Mon, 20 May 2024
Your Visitor Number :-   7052284
SuhisaverSuhisaver Suhisaver

ਆਰ.ਬੀ.ਸੋਹਲ ਦੀਆਂ ਕੁਝ ਰਚਨਾਵਾਂ

Posted on:- 22-06-2014ਅੱਜ ਕਲਮ ਮੈਨੂੰ ਸਮਝਾਉਣ ਲੱਗੀ

ਅੱਜ ਕਲਮ ਮੈਨੂੰ ਸਮਝਾਉਣ ਲੱਗੀ
ਦਿਲ ਖੋਲ ਕੇ ਦੁੱਖੜੇ ਸਣਾਉਣ ਲੱਗੀ
ਐਵੇਂ ਨਾ ਤੂੰ ਮੇਰੇ ਤੇ ਵਰਿਆ ਕਰ
ਸਹਾਂ ਗਮ ਤੇਰੇ ਨਾ ਅੱਖਾਂ ਭਰਿਆ ਕਰ

ਰਾਤੀਂ ਥੱਕ ਟੁੱਟ ਕੇ ਸੀ ਮੈ ਸੁੱਤੀ
ਫਿਰ ਤੱੜਕੇ ਤੂੰ ਮੈਨੂੰ ਉਠਾ ਦਿੱਤਾ
ਜਿਹੜਾ ਰਹਿੰਦਾ ਸੀ ਥੋੜਾ ਬਹੁਤ
ਮੇਰਾ ਰੱਤ ਗਮਾਂ ਚ ਵਹਾ ਦਿੱਤਾ
ਦੱਸ ਕੇ ਪੀੜਾ ਨਾ ਹੋਕੇ ਭਰਿਆ ਕਰ
ਸਹਾਂ ਗਮ ਤੇਰੇ ਨਾ ਅੱਖਾਂ ਭਰਿਆ ਕਰ

ਰਹੀ ਸਵੇਰ ਤੋਂ ਤੈਨੂੰ ਉਡੀਕ ਦੀ ਮੈਂ
ਵੇ ਕਦ ਆ ਕੇ ਤੂੰ ਮੈਨੂੰ ਉਠਾਵੇਂਗਾ
ਅੱਜ ਵੇਖ ਕੇ ਤੂੰ ਮੇਰਾ ਸੱਜਰਾ ਜੋਬਨ
ਕੋਈ ਮੰਨ ‘ਚ ਖਿਆਲ ਬਣਾਵੇਂਗਾ  
ਸੋਹਣੇ ਹਰਫ਼ ਗਜ਼ਲ ‘ਚ ਜੜਿਆ ਕਰ
ਸਹਾਂ ਗਮ ਤੇਰੇ ਨਾ ਅੱਖਾਂ ਭਰਿਆ ਕਰ

ਤੇਰਾ ਸਾਥ ਮੈਂ ਹਰ ਪੱਲ ਨਿਭਾਉਂਦੀ ਰਹੀ
ਆਪ ਵੀ ਰੋਈ ਤੈਨੂੰ ਵੀ ਰਵਾਉਂਦੀ ਰਹੀ
ਇੱਕ ਇੱਕ ਅੱਖਰ ਤੇਰੇ ਦਾ ਮੈ ਮਾਣ ਰੱਖਿਆ
ਛੱਡ “ਸੋਹਲ” ਨਾ ਐਵੇਂ ਲੜਿਆ ਕਰ,
ਸਹਾਂ ਗਮ ਤੇਰੇ ਨਾ ਅੱਖਾਂ ਭਰਿਆ ਕਰ

***

ਬੀਤ ਗਈਆਂ ਮੁੱਦਤਾਂ ਵਿਛੋੜਾ ਤੇਰਾ ਜ਼ਰਦਿਆਂ

ਬੀਤ ਗਈਆਂ ਮੁੱਦਤਾਂ ਵਿਛੋੜਾ ਤੇਰਾ ਜ਼ਰਦਿਆਂ
ਗਮਾਂ ਦੇ ਸਮੁੰਦਰਾਂ ਨੂੰ ਕਈ ਵਾਰ ਪਾਰ ਕਰਦਿਆਂ

ਨਿਰ-ਪੱਤਰੇ ਬਿਰਖ ਨੂੰ ਬਹਾਰਾਂ ਦੀ ਉਮੀਦ ਹੈ  
ਕਿੰਨਾ ਰੋਏ ਹੋਣਗੇ ਉਹ ਪੱਤਾ-ਪੱਤਾ ਝੜਦਿਆਂ  

ਲੰਘ ਗਏ ਨੇ ਕਾਫਲੇ ਮੈਂ ਰੁੱਕ ਗਈ ਇੱਕ ਬੁੱਤ ਹਾਂ
ਲੰਘ ਗਏ ਨੇ ਸ਼ੂਕਦੇ ਤੁਫਾਨ ਕਈ ਮੇਰੇ ਖੜਦਿਆਂ

ਰਾਤ ਦੇ ਹਨੇਰੀਆਂ ‘ਚ ਯਾਦਾਂ ਦਾ ਹੀ ਸਾਥ ਹੈ
ਥੱਕ ਗਈ ਬਿਰਹਾ ਦੇ ਨਾਗਾਂ ਨਾਲ ਮੈਂ ਲੜਦਿਆਂ

ਇੱਕ ਵਾਰ ਕਰਕੇ ਹੋਸਲਾ ਕਰੀਬ ਮੇਰੇ ਆ ਜਰਾ
ਸ਼ੀਸ ਨੂੰ ਝੁਕਾ ਜਿੰਦ ਕਢ ਤਲੀ ਤੇ ਧਰ ਦਿਆਂ

ਹਰਫ਼ਾਂ ‘ਚ ਤਰਾਸ਼ੀ ਮੈਂ ਅਨਪੜੀ ਇੱਕ ਗਜ਼ਲ ਹਾਂ  
ਸੋਹਲ ਮੈਨੂੰ  ਸਮਝਨਾ ਤੂੰ ਹੋਲੀ ਹੋਲੀ ਪੜਦਿਆਂ


***
ਨਾ ਉਹ ਪਿੰਡ ਤੇ ਨਾ ਉਹ ਪਿੱਪਲ

ਨਾ ਉਹ ਪਿੰਡ ਤੇ ਨਾ ਹੀ ਪਿੱਪਲ ਸ਼ਹਿਰਾਂ ਦੇ ਵਿੱਚ ਰੁਲ ਗਏ ਹਾਂ
ਛੱਡ ਕੇ ਆਪਣਾ ਵਿਰਸਾ ਯਾਰੋ ਲੋਕ ਲਾਜ਼ ਨੂੰ ਭੁੱਲ ਗਏ ਹਾਂ

ਸਵਾਣੀ ਵੀ ਨਾ ਭੱਤਾ ਲੈ ਕੇ ਖੇਤਾਂ ਨੂੰ ਅੱਜ ਜਾਵੇ
ਤੜਕ ਸਾਰ ਫਿਰ ਚਾਟੀ ਦੇ ਵਿੱਚ ਕੋਣ ਮਧਾਣੀ ਪਾਵੇ
ਛੱਡ ਕੇ ਦਹੀਂ ਤੇ ਮੱਖਣ ਨੂੰ ਹੁਣ ਚਾਹ ਦੇ ਉੱਤੇ ਡੁੱਲ ਗਏ ਹਾਂ
ਆਪਣਾ ਵਿਰਸਾ ਛੱਡ ਕੇ ਯਾਰੋ ਲੋਕ ਲਾਜ਼ ਨੂੰ ਭੁੱਲ ਗਏ ਹਾਂ

ਅੱਖਾਂ ਨੂੰ ਅੱਜ ਸ਼ਰਮਾਂ ਭੁੱਲੀਆਂ ਅਦਬ ਦੀ ਚੁੰਨੀ ਲਾਈ ਏ
ਮਾਪਿਆਂ ਦਾ ਕੋਈ ਫਿਕਰ ਨਾ ਇੱਜ਼ਤ ਚੁੱਲੇ ਦੇ ਵਿੱਚ ਪਾਈ ਏ
ਵੱਡਿਆਂ ਦਾ ਸਤਕਾਰ ਭੁੱਲ ਕੇ ਉਹਨਾਂ ਮੂਰੇ ਖੁੱਲ ਗਏ ਹਾਂ
ਆਪਣਾ ਵਿਰਸਾ ਛੱਡ ਕੇ ਯਾਰੋ ਲੋਕ ਲਾਜ਼ ਨੂੰ ਭੁੱਲ ਗਏ ਹਾਂ

ਸਾਂਝ ਪੁਰਾਣੀ ਭੁੱਲ ਕੇ ਆਪਾਂ ਤੰਨ ਮੰਨ ਨੂੰ ਹੰਕਾਰ ਲਿਆ
ਦੂਸਰਿਆਂ ਮੂਰੇ ਬਣ ਅੜਿਕਾ ਆਪਣਾ ਕੰਮ ਸੰਵਾਰ ਲਿਆ
ਛੱਡ ਕੇ ਹੱਕ ਹਲਾਲੀ ਪੱਲੜੇ ਬਈਮਾਨੀ ਵਿੱਚ ਤੁੱਲ ਗਏ ਹਾਂ
ਆਪਣਾ ਵਿਰਸਾ ਛੱਡ ਕੇ ਯਾਰੋ ਲੋਕ ਲਾਜ਼ ਨੂੰ ਭੁੱਲ ਗਏ ਹਾਂ

ਕੁੜਤੇ ਚਾਦਰੇ ਕੋਲ ਕੱਬਡੀ ਛਿੰਝ ਦਾ ਯਾਰੋ ਨਾਮ ਨਹੀਂ
ਛੱਡੀਆਂ ਘਿਓ ਖੁਰਾਕਾਂ ਅਸਾਂ ਹੁਣ ਨਸ਼ਿਆਂ ਤੋਂ ਬਿਨ ਸ਼ਾਮ ਨਹੀਂ
ਕੋਣ “ਸੋਹਲ” ਤੈਨੂੰ ਯਾਦ ਕਰੇਗਾ ਕੋਡੀਆਂ ਦੇ ਅਸੀਂ ਮੁੱਲ ਪਏ ਹਾਂ
ਆਪਣਾ ਵਿਰਸਾ ਛੱਡ ਕੇ ਯਾਰੋ ਲੋਕ ਲਾਜ਼ ਨੂੰ ਭੁੱਲ ਗਏ ਹਾਂ

***


ਹਸਰਤ ਸੀ ਬੜੀ ਮੰਨ ਵਿੱਚ ਮੇਰੇ ਮੈਂ ਵੀ ਇੱਕ ਫੁੱਲ ਬਣ ਜਾਵਾਂ  

ਹਸਰਤ ਸੀ ਬੜੀ ਮੰਨ ਵਿੱਚ ਮੇਰੇ ਮੈਂ ਵੀ ਇੱਕ ਫੁੱਲ ਬਣ ਜਾਵਾਂ  
ਬੈਠਣ ਭੋਰੇ ਤਿਤਲੀਆਂ ਅਤੇ ਨਰਮ ਹੱਥਾਂ ਵਿੱਚ ਡੁੱਲ ਜਾਵਾਂ
ਪਤਾ ਨਹੀ ਕੀ ਭਾਣਾ ਵਾਪਰਿਆ ਕੰਡਾ ਜੋ ਮੈ ਬਣ ਗਿਆ ਹਾਂ
ਮੇਰੇ ਨਾਲ ਕੋਈ ਪਿਆਰ ਨਾ ਵੰਡੇ ਟਹਿਣੀ ਤੇ ਹੀ ਸੜ ਗਿਆਂ ਹਾਂ

ਫੁੱਲਾਂ ਦੇ ਹੀ ਹਾਰ ਨੇ ਬਣਦੇ ਹਰ ਕੋਈ ਜਗ੍ਹਾ ਤੇ ਚੜਦੇ ਨੇ
ਲੰਗਦਿਆਂ ਮੇਰੇ ਕੋਲੋਂ ਲੋਕੀਂ ਚੁੱਬਣ ਤੋਂ ਫਿਰ ਡਰਦੇ ਨੇ
ਛੋਟਾ ਜਾਂ ਭਾਵੇਂ ਹੋਵਾਂ ਮੈਂ ਵੱਢਾ ਇੱਕੋ ਡੰਗ ਹੀ ਕਰਦਾ ਹਾਂ
ਮੇਰੇ ਨਾਲ ਕੋਈ ਪਿਆਰ ਨਾ ਵੰਡੇ ਟਹਿਣੀ ਤੇ ਹੀ ਸੜ ਗਿਆਂ ਹਾਂ

ਰੱਬ ਦਾ ਭਾਣਾ ਮੰਨਦਾ ਹਾਂ ਜੋ ਤਿਖੀ ਸੂਲ ਬਣਾਇਆ ਏ
ਫੁੱਲਾਂ ਦੀ ਰਾਖੀ ਲਈ ਮੈਨੂੰ ਪਹਿਰੇਦਾਰ ਬਿਠਾਇਆ ਏ
ਤੋੜੇ ਜਦ ਕੋਈ ਫੁੱਲ ਟਹਿਣੀ ਤੋਂ ਓਦੇ ਨਾਲ ਮੈ ਲੜਦਾ ਹਾਂ
ਮੇਰੇ ਨਾਲ ਕੋਈ ਪਿਆਰ ਨਾ ਵੰਡੇ ਟਹਿਣੀ ਤੇ ਹੀ ਸੜ ਗਿਆ ਹਾਂ

ਕਵੀਆਂ ਤੇ ਸ਼ਾਇਰਾਂ ਨੇ ਮੈਨੂੰ ਕੀਤਾ ਏ ਬਦਨਾਮ ਬੜਾ
ਕਈਆਂ ਦੇ ਮੈ ਦਿੱਲ ਵਿੱਚ ਚੁੱਬਿਆ ਰਾਹ ਕਿਸੇ ਦੇ ਆਣ ਖੜਾ
ਫਿਰ ਵੀ ਹਸਦਿਆਂ ਹਸਦਿਆਂ ਸਾਰਾ ਦਿੱਲ ਆਪਣੇ ਤੇ ਜ਼ਰ ਗਿਆ ਹਾਂ
ਮੇਰੇ ਨਾਲ ਕੋਈ ਪਿਆਰ ਨਾ ਵੰਡੇ ਟਹਿਣੀ ਤੇ ਹੀ ਸੜ ਗਿਆ ਹਾਂ

ਧੰਨਵਾਦ ਮਸ਼ਕੂਰ ਬਹੁਤ ਹਾਂ ਜ਼ਿਕਰ ਜਿਨ੍ਹਾਂ ਨੇ ਕੀਤਾ ਏ
ਮਹਿਫਲ ਦੇ ਵਿੱਚ ਮੰਨ ਕਵੀ ਦਾ ਮੈ ਵੀ ਸ਼ੀਤਲ ਕੀਤਾ ਏ
ਆਇਆ ਫੁੱਲ ਨੂੰ ਚੁੰਮਣ ਜਿਹੜਾ ਉਹਦੀ ਨਜ਼ਰ ਵੀ ਬਣ ਗਿਆ ਹਾਂ
ਮੇਰੇ ਨਾਲ ਕੋਈ ਪਿਆਰ ਨਾ ਵੰਡੇ ਟਹਿਣੀ ਤੇ ਹੀ ਸੜ ਗਿਆ ਹਾਂ  

***

ਇੱਕ ਅੱਖ ਹੰਝੂ ਤੇ ਇੱਕ ਅੱਖ ਸੁਪਨਾ

ਇੱਕ ਅੱਖ ਹੰਝੂ ਤੇ ਇੱਕ ਅੱਖ ਸੁਪਨਾ
ਵਿੱਚ ਤਰਦੀ ਏ ਤੇਰੀ ਤਸਵੀਰ ਚੰਨਾ
ਨਾ ਹੰਝੂ ਸੁਕੇ ਨਾ ਸੁਪਨੇ ਮੁੱਕੇ
ਦੋਵੇਂ ਲੈਂਦੇ ਨੇ ਤੇਰਾ ਹੁਣ ਨਾਮ ਚੰਨਾ

ਤੇਰੇ ਇਸ਼ਕ ਦਾ ਜਾਦੂ ਹੁਣ ਸਿੱਰ ਚੜਿਆ
ਤੱਕਦੀ ਰਿਹੰਦੀ ਮੈਂ ਤੇਰੀ ਮੁਹਾਰ ਚੰਨਾ
ਕੋਲ ਹੋ ਕੇ ਵੀ ਤੂੰ ਮੇਰੇ ਤੋਂ ਦੂਰ ਹੋਵੇਂ
ਮੇਰੇ ਹੋਕਿਆਂ ਦੀ ਨਾ ਸੁਣਦਾ ਪੁਕਾਰ ਚੰਨਾ

ਵਗਦੇ ਪਾਣੀਆਂ ਚੋੰ ਆਉਂਦਾ ਇਕ ਸ਼ੋਰ ਜਿਹਾ
ਗਰਜੇ ਬੱਦਲਾਂ ਦੀ ਸੁਣ ਲੈ ਪੁਕਾਰ ਚੰਨਾ
ਰਾਤੀਂ ਉੱਠ ਕੇ ਮੈ ਲਭਦੀ ਨਿਸ਼ਾਨ ਤੇਰੇ
ਰੁਲਾ ਜਾਂਦਾ ਏ ਮੈਨੂੰ ਤੇਰਾ ਪਿਆਰ ਚੰਨਾ

ਗਮ ਦੇ ਬੱਦਲਾਂ ਨੇ ਘੇਰਾ ਮੈਨੂੰ ਪਾ ਛੱਡਿਆ
ਲੱਭਾਂ ਕਿਕਰਾਂ ਦੇ ਥੱਲੇ ਮੈਂ ਬਹਾਰ ਚੰਨਾ
ਤੱਪਦੀਆਂ ਧੁੱਪਾਂ ਚ’ ਦੁਪਿਹਰ ਨੂੰ ਤੁਰੀ ਜਾਵਾਂ
ਕਦੇ ਬਣ ਤੂੰ ਬੱਦਲਾਂ ਦੀ ਛਾਂ ਚੰਨਾ

ਮੇਰੇ ਦਰਦ ਦਾ ਵੀ ਤੇਰੇ ਤੋਂ ਓਹਲਾ ਨਹੀਂ
ਕਿਉਂ ਤੂੰ ਕੀਤਾ ਏ ਐਨਾ ਮਜ਼ਬੂਰ ਚੰਨਾ
"ਸੋਹਲ" ਜਿਉਂਦਿਆਂ ਦੀ ਮੇਰੀ ਤੈਨੂੰ ਸਾਰ ਨਹੀਂ
ਕਿਉਂ ਨਾ ਆਪੇ ਨੂੰ ਲਵਾਂ ਮੈਂ ਮਿੱਟਾ ਚੰਨਾ

***

ਪਾਵਾਂ ਗੋਰੀਆਂ ਬਾਹਾਂ ਦੇ ਤੈਨੂੰ ਹਾਰ ਰਾਂਝਣਾ

ਪਾਵਾਂ ਗੋਰੀਆਂ ਬਾਹਾਂ ਦੇ ਤੈਨੂੰ ਹਾਰ ਰਾਂਝਣਾ
ਦੇਵਾਂ ਜਿੰਦ ਜਾਨ ਤੇਰੇ ਉਤੋਂ ਵਾਰ ਰਾਂਝਣਾ

ਤੇਰੇ ਲਫ਼ਜ਼ ਤਾਂ ਮੇਰੇ ਹੁਣ ਲਹੂ ਚ’ ਸਮਾਏ
ਤੇਰੇ ਪਿਆਰ ਵਾਲਾ ਰਾਗ ਮੇਰੇ ਰਗਾਂ ਵਿਚੋਂ ਆਏ
ਵੱਜੇ ਸਾਹਾਂ ਵਿੱਚ ਇਸ਼ਕੇ ਦੀ ਤਾਰ ਰਾਂਝਣਾ  
ਦੇਵਾਂ ਜਿੰਦ ਜਾਨ ਤੇਰੇ ਉਤੋਂ ਵਾਰ ਰਾਂਝਣਾ

ਤੇਨੂੰ ਬਾਰ ਬਾਰ ਤੱਕਾਂ ਲਾ ਕੇ ਸੀਨੇ ਨਾਲ ਰੱਖਾਂ
ਫਿਰ ਖੁੱਲ ਜਾਣ ਵਾਲ ਬੰਦ ਹੋ ਜਾਣ ਅੱਖਾਂ
ਰੂਹਾਂ ਹੋਣ ਦੇ ਤੂੰ ਅੱਜ ਇੱਕ ਸਾਰ ਰਾਂਝਣਾ  
ਦੇਵਾਂ ਜਿੰਦ ਜਾਨ ਤੇਰੇ ਉਤੋਂ ਵਾਰ ਰਾਂਝਣਾ  

ਜਦੋਂ ਕੋਲ ਮੇਰੇ ਆਵੇਂ ਗੱਲ ਦਿਲ ਦੀ ਮਨਾਵੇਂ
ਫਿਰ ਸੁਣੇ ਨਾ ਤੂੰ ਮੇਰੀ ਬੱਸ ਆਪਣੀ ਸੁਣਾਵੇਂ
ਲੈਦਾ ਘੁੱਟ ਕੇ ਕਲਾਵਾ ਮੈਨੂੰ ਮਾਰ ਰਾਂਝਣਾ
ਦੇਵਾਂ ਜਿੰਦ ਜਾਨ ਤੇਰੇ ਉਤੋਂ ਵਾਰ ਰਾਂਝਣਾ

ਸ਼ਾਮ ਤੇ ਸਵੇਰੇ ਰਹਿੰਦਾ ਨਿੱਤ ਮੈਨੂੰ ਘੇਰੇ
ਕਦੇ ਮੁੱਖ ਮੇਰਾ ਚੁੰਮੇ ਹੱਥ ਵਾਲਾਂ ਵਿੱਚ ਫੇਰੇ
ਜੋਰ ਚੱਲੇ ਨਾ ਤਾਂ ਮੰਨ ਲੇਂਦੀ ਹਾਰ ਰਾਂਝਣਾ
ਦੇਵਾਂ ਜਿੰਦ ਜਾਨ ਤੇਰੇ ਉਤੋਂ ਵਾਰ ਰਾਂਝਣਾ  

ਸੋਹਲ ਸਾਹਾਂ ਤੋਂ ਪਿਆਰਾ ਮੇਰੀ ਜਾਨ ਦਾ ਸਹਾਰਾ
ਵੱਖ ਹੋਈਏ ਨਾ ਕਦੇ ਵੀ ਭਾਵੇਂ ਰੁੱਸੇ ਜੱਗ ਸਾਰਾ
ਤੈਨੂੰ ਪਾ ਕੇ ਲਿਆ ਰੱਬ ਨੂੰ ਵੀ ਪਾ ਰਾਂਝਣਾ  
ਦੇਵਾਂ ਜਿੰਦ ਜਾਨ ਤੇਰੇ ਉਤੋਂ ਵਾਰ ਰਾਂਝਣਾ  

***

ਇੱਕ ਵਾਰ ਤੂੰ ਮੁੜ ਕੇ ਤੱਕ ਲੈ ਨੀ

ਇੱਕ ਵਾਰ ਤੂੰ ਮੁੜ ਕੇ ਤੱਕ ਲੈ ਨੀ I
ਸਾਡੇ ਦਿਲ ਉੱਤੇ ਕੀਤੇ ਤੂੰ ਵਾਰ ਬੜੇ I

ਜਿਹੜੇ ਫੁੱਲਾਂ ਤੋਂ ਲੰਘਦੀ ਏਂ ਪੈਰ ਧਰ ਕੇ,
ਓਹੀ ਫੁੱਲ ਨੇ ਜੋ ਬਣਦੇ ਸੀ ਹਾਰ ਬੜੇ I

ਅਸੀਂ ਛੱਡ ਤੇ ਨਜ਼ਾਰੇ ਅੱਜ ਤੇਰੇ ਕਰਕੇ,
ਉਂਝ ਤੇਰੇ ਵੱਲ ਸਾਡੇ ਵੀ ਉਧਾਰ ਬੜੇ I

ਵੇਲਾ ਖੁੰਝਿਆ ਕਦੇ ਵੀ ਮੁੜਦਾ ਨਹੀਂ,
ਕਿਸ ਸ਼ੈ ਤੇ ਤੂੰ ਕਰਦੀਂ ਏਂ ਹੰਕਾਰ ਬੜੇ I

ਰੱਤ ਨਾਲ ਸਿੰਝਦੇ ਹਾਂ ਇਸ਼ਕ ਬੂਟਾ,
ਨੀ ਤੂੰ ਕੱਟਣ ਲਈ ਰੱਖੇ ਹਥਿਆਰ ਬੜੇ I

ਭੁੱਲ ਆਪਣੇ ਗੈਰ ਤੈਨੂੰ ਲੱਗਣ ਚੰਗੇ,
ਉਹ ਕਰਨਗੇ ਤੈਨੂੰ ਵੀ ਖੁਵਾਰ ਬੜੇ I

ਫੁੱਲਾਂ ਨਾਲ ਸੋਹਲ ਜਦੋਂ ਨਿਭ ਜਾਵੇ,
ਫਿਰ ਕਬੁਲਨੇ ਪੈਂਦੇ ਨੇ ਖਾਰ ਬੜੇ I

***

ਨੈਣ ਨਸ਼ੀਲੇ ਤੇਰੇ ਮੁੱਖ ਤੇ ਲੱਗਦੇ ਬੜੇ ਪਿਆਰੇ ਨੀ   

ਨੈਣ ਨਸ਼ੀਲੇ ਤੇਰੇ ਮੁੱਖ ਤੇ ਲੱਗਦੇ ਬੜੇ ਪਿਆਰੇ ਨੀ   
ਤੈਨੂੰ ਜੋ ਇੱਕ ਵਾਰ ਹੀ ਵੇਖੇ ਦਿੱਲ ਦੀ ਬਾਜ਼ੀ ਹਾਰੇ ਨੀ     

ਲੱਗਦਾ ਜਿਵੇਂ ਜਾਮ ਦੇ ਭਰਕੇ ਪਿਆਲੇ ਦੋ ਛਲਕਾ ਜਾਵੇਂ
ਘੋਲ ਦੇਵੇਂ ਤੂੰ ਮਸਤ ਅਦਾਵਾਂ ਸਾਕੀ ਬਣ ਪਿਲਾ ਜਾਵੇਂ
ਆ ਜਾਂਦਾ ਮੈਖਾਨੇ ਜਿਹੜਾ ਲੈਂਦਾ ਮਸਤ ਹੁਲਾਰੇ ਨੀ
ਤੈਨੂੰ ਜੋ ਇੱਕ ਵਾਰ ਹੀ ਵੇਖੇ ਦਿੱਲ ਦੀ ਬਾਜ਼ੀ ਹਾਰੇ ਨੀ    
 
ਗੱਲਾਂ ਨੂੰ ਤੇਰੇ ਚੁੰਮਣ ਝੁਮਕੇ ਝਾਂਜਰ ਵੀ ਕੁਝ ਕਹਿ ਜਾਵੇ
ਨੱਕ ਦੀ ਨਥਲੀ ਜੋਰਾ-ਜੋਰੀ ਬੁੱਲੀਆਂ ਦੇ ਨਾਲ ਖਹਿ ਜਾਵੇ
ਮੂੰਹ ਕਲੀਆਂ ਦੇ ਖੁੱਲ ਜਾਂਦੇ ਤੇਰੇ ਹਾਸਿਆਂ ਦੇ ਸਹਾਰੇ ਨੀ  
ਤੈਨੂੰ ਜੋ ਇੱਕ ਵਾਰ ਹੀ ਵੇਖੇ ਦਿੱਲ ਦੀ ਬਾਜ਼ੀ ਹਾਰੇ ਨੀ    

ਤੀਰ ਨਜ਼ਰ ਦੇ ਵੇਖ ਕੇ ਤੇਰੇ ਰੁੱਖ ਹਵਾ ਦਾ ਮੁੱੜ ਜਾਵੇ
ਹੁਸਨਾਂ ਦਾ ਭਰਿਆ ਤੂੰ ਸਾਗਰ ਪੈਰ ਧਰੇ ਉਹ ਰੁੜ ਜਾਵੇ  
ਇੱਕ ਵਾਰੀ ਜੋ ਹੜ ਜਾਂਦਾ ਫਿਰ ਲੱਗਦਾ ਨਹੀਂ ਕਿਨਾਰੇ ਨੀ
ਤੈਨੂੰ ਜੋ ਇੱਕ ਵਾਰ ਹੀ ਵੇਖੇ ਦਿੱਲ ਦੀ ਬਾਜ਼ੀ ਹਾਰੇ ਨੀ   

ਵੇਖ ਹੱਥਾਂ ਤੇ ਮਹਿੰਦੀ ਤੇਰੇ ਸੂਰਜ ਵੀ ਫਿਰ ਚੜ ਜਾਵੇ
ਅੱਖ ਦਾ ਕਜਲਾ ਤੱਕ ਕੇ ਤੇਰਾ ਰਾਤ ਪਰੀ ਵੀ ਖੜ ਜਾਵੇ
ਸੀਸ ਨਿਮਾ ਕੇ ਫੁੱਲ ਵੀ ਤੈਥੋ ਖੁਸ਼ਬੋ ਲੈਣ ਉਧਾਰੇ ਨੀ
ਤੈਨੂੰ ਜੋ ਇੱਕ ਵਾਰ ਹੀ ਵੇਖੇ ਦਿੱਲ ਦੀ ਬਾਜ਼ੀ ਹਾਰੇ ਨੀ    


ਸੰਪਰਕ:  +91 95968 98840
ਈ-ਮੇਲ: [email protected]


Comments

jaswant kaur dhillon

vdhia .

ਆਰ.ਬੀ.ਸੋਹਲ

ਜਸਵੰਤ ਕੌਰ ਜੀ ਤੁਹਾਡਾ ਬਹੁੱਤ ਸ਼ੁਕਰੀਆ...

Security Code (required)Can't read the image? click here to refresh.

Name (required)

Leave a comment... (required)

ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ