Wed, 08 February 2023
Your Visitor Number :-   6186894
SuhisaverSuhisaver Suhisaver
ਯੋਗੀ ਅਦਿੱਤਿਆਨਾਥ ਦੀ ਇੱਕ ਹੋਰ ਨਫ਼ਰਤੀ ਤਕਰੀਰ , ਕਿਹਾ ਜੇ 'ਲਵ ਜਿਹਾਦ' ਚਲਾਉਣ ਵਾਲੇ ਨਾ ਸੁਧਰੇ ਤਾਂ 'ਰਾਮ ਨਾਮ ਸੱਤਯ ਹੈ' ਦੀ ਯਾਤਰਾ ਸ਼ੁਰੂ ਹੋਵੇਗੀ               ਪੰਜਾਬ ਤੋਂ ਬਾਅਦ ਹੁਣ ਰਾਜਸਥਾਨ ਵਿਧਾਨ ਸਭਾ ਵਿੱਚ ਵੀ ਕੇਂਦਰੀ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਤਿੰਨ ਬਿੱਲ ਪੇਸ਼               ਖੇਤੀ ਕਾਨੂੰਨ : ਹੁਣ ਹੰਸ ਰਾਜ ਹੰਸ ਕਿਸਾਨਾਂ ਨੂੰ ਸਰਕਾਰ ਨਾਲ ਗੱਲਬਾਤ ਲਈ ਸੱਦਾ ਦੇਣ ਲੱਗਾ               ਭਾਜਪਾ ਹਾਈਕਮਾਨ ਦਾ ਫ਼ਰਮਾਨ! ਕਿਸਾਨਾਂ ਨਾਲ ਰਾਬਤਾ ਬਣਾਏ ਪੰਜਾਬ ਇਕਾਈ               ਭਾਜਪਾ ਨੂੰ ਇੱਕ ਹੋਰ ਝਟਕਾ, ਖੇਤੀ ਕਾਨੂੰਨਾਂ ਖ਼ਿਲਾਫ਼ ਭਾਜਪਾ ਦੇ ਪੰਜਾਬ ਯੂਥ ਜਨਰਲ ਸਕੱਤਰ ਬਰਿੰਦਰ ਸਿੰਘ ਸੰਧੂ ਨੇ ਅਸਤੀਫ਼ਾ ਦਿੱਤਾ              

ਇਹ ਤਸਵੀਰਾਂ -ਡਾ. ਅਮਰਜੀਤ ਟਾਂਡਾ

Posted on:- 06-06-2016

suhisaver

ਇਹ ਤਸਵੀਰਾਂ
ਬਹੁਤ ਕੁਝ ਬੋਲਦੀਆਂ ਹਨ
ਓਹਦੀ ਤਸਵੀਰ
ਜੋ ਮੇਰੇ ਕੋਲ ਹੈ-

ਕੋਈ ਵੀ ਤਸਵੀਰ ਨਹੀਂ ਬਣੀ ਹੈ
ਓਸ ਵਰਗੀ-

ਕੱਲ ਜਦੋਂ
ਘਰ ਅਲਮਾਰੀ ਫ਼ੋਲੀ
ਪੁਰਾਣੇ ਸਾਂਭੇ ਪੈਨ ਪੈਨਸਿਲਾਂ ਤਾਲੇ ਚਾਬੀਆਂ ਮਿਲੀਆਂ

ਪਰ ਓਹਨਾਂ ਚ ਇੱਕ ਮਿਲੀ
ਤਸਵੀਰ ਓਹਦੀ ਸਾਂਭੀ ਕਿਤਾਬ ਚ-

ਸਭ ਕੁਝ ਫ਼ਜ਼ੂਲ ਬੇਅਰਥ ਸੀ
ਇੱਕ ਤੇਰੀ ਤਸਵੀਰ ਬਿਨ-
ਤੂੰ ਜ਼ਰਾ ਮੇਰੇ ਵੱਲ ਮੂੰਹ ਤਾਂ ਕਰ
ਦੱਸ ਕੀ ਜਾਂਦਾ ਹੈ ਤੇਰਾ-

ਉਹ ਦਿਨ ਹਵਾ ਨੇ
ਨਹੀਂ ਆਉਣਾ ਮੁੜਕੇ
ਨਾ ਹੀ ਉਹ ਆਏਗੀ ਵਾਪਿਸ
ਕਿਸੇ ਘਰ ਨੂੰ ਸਜਾਉਂਦੀ
ਤੇ ਪਹਿਲੀ ਮੁਹੱਬਤ ਦੇ ਗੀਤ ਗੁਣਗਣਾਉਂਦੀ-

ਸੁਪਨਿਆਂ ਦੀ ਹੀ ਰਹਿ ਗਈ ਹੈ
ਇੱਕ ਰਾਤ ਬਾਕੀ
ਰੇਤ ਤੇ ਚੰਦ ਬਣਾ ਕੇ ਵੀ ਕੀ ਕਰਾਂਗਾ-

ਰੰਗੀਨ ਤਸਵੀਰਾਂ ਵਰਗੇ
ਨਹੀਂ ਪਰਤਣਗੇ ਦਿਨ ਕਦੇ
ਕੱਲ ਸੁਪਨੇ ਚ ਹੀ ਇੱਕ ਹੋਈ ਮੁਲਾਕਾਤ
ਕੰਬ ਰਹੇ ਸਨ
ਬੁੱਲ੍ਹ ਸਾਡੇ ਦੋਵਾਂ ਦੇ-

ਜੀਅ ਭਰ ਕੇ ਵੀ ਨਾ ਦੇਖਿਆ
ਇੱਕ ਦੂਸਰੇ ਨੂੰ-ਨਾ ਕੋਈ ਗੱਲ ਕੀਤੀ
ਏਡੀ ਲੰਬੀ ਸੀ ਮੁਲਾਕਾਤ-
ਓਸ ਦਿਨ ਬਾਅਦ
ਫਿਰ ਵੀ ਮਿਲਦੇ ਤਾਂ ਹਾਂ-

ਪਰ ਕੰਬਦੇ ਬੁੱਲ੍ਹ-ਗੱਲ ਕੀ ਕਰਨ-
ਜੇਬਾਂ ਚ ਤਸਵੀਰਾਂ ਸਨ ਇੱਕ ਦੂਜੇ ਦੀਆਂ-
ਖ਼ਾਬ ਮਰਨ ਨਾਲ ਹੀ ਜਲ ਗਈਆਂ
ਮੈਂ ਤਸਵੀਰ ਬਣਾਉਂਦਾ ਹਾਂ ਚੰਨ ਦੀ
ਤੇਰੀ ਬਣ ਜਾਂਦੀ ਹੈ ਤਸਵੀਰ ਹਰ ਵਾਰ-

ਰੰਗਾਂ ਨੂੰ ਵੀ ਸ਼ਾਇਦ ਇਸ਼ਕ ਹੋ ਗਿਆ ਹੈ
ਤੇਰੇ ਸ਼ਹਿਰ ਦਾ-

ਤਸਵੀਰਾਂ ਦੇ ਨਕਸ਼ ਲੈ ਕੇ
ਹੁਣ ਘੁੰਮ ਰਹੇ ਹਾਂ-
ਹੋ ਸਕਦਾ ਹੈ ਕਿਸੇ ਮੋੜ ਤੇ
ਮਿਲ ਪਈਏ-

ਲੋਕਾਂ ਨੇ ਹਰ ਮਿਲਣ ਤੇ
ਪਤਾ ਨਹੀਂ ਕਿਉਂ ਲਿਖ ਦਿੱਤੀ ਹੈ ਜੁਦਾਈ ਤੇ ਵਿਯੋਗ-

ਅੱਜ ਤੇਰੀ ਤਸਵੀਰ
ਮਨ 'ਚ ਉੱਤਰੀ
ਰਾਤ ਸੀ- ਫਿਰ ਜੁਆਨ ਹੋ ਗਈ
ਦਿੱਲ ਕਰਦਾ ਹੈ -ਛੱਤ ਤੇ ਚੱਲੀਏ-

ਤੂੰ ਚੰਦ ਤਾਰੇ ਦੇਖੀਂ
ਮੈਂ ਤੈਨੂੰ ਤੱਕਾਂਗਾ-
ਇਹ ਸ਼ਰਾਬ ਤਾਂ ਲੋਕ ਉਂਜ਼ ਹੀ ਪੀਂਦੇ ਨੇ
ਅਸੀਂ ਤਾਂ ਪੀਂਦੇ ਹਾਂ
ਤੇਰੇ ਮਸਤ ਨੈਣਾਂ ਦਾ ਖੁਮਾਰ
ਜਦੋਂ ਕਦੇ ਤਸਵੀਰ ਦੇਖਦਾਂ ਤੇਰੀ
ਲੋਕ ਜਿਊਣਾ ਪੁੱਛਦੇ ਹਨ-

ਮੈਨੂੰ ਤੇਰੀ ਨਿੱਕੀ ਜੇਹੀ
ਮੁਸਕਰਾਹਟ ਯਾਦ ਆ ਜਾਂਦੀ ਹੈ
ਦਿਲ ਟੋਹਦਾਂ ਹਾਂ ਤਾਂ
ਲਗਦਾ ਹੈ ਧੜਕਣ ਹੈ ਉਸ ਵਿਚ ਅਜੇ-

ਤੇਰੀ ਪੇਟਿੰਗ ਬਣਾ ਕੇ
ਰਾਤ ਅੰਬਰ ਤੇ ਲਟਕਾਈ
ਲੋਕਾਂ ਨੂੰ ਚੰਦ ਬੇਦਾਗ ਨਜ਼ਰ ਆਇਆ-ਕੱਲ

ਤੂੰ ਸ਼ੀਸ਼ਾ ਨਾ ਦੇਖਿਆ ਕਰ
ਕਿਤੇ ਨਜ਼ਰ ਨਾ ਲੱਗ ਜਾਵੇ
ਦੁਨੀਆਂ 'ਤੇ ਇਸ਼ਕ ਨੂੰ।

Comments

Security Code (required)Can't read the image? click here to refresh.

Name (required)

Leave a comment... (required)

ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ