Fri, 19 April 2024
Your Visitor Number :-   6985279
SuhisaverSuhisaver Suhisaver

ਬਹੁਰੰਗ ਕਲਾ ਮੰਚ ਦੇ ਕਲਾਕਾਰਾਂ ਨੇ ਨੁੱਕੜ ਨਾਟਕ ‘ ਚਿੜੀਆਂ ’ ਪੇਸ਼ ਕਰਕੇ ਦਰਸ਼ਕ ਕੀਲੇ

Posted on:- 24-11-2014

suhisaver

-ਸ਼ਿਵ ਕੁਮਾਰ ਬਾਵਾ

ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਵਲੋਂ ਡਾਇਰੈਕਟੋਰੇਟ ਇਸਤਰੀ ਅਤੇ ਬਾਲ ਭਲਾਈ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਦੇ ਪ੍ਰਬੰਧਾਂ ਹੇਠ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ ਵੱਖ ਪਿੰਡਾਂ ਵਿਚ ਨੁੱਕੜ ਨਾਟਕ ਖੇਡੇ ਗਏ। ਬਹੁਰੰਗ ਕਲਾ ਮੰਚ ਦੇ ਕਲਾਕਾਰਾਂ ਵਲੋਂ ਸਮਾਜਿਕ ਸੇਧ ਦੇਣ ਵਾਲੇ ਨਾਟਕਾਂ ਨੂੰ ਪਿੰਡਾਂ ਦੇ ਲੋਕਾਂ ਨੇ ਖੂਬ ਪਸੰਦ ਕੀਤਾ। ਇਸ ਸਬੰਧ ਵਿਚ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਅਤੇ ਸੁਰ ਸੰਗਮ ਵਿਦਿਅਕ ਟਰੱਸਟ ਦੇ ਪ੍ਰਧਾਨ ਬਲਜਿੰਦਰ ਮਾਨ ਦੀ ਅਗਵਾਈ ਵਿਚ ਪਹਾੜੀ ਖਿੱਤੇ ਦੇ ਉਘੇ ਪਿੰਡ ਕਹਾਰਪੁਰ ਵਿਖੇ ਸਰਪੰਚ ਸੁਖਵਿੰਦਰ ਕੌਰ ਬੈਂਸ ਦੇ ਸਹਿਯੋਗ ਨਾਲ ਪਿੰਡ ਦੇ ਚੋਂਕ ’ ਚ ਨੁੱਕੜ ਨਾਟਕ ਕਰਵਾਏ ਗਏ। ਬਹੁਰੰਗ ਕਲਾ ਮੰਚ ਹੁਸ਼ਿਆਰਪੁਰ ਦੇ ਕਲਾਕਾਰਾਂ ਵਲੋਂ ਉਘੇ ਰੰਗ ਕਰਮੀ ਅਸ਼ੌਕਪੁਰੀ ਦੀ ਅਗਵਾਈ ਵਿਚ ਨਾਟਕ ‘ ਚਿੜੀਆਂ ’ ਖੇਡਿਆ ਗਿਆ ਜਿਸਨੂੰ ਪਿੰਡ ਦੇ ਹਜ਼ਾਰ ਤੋਂ ਵੱਧ ਦਰਸ਼ਕਾਂ ਦੇ ਇਕੱਠ ਨੇ ਖੂਬ ਪਸੰਦ ਕੀਤਾ।

ਇਸ ਮੌਕੇ ਆਪਣੇ ਸੰਬੋਧਨ ਵਿਚ ਬਲਜਿੰਦਰ ਮਾਨ ਨੇ ਆਖਿਆ ਕਿ ਨੁੱਕੜ ਨਾਟਕਾਂ ਰਾਹੀਂ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਦਾ ਯਤਨ ਕੀਤਾ ਗਿਆ ਹੈ ਜਿਸ ਵਿਚ ਸਰਕਾਰ ਨਹਿਰੂ ਯੁਵਾ ਕੇਂਦਰ ਰਾਹੀਂ ਪ੍ਰਮੁੱਖ ਭੂਮਿਕਾ ਨਿਭਾ ਰਹੀ ਹੈ । ਪੇਸ਼ ਨਾਟਕ ਵਿਚ ਆਪਣੇ ਆਪਣੇ ਰੋਲ ਦੇ ਪਾਤਰ ਕਲਾਕਾਰਾਂ ਨੇ ਆਪਣੀ ਪੇਸ਼ਕਾਰੀ ਨਾਲ ਖੂਬ ਪ੍ਰਸੰਸਾ ਖੱਟੀ। ਇਸ ਮੌਕੇ ਪਿੰਡ ਦੇ ਸਰਕਾਰੀ ਸਕੂਲ ਦੀ ਲੜਕੀ ਕਾਜਲ ਨੇ ਆਪਣੇ ਦੋ ਗੀਤ ਪੇਸ਼ ਕਰਕੇ ਦਰਸ਼ਕਾਂ ਨੂੰ ਕੀਲਕੇ ਰੱਖ ਦਿੱਤਾ। ਨਵਜੋਤ , ਈਸ਼ਾ ਅਤੇ ਪ੍ਰਭਜੋਤ ਸਿੰਘ ਬੈਂਸ ਨੇ ਵੀ ਆਪੋ ਆਪਣੇ ਗੀਤ ਪੇਸ਼ ਕੀਤੇ। ਪਰਮਜੀਤ ਪੰਮਾਂ ਪੇਂਟਰ ਨੇ ਧੀਆਂ ਸਬੰਧੀ ਆਪਣਾ ਗੀਤ ਪੇਸ਼ ਕਰਕੇ ਪੰਡਾਲ ਵਿਚ ਬੈਠੀਆਂ ਬੀਬੀਆਂ ਦੇ ਅੱਖਾਂ ਵਿਚ ਅੱਥਰੂ ਲਿਆ ਦਿੱਤੇ।

ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਹਰਭਜਨ ਸਿੰਘ ਸ਼ਾਮਿਲ ਹੋਏ ਜਦਕਿ ਪ੍ਰਧਾਨਗੀ ਗੁਰਨਾਮ ਸਿੰਘ ਬੈਂਸ, ਨਰਿੰਦਰ ਕੌਰ,ਗੁਰਬਖਸ਼ ਕੌਰ, ਮਹਿੰਦਰ ਸਿੰਘ ਖਾਬੜਾ, ਮਹਿੰਦਰ ਸਿੰਘ, ਬ੍ਰਹਮ ਦੱਤ, ਹਰਮੇਸ਼ ਲਾਲ, ਡਾ ਜਸਵੀਰ ਸਿੰਘ, ਹਰਜੀਤ ਸਿੰਘ ਬੈਂਸ, ਮਝੈਲ ਸਿੰਘ, ਗੁਰਮੀਤ ਸਿੰਘ ਮੀਤਾ, ਬਿਮਲਾ ਦੇਵੀ, ਪ੍ਰਕਾਸ਼ ਸਿੰਘ, ਗੁਰਮੇਲ ਸਿੰਘ ਧਾਲੀਵਾਲ, ਗੁਰਦੇਵ ਸਿੰਘ ਚੱਕ ਕਟਾਰੂ, ਜੋਗਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਬੱਚੇ ਅਤੇ ਨੌਜ਼ਵਾਨ ਹਾਜ਼ਰ ਸਨ। ਇਸ ਮੌਕੇ ਗ੍ਰਾਮ ਪੰਚਾਇਤ ਵਲੋਂ ਸਮੁੱਚੀ ਨਾਟਕ ਮੰਡਲੀ ਦੇ ਕਲਾਕਾਰਾਂ ਸਮੇਤ ਅਸ਼ੌਕ ਪੁਰੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਪਹੰਚੇ ਕਲਾਕਾਰਾਂ ,ਦਰਸ਼ਕਾਂ ਅਤੇ ਪ੍ਰਮੁੱਖ ਸ਼ਖਸ਼ੀਅਤਾਂ ਦਾ ਧੰਨਵਾਦ ਸਰਪੰਚ ਸੁਖਵਿੰਦਰ ਕੌਰ ਬੈਂਸ ਵਲੋਂ ਕੀਤਾ ਗਿਆ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ