Wed, 29 May 2024
Your Visitor Number :-   7071887
SuhisaverSuhisaver Suhisaver

ਉਮਰ ਖ਼ਾਲਿਦ ਉੱਪਰ ਹਮਲਾ ਬੁਜ਼ਦਿਲ ਫਾਸ਼ੀਵਾਦੀਆਂ ਦਾ ਕਾਰਾ: ਜਮਹੂਰੀ ਅਧਿਕਾਰ ਸਭਾ

Posted on:- 13-08-2018

suhisaver

ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ ਕੇ ਮਲੇਰੀ ਅਤੇ ਸੂਬਾ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਉਮਰ ਖ਼ਾਲਿਦ ਉੱਪਰ ਇਕ ਅਣਪਛਾਤੇ ਵਿਅਕਤੀ ਵੱਲੋਂ ਕਾਂਸਟੀਟਿਊਸ਼ਨ ਕਲੱਬ ਦਿੱਲੀ ਦੇ ਬਾਹਰ ਰਿਵਾਲਵਰ ਨਾਲ ਹਮਲਾ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਹ ਉੱਥੇ ''ਖ਼ੌਫ਼ ਸੇ ਆਜ਼ਾਦੀ" ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਹੋਰ ਜਮਹੂਰੀ ਸ਼ਖਸੀਅਤਾਂ ਨਾਲ ਸ਼ਾਮਲ ਸਨ ਅਤੇ ਬਾਹਰ ਚਾਹ ਦੀ ਦੁਕਾਨ ਉੱਪਰ ਆਪਣੇ ਦੋਸਤਾਂ ਨਾਲ ਚਾਹ ਪੀ ਰਹੇ ਸਨ।

ਸਭਾ ਦੇ ਆਗੂਆਂ ਨੇ ਕਿਹਾ ਕਿ ਇਸ ਹਮਲੇ ਪਿੱਛੇ ਉਹਨਾਂ ਫਾਸ਼ੀਵਾਦੀ ਤਾਕਤਾਂ ਦਾ ਹੱਥ ਹੈ ਜਿਹਨਾਂ ਦੇ ਹੱਥ ਨਰੇਂਦਰ ਡਭੋਲਕਰ, ਪ੍ਰੋਫੈਸਰ ਕਲਬੁਰਗੀ, ਗੋਵਿੰਦ ਪਾਨਸਰੇ ਅਤੇ ਗੌਰੀ ਲੰਕੇਸ਼ ਵਰਗੇ ਜ਼ਹੀਨ ਬੁੱਧੀਜੀਵੀਆਂ ਦੇ ਖ਼ੂਨ ਨਾਲ ਰੰਗੇ ਹੋਏ ਹਨ ਅਤੇ ਜਿਹਨਾਂ ਨੂੰ ਅਸਹਿਮਤ ਆਵਾਜ਼ਾਂ ਮਨਜ਼ੂਰ ਨਹੀਂ। ਇਹ ਤਾਕਤਾਂ ਘੱਟਗਿਣਤੀਆਂ, ਔਰਤਾਂ ਅਤੇ ਦਲਿਤਾਂ ਉੱਪਰ ਹਮਲਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਰੌਸ਼ਨਖ਼ਿਆਲ ਚਿੰਤਕਾਂ, ਲੇਖਕਾਂ, ਬੁੱਧੀਜੀਵੀਆਂ ਅਤੇ ਜਮਹੂਰੀ ਕਾਰਕੁੰਨਾਂ ਦੀ ਜ਼ਬਾਨਬੰਦੀ ਕਰਨਾ ਚਾਹੁੰਦੀਆਂ ਹਨ ਅਤੇ ਉਮਰ ਖ਼ਾਲਿਦ ਉੱਪਰ ਹਮਲਾ ਇਸੇ ਦਹਿਸ਼ਤੀ ਸਿਆਸਤ ਦਾ ਹਿੱਸਾ ਹੈ। ਉਹਨਾਂ ਸਮੂਹ ਜਮਹੂਰੀ ਅਤੇ ਇਨਸਾਫ਼ਪਸੰਦ ਤਾਕਤਾਂ ਨੂੰ ਇਸ ਹਮਲੇ ਵਿਰੁੱਧ ਆਵਾਜ਼ ਉਠਾਉਣ ਦੀ ਅਪੀਲ ਕਰਦੇ ਹੋਏ ਮੰਗ ਕੀਤੀ ਕਿ ਮੋਦੀ ਸਰਕਾਰ ਜਾਂਚ ਕਰਵਾਕੇ ਉਹਨਾਂ ਤਾਕਤਾਂ ਦੇ ਚਿਹਰੇ ਸਾਹਮਣੇ ਲਿਆਵੇ ਜੋ ਇਸ ਹਮਲੇ ਦੇ ਸਾਜ਼ਿਸ਼ਘਾੜੇ ਹਨ। ਸਰਕਾਰ ਇਹ ਵੀ ਸਪਸ਼ਟ ਕਰੇ ਕਿ ਮੁਲਕ ਦੀ ਰਾਜਧਾਨੀ ਅੰਦਰ ਐਨੇ ਮਹੱਤਵਪੂਰਨ ਸਥਾਨ ਉੱਪਰ ਹਮਲਾ ਕਿਵੇਂ ਸੰਭਵ ਹੋਇਆ ਅਤੇ ਉਹ ਅਖਾਉਤੀ ਸੁਰੱਖਿਆ ਏਜੰਸੀਆਂ ਅਤੇ ਪੁਲਿਸ ਕਿਥੇ ਸੀ ਜੋ ਹੱਕੀ ਮੰਗਾਂ ਲਈ ਆਵਾਜ਼ ਉਠਾ ਰਹੇ ਅੰਦੋਲਨਕਾਰੀਆਂ ਨੂੰ ਦਬਾਉਣ ਲਈ ਹਰ ਥਾਂ ਘੇਰਾ ਘੱਤੀ ਲਾਠੀਆਂ ਚਲਾਉਣ ਲਈ ਤਿਆਰ ਬਰ ਤਿਆਰ ਖੜ੍ਹੇ ਹੁੰਦੇ ਹਨ।

-ਬੂਟਾ ਸਿੰਘ

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ