Tue, 28 May 2024
Your Visitor Number :-   7069496
SuhisaverSuhisaver Suhisaver

ਜਥੇਦਾਰ ਤਲਵੰਡੀ ਦੀ ਪਤਨੀ ਸਰਦਾਰਨੀ ਮਹਿੰਦਰ ਕੌਰ ਨੂੰ ਦਿੱਤਾ ਮੰਤਰੀ ਦਾ ਰੁਤਬਾ

Posted on:- 29-09-2014

ਰਾਏਕੋਟ : ਅੱਜ ਸਥਾਨਕ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਜਥੇਦਾਰ ਤਲਵੰਡੀ ਦੀ ਅੰਤਿਮ ਅਰਦਾਸ ਸਬੰਧੀ ਸਮਾਗਮ ਹੋਇਆ, ਜਿਸ ਵਿੱਚ ਵੱਖ-ਵੱਖ ਰਾਜਸੀ, ਧਾਰਮਿਕ ਤੇ ਸਮਾਜਿਕ ਆਗੂਆਂ ਨੇ ਸ਼ਿਰਕਤ ਕੀਤੀ ਤੇ ਇਸ ਸਮਾਗਮ ਵਿੱਚ ਇਲਾਕੇ ਦੋ ਲੋਕਾਂ ਦਾ ਭਾਰੀ ਇਕੱਠ ਸੀ। ਇਸ ਮੌਕੇ ਜਥੇਦਾਰ ਜਗਦੇਵ ਸਿੰਘ ਤਲਵੰਡੀ ਵੱਲੋਂ ਪੰਥ, ਪਾਰਟੀ ਅਤੇ ਪੰਜਾਬ ਲਈ ਕੀਤੀ ਗਈ, ਸਿਰਮੌਰ ਸੇਵਾ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਇਸ ਮਹਾਨ ਆਗੂ ਦੀ ਜੀਵਨ ਸਾਥਣ ਸਰਦਾਰਨੀ ਮਹਿੰਦਰ ਕੌਰ ਨੂੰ ਮੰਤਰੀ ਦੇ ਰੁਤਬੇ ਨਾਲ ਨਵਾਜੇਗੀ। ਜਥੇਦਾਰ ਤਲਵੰਡੀ ਦੀ ਅੰਤਮ ਅਰਦਾਸ ਮੌਕੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਜਥੇਦਾਰ ਤਲਵੰਡੀ ਦੀ ਪਤਨੀ ਮਹਿੰਦਰ ਕੌਰ ਨੂੰ ਮੰਤਰੀ ਦੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਜਲਦ ਹੀ ਅਧਿਸੂਚਨਾ ਜਾਰੀ ਕਰੇਗੀ। ਉਨ੍ਹਾਂ ਕਿਹਾ ਕਿ ਇਹ ਜਥੇਦਾਰ ਤਲਵੰਡੀ ਦੀ ਪੰਥ ਅਤੇ ਸੂਬੇ ਪ੍ਰਤੀ ਸੇਵਾ ਦੇ ਮੂਹਰੇ ਪੰਜਾਬ  ਸਰਕਾਰ ਵੱਲੋਂ ਇੱਕ ਨਿਮਾਣੀ ਜਿਹੀ ਭੇਟ ਹੋਵੇਗੀ। ਸ. ਬਾਦਲ ਨੇ ਕਿਹਾ ਜਥੇਦਾਰ ਤਲਵੰਡੀ ਦੀ ਯਾਦ ਵਿੱਚ ਕੋਈ ਢੁਕਵੀਂ ਯਾਦਗਾਰ ਉਸਾਰਨ ਲਈ ਫੈਸਲਾ ਉਨ੍ਹਾਂ ਦੇ ਪਰਿਵਾਰ ਨਾਲ ਗੱਲਬਾਤ ਕਰਕੇ ਲਿਆ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਜਥੇਦਾਰ ਤਲਵੰਡੀ ਦੇ ਸਦੀਵੀ ਵਿਛੋੜੇ ਨਾਲ ਪੰਜਾਬ ਨੇ ਇੱਕ ਅਜਿਹਾ ਆਗੂ ਗਵਾ ਲਿਆ ਹੈ ਜੋ ਸਦਾ ਉਨ੍ਹਾਂ ਦੀ ਸੇਵਾ ਲਈ ਤਤਪਰ ਰਹਿੰਦਾ ਸੀ। ਜਥੇਦਾਰ ਤਲਵੰਡੀ ਵੱਲੋਂ ਪੰਜਾਬੀ ਸੂਬਾ, ਧਰਮਯੁੱਧ ਅਤੇ ਐਮਰਜੈਂਸੀ ਖ਼ਿਲਾਫ਼ ਲਾਏ ਗਏ ਮਰਚੇ ਵਿੱਚ ਦਿੱਤੀ ਗਈ ਸ਼ਾਨਦਾਰ ਅਗਵਾਈ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਜਥੇਦਾਰ ਤਲਵੰਡੀ ਇੱਕ ਅਜਿਹੇ ਨਿਧੜਕ ਆਗੂ ਸਨ, ਜਿਨ੍ਹਾਂ ਨੇ ਪੰਥ ਅਤੇ ਸੂਬੇ ਦੇ ਹਿੱਤਾਂ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਔਖੇ ਸਮਿਆਂ ਦੇ ਵਿੱਚ ਵੀ ਜਥੇਦਾਰ ਤਲਵੰਡੀ ਨੇ ਪੰਜਾਬ ਦੇ ਹਿੱਤਾਂ ਖਾਤਰ ਅੱਗੇ ਹੋ ਕੇ ਸੰਘਰਸ਼ ਕੀਤਾ। ਜਥੇਦਾਰ ਤਲਵੰਡੀ ਦੇ ਅਕਾਲ ਚਲਾਣੇ ਨੂੰ ਇੱਕ ਵੱਡਾ ਅਤੇ ਨਿੱਜੀ ਘਾਟਾ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜਥੇਦਾਰ ਤਲਵੰਡੀ ਕੋਈ ਵਿਅਕਤੀ ਨਹੀਂ ਬਲਕਿ ਇੱਕ ਸੰਸਥਾ ਸਨ, ਜੋ ਕਿ ਗਰੀਬਾਂ ਦੀ ਮਦਦ ਲਈ ਹਰ ਵਕਤ ਤਿਆਰ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਕਿ ਜਥੇਦਾਰ ਤਲਵੰਡੀ ਦੀ ਜ਼ਿੰਦਗੀ ਹਮੇਸ਼ਾਂ ਲੋਕਾਂ ਨੂੰ ਪੰਥ ਦੀ ਸੇਵਾ ਕਰਨ ਲਈ ਪ੍ਰੇਰਦੀ ਰਹੇਗੀ।
ਇਸ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਥੇਦਾਰ ਤਲਵੰਡੀ ਦਾ ਜੀਵਨ ਨੌਜੁਆਨ ਅਤੇ ਅਜੋਕੇ  ਅਕਾਲੀ ਆਗੂਆਂ ਨੂੰ ਸੇਵਾ ਲਈ ਪ੍ਰੇਰਦਾ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸ਼ਹੀਦਾਂ ਦੀ ਇਸ ਪਾਰਟੀ ਦੀ ਅਗਵਾਈ ਜਥੇਦਾਰ ਤਲਵੰਡੀ ਸਮੇਂ-ਸਮੇਂ 'ਤੇ ਕਰਦੇ ਰਹੇ ਹਨ। ਉਹਨਾਂ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ, ਸਵ. ਗੁਰਚਰਨ ਸਿੰਘ ਟੌਹੜਾ ਅਤੇ ਸਵ. ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਤਿੱਕੜੀ ਨੇ ਪਾਰਟੀ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਲੰਬੀ ਘਾਲਣਾ ਘਾਲੀ ਹੈ, ਜਿਸ ਕਾਰਨ ਅਸੀਂ ਅੱਜ ਸੱਤ੍ਹਾ ਦਾ ਸੁੱਖ ਮਾਣ ਰਹੇ ਹਾਂ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਜਥੇਦਾਰ ਤਲਵੰਡੀ ਵਰਗੇ ਆਗੂਆਂ ਦਾ ਕਰਜ਼ਦਾਰ  ਹੈ ਅਤੇ ਹਮੇਸ਼ਾਂ ਰਹੇਗਾ।   ਉੱਪ ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਲੋਕਾਂ ਨੂੰ ਸ੍ਰੋਮਣੀ ਅਕਾਲੀ ਦਲ ਦੇ ਸੁਨਹਿਰੀ ਇਤਿਹਾਸ ਅਤੇ ਉਸ ਦੇ ਆਗੂਆਂ ਦੀਆਂ ਸਿਰਮੌਰ ਕੁਰਬਾਨੀਆਂ ਤੋਂ ਜਾਣੂ ਕਰਵਾਉਣ ਲਈ ਛੇਤੀ ਹੀ ਇੱਕ ਦਸਤਾਵੇਜ਼ੀ ਫ਼ਿਲਮ ਬਣਾਈ ਜਾਵੇਗੀ ਜੋ ਕਿ ਪੰਥ ਪ੍ਰਸਤ ਅਤੇ ਕੌਮ ਪ੍ਰਸਤ ਅਕਾਲੀ ਆਗੂਆਂ ਅਤੇ ਕਾਰਕੁੰਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਨੇ ਜਥੇਦਾਰ ਤਲਵੰਡੀ ਦੇ ਵੱਡੇ ਪੁੱਤਰ ਰਣਜੀਤ ਸਿੰਘ ਤਲਵੰਡੀ ਨੂੰ ਦਸਤਾਰ ਭੇਂਟ ਕੀਤੀ। ਇਸ ਮੌਕੇ ਉਨ੍ਹਾਂ ਦੇ ਛੋਟੇ ਪੁੱਤਰ ਤੇ ਮੈਂਬਰ ਐਸ.ਜੀ.ਪੀ.ਸੀ. ਜਥੇਦਾਰ ਜਗਜੀਤ ਸਿੰਘ ਤਲਵੰਡੀ ਵੀ ਮੌਜੂਦ ਸਨ।
ਇਸ ਮੌਕੇ ਕਾਂਗਰਸ ਪਾਰਟੀ ਦੇ ਸਾਬਕਾ ਕੌਮੀ ਜਨਰਲ ਸਕੱਤਰ ਜਗਮੀਤ ਸਿੰਘ ਬਰਾੜ ਨੇ ਆਪਣੇ ਭਾਵੁਕ ਤੇ ਜੋਸ਼ ਭਰੇ ਅੰਦਾਜ ਕਿਹਾ ਕਿ ਜੱਥੇਦਾਰ ਤਲਵੰਡੀ ਨਾਲ ਉਹਨਾਂ ਦੀ ਪਰਿਵਾਰਕ ਸਾਂਝ ਸੀ ਤੇ Àਹ ਉਹਨਾਂ ਦੇ ਪ੍ਰੇਰਣਾ ਸਰੋਤ ਵੀ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਤੇ ਉਹਨਾਂ ਦਾ ਪਰਿਵਾਰ, ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ, ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਗਿਆਨੀ ਮੱਲ ਸਿੰਘ, ਸਪੀਕਰ ਪੰਜਾਬ ਵਿਧਾਨ ਸਭਾ ਡਾ. ਚਰਨਜੀਤ ਸਿੰਘ ਅਟਵਾਲ, ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ ਅਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਕੈਬਿਨਟ ਵਜ਼ੀਰ ਜਥੇਦਾਰ ਤੋਤਾ ਸਿੰਘ, ਸਾਬਕਾ ਸੰਸਦ ਮੈਂਬਰ ਸ੍ਰੀਮਤੀ ਪਰਮਜੀਤ ਕੌਰ ਗੁਲਸ਼ਨ, ਸ਼ਰਨਜੀਤ ਸਿੰਘ ਢਿੱਲੋਂ, ਮਾਸਟਰ ਮੋਹਣ ਲਾਲ, ਸੁਰਜੀਤ ਸਿੰਘ ਰੱਖੜਾ ਅਤੇ ਡਾ. ਦਲਜੀਤ ਸਿੰਘ ਚੀਮਾ, ਸੰਤ ਬਲਵੀਰ ਸਿੰਘ ਘੁੰਨਸ, ਪ੍ਰਧਾਨ ਸ੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਜਥੇਦਾਰ ਅਵਤਾਰ ਸਿੰਘ, ਮਨਪ੍ਰੀਤ ਸਿੰਘ ਇਯਾਲੀ,  ਦਰਸ਼ਨ ਸਿੰਘ ਸ਼ਿਵਾਲਿਕ, ਐਸ. ਆਰ. ਕਲੇਰ, ਪ੍ਰੇਮ ਮਿੱਤਲ ਅਤੇ ਇਕਬਾਲ ਸਿੰਘ ਝੂੰਦਾ, ਸਾਬਕਾ ਮੰਤਰੀ ਮਲਕੀਅਤ ਸਿੰਘ ਬੀਰਮੀ ਅਤੇ ਈਸ਼ਰ ਸਿੰਘ ਮੇਹਰਬਾਨ ਤੋਂ ਇਲਾਵਾ ਕਈ ਐਸ.ਜੀ.ਪੀ.ਸੀ. ਮੈਂਬਰ ਅਤੇ ਅਕਾਲੀ-ਭਾਜਪਾ ਗਠਜੋੜ ਦੇ ਆਗੂ ਵੀ ਹਾਜ਼ਿਰ ਸਨ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ