Fri, 19 April 2024
Your Visitor Number :-   6984514
SuhisaverSuhisaver Suhisaver

ਮੁਸਲਿਮ ਭਾਈਚਾਰੇ ਨੂੰ ਸਰਕਾਰੀ ਬੋਰਡਾਂ 'ਚ ਬਣਦੀ ਨੁਮਾਇੰਦਗੀ ਮਿਲੇਗੀ : ਸੁਖਬੀਰ

Posted on:- 26-11-2014

suhisaver

ਲੁਧਿਆਣਾ : ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਦਾਅਵੇ ਨਾਲ ਕਿਹਾ ਹੈ ਕਿ ਸੂਬੇ ਵਿੱਚ ਜੁਲਾਈ-2015 ਤੱਕ ਜਨਤਕ ਖੇਤਰ ਦੀਆਂ 249 ਸੇਵਾਵਾਂ ਆਨਲਾਈਨ ਕਰ ਦਿੱਤੀਆਂ ਜਾਣਗੀਆਂ ਅਤੇ ਇਨ੍ਹਾਂ ਸੇਵਾਵਾਂ ਨੂੰ ਦੇਣ ਲਈ ਪਿੰਡ, ਕਸਬਾ ਅਤੇ ਸ਼ਹਿਰ ਪੱਧਰ 'ਤੇ 2174 ਤੋਂ ਵਧੇਰੇ ਸੇਵਾ ਕੇਂਦਰ ਖੋਲ੍ਹੇ ਜਾਣਗੇ। ਇਹ ਸੇਵਾ ਕੇਂਦਰ ਖੁੱਲਣ ਤੋਂ ਬਾਅਦ ਕਿਸੇ ਵੀ ਵਿਅਕਤੀ/ਨਾਗਰਿਕ ਨੂੰ ਆਪਣੇ ਕੰਮ ਕਰਾਉਣ ਲਈ ਸਰਕਾਰੀ ਦਫ਼ਤਰਾਂ ਵਿੱਚ ਜਾਣਾ ਨਹੀਂ ਪਵੇਗਾ। ਜਦਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਪ੍ਰਬੰਧਕੀ ਸੁਧਾਰਾਂ ਦੀ ਕਵਾਇਦ ਅਗਲੇ ਦੋ ਸਾਲਾਂ ਵਿੱਚ ਮੁਕੰਮਲ ਕਰ ਲਈ ਜਾਵੇਗੀ।

ਅੱਜ ਸਥਾਨਕ ਟਿੱਬਾ ਸੜਕ ਸਥਿਤ ਗੁਰੂ ਗੋਬਿੰਦ ਸਿੰਘ ਨਗਰ ਵਿਖੇ ਮੁਸਲਿਮ ਭਾਈਚਾਰੇ ਵੱਲੋਂ ਰੱਖੇ ਗਏ ਇੱਕ ਸਨਮਾਨ ਸਮਾਰੋਹ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਸੂਬੇ ਦੇ ਨਾਗਰਿਕਾਂ ਨੂੰ ਆਪਣੇ ਸਰਕਾਰੀ ਕੰਮਾਂ ਕਾਰਾਂ ਨੂੰ ਕਰਾਉਣ ਲਈ ਕਿਸੇ ਵੀ ਤਰ੍ਹਾਂ ਦੀ ਔਖਆਈ ਨਾ ਆਵੇ। ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੀ ਹਰ ਪਿੰਡ, ਕਸਬਾ ਅਤੇ ਸ਼ਹਿਰਾਂ ਵਿੱਚ 2174 'ਸੇਵਾ ਕੇਂਦਰ' ਖੋਲ੍ਹੇ ਜਾ ਰਹੇ ਹਨ। ਲੋਕ ਇਨ੍ਹਾਂ ਸੇਵਾ ਕੇਂਦਰਾਂ ਵਿੱਚ ਜਾ ਕੇ 249 ਸੇਵਾਵਾਂ ਲਈ ਆਨਲਾਈਨ ਅਪਲਾਈ ਕਰ ਸਕਣਗੇ ਅਤੇ ਉਨ੍ਹਾਂ ਨੂੰ ਮੰਗੀ ਸੇਵਾ ਨਿਰਧਾਰਤ ਸਮੇਂ ਵਿੱਚ ਘਰ ਤੱਕ ਉੱਪੜਦੀ ਕੀਤੀ ਜਾਇਆ ਕਰੇਗੀ। ਅਗਲੇ ਦੋ ਸਾਲਾਂ ਦੌਰਾਨ ਪੰਜਾਬ ਵਿੱਚ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਦਾ ਵੇਰਵਾ ਦਿੰਦਿਆਂ ਸ੍ਰ. ਬਾਦਲ ਨੇ ਦੱਸਿਆ ਕਿ ਪ੍ਰਬੰਧਕੀ ਸੁਧਾਰਾਂ ਦੇ ਨਾਲ-ਨਾਲ ਸਭ ਤੋਂ ਵਧੇਰੇ ਜ਼ੋਰ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਦਿੱਤਾ ਜਾ ਰਿਹਾ ਹੈ। ਜਿਸ ਤਹਿਤ ਸੂਬੇ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ ਨੂੰ ਚਾਰ ਮਾਰਗੀ ਕੀਤਾ ਜਾ ਰਿਹਾ ਹੈ। ਸ਼ਹਿਰੀ ਖੇਤਰਾਂ ਦੇ ਵਿਕਾਸ ਲਈ ਵਿਸ਼ੇਸ਼ ਖਾਕਾ ਤਿਆਰ ਕੀਤਾ ਗਿਆ ਹੈ, ਜਿਸ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕੀਤਾ ਜਾ ਰਿਹਾ ਹੈ, ਜਿਸ ਦੀ ਬਦੌਲਤ ਜਲਦ ਹੀ ਸਾਰੇ ਸ਼ਹਿਰਾਂ ਦਾ ਮੂੰਹ ਮੁਹਾਂਦਰਾ ਸੰਵਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 'ਸਵੱਛ ਪੰਜਾਬ' ਮੁਹਿੰਮ ਤਹਿਤ ਪੰਜਾਬ ਨੂੰ 8 ਕਲੱਸਟਰਾਂ ਵਿੱਚ ਵੰਡਿਆ ਗਿਆ ਹੈ। ਬਠਿੰਡਾ ਕਲੱਸਟਰ ਸਮੇਤ ਕਈ ਕਲੱਸਟਰਾਂ 'ਚ ਸਫਾਈ ਮੁਹਿੰਮ ਨੂੰ ਮਿਲੀ ਸਫ਼ਲਤਾ ਨੂੰ ਧਿਆਨ ਵਿੱਚ ਰੱਖਦਿਆਂ ਬਾਕੀ ਕਲੱਸਟਰਾਂ ਵਿੱਚ ਵੀ ਇਸੇ ਪੈਟਰਨ 'ਤੇ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਉੱਪ ਮੁੱਖ ਮੰਤਰੀ ਨੇ ਕਿਹਾ ਕਿ ਸੜਕ ਹਾਦਸਿਆਂ ਨੂੰ ਘਟਾਉਣ ਅਤੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਨੱਥ ਪਾਉਣ ਲਈ ਸੂਬੇ ਭਰ ਦੇ ਪ੍ਰਮੁੱਖ ਕਸਬਿਆਂ ਵਿੱਚ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣਗੇ। ਅਗਲੇ ਸਾਲ ਤੋਂ ਪੰਜਾਬ ਵਿੱਚ ਬਿਜਲੀ ਦੀ ਕੋਈ ਕਮੀ ਨਹੀਂ ਰਹੇਗੀ, ਕਿਉਂਕਿ ਇਸ ਲਈ ਲੋੜੀਂਦੇ ਕੋਲੇ ਦੀ ਸਪਲਾਈ ਦੇ ਮੁਕੰਮਲ ਪ੍ਰਬੰਧ ਕਰ ਲਏ ਗਏ ਹਨ। ਸ੍ਰ. ਬਾਦਲ ਨੇ ਕਿਹਾ ਕਿ ਬੀਤੇ ਦਿਨੀਂ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਬਿਆਨ ਨੂੰ ਤੋੜ ਮਰੋੜ ਕੇ ਪ੍ਰਕਾਸ਼ਿਤ ਕਰਨ ਵਾਲੇ ਅਖ਼ਬਾਰ ਨੂੰ ਕਾਨੂੰਨੀ ਨੋਟਿਸ ਭੇਜਿਆ ਜਾ ਰਿਹਾ ਹੈ। ਨਸ਼ੇ ਦੇ ਕਾਰੋਬਾਰੀਆਂ ਨੂੰ ਤਾੜਨਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਹੁਣ ਤੱਕ 30 ਹਜਾਰ ਤੋਂ ਵੱਧ ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਗਿਆ ਹੈ। ਨਸ਼ੇ ਦਾ ਕਾਰੋਬਾਰ ਤਹਿਸ ਨਹਿਸ ਕਰਨ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਕਵਾਇਦ ਮਹਿਜ਼ ਮੁਹਿੰਮ ਨਹੀਂ ਹੈ, ਸਗੋਂ ਇਹ ਨਸ਼ਿਆਂ ਖ਼ਿਲਾਫ਼ ਲੜਾਈ ਹੈ।
ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ. ਬਾਦਲ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਹਰ ਵਰਗ ਦੀ ਸਰਕਾਰ ਹੈ ਅਤੇ ਘੱਟ ਗਿਣਤੀ ਵਰਗਾਂ ਦੇ ਉਥਾਨ ਲਈ ਦ੍ਰਿੜ ਸੰਕਲਪ ਅਤੇ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੁਸਲਿਮ ਭਾਈਚਾਰੇ ਨੂੰ ਪੰਜਾਬ ਪੱਛੜੀਆਂ ਸ਼੍ਰੇਣੀਆਂ ਬੋਰਡ, ਪੰਜਾਬ ਰਾਜ ਮਹਿਲਾ ਕਮਿਸ਼ਨ ਅਤੇ ਪੰਜਾਬ ਪ੍ਰਵਾਸੀ ਬੋਰਡ ਵਿੱਚ ਬਣਦੀ ਨੁਮਾਇੰਦਗੀ ਦਿੱਤੀ ਜਾਵੇਗੀ ਅਤੇ ਮਿਲਕਫੈੱਡ ਵਿੱਚ ਗੁੱਜਰ ਭਾਈਚਾਰੇ ਦਾ ਡਾਇਰੈਕਟਰ ਨਿਯੁਕਤ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਵਕਫ਼ ਬੋਰਡ ਦੀ ਕਾਰਜ ਕੁਸ਼ਲਤਾ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਇਸਦੀ ਆਮਦਨ ਵਿੱਚ ਵਾਧਾ ਕਰਨ ਕਈ ਇਸਦੇ ਸਾਬਕਾ ਚੇਅਰਮੈਨ ਮੁਹੰਮਦ ਇਜ਼ਹਾਰ ਆਲਮ ਦੇ ਕਾਰਜਾਂ ਦੀ ਪ੍ਰਸੰਸਾ ਕੀਤੀ ਅਤੇ ਵਾਅਦਾ ਕੀਤਾ ਕਿ ਪੰਜਾਬ ਸਰਕਾਰ ਮੁਸਲਿਮ ਸਮੇਤ ਹੋਰ ਸਾਰੇ ਭਾਈਚਾਰਿਆਂ ਦੀ ਬੇਹਤਰੀ ਲਈ ਹਰ ਸੰਭਵ ਯਤਨ ਕਰਦੀ ਰਹੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਜਿਵੇਂ ਕਬਰਿਸਤਾਨਾਂ ਅਤੇ ਮੁਸਲਿਮ ਸਕੂਲਾਂ ਦੀ ਬੇਹਤਰੀ ਲਈ 2 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਸੀ, ਉਸੇ ਤਰਜ਼ 'ਤੇ ਭਵਿੱਖ ਵਿੱਚ ਵੀ ਸਹਾਇਤਾ ਦਿੱਤੀ ਜਾਂਦੀ ਰਹੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਜਿਥੇ ਕਿਤੇ ਵੀ ਕਬਰਿਸਤਾਨਾਂ ਲਈ ਜਗ੍ਹਾ ਦੀ ਲੋੜ ਹੋਵੇਗੀ, ਉਥੇ ਪੰਚਾਇਤੀ ਜ਼ਮੀਨ 'ਚੋਂ ਜਗ੍ਹਾ ਮੁਹੱਈਆ ਕਰਵਾਈ ਜਾਵੇਗੀ ਅਤੇ ਚਾਰਦੀਵਾਰੀ ਕੀਤੀ ਜਾਵੇਗੀ।
ਇਸ ਮੌਕੇ ਉਨ੍ਹਾਂ ਨੂੰ ਮੁਸਲਿਮ ਭਾਈਚਾਰੇ ਵੱਲੋਂ 'ਫਖ਼ਰ-ਏ-ਪੰਜਾਬ' ਦੇ ਖ਼ਿਤਾਬ ਨਾਲ ਅਤੇ ਮੁਹੰਮਦ ਇਜ਼ਹਾਰ ਆਲਮ ਨੂੰ 'ਫਖ਼ਰ-ਏ-ਕੌਮ' ਦੇ ਖ਼ਿਤਾਬਾਂ ਨਾਲ ਨਿਵਾਜ਼ਿਆ ਗਿਆ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਮੁੱਖ ਸੰਸਦੀ ਸਕੱਤਰ ਐੱਫ. ਨਿਸਾਰਾ ਖ਼ਾਤੂਨ, ਸਾਬਕਾ ਚੇਅਰਮੈਨ ਪੰਜਾਬ ਵਕਫ਼ ਬੋਰਡ ਮੁਹੰਮਦ ਇਜ਼ਹਾਰ ਆਲਮ, ਲੁਧਿਆਣਾ ਪੂਰਬੀ ਦੇ ਵਿਧਾਇਕ ਸ੍ਰ. ਰਣਜੀਤ ਸਿੰਘ ਢਿੱਲੋਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ, ਉੱਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਅਤੇ ਨਿਰਦੇਸ਼ਕ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਸ੍ਰੀ ਰਾਹੁਲ ਤਿਵਾੜੀ, ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ, ਪੁਲਿਸ ਕਮਿਸ਼ਨਰ ਸ੍ਰੀ ਪ੍ਰਮੋਦ ਬਾਨ, ਡੀ. ਆਈ. ਜੀ. ਸ੍ਰ. ਗੁਰਿੰਦਰ ਸਿੰਘ ਢਿੱਲੋਂ, ਸ਼੍ਰੋਮਣੀ ਅਕਾਲੀ ਦਲ (ਸ਼ਹਿਰੀ) ਦੇ ਪ੍ਰਧਾਨ ਸ੍ਰੀ ਮਦਨ ਲਾਲ ਬੱਗਾ ਤੇ ਸ੍ਰ. ਹਰਭਜਨ ਸਿੰਘ ਡੰਗ, ਸੀਨੀਅਰ ਅਕਾਲੀ ਆਗੂ ਸ੍ਰ. ਅਮਰਜੀਤ ਸਿੰਘ ਭਾਟੀਆ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਹਾਜ਼ਰ ਸਨ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ