Sat, 13 July 2024
Your Visitor Number :-   7183238
SuhisaverSuhisaver Suhisaver

ਕੱਲ੍ਹ- ਡਾ. ਅਮਰਜੀਤ ਟਾਂਡਾ

Posted on:- 21-06-2016

suhisaver

ਕੱਲ੍ਹ ਨਰਾਜ਼ ਹੋ ਗਿਆ ਸੀ
ਮੇਰਾ ਜਹਾਨ
ਰੁੱਸ ਗਈ ਸੀ ਦੁਨੀਆਂ
ਰੁੱਸੀ ਧਰਤ ਮਨਾਉਣੀ ਬਹੁਤ ਔਖੀ ਹੁੰਦੀ ਹੈ-

ਤੂੰ ਐਂਵੇ ਨਾ ਰੁੱਸ ਜਾਇਆ ਕਰ-
ਫਿਰ ਵਿਰਾਉਂਦਿਆਂ
ਬੀਤ ਜਾਂਦੀਆਂ ਨੇ ਸਦੀਆਂ-

ਅੱਥਰੂ ਵੱਖਰੇ ਮਰਦੇ ਨੇ-ਅਜ਼ਾਈਂ
ਰੂਹਾਂ ਤੇ ਜ਼ਖ਼ਮ ਹੋਰ-
ਗਲੀਆਂ ਨੂੰ ਵਾਧੂ ਰੋਣੇ-
ਫੁੱਲਾਂ ਨੂੰ ਵੱਖਰੀਆਂ ਝਰੀਟਾਂ-
ਨਾ ਨਰਾਜ਼ ਨਾ ਹੋਇਆ ਕਰ-
ਬਹੁਤ ਮੁਸ਼ਕਲ ਨੇ ਖ਼ਾਬ ਮਨਾਉਣੇ-

ਰੁੱਸਿਆ ਸੁਪਨਾ
ਫਿਰ ਇੱਕ ਵਾਰ ਨਹੀਂ
ਸੌ ਵਾਰ ਪੈਂਦਾ ਹੈ ਚੁੰਮਣਾ-
ਵਾਰ ਵਾਰ ਲੈਣਾ ਪੈਂਦਾ ਹੈ ਗਲਵੱਕੜੀ ਚ ਘੁੱਟ ਕੇ
ਤਾਂ ਜਾ ਕੇ ਕਿਤੇ ਮੰਨਦਾ ਹੈ-

ਨਾ ਤੂੰ ਨਿੱਕੀ ਨਿੱਕੀ ਗੱਲ ਤੇ
ਨਰਾਜ਼ ਨਾ ਹੋਇਆ ਕਰ
ਨਹੀਂ ਤਾਂ ਗੁੱਸੇ ਹੋਏ ਭਟਕਦੇ ਰਹਾਂਗੇ ਭੁੱਖੇ ਪਿਆਸੇ-
ਅੱਜਕਲ ਦੋ ਘੁੱਟ ਪਾਣੀ ਵੀ
ਕੋਈ ਨਹੀਂ ਪੁੱਛਦਾ-

ਪਿੱਠ ਤੇ ਹੱਥ ਤਾਂ ਕੀ ਰੱਖਣਾ
ਬਹੁਤ ਸਵਾਰਥੀ ਆਪਹੁਦਰਾ ਹੋ ਗਿਆ ਹੈ ਸੰਸਾਰ
ਹਾਂ ਜਾਗ ਪਿਆ ਕਰ
ਮੇਰੇ ਚੁੰਮਣ ਤੇ-

ਮੁਸਕਰਾ ਕੇ ਫਿਰ ਭਾਵੇਂ ਸੌਂ ਜਾਇਆ ਕਰ
ਸਾਰਾ ਦਿਨ ਰਾਤ-

ਇੰਝ ਚੰਗਾ ਨਹੀਂ ਲਗਦਾ
ਕਿ ਨਾਲ ਲੱਗਕੇ ਸੁੱਤੇ ਹੋਈਏ
ਤੇ ਖ਼ਾਬਾਂ ਚ ਤੁਰੇ ਫਿਰੀਏ ਕਿਸੇ ਹੋਰ ਅੰਬਰ ਤੇ-
ਸੁਪਨਿਆਂ ਵਿੱਚ ਵੀ ਨਾਲ ਨਾਲ ਰਿਹਾ ਕਰ ਮੇਰੇ-
ਹਾਦਸੇ ਹੋ ਜਾਂਦੇ ਨੇ
ਜੇ ਇਕੱਲੇ ਹੋਈਏ ਤਾਂ-

ਤੇ ਹਾਂ ਹਾਦਸਿਆਂ 'ਚ ਮਰੇ ਸੁਪਨੇ ਪਛਾਣੇ ਵੀ ਨਹੀਂ ਜਾਂਦੇ -
ਨਾ ਹੀ ਜੜ੍ਹ ਹੁੰਦੇ ਨੇ ਕਿਸੇ ਫਰੇਮ 'ਚ ਕਰੂਪ ਚਿਹਰੇ-

ਆਪਾਂ ਕਿਉਂ ਰਹੀਏ ਦੂਰ
ਦੂਰ ਰਹਿ ਰਹਿ ਵਿਯੋਗ ਜਨਮਦੇ ਨੇ
ਫਿਰ ਉਹਨਾਂ ਨੂੰ ਫ਼ਿਰਾਂਗੇ ਸਾਂਭਦੇ!

ਇਹ ਸਾਰੇ ਦੁੱਖ ਹੀ ਵਿਯੋਗਾਂ ਦੇ ਨੇ-
ਨਾ ਮਰਮਾਂ ਨਾ ਪੱਟੀਆਂ
ਨਾ ਕੋਈ ਰੂਹ ਲੱਭੇ ਟੋਹਣ ਲਈ
ਨਾ ਪਤਾ ਲੱਗੇ ਧਰਵਾਸ ਕਿੱਥੇ ਰੱਖੀਏ
ਹੱਥਾਂ ਚ ਫ਼ੜ੍ਹੇ-ਜੇਬਾਂ ਚ ਸਾਂਭੇ-

ਜਦੋਂ ਵੀ ਕੋਈ ਮਿਟਿਆ ਵਿਛੋੜੇ ਚ ਹੀ ਮਰਿਆ
ਕੋਲ ਕੋਲ ਰਹਾਂਗੇ
ਨਾ ਵਿਯੋਗ ਮਰਨ ਮਿਟਣ-
ਬੁੱਲ੍ਹਾਂ ਤੇ ਹਾਸੇ ਤੇ ਚੁੰਮਣ
ਬਾਹਾਂ ਚ ਗਲਵੱਕੜੀਆਂ-

ਏਦਾਂ ਹੀ ਜੇ ਪੈਂਦੀ ਰਹੇ ਕਿੱਕਲੀ
ਤਾਂ ਦੁਨੀਆਂ ਨਾ ਖ਼ੁਰੇ
ਪੱਛੀਆਂ ਨਾ ਜਾਣ ਰੂਹਾਂ
ਖ਼ਾਬ ਨਾ ਮਰਨ ਬੇਗੁਨਾਹ-
ਹਿਜ਼ਰ ਵੀ ਰਹਿਣ ਭਾਵੇਂ ਜਾਗਦੇ
ਫ਼ਾਸਿਲਿਆਂ ਚ ਕੁਝ ਨਹੀਂ ਰੱਖਿਆ-

ਸੁਣਿਆਂ ਕਰ ਗਹੁ ਨਾਲ ਮੇਰੀ
ਜਦ ਮੈਂ ਤੱਕਦਾ ਹਾਂ- ਤੈਨੂੰ ਕਰੀਬ ਤੋਂ
ਗਲ ਨਾਲ ਲਾ ਕੇ-
ਧਰਤੀ ਤੇ ਪੈਰ ਰੱਖ ਕੇ ਕੀ ਕਰਨੇ-
ਤੈਨੂੰ ਚੁੱਕ ਕੇ ਹੁਲਾਰੇ ਦੇਣ ਨੂੰ
ਬਹੁਤ ਜ਼ੋਰ ਹੈ ਮੇਰੀਆਂ ਬਾਹਵਾਂ ਵਿਚ

ਮੇਰੀਆਂ ਆਹਵਾਂ ਨੇੜੇ-
ਓਦੋਂ ਏਧਰ ਓਧਰ ਨਾ ਤੱਕੀਂ-
ਜਲ ਲੈਣ ਦੇਵੀਂ ਦੁਨੀਆਂ
ਭਸਮ ਹੋ ਲੈਣ ਦੇਵੀਂ ਸੰਸਾਰ-

ਸਾਡੀ ਆਪਣੀ ਧਰਤ
ਸਾਡਾ ਆਪਣਾ ਅਰਸ਼
ਬੱਦਲਾਂ ਚ ਅੱਠਖੇਲੀਆਂ ਕਰਦੇ
ਅਸੀਂ ਕੀ ਕਰਨੀਂ ਦੇਖ ਦੇਖ ਸੜ੍ਹਦੀ ਬਲਦੀ ਧਰਤ।

Comments

Security Code (required)Can't read the image? click here to refresh.

Name (required)

Leave a comment... (required)

ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ