Thu, 29 February 2024
Your Visitor Number :-   6875708
SuhisaverSuhisaver Suhisaver

ਬਾਲੜੀ ਦਿਵਸ -ਗੁਰਪ੍ਰੀਤ ਸਿੰਘ ਰੰਗੀਲਪੁਰ

Posted on:- 24-01-2014


ਪੁੱਤ ਜੰਮੇ ਲੱਖ ਜਸ਼ਨ ਮਨਾਉਂਦਾ,
ਧੀ ਜੰਮੇ ਤਾਂ ਮੂੰਹ ਲਮਕਾਉਂਦਾ,
ਕੰਧਾਂ ਅਤੇ ਕਿਤਾਬਾਂ ਭਰ ਕੇ,
ਕੁੱਖ ਵਿੱਚ ਧੀ ਮਰਵਾ ਰਿਹਾ ਹੈ ।
ਵੇਖੋ ਬੰਦਾ ਮਹਾਨ ਬਣਨ ਲਈ,
ਅੱਜ ਬਾਲੜੀ ਦਿਵਸ ਮਨਾ ਰਿਹਾ ਹੈ ।...

ਵਿਹਡ਼ੇ ਵਾਲੀ ਧੀ ਨੂੰ ਪੁੱਛੋ,
ਕਦੇ ਕੰਜਕ ਆਖ ਬੁਲਾਇਆ ਉਸਨੂੰ,
ਗੋਹਾ-ਕੂੜਾ ਕਰਦੀ ਨੂੰ ਕਿਸੇ,
ਗਲ ਦੇ ਨਾਲ ਹੈ ਲਾਇਆ ਉਸਨੂੰ,
ਪੇਟ ਭਰਨ ਲਈ ਟੱਬਰ ਦਾ,
ਲੋਕਾਂ ਦੇ ਭਾਂਡੇ ਮੰਜਵਾ ਰਿਹਾ ਹੈ ।
ਵੇਖੋ ਬੰਦਾ ਮਹਾਨ ਬਣਨ ਲਈ,
ਅੱਜ ਬਾਲੜੀ ਦਿਵਸ ਮਨਾ ਰਹੇ ਨੇ ।...

ਕੋਠੀਆਂ ਅਤੇ ਕਾਰਾਂ ਦਾ ਲੋਭੀ,
ਧੀ ਨੂੰ ਫਾਹੇ ਤੱਕ ਚਾੜ ਦਿੰਦਾ ਹੈ ।
ਪੈਸਾ-ਪੈਸਾ ਕਰਦਾ-ਕਰਦਾ,
ਜੀਂਉਦੀ ਅੱਗ ਵਿੱਚ ਸਾੜ ਦਿੰਦਾ ਹੈ,
ਲਾਸ਼ਾਂ ਦਾ ਨੀਂਹ-ਪੱਥਰ ਰੱਖ ਕੇ,
ਮੰਜ਼ਲ ਤੇ ਮੰਜ਼ਲ ਬਣਵਾ ਰਿਹਾ ਹੈ ।
ਵੇਖੋ ਬੰਦਾ ਮਹਾਨ ਬਣਨ ਲਈ,
ਅੱਜ ਬਾਲੜੀ ਦਿਵਸ ਮਨਾ ਰਿਹਾ ਹੈ ।...

ਤੇਰੀ ਆਪਣੀ ਹੈ ਤਾਂ ਧੀ-ਭੈਣ ਹੈ,
ਬੇਗਾਨੀ ਹੈ ਤਾਂ ਪੁਰਜਾ-ਪਟੋਲਾ ਹੈ ।
ਪੱਤ ਲੁੱਟਣ ਤੱਕ ਸੀਮਤ ਨਾ ਹੁਣ,
ਨਿੱਤ ਕਤਲੇਆਮ ਦਾ ਰੋਲ਼ਾ ਹੈ ।
ਦੰਦੀਆਂ ਵੱਢ-ਵੱਢ ਨੋਚ ਰਿਹਾ,
ਕੋਈ ਹਵਸੀ ਹਵਸ ਮਿਟਾ ਰਿਹਾ ਹੈ ।
ਵੇਖੋ ਬੰਦਾ ਮਹਾਨ ਬਣਨ ਲਈ,
ਅੱਜ ਬਾਲੜੀ ਦਿਵਸ ਮਨਾ ਰਿਹਾ ਹੈ ।...

ਮਾਸਟਰ, ਡਾਕਟਰ, ਸਾਹਿਬ, ਜਿਸ ਮਾਂ ਨੇ,
ਤੇਰੀ ਹਰ ਬਲਾ ਨੂੰ ਟਾਲਿਆ ।
ਖੁਦ ਕਈ-ਕਈ ਰਾਤਾਂ ਭੁੱਖੀ ਰਹੀ,
ਤੈਨੂੰ ਦੁੱਧ-ਮੱਖਣਾਂ ਨਾਲ ਪਾਲਿਆ ।
ਬੁੱਢੇ ਵਾਰੇ ਹੱਡ ਰੋਲਣ ਲਈ,
ਆਸ਼ਰਮ ਛੱਡ ਕੇ ਆ ਰਿਹਾ ਹੈ ।
ਵੇਖੋ ਬੰਦਾ ਮਹਾਨ ਬਣਨ ਲਈ,
ਅੱਜ ਬਾਲੜੀ ਦਿਵਸ ਮਨਾ ਰਿਹਾ ਹੈ ।...

ਆਉ ਰਲ ਕੇ ਸੋਚ ਬਦਲੀਏ,
ਮਨ ਅੰਦਰ ਦਾ ਕੂੜ ਮੁਕਾਈਏ ।
ਔਰਤ ਦਾ ਸਤਿਕਾਰ ਜਰੂਰੀ,
ਕਿਸੇ ਦੀ ਗਲਤੀ ਨਾ ਦੁਹਰਾਈਏ ।
ਤਾਂ ਜੋ ਔਰਤ ਵੀ ਕਹਿ ਸਕੇ,
ਕੋਈ ਦਿਲੋਂ ਸੋਹਲੇ ਗਾ ਰਿਹਾ ਹੈ ।
ਸੱਚਮੁੱਚ ਬੜਾ ਮਹਾਨ ਹੈ ਬੰਦਾ,
ਜੋ ਬਾਲੜੀ ਦਿਵਸ ਮਨਾ ਰਿਹਾ ਹੈ ।

          
ਸੰਪਰਕ: +91 98552 07071

Comments

Security Code (required)Can't read the image? click here to refresh.

Name (required)

Leave a comment... (required)

ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ