀ  ਏਂ
ਉਸ ਵਿਚ ਤੇਰਾ ਹਥ ਨਹੀਂ ਹੋਣਾ
ਮਣਕਾ ਕਰ ਲੇ ਯਾਦ ਸਜਣ ਦੀ
ਰੰਗ ਨਿਸ਼ਾਨੀ ਕਰ ਲੇ
ਕਦ ਤੱਕ ਉਡਸੈਂ ਬਾਜ਼ਾਂ ਪਿੱਛੇ
ਰੁਖ ਬਸੇਰਾ ਕਰ ਲੈ


5- ਸੰਦ

ਇੱਕੋ ਥਾਈਂ ਬਹਿਣਾਂ
ਇੱਕੋ ਖਿਆਲੀਂ ਰਹਿਣਾਂ

ਬਨੇਰਿਆਂ ਊੱਪਰੋਂ ਧੁੱਪ ਛਾਂ ਦੀ ਗਿਣਤੀ ਕਰਨੀ
ਰੁੱਖਾਂ ਹੇਠਾਂ ਬਹਿ ਬਹਿ ਬੁੱਧੀ ਲੱਭਣੀ

ਇੱਕੋ ਦੁਆਲ ਦੇ ਉਲ੍ਹੇ ਨਿੱਤ ਲੰਘਦੀ ਉਮਰ ਵਿਹਾਣੀ
ਇੱਕੋ ਉਡੀਕ ’ਚ ਬੈਠੇ ਤੱਕਿਆ ਸੱਤ ਰੰਗਾਂ ਦਾ ਪਾਣੀ

ਰੁੱਤਾਂ ਅੰਦਰ ਮਨ ਰੁੱਤਾਂ ਨੂੰ ਚਿਤਾਰਦੇ ਰਹਿਣਾ
ਭੁੱਝੇ ਦੇਹੰ ਜ਼ਿਕਰ ਤੇਰੇ ਦਾ ਦੀਵਾ ਬਾਲ ਕੇ ਬਹਿਣਾ

ਸੌੜਾਂ ਅੰਦਰ ਸੌੜ ਦਿਲੇ ਦੀ ਚਿੱਥ ਚਿੱਥ ਰੱਖਣੀ
ਈੱਕੋ ਰੂਪ ਸਮਾਵਣ ਲਈ ਨਿੱਤ ਸਖਣੀ ਰਖਣੀ ਤਕਨੀ

ਪੜ੍ਹਨੇ ਸ਼ਹਿਰ ਤੇਰੇ ਦੇ ਚੰਦ ਤੇ ਸੂਰਜ
ਸ਼ਾਮਾਂ ਅੰਦਰੀਂ ਰੂਹ ਆਪਣੀ ਦੀ ਰਾਤ ’ਚ ਲਹਿਣਾ

ਵੱਗਦੀ ਵਾਅ  ’ਚ ਯਾਦ ਹਵਾ ਨੂੰ ਜਪਣਾ
ਆਪਣੀ ਨਿੱਕੀ ਤਾਕੀ ਤੂੰ ਕੁਲ ਜਹਾਨ ਨੂੰ ਤੱਕਣਾਂ

ਗਿਆਂ ਦੀ ਆਸ ਰੱਖਣੀ
ਯਾਰ ਉਡੀਕਦੇ ਰਹਿਣਾ  


6- ਕਾਈ ਲੋ ਏ ਉਹ ਸੱਤ ਅਸਮਾਨੀਂ

ਕਾਈ ਲੋ ਏ ਉਹ ਸੱਤ ਅਸਮਾਨੀਂ
ਆਧ ਜੁਗਾਦੀਂ, ਅਚੇਤ ਪਾਤਾਲੀਂ
ਅਣਆਖੀ, ਅਣ ਬੀਤੀ ਕੋਈ

ਸ਼ਹਿਰ ਦੀ ਨੰਗੀ ਹਨੇਰੀ ਪਿੱਛੇ
ਚੁੱਪ ਵਾਅ  ਦਾ ਬੁੱਲਾ ਏ ਖਵਰੇ

ਨਿੱਤ ਜੰਮਣ ਦੀ ਖੇਡ ਦੇ ਵਿੱਚ
ਸੱਤ ਰੰਗਾਂ ਮਤੇ ਬਾਲ ਸੁਪਣ ਏ

ਅੱਸੂ ਕੱਤੀਂ ਬੀਜੀ ਗੁਲਾਬੀ ਵਾ ਦੀ
ਰੁੱਤ ਬਸੰਤੀ ਹੈ ਖਵਰੇ

ਨਾ ਮਿਲਿਆ ਨਾ ਵਿਛੜਿਆ
ਅਮਿਲਣੀ ਦੇ ਅਲੂਪ ਕੰਢੇ ਉੱਤੇ
ਨਿੱਤ ਮਿਲਣ ਦਾ ਤਰਲਾ ਏ ਜੀਵੇਂ
ਜਾਂ ਮੀਂਹ ਏ ਅਜ਼ਗੇਬੀ ਕਾਈ
ਤਾਹੰਗ ਰਹੀ ਜਹਿਦੀ ਬਦਲਾਂ ਨੂੰ
ਵੱਸੇ ਵਚ ਅਣਵਸਾ ਹੈ ਜੋ

ਅਣਹੋਇ ਦੇ ਤਿੱਖੇ ਨੱਕੇ ’ਤੇ
ਹੋਵਣ ਦੀ ਅਣਹੋਣੀ ਏ  


7-ਨਜ਼ਮ

ਲੜ ਲੱਗ
ਰਹਿੰਦਾ ਰਾਹ ਅੱਗਮ ਦਾ

ਰਾਹ ਬਣ
ਮੁੱਕੇ ਉਝੜ ਮਨ ਦਾ

ਮਨ ਸੂਤ
ਹੋਵੇ ਮੇਲ ਸੱਜਣ ਦਾ

ਮੇਲ ਕਰ
ਲਾਹ ਵਜੋਗਾ ਜੱਗ ਦਾ

ਪਿਆਰੇ ਲਾਲ
ਕਰ ਭਰਵਾਸਾ ਦਮ ਦਾ

-ਮਾਧੋ ਲਾਲ ਹੁਸੈਨ ਦੀ ਕਾਫ਼ੀ “ਪਿਆਰੇ ਲਾਲ ਕੀਹ ਭਰਵਾਸਾ ਦਮ ਦਾ” ਨਾਲ ਛੇੜ ।   


8-ਨਜ਼ਮ

ਸਾਨੂੰ ਧੜਕੂ  ਰਹਿੰਦਾ ਏ
ਚੁੱਪ ਪਾਣੀ ਤੇ ਵਾਅ  ਦੀ ਬੇੜੀ ਆਂ
ਚਿੱਟੀ ਖ਼ਜ਼ਾਈਂ ਨਿਲੱਜੇ ਬੇ ਪਤਰ ਆਂ
ਮੈਲੇ ਥੱਕੇ ਹੱਥ ਖ਼ਾਲੀ ਨੇ

ਅਸਾਂ ਹਾਰਿਆਂ ਸਾਹਵਾਂ ਨਾਲ ਤੇਰੀ ਸਾਵੀ ਆਸ ਚੁਣੀ ਏ  
ਸਾਡੇ ਅਧੋਰਾਨੇ ਦਿਨਾਂ ਦੀ ਪੁਰੀ ਰਾਤ ਬਣੀ

ਅਣ ਛੋਹੇ, ਵਿਛੁਨਿਆਂ ਨੂੰ ਗਿਆਨੀ ਅਖ ਦੀ ਛੋਹ ਦਵੀਂ
ਈਵੇਂ ਸਾਰੀ ਉਮਰ ਵੰਜਾਈ ਆ
ਸਾਡੇ ਲੇਖਾਂ ਦੇ ਭਾਗ ਭਰੀਂ


9-ਨਜ਼ਮ

ਬੰਦਾ ਆਪਨੇ ਧਿਆਨੇ ਲੰਘਦਾ
ਆਲ ਦਾਲ ਨਹੀਂ ਤੱਕਦਾ
ਪਰ ਵਰ੍ਹੇਆਂ ਬੱਧੀ
ਹਰ ਸ਼ੇ ਚੇਤੇ ਆਂਦੀ ਏ
ਰੋਜ਼ ਦਿਹਾੜੇ ਤੱਕੀਆਂ ਸ਼ਕਲਾਂ
ਕਦੀ ਜਾਣਨ ਦਾ ਆਹਰ ਨਾ ਕੀਤਾ
ਦਿਲ ਮਿਲਣ ਨੂੰ ਕਰਦਾ ਏ
ਬੰਦਾ ਅੰਤ ਅਨ੍ਹੇਰੇ ਬਹਿ ਕੇ
ਮੋਇਆਂ ਨੂੰ ਚੇਤੇ ਕਰਦਾ ਏ


10-ਨਜ਼ਮ

ਰੁੱਤ ਬਦਲੇ ਤਾਂ ਚੇਤੇ ਪੌਨ
ਸ਼ਾਮਾਂ ਵਰਗੇ ਲੋਕ, ਬਦਲਾਂ ਜਿਹੇ ਦਿਨ
ਮਠੀ ਟੋਰ ਹਯਾਤੀ ਨੂੰ ਅਣਹੋਨੀ ਦਾ ਸਾਹ ਤਾਨਣ ਨੂੰ ਕਰਦਾ ਏ
ਧੁਰ ਅੰਦਰ ਬੇ ਮਲੂਮੀ ਜਿਹੀ ਯਾਦ ਦੀ ਛਿਕ ਏ
ਵੇਹੜੇ ਦੀ ਪਿਛਲੀ ਪੁਰਾਣੀ ਕੰਧ ਉੱਤੇ
ਅਣਵਜੂਦੇ ਰੁੱਖਾਂ ਦੇ  ਝੌਲੇ ਪੈਂਦੇ ਨੇਂ
ਬੰਦ ਚੇਤੇ ਦੀ ਕੁੰਡੀ ਉਤੇ ਅਣਡਿਠੇ ਹਥ ਦੀ ਛੋਹ ਏ

ਯਾਰ ਗਵਾਚਿਆ !
ਰੱਬ ਸਬੱਬੀਂ, ਜੇ ਵਾ ਬਹੁਤੀ ਤੇਜ਼ ਈ ਵੱਗ ਪਈ
ਏਸ ਉਬਲਦੇ ਸ਼ਹਿਰ ਦੇ ਅੰਦਰ
ਸਾਡੇ ਦਿਲ ਬਹੁਤੇ ਈ ਖ਼ਾਲੀ ਰਹਿ ਜਾਣੇ ਨੇਂ
ਅਸੀਂ ਬੇਕਦਰੇ ਨਖ਼ਸਮੇ ਆਂ
ਬੇਪਰਵਾਹੀ ਵਿਚ ਡੋਲ੍ਹ ਬਹਿਨੇ ਆਂ
ਪਿਛਲੀ ਰੁਤ ਦੇ ਭਰੇ ਥਾਲ      


11-ਏਸ ਸ਼ਹਿਰ ਰੋਜ਼

ਏਸ ਸ਼ਹਿਰ ਰੋਜ਼ ਸਿਹਿਮ ਜਮਦਾ ਏ
ਬਾਲਾਂ ਲਈ
ਪਿਓ ਉਸਤਾਦ ਦੀ ਅਖ ਸੌੜੀ ਗਲੀ ਹਾਰ ਖੁਲਦੀ ਏ
ਨਰੋਲ ਹਵਾ ਤਲੀ ਦਾ ਮੁੜ੍ਹਕਾ ਬਣ ਜਾਂਦੀ ਏ

ਵੇਲੇ ਦੇ ਫੁੱਟਪਾਥ 'ਤੇ ਚਿਰਕੇ ਖਲੋਤੀਆਂ
ਅਣਲਖੇ ਲੇਖਾਂ ਦੀ ਗੱਡੀ ਊਡਕਦੀਆਂ
ਪੜ੍ਹਿਆਰ ਕੁੜੀਆਂ ਲਈ ਕੀਹ ਜਮਦਾ, ਮਰਦਾ ਏ

ਬੁਝੇ ਕਲਰਕਾਂ ਦੀਆਂ ਧੂੜ ਫਾਇਲਾ ਅੰਦਰ
ਕੋਈ ਆਸ ਬਸੰਤੀ ਖਿੜਦੀ ਨਹੀਂ

ਮੇਰੇ ਭਾਨੇ ਤਾਂ ਦਿਨ ਅੰਤ
ਖ਼ਾਲੀ ਭੁਕਾਨੇ ਹਾਰ ਫਟਦਾ ਏ
ਇਕ ਅਨਿਆਈ ਸ਼ਾਮ ਦੇ ਮਗਰੋਂ
ਇਸ ਰਾਤ ਦੇ ਨਿਮ੍ਹੇ ਚਾਨਣ ਅੰਦਰੀਂ
ਸ਼ਹਿਰ ਮੁੜ ਜੀਵਣ ਨੂੰ ਕਰਦਾ ਏ

ਅੱਧ ਰਾਤੀਂ ਸ਼ਹਿਰ ਫ਼ਸੀਲ ਦੀ ਕਾਲਕ 'ਤੇ
ਤੇਰੀ ਯਾਦ ਦਾ ਚਿੱਟਾ ਫੁੱਲ ਖਿੜਦਾ ਏ

12- ਨਜ਼ਮ

ਚੁੱਪ ਏ
ਤੇਰੀ ਅੱਖ ਦਰਿਆ ਦੀ, ਤੇਰੇ ਸੋਕੇ ਦੀ
ਵਗਦੀ ਰਮਜ਼ਾਂ ਕਥਦੀ, ਅੱਜਬ ਹਵਾ ਏ
ਰੱਜੇ ਦਿਹੰ ਹਨੈਰਦੀ ਕਾਲ ਅਜ਼ਲ ਦੀ ਲੌ ਏ
ਜਿੱਥੇ ਲਗਰ ਏ ਮਾੜੀ ਉਥੇ ਰੁਖ ਦਾ ਜ਼ੋਰ ਏ
ਸੂਹਾ ਅਕਲਾਪਾ ਟੋਹੰਦੀ, ਬਸੰਤੀ ਅਖ ਦੀ ਟੋਹ ਏ
ਬੰਦ ਚੇਤੇ ਨੂੰ ਲੁਕ ਛੁਪ ਖੋਲੇ, ਕੇਹੀ ਅਜੇਹੀ ਖ਼ੁਸ਼ਬੋ ਏ


13- ਨਜ਼ਮ
 
ਜੇ ਤੂੰ ਹੋਵੇਂ ਰਾਤ ਰਮਜ਼ ਏ
ਦਿਹ ਹੇ ਤੇਰੀ ਯਦਾ ਦਾ ਪੈਂਡਾ
ਸ਼ਾਮ ਸਲੇਟੀ ਤਾਕੀ ਅੰਦਰ
ਅਣਹੋਣੀ ਦਾ ਬੂਹਾ
ਤੈਂਡੀ ਛੋਹ ਹਵਾ ਹੇ
ਅੱਖ ਹੇ ਪਾਣੀ
ਤੇਰਾ ਨਾ ਹੋਵਣ ਸਾਡੀ ਹਾਜ਼ਰੀ ਹੇ
ਤੇਰੀ ਅਮਿਲਣੀ ਸਾਡੀ ਮਿਲਣੀ ਹੇ

14-ਸ਼ਹਿਰ ਵਟਾਲੇ ਦੀ ਫੇਰੀ

ਉੱਚਾ ਟਿੱਬਾ
ਭਾਈ ਦਾ ਵੇੜ੍ਹਾ
ਬਾਊ ਖ਼ੁਦਾਦ ਦਾ ਘਰ
ਨੁਕੜੇ ਸੀ ਬਿੱਲਾ ਦੁੱਧ ਆਲਾ
ਕਦੇ ਆਇਆ ਤਾਂ ਨਹੀਂ ਐਥੇ
ਪਰ ਰਹਿਆ ਸਦਾ ਆਂ
ਗਲੀਆਂ ਕ੍ਰਿਸ਼ਨ ਨਗਰ ਜਿਹੀਆਂ
ਪਰੇਮ ਨਗਰ ਜੇਹੇ ਘਰ
ਚੁਬਾਰੇ ਸ਼ਾਮ ਨਗਰ ਜੇਹੇ
ਓਪਰੇ ਬੰਦੇ ਜਾਨੂੰ ਜਹੇ ਲਗਦੇ ਨੇਂ
ਅਣਜਾਣ ਹਟੀਆਂ ਤੋਂ ਜਿਵੇਂ ਸੌਦਾ ਲੇਂਦੇ ਰਹੇ ਆਂ
ਬੰਦ ਬੂਹਿਆਂ ਚੋਂ ਆਂਦੇ ਜਾਂਦੇ ਰਹੇ ਆਂ
ਗਲੀਆਂ ਘਰ ਤਾਂ ਉਹੋ ਨੇਂ
ਉਹੋ ਥੜ੍ਹੇ ਤੇ ਉਹੋ ਨੁਕਰਾਂ
ਜੀ ਪਰਛਾਵੇਂ ਹੋ ਗਏ ਨੇਂ
ਹਰਾ ਮਜ਼ਾਰ ਤਾਂ ਜੀਊਂਦਾ ਏ
ਕਬਰਸਤਾਣ ਮੁਕ ਗਏ ਨੇਂ

ਚੁਪ ਗਲੀਆਂ ਚੋਂ ਸਾਹ ਜੇਹਾ ਲੈਂਦਾ ਕੋਈ
ਕੰਡ ਪਿਛੇ ਹਥ ਰਖ ਬਾਬਾ
ਨਾਲ ਮੇਰੇ ਸਭ ਵੇਹੰਦਾ
ਮਾਈ ਦੀ ਕਨੀਂ ਗਲ ਕੋਈ ਕਿਹੰਦਾ


15-ਚੰਡੀਗੜ੍ਹ ਦੀ ਸਵੇਰ

ਅਚਰਜ ਸੀ ਯਾਦ ਉਹਦੀ
ਕਿਨੇ ਈ ਦਿਨ ਨਾ ਅਈ
ਸੋਚਿਆ ਚਲੋ ਜਾਨ ਛੁਟੀ
ਭਾਰ ਦਲੇ ਦਾ ਹੋਲਾ ਹੋਇਆ
ਧਿਆਨ ਨੂੰ ਲਾਂਭੇ ਕਰ
ਕਸੇ ਹੋਰ ਖ਼ਿਆਲੇ ਵਗੀਏ
ਚੰਡੀਗੜ੍ਹ ਵਿੱਚ ਰਾਤ ਸੀ ਪਹਿਲੀ
ਮਗਰੀਂ ਮਗਰੀਂ ਮੀਂਹ ਵੀ ਆਈਆਂ
ਹਵਾਈਂ ਤਰਦੀ ਆਈ ਅਖ ਸ਼ਤਾਬੀ
ਸੁਫ਼ਣਿਆਂ ਅੰਦਰ ਪਾਣੀ ਦਾ ਆਵਾਜ਼ਾ ਆਇਆ
ਐਵੇਂ ਵਿਚ ਮੇਰੇ ਤੋਂ ਉਠ
ਜਾ ਮੀਂਹ ਨਾਲ ਉਸ ਹਥ ਮਿਲਾਇਆ


(ਜ਼ੂਬੈਦ ਅਹਿਮਦ ਲਹਿੰਦੇ ਪੰਜਾਬ ਦੇ ਨਾਮਵਰ ਸ਼ਾਇਰ, ਕਹਾਣੀਕਾਰ ਹਨ ਤੇ ਅੱਜਕੱਲ੍ਹ ਇਹ ਗੁਰਮੁਖੀ ਅਤੇ ਸ਼ਾਹਮੁਖੀ ’ਚ ਛਪਣ ਵਾਲੇ ਪਰਚੇ ‘ਸਾਂਝ’ ਦੇ ਸੰਪਾਦਕੀ ਮੰਡਲ ਵਿੱਚ ਹਨ)

Comments

rajinderaatish

koi navin khirhki khohlo...........

amandeep

wah wah wah...

Security Code (required)Can't read the image? click here to refresh.

Name (required)

Leave a comment... (required)

ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ