Sat, 13 April 2024
Your Visitor Number :-   6969979
SuhisaverSuhisaver Suhisaver

16ਵੇਂ ਤਰਕਸ਼ੀਲ ਮੇਲੇ ਨੇ ਛੱਡੀਆਂ ਅਮਿੱਟ ਪੈੜ੍ਹਾਂ

Posted on:- 29-10-2019

ਐਬਸਫੋਰਡ: ਪਿਛਲੇ ਦਿਨੀਂ ਇੱਥੋਂ ਦੇ ਐਬੀ ਆਰਟਸ ਸੈਂਟਰ ਵਿਖੇ ਤਰਕਸ਼ੀਲ ਸਭਿਆਚਾਰਕ ਸੁਸਾਇਟੀ ਵਲੋਂ ਜਲ੍ਹਿਆਂਵਾਲੇ ਬਾਗ਼ ਅਤੇ ਫਾਰਮ ਵਿੱਚ ਕੰਮ ਕਰਦੀਆਂ ਤਿੰਨ ਔਰਤਾਂ ਨੂੰ ਸਮਰਪਿਤ 16ਵਾਂ ਸਲਾਨਾ ਤਰਕਸ਼ੀਲ ਮੇਲਾ ਕਰਵਾਇਆ ਗਿਆ। ਮੇਲੇ ਦੀ ਸ਼ੁਰੂਆਤ, ਮੰਚ ਸੰਚਾਲਕ ਦੀ ਜ਼ਿੰਮੇਵਾਰੀ ਸਾਂਭਦਿਆਂ ਨਿਰਮਲ ਕਿੰਗਰਾ ਵਲੋਂ ਉਦਘਾਟਨੀ ਸ਼ਬਦਾਂ ਰਾਹੀਂ ਕੀਤੀ ਗਈ।ਉਪਰੰਤ ਸੰਗੀਤ ਮੰਡਲੀ ਭਦੌੜ ਦੇ ਮੁਢਲੇ ਮੈਂਬਰ ਪਿਆਰਾ ਸਿੰਘ ਚਾਹਲ ਹੋਰਾਂ ਨੇ ਆਪਣੇ 'ਉੱਠ ਨੀ ਕੁੜੀਏ ਪੜ੍ਹ ਕਿਤਾਬਾਂ' ਅਤੇ 'ਐਵੇਂ ਛਾਵਾਂ ਕਦੇ ਸਾਡੀਆਂ ਬਰੂਹਾਂ ਟੱਪ ਆਈਆਂ' ਰਾਹੀਂ ਔਰਤਾਂ ਦੇ ਪੜ੍ਹਨ ਦੀ ਜ਼ਰੂਰਤ ਅਤੇ ਕਿਰਤੀ ਜਮਾਤ ਦੀ ਬੇਵਸੀ ਅਤੇ ਇੱਕਮੁੱਠ ਹੋਣ ਦਾ ਇਜ਼ਹਾਰ ਕਰਦੇ ਗੀਤਾਂ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ।

ਸਾਧੂ ਸਿੰਘ ਗਿੱਲ ਹੋਰਾਂ ਨੇ ਮੇਲੇ ਦੀ ਆਰਥਿਕ ਮੱਦਦ ਕਰਨ ਵਾਲੇ ਵਿਅਕਤੀਆਂ ਤੇ ਅਦਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਦੀ ਬਦੌਲਤ ਸੁਸਾਇਟੀ ਇਹੋ ਜਿਹੇ ਵੱਡੇ ਪ੍ਰੋਗਰਾਮ ਉਲੀਕ ਸਕਦੀ ਹੈ।ਪਰਮਿੰਦਰ ਸਵੈਚ ਨੇ ਲੋਕਾਂ ਨੂੰ ਪੁਰ ਜ਼ੋਰ ਅਪੀਲ ਕੀਤੀ ਕਿ ਜੋਤਸ਼ੀਆਂ, ਤਾਂਤਰਿਕਾਂ ਦੇ ਝਾਂਸੇ ਵਿੱਚ ਨਾ ਆਓ, ਉਸਨੇ ਕੁਝ ਮਹੀਨੇ ਪਹਿਲਾਂ ਫੜ੍ਹੇ ਇੱਕ ਜੋਤਸ਼ੀ ਜਿਸਤੋਂ ਸੁਸਾਇਟੀ ਨੇ 1600 ਡਾਲਰ ਵਾਪਸ ਕਰਵਾਏ ਸਨ, ਦੇ ਝੂਠ ਦਾ ਜ਼ਿਕਰ ਕੀਤਾ ਅਤੇ ਲੋਕਾਂ ਨੂੰ ਵਿਗਿਆਨਕ ਸੋਚ ਆਪਣਾ ਕੇ ਆਪਣੀ ਲੁੱਟ ਤੋਂ ਬਚਣ ਲਈ ਅਗਾਹ ਵੀ ਕੀਤਾ।

ਇਸ ਤੋਂ ਬਾਅਦ ਇੰਡੀਆ ਟੀ ਵੀ ਤੇ ਮਾਰਚ 21, 2010 ਨੂੰ ਕਰਵਾਏ, ਇੱਕ ਟੀ ਵੀ ਸ਼ੋਅ ਦੇ ਕਲਿੱਪ ਵੀ ਦਿਖਾਏ ਗਏ, ਜਿਸ ਵਿੱਚ ਸੁਰਿੰਦਰ ਕੁਮਾਰ ਨਾਮੀਂ ਤਾਂਤਰਿਕ ਵਲੋਂ ਸਨਲ ਅਡਮਾਰਕੂ (ਆਗੂ ਤਰਕਸ਼ੀਲ ਸੁਸਾਇਟੀ ਭਾਰਤ) ਨੂੰ ਆਪਣੀ ਸ਼ਕਤੀ ਦੁਆਰਾ ਬੇਹੋਸ਼ ਕਰਨ ਦਾ ਦਾਅਵਾ ਕੀਤਾ ਗਿਆ ਸੀ ਪਰ ਉਹ 10 ਮਿੰਟ ਦੇ ਨਿਸਚਿਤ ਸਮੇਂ ਦੀ ਬਜਾਇ 40 ਮਿੰਟ ਵੀ ਅਜਿਹਾ ਨਾ ਕਰ ਸਕਿਆ।

ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਟਰੱਸਟੀ ਮੈਂਬਰ, ਉੱਘੇ ਇਤਿਹਾਸਕਾਰ ਚਰੰਜੀ ਲਾਲ ਕੰਗਣੀਵਾਲ ਨੇ ਮੁੱਖ ਬੁਲਾਰੇ ਦੇ ਤੌਰ ਤੇ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ।ਉਹਨਾਂ ਦੇਸ਼ ਦੀ ਅਜ਼ਾਦੀ ਦੀ ਲਹਿਰ ਦੇ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਅਜੋਕਾ ਸਮਾਜ, ਤਰਕਸ਼ੀਲ ਅਤੇ ਵਿਗਿਆਨਕ ਨਜ਼ਰੀਆ ਨਾ ਅਪਣਾਉਣ ਕਾਰਨ, ਇਹਨਾਂ ਸ਼ਹੀਦਾਂ ਦੀ ਸੋਚ ਦਾ ਰਾਜ ਪ੍ਰਬੰਧ ਸਥਾਪਿਤ ਨਹੀਂ ਕਰ ਸਕਿਆ ਕਿਉਂਕਿ ਸਰਮਾਏਦਾਰੀ ਨਿਜ਼ਾਮ ਨੇ ਲੋਕਾਂ ਨੂੰ ਭੰਬਲਭੂਸੇ ਵਿੱਚ ਪਾ ਕੇ ਲੋਕਾਂ ਦੀ ਟੇਕ ਇਹੋ ਜਿਹੇ ਲੋਕਾਂ ਤੇ ਛੱਡ ਦਿੱਤੀ ਤਾਂਕਿ ਉਹ ਰਲ਼ ਮਿਲ ਕੇ ਕਿਰਤੀ ਲੋਕਾਂ ਦੀ ਮਾਨਸਿਕ, ਸਰੀਰਕ, ਆਰਥਿਕ ਲੁੱਟ ਕਰ ਸਕਣ।

ਪ੍ਰੋਗਰਾਮ ਦੀ ਪ੍ਰਮੁੱਖ ਝਲਕ ਹਮੇਸ਼ਾਂ ਦੀ ਤਰ੍ਹਾਂ ਨਾਟਕ ਪੇਸ਼ ਕਰਨਾ ਸੀ ਜੋ ਇਸ ਵਾਰ ਪ੍ਰੋਗਰੈਸਿਵ ਆਰਟਸ ਕਲੱਬ ਸਰ੍ਹੀ ਵਲੋਂ, ਕੁਲਵਿੰਦਰ ਖੈਰ੍ਹਾ ਦਾ ਲਿਖਿਆ ਤੇ ਡਾ. ਜਸਕਰਨ ਦੁਆਰਾ ਨਿਰਦੇਸ਼ਤ ਨਾਟਕ 'ਗੋਲਡਨ ਟਰੀ' ਖੇਡਿਆ ਗਿਆ। ਇਹ ਨਾਟਕ ਵੀ ਮਾਰਚ 7, 2007 ਵਿੱਚ ਐਬਸਫੋਰਡ ਵਿੱਚ ਇੱਕ ਸੜਕ ਦੁਰਘਟਨਾ ਵਿੱਚ ਮਾਰੀਆਂ ਗਈਆਂ ਉਹੀ ਤਿੰਨ ਫਾਰਮ ਵਰਕਰ ਔਰਤਾਂ ਦੀ ਯਾਦ ਨੂੰ ਸਮਰਪਿਤ ਹੈ।ਨਾਟਕ ਦੀ ਪਟ-ਕਥਾ ਅਤੇ ਪੇਸ਼ਕਾਰੀ ਐਨੀ ਪ੍ਰਭਾਵਸ਼ਾਲੀ ਸੀ ਕਿ ਡੇਢ ਘੰਟੇ ਚੱਲੇ ਨਾਟਕ ਨੂੰ ਸਰੋਤੇ ਮੰਤਰ ਮੁਗਧ ਹੋ ਕੇ ਦੇਖਦੇ ਰਹੇ।ਇਸ ਨਾਟਕ ਦੀ ਸਹਿ-ਨਿਰਦੇਸ਼ਨਾ ਦਾ ਕੰਮ ਪ੍ਰਿੰਸ ਨੇ ਬਾਖੁਬੀ ਨਿਭਾਇਆ।

ਕੇ ਪੀ ਸਿੰਘ ਤੇ ਹਰਪ੍ਰੀਤ ਆਹਲੂਵਾਲੀਆ ਨੇ ਮੁੱਖ ਭੂਮਿਕਾ ਨਿਭਾਈ। ਛੋਟੇ ਬੱਚੇ ਪ੍ਰਨੀਤ ਕੌਰ ਪਰੀ ਤੇ ਯੁਵਰਾਜ ਜਸ਼ਨ ਨੇ ਬਹੁਤ ਵਧੀਆ ਅਭਿਨੈ ਕੀਤਾ। ਇਹਨਾਂ ਤੋਂ ਇਲਾਵਾ ਸੰਤੋਖ ਢੇਸੀ, ਕੁਲਦੀਪ ਟੋਨੀ, ਸੁੱਖ ਸਿੱਧੂ, ਪ੍ਰਿੰਸ, ਮਲਕੀਤ ਸਵੈਚ ਤੇ ਪਰਮਿੰਦਰ ਸਵੈਚ, ਇਕਬਾਲ ਪੁਰੇਵਾਲ ਨੇ ਵੀ ਵਧੀਆ ਰੋਲ ਅਦਾ ਕੀਤਾ। ਸਾਰਿਆਂ ਦੀ ਅਣਥੱਕ ਮਿਹਨਤ ਦਾ ਸਿੱਟਾ ਸੀ ਨਾਟਕ ਸਿਖਰ ਤੇ ਪਹੁੰਚ ਗਿਆ।ਲਾਈਟ ਤੇ ਸਾਊਂਡ ਦਾ ਸਾਰਾ ਕੰਟਰੋਲ ਡਾ. ਜਸਕਰਨ ਹੋਰਾਂ ਆਪਣੇ ਹੱਥੀਂ ਸੂਤਰਬੱਧ ਕੀਤਾ ਅਤੇ ਸਟੇਜ ਸੈੱਟ ਸੰਤੋਖ ਢੇਸੀ ਦੁਆਰਾ ਕੀਤਾ ਗਿਆ ਸੀ।ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਅਵਤਾਰ ਗਿੱਲ ਹੋਰਾਂ ਦੇ ਇੰਡੀਆ 'ਚ ਹੋਣ ਕਾਰਨ ਉਹਨਾਂ ਦੀ ਘਾਟ ਖਟਕਦੀ ਰਹੀ। ਅੰਤ ਵਿੱਚ ਜਿੱਥੇ ਨਿਰਮਲ ਕਿੰਗਰਾ ਨੇ ਸਟੇਜ ਦੀ ਕਾਰਵਾਈ ਬਹੁਤ ਸੁਚੱਜੇ ਢੰਗ ਨਾਲ ਚਲਾਈ ਤੇ ਉੱਥੇ ਸਾਰੇ ਆਏ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਵੀ ਕੀਤਾ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ