Sat, 15 June 2024
Your Visitor Number :-   7111448
SuhisaverSuhisaver Suhisaver

ਰਵੇਲ ਸਿੰਘ ਇਟਲੀ ਦੀਆਂ ਪੰਜ ਕਵਿਤਾਵਾਂ

Posted on:- 15-09-2012ਵਾਘੇ ਦੀਏ ਕੰਧੇ

ਵਾਘੇ ਦੀਏ ਕੰਧੇ , ਨੀ ਵਾਘੇ ਦੀਏ ਕੰਧੇ ,
ਤੇਰੇ ਆਰ ਪਾਰ ਇਹ ਦੋ ਦੇਸ਼ਾਂ ਦੇ ਝੰਡੇ |
ਇਸ ਪਾਰ ਰਾਵੀ ਤੇ ਉਸ ਪਾਰ ਰਾਵੀ ,
ਕਿਵੇਂ ਤੂੰ ਨੀਂ ਅੜੀਏ ਪਾਣੀ ਨੇ ਵੰਡੇ ,
ਪੰਜਾਬੀ ਪੰਜਾਬੀ ਭਰਾਵਾਂ ਦੇ ਵਾਂਗੂੰ ,
ਅਜੇ ਸਾਂਝ ਰੱਖਦੇ ਨੇ ਰਾਵੀ ਦੇ ਕੰਢੇ |

ਕੇਹੀ ਤੂੰ ਖਲੋਤੀ ਹੈ ਹੱਥਾਂ ’ਚ ਲੈ ਕੇ ,
ਇਹ ਤਾਰਾਂ ਦੇ ਤਿੱਖੇ ਡਰਾਉਣੇ ਜੇਹੇ ਕੰਡੇ |
ਇਹ ਕੁਰਸੀ ਦੀ ਖਾਤਿਰ ਤੇ ਚੌਧਰ ਦੀ ਖਾਤਿਰ ,
ਫੜਾਈਆਂ ਬੰਦੂਕਾਂ , ਤੇ ਲਾਏ ਨੇ ਫੰਦੇ |
ਸਮੇਂ ਤੋਂ ਪੰਜਾਬੀ ਰਹੇ ਹਾਂ ਇਕੱਠੇ ,
ਕਿਵੇਂ ਤੂੰ ਭਰਾ ਨੇ ਭਰਾਵਾਂ ’ਚ ਵੰਡੇ |

ਇੱਕੱਠੇ ਹੀ ਖੇਡੇ ਇਕੱਠੇ ਪਲੇ ਹਾਂ ,
ਗਲੀਆਂ ਚ ਖੇਡੇ ਨੇ ਗੁੱਲੀ ਤੇ ਡੰਡੇ |
ਇੱਕੱਠੇ ਹੀ ਵੇਖੇ ਨੇ ਛਿੰਜਾਂ ਅਖਾੜੇ ,
ਇਕੱਠੇ ਹੀ ਚਾਰੇ ਨੇ ਬੂਰੀ ਤੇ ਲੰਡੇ |
ਕੇਹੀ ਮਾਰ ਮਾਰੀ ਸਿਆਸਤ ਨੇ ਸਾਨੂੰ ,
ਇਹ ਹੱਦਾਂ ’ਤੇ ਤਾਰਾਂ ਨੇ ਸਾਨੂੰ ਤਰੰਡੇ |
ਜੋ ਬੀਜ ਸਾਂਝਾਂ ਦੇ ਬੀਜੇ ਇਕੱਠੇ ,
ਕੇਹੀ ਰੁੱਤ ਆਈ ਗਏ ਨੇ ਕਰੰਡੇ |

  ਆਓ ਰਲ ਕੇ ਬਹੀਏ ਅਜੇ ਵੀ ਭਰਾਵੋ ,
ਨਫਰਤਾਂ ’ਚ ਜਾਈਏ ਨਾ ਝੁਲਸੇ ਤੇ ਫੰਡੇ |

ਨੀ ਵਾਘੇ ਦੀਏ ਕੰਧੇ ਪੁਆੜੇ ਕੀ ਪਾਏ ,
ਕਿਉਂ ਦੂਰ ਕੀਤੇ ਨੇ ਅਪਨੇ ਹੀ ਬੰਦੇ |
ਸਭੇ ਸਾਂਝ ਬਦਲੇ ਬਾਂਹਵਾਂ ਉਲਾਰੋ ,
ਝੁਲਣ ਦੇਵੇਂ ਬੇਸ਼ੱਕ ਇਹ ਦੇਸ਼ਾਂ ਦੇ ਝੰਡੇ |
ਵਾਘੇ ਦੀਏ ਕੰਧੇ ਨੀ ਵਾਘੇ ਦੀਏ ਕੰਧੇ |
***
ਬਜ਼ੁਰਗ

ਕੋਲ ਬਜ਼ੁਰਗਾਂ ਉਮਰ ਆਖਰੀ ,ਹੁੰਦੀਆਂ ਸਦਾ ਦੁਆਵਾਂ ,
ਹਰ ਵੇਲੇ ਜੋ ਦੇਂਦੇ ਰਹਿੰਦੇ ,ਚੰਗੀਆਂ ਨੇਕ ਸਲਾਹਵਾਂ |
ਜੀਵਣ ਦੀਆਂ ਤ੍ਰੈਕਾਲਾਂ ਵੇਲੇ ,ਇਹ ਹਨ ਢਲਦੇ ਸੂਰਜ ,
ਗੁੰਮ ਹੋ ਜਾਣਾ ਹੈ ਆਖਿਰ ਨੂੰ , ਨ੍ਹੇਰੇ ਵਿਚ ਪ੍ਰਛਾਵਾਂ |

ਕਈ ਸਿਆਲੇ ਕਈ ਹੁਨਾਲੇ ,ਉਮਰਾਂ ਸੰਗ ਹੰਢਾਏ ,
ਜੀਵਣ ਦੇ ਕਈ ਤਲਕ ਤਜਰਬੇ ,ਦੱਖ ਸੁੱਖ ਤੇ ਘਟਨਾਵਾਂ |
ਬੈਠ ਕਦੇ ਸੱਥਾਂ ਦੇ ਵਿਚ ,ਮਹਿਫਲ ਸਨ ਗਰਮਾਉਂਦੇ ,
ਪਰ ਹੁਣ ਮੰਜਾ ਅਤੇ ਡੰਗੋਰੀ,ਓਨ੍ਹਾਂ ਦਾ ਸਿਰਨਾਵਾਂ |

ਅੱਖਾਂ ਵਿੱਚੋਂ ਚਮਕ ਗੁਆਚੀ ,ਤਲਖੀ ਭਰੀਆਂ ਸਾਹਵਾਂ ,
ਯਾਦਾਂ ਦੀ ਗੰਢ ਰੱਖ ਸਿਰ੍ਹਾਣੇ ,ਬਾਕੀ ਨਾ ਕੁਝ ਪੱਲੇ ,
ਹਰ ਕੋਈ ਆਪਨੇ ਕੰਮੀ ਰੁੱਝਾ , ਲੱਗਣ ਸੁੰਨੀਆਂ ਥਾਵਾਂ |
ਸਾਰੀ ਉਮਰ ਕਮਾਇਆ ਖੱਟਿਆ ,ਪਰ ਖਾਲੀ ਦੇ ਖਾਲੀ ,
ਜਿਓਂ ਸਾਵਣ ਦੀ ਰੁੱਤੇ ਵਰ੍ਹ ਕੇ ਖਾਲੀ ਮੁੜਨ ਘਟਾਵਾਂ |
ਬਚਪਣ ਫੇਰ ਜੁਆਨੀ , ਗ੍ਰਹਿਸਤੀ ਚੌਥਾ ਪਹਿਰ ਬੁਢੇਪਾ ,
ਆਖਿਰ ਇੱਕ ਦਿਨ ਮਿੱਟੀ ਦੇ ਵਿਚ ਮਿਲ ਜਾਣਾ , ਸਭ ਨਾਵਾਂ |

ਇਹ ਵੇਲਾ ਸਤਿਕਾਰ ਦਾ ਭੁੱਖਾ,ਨਾ ਮੰਗੇ ਕੁਝ ਹੋਰ ,
ਏਸੇ ਰਸਤੇ ਹੋ ਕੇ ਜਾਣਾ , ਸਭਨਾ ਭੈਣ ਭਰਾਵਾਂ |
ਜੇ ਕੋਈ ਇੱਸ ਤੋਂ ਪਹਿਲਾਂ ਜਾਂਦਾ ,ਇਹ ਵੀ ਰੱਬ ਦਾ ਭਾਣਾ ,
ਇਹ ਜੀਵਣ ਬਦਲੋਟੀ ਵਰਗਾ , ਤੁਰਦਾ ਨਾਲ ਹਵਾਂਵਾਂ |
ਕੁਝ ਪਲ ਬਹੀਏ ਕੋਲ ਬਜ਼ੁਰਗਾਂ ,ਛੱਡ ਕੇ ਕੰਮ ਰੁਝੇਵੇਂ ,
ਇੱਸ ਤੋਂ ਚੰਗਾ ਕੰਮ ਨਾ ਕੋਈ , ਜੀਵਣ ਵਾਂਗ ਸਰਾਵਾਂ |
ਕੋਲ ਬਜ਼ੁਰਗ ਉਮਰ ਆਖਿਰੀ ਹੁੰਦੀਆਂ ਸਦਾ ਦੁਆਵਾਂ ,
ਹਰ ਵੇਲੇ ਜੋ ਦੇਂਦੇ ਰਹਿੰਦੇ ,ਚੰਗੀਆਂ ਨੇਕ ਸਲਾਹਵਾਂ |
  ***
ਭੁਲੇਖਾ

ਪਸ਼ੂਆਂ ਵਾਂਗੂੰ ,
ਬੰਦੇ ਦੇ ,ਸਿੰਗ ਹੈ ਨਹੀਂ ਬੇਸ਼ੱਕ ,
ਲੜਨ ਲਈ ਤੇ ਭਿੜਨ ਲਈ ,
ਪਰ ਬੰਦੇ ਨੇ ਲੋੜਾਂ ਤੋਂ ਵੱਧ ,
ਆਪ ਬਨਾ ਕੇ ਪੈਦਾ ਕਰ ਲਏ ,
ਸਿੰਗਾਂ ਤੋਂ ਵੱਧ ,ਤਾਕਤ ਵਰ ਤੇ ਖਤਰਨਾਕ ,
ਅੱਗ ਲਾਣੇ ਤੇ ਜ਼ਹਿਰ ਉਗਲਣੇ ,
ਆਪਣੇ ਹੱਥੀਂ ,ਆਪਣੀ ਜਾਤੀ ,

ਆਪ ਮਿਟਾਣੇ ,ਪਸ਼ੂਆਂ ਦੇ ਸਿੰਗਾਂ ਤੋਂ ਵੱਧ ਕੇ ,
ਲੜਨ ਲਈ ਜਾਂ ਭਿੜਨ ਲਈ ,ਅਮਨਾ ਦੇ ਨਾਂ ਹੇਠਾਂ ,
ਤਾਕਤ ਵਰ ,ਅਥਰੇ ਹੱਥਿਆਰ |
ਬੰਦਾ ਵੀ ਹੈ ਪਸੂ  ਨਿਰਾਲਾ ,
ਪਰ ਉਹ ਸਮਝੇ ,ਹੈਂਕੜ ਦੇ ਵਿਚ ,
ਉਹ ਨਹੀਂ ਪਸ਼ੂ ,
ਉਹ ਤਾਂ ਹੈ ਇੱਕ ਇਨਸਾਨ ,
ਏਸ ਭੁਲੇਖੇ ਜੀਵੇ ਬੰਦਾ ,
ਬੰਦੇ ਦਾ ਲਹੂ ਪੀਵੇ ਬੰਦਾ |
***
ਪੰਜਾਬ

ਜਦ ਤੋਂ ਵੰਡਿਆ ਗਿਆ ਪੰਜਾਬ ,ਦੱਸੋ ਕੀ ਹੈ ਰਿਹਾ ਜਨਾਬ |
ਆਪਸ ਦੇ ਵਿੱਚ ਰਲ ਕੇ ਭਾਈਆਂ ,ਵੰਡ ਲਿਆ ਹੈ ਫੁੱਲ ਗੁਲਾਬ |
ਖਿਲਰ ਗਿਆ ਹੈ ਇੱਸ ਨੂੰ ਖੋਹੰਦੇ ,ਮਹਿਕ ਸੁਗੰਧੀ ਅਤੇ ਸ਼ਬਾਬ |
ਰਾਵੀ ਵੰਡੀ ਸਤੁਲਜ ਵੰਡਿਆ ,ਕਿਧਰੇ ਜੇਹਲਮ ਰਿਹਾ ਚਨਾਬ |

ਕਿਧਰੇ ਰਹਿ ਗਈ ਨਦੀ ਬਿਆਸ ,ਕਿਵੇਂ ਕਹੀਏ ਇੱਸ ਨੂੰ ਪੰਜਾਬ |
ਹੁਨ ਦੱਸੋ ਰੱਖੀਏ ਨਾਂ ਕੇਹੜਾ ,ਸਾਰੇ ਫੋਲੋ ਕੋਈ ਕਿਤਾਬ |
ਕੀ ਮਿਲਿਆ ਹੈ ਵੰਡ ਕੇ ਇਸ ਨੂੰ ,ਕਿਧਰੇ ਬਹਿ ਕੇ ਕਰੋ ਹਿਸਾਬ |
ਅਜੇ ਵੀ ਓਹੋ ਰਹਿਣੀ ਬਹਿਣੀ ,ਅਜੇ ਵੀ ਓਹੋ ਅਦਬ ਅਦਾਬ |

ਅਜੇ ਵੀ ਸਾਡੀ ਬੋਲੀ ਓਹੋ ,ਅਜੇ ਵੀ ਓਹੋ ਰਸਮ ਰਿਵਾਜ |
ਪਰ ਇੱਸ ਕੁਰਸੀ ਖਾਤਿਰ ਵੰਡ ਕੇ ,ਕੀਤਾ ਸੱਭ ਨੂੰ ਬੜਾ ਖਰਾਬ |
ਕਿਧਰੇ ਹਿੰਮ ਆਂਚਲ ਹਰਿਆਣਾ,ਜ਼ਖਮੀ ਹੈ ਉਡਦਾ ਉਕਾਬ |
ਟੋਟੇ ਟੋਟੇ ਹੋ ਕੇ ਖਿਲਰੇ, ਚੂਰ ਹੋ ਗਏ ਸਾਂਝਾਂ ਦੇ ਖਾਬ ,
ਜਦ ਤੋਂ ਵੰਡਿਆ ਗਿਆ ਪੰਜਾਬ , ਦੱਸੋ ਕੀ ਹੈ ਰਿਹਾ ਜਨਾਬ |
***
ਰੱਬ

ਕਈਆਂ ਦੀ ਬੁੱਕਲ ਵਿਚ ਰੱਬ ,ਕਈਆਂ ਦੇ ਰੱਬ ਮਨ ਦੇ ਅੰਦਰ ,
ਕਈਆਂ ਨੇ ਰੱਬ ਕੈਦ ਕਰ ਲਿਆ , ਮਸਜਿਦ ਗੁਰੂ ਦੁਆਰੇ ਮੰਦਰ ,
ਢੋਲਕੀਆਂ ਛੈਣੇ ਫੜਵਾ ਕੇ ਰੱਬ ਨੇ ਲਾਇਆ ਸੱਭ ਨੂੰ ਲਾਰੇ |
ਧਰਮਾਂ ਦੀ ਹੈ ਠੇਕੇ ਦਾਰੀ ,ਥਾਂ ਥਾਂ ਹੋ ਗਈ ਡੇਰੇ ਦਾਰੀ ,
ਦੁਨੀਆ ਹੋ ਗਈ ਵਹਿਮਾਂ ਮਾਰੀ ,ਮਾਇਆ ਦੀ ਸਾਰੇ ਸਰਦਾਰੀ ,

ਰੱਬ ਦੇ ਘਰ ਵਿਚ ਹਰ ਖੂੰਜੇ ਵਿਚ ਮਾਇਆ ਨੇ ਹੀ ਪੈਰ ਪਸਾਰੇ |
ਚੌਧਰ ਤੇ ਪਰਧਾਨੀ ਬਦਲੇ ,ਰੱਬ ਦੇ ਘਰ ਵਿਚ ਹੁੰਦੇ ਝਗੜੇ ।
ਰੱਬ ਦੇ ਘਰ ਵਿਚ ਵੜੀ ਸਿਆਸਤ ,ਰੱਬ ਦੇ ਘਰ ਨੂੰ ਸਮਝ ਵਿਰਾਸਿਤ ,
ਰੱਬ ਦੇ ਨਾਂ ਤੇ ਕੱਲੂ ਕਾਰੇ ,ਲੱਖਾਂ ਜਾਣ ਬੇਦੋਸ਼ੇ ਮਾਰੇ |
ਲੱਗਦੈ ਰੱਬ ਨੂੰ ਖੂੰਜੇ ਲਾਕੇ ,ਉਸ ਦੇ ਡਰ ਨੂੰ ਮਨੋਂ ਭੁਲਾ ਕੇ ,
ਲਗਦੈ ਰੱਬ ਦੀ ਹੋਂਦ ਭੁਲਾ ਕੇ,ਸੱਭ ਦੇ ਅੱਖੀਂ ਘੱਟਾ ਪਾ ਕੇ ,

ਰੱਬ ਨੂੰ ਮੁਠੀ ਵਿਚ ਕਰਨ ਦੇ ,ਕਰਦੇ ਪੁੱਠੇ ਕਾਰੇ |
ਲੋਕਾਂ ਨੇ ਰੱਬ ਕੈਦ ਕਰ ਲਿਆ ,ਮੰਦਰ ਮਸਜਿਦ ਗੁਰੂ ਦੁਆਰੇ |
ਚੱਕਰਾਂ ਦੇ ਵਿਚ ਪੈ ਗਈ ਦੁਨੀਆ ,ਫਿਰਦੀ ਦੁਆਰੇ ਦੁਆਰੇ

Comments

Security Code (required)Can't read the image? click here to refresh.

Name (required)

Leave a comment... (required)

ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ