Sat, 02 March 2024
Your Visitor Number :-   6881502
SuhisaverSuhisaver Suhisaver

ਮਾਹਿਲਪੁਰ ਸ਼ਹਿਰ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ

Posted on:- 27-07-2014

suhisaver

- ਸ਼ਿਵ ਕੁਮਾਰ ਬਾਵਾ

ਮਾਹਿਲਪੁਰ: ਨਗਰ ਪੰਚਾਇਤ ਮਾਹਿਲਪੁਰ ਨੂੰ ਮਾਹਿਲਪੁਰ ਦੇ ਵੱਖ ਵੱਖ ਮੁਹੱਲਿਆਂ, ਸ਼ਹਿਰ ਦੇ ਚੁਫੇਰੇ ਅਤੇ ਮੁੱਖ ਚੌਂਕਾਂ ਵਿੱਚ ਲੱਗੇ ਗੰਦਗੀ ਦੇ ਵੱਡੇ ਵੱਡੇ ਢੇਰਾਂ ਦੀ ਕੋਈ ਚਿੰਤਾ ਹੀ ਨਹੀਂ ਹੈ। ਬਰਸਾਤ ਦਾ ਮੌਸਮ ਹੋਣ ਕਰਕੇ ਗੰਦਗੀ ਦੇਢੇਰ ਅਤੇ ਤੰਗ ਗਲੀਆਂ ਵਾਲੇ ਮੁਹੱਲਿਆਂ ਦੀਆਂ ਨਾਲੀਆਂ ਗੰਦੇ ਬਦਬੂਦਾਰ ਪਾਣੀ ਨਾਲ ਭਰੀਆਂ ਹੋਣ ਕਾਰਨ ਲੋਕਾਂ ਦਾ ਜੀਣਾ ਬੇਹਾਲ ਹੋਇਆ ਪਿਆ ਪ੍ਰੰਤੂ ਨਗਰ ਪੰਚਾਇਤ ਦੇ ਢੀਠ ਅਧਿਕਾਰੀ ਇਸ ਪਾਸੇ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੇ।

ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਤਰਜਿੰਦਰ ਸਿੰਘ, ਨਤਿਨ ਵਰਮਾ, ਕਸ਼ਮੀਰ ਕੌਰ ਕੈਂਡੋਵਾਲ, ਪਾਰਟੀ ਨੇ ਸਾਂਝੇ ਤੋਰ ਮਾਹਿਲਪੁਰ ਸ਼ਹਿਰ ਦੀ ਚਾਰ ਦਿਵਾਰੀ ਦੇ ਅੰਦਰ ਫੈਲੀ ਗੰਦਗੀ ਅਤੇ ਸੜਕਾਂ ਦੇ ਆਲੇ ਦਆਲੇ ਬਦਬੂਦਾਰ ਜ਼ਮ੍ਹਾਂ ਗੰਦਗੀ ਦੇ ਢੇਰਾਂ, ਫਗਵਾੜਾ ਰੋਡ ਤੇ ਜਨਤਕ ਪਖਾਨਿਆਂ ਦੀ ਤਰਸਯੋਗ ਹਾਲਤ ਦੀ ਸਖਤ ਨਿਖੇਧੀ ਕਰਦਿਆਂ ਨਗਰ ਪੰਚਾਇਤ ਦੇ ਅਧਿਕਾਰੀਆਂ ਨੂੰ ਉਕਤ ਸਮੱਸਿਆ ਦਾ ਤੁਰੰਤ ਹੱਲ ਕਰਨ ਦੀ ਅਪੀਲ ਕੀਤੀ ਹੈ।

ਉਹਨਾਂ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਨਗਰ ਪੰਚਾਇਤ ਪਿੱਛਲੇ 23 ਸਾਲਾਂ ਵਿਚ ਅਪਣੇ ਸ਼ਹਿਰ ਦੇ ਲੋਕਾ ਨੂੰ ਕੂੜਾ ਸੁਟਣ ਲਈ ਕੂੜਾਦਾਨ ਅਤੇ ਨਾ ਹੀ ਜਨਤਕ ਪਖਾਨਿਆਂ ਦਾ ਪ੍ਰਬੰਧ ਕਰਕੇ ਦੇ ਸਕੀ ਹੈ। ਪੂਰੇ ਮਾਹਿਲਪੁਰ ਸ਼ਹਿਰ ਅੰਦਰ ਫਗਵਾੜਾ ਰੋਡ ਤੇ ਇਕੋ ਇਕ ਬਦਬੂ ਮਾਰਦਾ ਜਨਤਕ ਪਖਾਨਾ ਹੈ ਜਿਸ ਦਾ ਕਦੇ ਵੀ ਸੁਧਾਰ ਨਹੀਂ ਕੀਤਾ ਗਿਆ ਉਹ ਪੂਰੀ ਤਰ੍ਹਾਂ ਟੁੱਟਾ ਪਿਆ ਹੈ । ਉਸ ਅੰਦਰ ਸੱਪ, ਜਹਿਰੀਲੇ ਕੀੜੇ ਅਤੇ ਅਤਿ ਦੀ ਗੰਦਗੀ ਆਲੇ ਦੁਆਲੇ ਦੇ ਦੁਕਾਨਦਾਰਾਂ ਲਈ ਵੱਡੀ ਮੁਸੀਬਤ ਬਣੀ ਪਈ ਹੈ । ਆਲੇ ਦੁਆਲੇ ਗੰਦ ਹੀ ਗੰਦ ਹੈ। ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵਿਕਾਸ ਦੇ ਝੂਠੇ ਹੀ ਦਮਗਜੇ ਮਾਰ ਰਹੀ ਹੈ। ਲੋਕਾਂ ਦਾ ਕਹਿਣ ਹੈ ਕਿ ਜਿਹੜੀ ਸਰਕਾਰ ਅਪਣੇ ਨਾਗਰਿਕਾਂ ਲਈ ਜਨਤਕ ਪਖਾਨੇ ਵੀ ਨਹੀਂ ਬਣਾ ਸਕਦੀ ਉਹ ਹੋਰ ਕੀ ਵਿਕਾਸ ਕਰ ਸਕਦੀ ਹੈ। ਸ਼ਹਿਰ ਵਿਚ ਦੁਕਾਨਾ ਦੇ ਅੱਗਿਓ ਲੰਘਦੇ ਨਾਲੇ ਗੰਦਗੀ ਨਾਲ ਭਰੇ ਪਏ ਹਨ ਅਤੇ ਬਦਬੂ ਮਾਰਦੇ ਹਨ ਕਿ ਜਿਥੇ ਕਿ ਖੜੇ ਹੋਣਾਂ ਵੀ ਮੁਸ਼ਕਿਲ ਹੈ। ਨਗਰ ਪੰਚਾਇਤ ਦੇ ਘੇੇਰੇ ਅੰਦਰ ਪੈਂਦੀਆਂ ਸੜਕਾਂ ਦਾ ਬਹੁਤ ਹੀ ਮੰਦਾ ਹਾਲ ਹੈ, ਸਕੂਲੀ ਬੱਚੇ ਉਨ੍ਹਾਂ ਸੜਕਾਂ ਉਤੇ ਸਾਈਕਲ ਵੀ ਚੰਗੀ ਤਰ੍ਹਾਂ ਨਹੀਂ ਚਲਾ ਸਕਦੇ । ਇਸ ਤੋਂ ਇਲਾਵਾ ਸ਼ਹਿਰ ਦੇ ਵਿੱਚ ਬਣੀਆਂ ਪਾਣੀ ਦੀਆਂ ਟੈਂਕੀਆਂ ਦੀ ਕਦੇ ਵੀ ਸਫਾਈ ਨਹੀਂ ਕੀਤੀ ਗਈ। ਟੈਂਕੀਆਂ ਦੇ ਢੱਕਣ ਖੁੱਲ੍ਹੇ ਹੋਣ ਕਾਰਨ ਉਹਨਾਂ ਵਿੱਚ ਜ਼ਾਨਵਰ ਮਰੇ ਹੋਏ ਹਨ ਅਤੇ ਪੰਛੀਆਂ ਦੀਆਂ ਬਿੱਠਾਂ ਕਾਰਨ ਪਾਣੀ ਨਾ ਪੀਣਯੋਗ ਹੈ। ਇਸ ਤੋਂ ਇਲਾਵਾ ਜਲ ਸਪਲਾਈ ਸਕੀਮਾਂ ਤੇ ਲੱਗੀਆਂ ਮੋਟਰਾਂ ਅਕਸਰ ਖਰਾਬ ਰਹਿਣ ਕਾਰਨ ਸ਼ਹਿਰ ਵਾਸੀ ਹਫਤੇ ਵਿੱਚ ਚਾਰ ਦਿਨ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨ ਲਈ ਮਜਬੂਰ ਹਨ।

ਭਾਰਤ ਜਗਾਓ ਅੰਦੋਲਨ ਦੇ ਆਗੂਆਂ ਨੇ ਕਿਹਾ ਕਿ ਸਰਕਾਰਾਂ ਨੇ ਕਾਗਜ਼ਾਂ ਵਿੱਚ ਐਨਾ ਵਿਕਾਸ ਕਰ ਦਿਤਾ ਹੈ ਕਿ ਅਜ਼ਾਦੀ ਦੇ 67 ਸਾਲ ਬੀਤ ਜਾਣ ਦੇ ਬਾਵਜੂਦ ਹਾਲੇ ਤਕ ਲੋਕਾਂ ਨੂੰ ਜਨਤਕ ਪਖਾਨੇ ਲਾਇਬ੍ਰੇਰੀਆਂ , ਜਨਤਕ ਪਾਰਕਾਂ, ਸੀਵਰੇਜ ਸਿਸਟਮ ਆਦਿ ਵਰਗੀਆਂ ਮੁੱਢਲੀਆਂ ਲੋੜਾ ਵੀ ਪੂਰੀਆਂ ਨਹੀਂ ਹੋ ਸਕੀਆਂ। ਅਜਿਹਾ ਨਾ ਕਰਨਾ ਲੋਕਾਂ ਦਾ ਆਰਥਿਕ ਸੋਸ਼ਨ ਕਰਨ ਦੇ ਬਰਾਬਰ ਹੈ, ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਲੋਕਾਂ ਦੀਆਂ ਜੇਬਾਂ ਉਤੇ ਹਰ ਰੋਜ ਆਰਥਿਕ ਭਾਰ ਵੱਧ ਰਿਹਾ ਹੈ ਅਤੇ ਲੋਕਾਂ ਦੀ ਸਿਹਤ ਉਤੇ ਵੀ ਮਾੜਾ ਪ੍ਰਭਾਵ ਪੈ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਖੁਦ ਸੰਵਿਧਾਨ ਦੀ ਉਲੰਘਣਾ ਕਰ ਰਹੀ ਹੈ। ਸਰਕਾਰੀ ਅਧਿਕਾਰੀ ਖ਼ੁਦ ਸਾਰੀਆਂ ਮੁੱਢਲੀਆਂ ਸਹੂਲਤਾਂ ਦਾ ਆਪ ਅਨੰਦ ਲੈ ਰਹੇ ਹਨ ਜਦਕਿ ਲੋਕਾਂ ਨੂੰ ਟਿੱਚ ਕਰਕੇ ਜਾਣਦੇ ਹਨ । ਲੋਕਾਂ ਨੂੰ ਕਰੋੜਾਂ ਰੁਪਏ ਟੈਕਸ ਦੇਣ ਦੇ ਬਾਵਜੂਦ ਕੁਝ ਵੀ ਸਹੂਲਤ ਨਹੀਂ ਮਿਲ ਰਹੀ। ਮਾਹਿਲਪੁਰ ਬੱਸ ਅੱਡਾ ਲੱਖਾਂ ਰੁਪਏ ਦੀ ਅੱਡਾ ਫੀਸ ਹਰ ਰੋਜ ਇਕੱਠੀ ਕਰ ਰਿਹਾ ਹੈ ਪਰ ਉਥੇ ਇਕ ਵੀ ਸਹੂਲਤ ਨਹੀਂ ਹੈ। ਅੱਡੇ ਦਾ ਬਾਥਰੂਮ ਐਨਾ ਗੰਦਾ ਹੈ ਕਿ ਸਵਾਰੀਆਂ ਅੰਦਰ ਹੀ ਨਹੀਂ ਬੜਦੀਆਂ । ਇਸ ਤਰ੍ਹਾਂ ਫਗਵਾੜਾ ਰੋਡ ੳੋਤੇ ਲੋਕਾਂ ਦੇ ਬੈਠਣ ਲਈ ਬੱਸ ਸ਼ੈਲਟਰ ਨਹੀਂ ਹੈ।

ਉਹਨਾਂ ਦੱਸਿਆ ਕਿ ਸਿਆਸੀ ਆਗੂ ਗੱਪਾਂ ਮਾਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਕਿ ਉਹ ਵਿਕਾਸ ਦੀਆਂ ਹਨੇਰੀਆਂ ਚਲਾ ਰਹੇ ਹਨ, ਕਦੇ ਕਹਿੰਦੇ ਹਨ ਕਿ ਪੈਸੇ ਦੀ ਕੋਈ ਘਾਟ ਨਹੀਂ ਹੈ ਪਰ ਉਹ ਪੈਸਾ ਲੋਕਾਂ ਬਾਰੀ ਕਿਉ ਖਤਮ ਹੋ ਜਾਂਦਾ ਹੈ--? ਇੰਝ ਲੱਗਦਾ ਹੈ ਕਿ ਜਿਵੇਂ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਝੂਠ ਬੋਲਣ ਦਾ ਵੀ ਠੇਕਾ ਹੀ ਲੈ ਲਿਆ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਮੁੱਢਲੀਆਂ ਲੋੜਾਂ ਮੁਹੱਈਆ ਕਰਵਾਏ ਬਿਨ੍ਹਾਂ ਦੇਸ਼ ਦਾ ਕਦੇ ਵੀ ਵਿਕਾਸ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਨਗਰ ਪੰਚਾਇਤ ਮਾਹਿਲਪੁਰ ਦੇ ਅਧਿਕਾਰੀਆਂ ਵਲੋਂ ਹਰ ਕੰਮ ਵਿੱਚ ਘਪਲੇਬਾਜ਼ੀ ਕੀਤੀ ਜਾ ਰਹੀ ਹੈ। ਸਾਰੇ ਕੰਮਾਂ ਦੇ ਦਿੱਤੇ ਗਏ ਠੇਕਿਆਂ ਵਿੱਚ ਅਧਿਕਾਰੀ ਮੋਟਾ ਮਾਲ ਛੱਕਦੇ ਹਨ ਜਿਸ ਸਦਕਾ ਸ਼ਹਿਰ ਦਾ ਹਰ ਕੰਮ ਅਧੂਰਾ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਨਗਰ ਪੰਚਾਇਤ ਮਾਹਿਲਪੁਰ ਦੇ ਕੁੱਝ ਘਪਲੇਬਾਜ਼ ਰਿਸ਼ਵਤ ਅਤੇ ਹਰ ਕੰਮ ਵਿੱਚ ਕਮਿਸ਼ਨ ਖਾਣੇ ਅਧਿਕਾਰੀਆਂ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਸ਼ਹਿਰ ਦੇ ਸਮੂਹ ਅਧੂਰੇ ਪਏ ਵਿਕਾਸ ਕਾਰਜ਼ਾਂ ਨੂੰ ਤੁਰੰਤ ਪੂਰਾ ਕੀਤਾ ਜਾਵੇ ਅਤੇ ਗੰਦਗੀ ਦੇ ਢੇਰ ਚੁੱਕਵਾਏ ਜਾਣ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ