Sat, 15 June 2024
Your Visitor Number :-   7111444
SuhisaverSuhisaver Suhisaver

ਜਮਾਲਪੁਰ ਫਰਜ਼ੀ ਮੁਕਾਬਲਾ : ਇਨਕਾਊਂਟਰ ਸਪੈਸ਼ਲਿਸਟ ਪੁਲਿਸ ਅਫ਼ਸਰਾਂ ਨੂੰ ਸਨਮਾਨ ਤੇ ਤਰੱਕੀ ਵਾਲੀ ਨੀਤੀ ਦਾ ਸਿੱਧਾ ਨਤੀਜਾ : ਖਹਿਰਾ

Posted on:- 05-10-2014

ਚੰਡੀਗੜ੍ਹ : ਕਾਂਗਰਸ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਹਾਲ ਹੀ 'ਚ ਪੁਲਿਸ ਵੱਲੋਂ ਜਮਾਲਪੁਰ ਵਿਖੇ ਦਿਨ-ਦਿਹਾੜੇ ਦੋ ਦਲਿਤ ਨੌਜਵਾਨਾਂ ਦਾ ਕੀਤਾ ਬੇਰਹਿਮ ਫਰਜ਼ੀ ਮੁਕਾਬਲਾ ਸੁਮੇਧ ਸਿੰਘ ਸੈਣੀ ਤੇ ਇਜਹਾਰ ਆਲਮ ਵਰਗੇ ਇਨਕਾਉੂਂਟਰ ਸਪੈਸ਼ਲਿਸਟ ਅਫਸਰਾਂ ਨੂੰ ਮਾਨ ਅਤੇ ਤਰੱਕੀ ਦੇਣ ਵਾਲੀ ਬਾਦਲ ਸਰਕਾਰ ਦੀ ਨੀਤੀ ਦਾ ਸਿੱਧਾ ਨਤੀਜਾ ਹੈ । ਉਨ੍ਹਾਂ ਕਿਹਾ ਕਿ ਇਸ ਤਰਾਂ ਮਹਿਸੂਸ ਹੁੰਦਾ ਹੈ ਕਿ ਕਿਸੇ ਸਮੇਂ ਪੰਜਾਬ ਪੁਲਿਸ ਵੱਲੋਂ ਕੀਤੇ ਜਾਂਦੇ ਫਰਜ਼ੀ ਮੁਕਾਬਲਿਆਂ ਦੀ ਸਖਤ ਆਲੋਚਕ ਰਹੀ ਬਾਦਲ ਜੋੜੀ ਨੇ ਪੂਰੀ ਤਰ੍ਹਾਂ ਨਾਲ ਰਾਹ ਪਲਟ ਲਿਆ ਹੈ ਤੇ ਹੁਣ ਇਨ੍ਹਾਂ ਨਿਆਂਪਾਲਿਕਾ ਵਿਰੋਧੀ ਕਤਲਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਬਚਾਅ ਤੇ ਸ਼ਹਿ ਦੇ ਦਿੱਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਇਲਜਾਮ ਨੂੰ ਪੁਖਤਾ ਸਾਬਤ ਕਰਨ ਲਈ ਉਹ ਆਈਪੀਐਸ ਸੁਮੇਧ ਸੈਣੀ ਦੀ ਡੀਜੀਪੀ ਵਜੋਂ ਸਮੇਂ ਤੋਂ ਪਹਿਲਾਂ ਦਿੱਤੀ ਤਰੱਕੀ ਦੀ ਉਦਾਹਰਨ ਦੇਣਾ ਚਾਹੁੰਦੇ ਹਨ ਜੋ ਕਿ ਬਾਦਲਾਂ ਵੱਲੋਂ ਅਜਿਹੇ ਅਫਸਰਾਂ ਨੂੰ ਸਨਮਾਨ ਦੇਣ ਦੀ ਢੁੱਕਵੀਂ ਮਿਸਾਲ ਹੈ। ਉਨ੍ਹਾਂ ਕਿਹਾ ਕਿ ਦੱਸਣ ਦੀ ਲੋੜ ਨਹੀਂ ਕਿ ਡੀਜੀਪੀ ਸੁਮੇਧ ਸੈਣੀ ਨਾ ਸਿਰਫ ਦਿੱਲੀ ਦੇ ਸਪੈਸ਼ਲ ਸੀਬੀਆਈ ਕੋਰਟ 'ਚ ਤਿੰਨ ਨਿਰਦੋਸ਼ਾਂ ਨੂੰ ਅਗਵਾ ਤੇ ਗਾਇਬ ਕਰਨ ਦੇ ਗੰਭੀਰ ਅਪਰਾਧਾਂ ਦਾ ਸਾਹਮਣਾ ਕਰ ਰਹੇ ਹਨ ਬਲਕਿ ਨਾਲ ਹੀ ਉਹ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁਲੱਰ ਦੇ ਪਿਤਾ ਤੇ ਅੰਕਲ ਨੂੰ ਖਤਮ ਕਰਨ ਦੇ ਵੀ ਜ਼ਿੰਮੇਵਾਰ ਹਨ ਤੇ ਸਾਬਕਾ ਆਈਏਐਸ ਅਫਸਰ ਸ੍ਰੀ ਮੁਲਤਾਨੀ ਦੇ ਨੌਜਵਾਨ ਇੰਜੀਨੀਅਰ ਲੜਕੇ ਨੂੰ ਵੀ ਗਾਇਬ ਕੀਤਾ ਹੈ। ਸ੍ਰੀ ਖਹਿਰਾ ਨੇ ਕਿਹਾ ਕਿ  ਉਨ੍ਹਾਂ ਦਿਨਾਂ 'ਚ ਅਕਾਲੀਆਂ ਨੇ ਸੁਮੇਧ ਸੈਣੀ ਉੱਪਰ ਬਹੁਤ ਸਾਰੇ ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਿਲਆਂ 'ਚ ਖਤਮ ਕਰਨ ਦੇ ਇਲਜਾਮ ਲਗਾਏ ਸਨ ਤੇ ਤਿੱਖੀ ਅਲੋਚਨਾ ਕੀਤੀ ਸੀ । ਉਨ੍ਹਾਂ ਕਿਹਾ ਕਿ ਇਸੇ ਤਰਾਂ ਹੀ ਮਲੇਰਕੋਟਲਾ ਦੀ ਮੋਜੂਦਾ ਐਮਐਲਏ ਦੇ ਪਤੀ ਇਜਹਾਰ ਆਲਮ ਨੇ ਪੁਲਿਸ ਕੈਟਾਂ ਦੇ ਰਾਹੀਂ ਸਿੱਖ ਨੌਜਵਾਨਾਂ ਨੂੰ ਖਤਮ ਕਰਨ ਲਈ ਬਹੁਚਰਚਿਤ ਆਲਮ ਸੈਨਾ ਬਣਾਈ ਸੀ।ਉਨ੍ਹਾਂ ਕਿਹਾ ਬਾਦਲਾਂ ਦੇ ਇੱਕ ਚਹੇਤੇ ਆਈਜੀਪੀ ਵੱਲੋਂ ਪਿੰਡ ਕਾਲਾ ਅਫਗਾਨਾ (ਗੁਰਦਾਸਪੁਰ) ਦੇ ਸੁਖਪਾਲ ਸਿੰਘ ਨੂੰ 1994 ਦੇ ਇੱਕ ਫਰਜ਼ੀ ਮੁਕਾਬਲੇ ਵਿੱਚ ਮਾਰਨ ਦੇ ਖਿਲਾਫ ਉਸ ਦਾ ਪਰਿਵਾਰ ਲੰਬੀ ਕਾਨੂੰਨੀ ਲੜਾਈ ਲੜ ਰਿਹਾ ਹੈ।
ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਪਿੰਡ ਜਮਾਲਪੁਰ ਦੇ ਦੋ ਦਲਿਤ ਨੌਜਵਾਨਾਂ ਦਾ ਬੇਰਹਿਮ ਕਤਲ, ਸੱਤਾਧਾਰੀ ਪਾਰਟੀ ਦੇ ਲੋਕਾਂ ਦੀ ਸ਼ਹਿ ਉੱਪਰ ਲੋਕਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰਨ ਦੀ ਵੱਡੀ ਸਾਜਿਸ਼ ਦਾ ਇੱਕ ਹਿੱਸਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਭਾਵੇਂ ਇੱਕ ਆਈਪੀਐਸ ਅਫਸਰ ਨੂੰ ਸਸਪੈਂਡ ਕਰ ਦਿੱਤਾ ਹੈ ਤੇ ਅਪਰਾਧ ਕਰਨ ਵਾਲੇ ਪੁਲਿਸ ਅਫਸਰਾਂ ਖਿਲਾਫ ਵੀ ਨਰਮ ਐਕਸ਼ਨ ਲਿਆ ਹੈ ਪਰੰਤੂ ਇਹਨਾਂ ਕਤਲਾਂ ਲਈ ਜ਼ਿੰਮੇਵਾਰ ਅਕਾਲੀ ਸਰਪੰਚ ਰਾਜਵਿੰਦਰ ਕੌਰ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਪੋਸਟਮਾਰਟਮ ਰਿਪੋਰਟ ਵਿੱਚ ਪੁਆਂਇੰਟ ਬਲੈਂਕ ਤੋਂ ਮਾਰੇ ਜਾਣ ਦੀ ਪੁਸ਼ਟੀ ਨਾ ਹੁੰਦੀ ਤਾਂ ਜੂਨੀਅਰ ਬਾਦਲ ਨੇ ਇਨ੍ਹਾਂ ਅਫਸਰਾਂ ਨੂੰ ਵੀ ਦੋਸ਼ ਮੁਕਤ ਕਰਾਰ ਦੇਣਾ ਸੀ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਕੋਈ ਵੀ ਵਿਅਕਤੀ ਅਜਿਹੇ ਕਤਲਾਂ ਨੂੰ ਦਹਿਸ਼ਤਵਾਦ ਜਾ ਦੇਸ਼ ਦੀ ਲੜਾਈ ਦੇ ਨਾਂ ਉੱਪਰ ਜਾਇਜ਼ ਕਰਾਰ ਨਹੀਂ ਦੇ ਸਕਦਾ ਕਿਉਂਕਿ ਸੰਵਿਧਾਨ ਦੇ ਅਧੀਨ ਸਾਡੇ ਕੋਲ ਢੁੱਕਵੀ ਅਪਰਾਧਿਕ ਨਿਆਂ ਪ੍ਰਣਾਲੀ ਹੈ। ਇਸ ਲਈ ਜਮਾਲਪੁਰ ਹੱਤਿਆ ਕਾਂਡ ਵਰਗੇ ਫਰਜ਼ੀ ਮੁਕਾਬਲੇ ਹੋਰ ਕੁਝ ਨਾ ਹੋ ਕੇ ਨਿਆਂ ਪਾਲਿਕਾ ਵੱਲੋਂ ਪ੍ਰਦਾਨ ਕੀਤੀ ਤਾਕਤ ਦਾ ਦੁਰਉਪਯੋਗ ਹਨ, ਜਿਸ ਨੂੰ ਕਿ ਮਾਫ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਇਸ ਲਈ ਬਾਦਲ ਜੋੜੀ ਨੂੰ ਆਪਣੇ ਦੋਹਰੇ ਮਾਪਦੰਡਾਂ ਬਾਰੇ ਜਵਾਬ ਦੇਣਾ ਚਾਹੀਦਾ ਹੈ ਕਿ ਇੱਕ ਸਮੇਂ ਝੂਠੇ ਮੁਕਾਬਲਿਆਂ ਦੇ ਖਿਲਾਫ ਖੜੇ ਹੋਣ ਵਾਲੇ ਹੁਣ ਅਜਿਹੇ ਅਫਸਰਾਂ ਨੂੰ ਸਮੇਂ ਤੋਂ ਪਹਿਲਾਂ ਤਰੱਕੀਆਂ ਕਿਉਂ ਦੇ ਰਹੇ ਹਨ ਅਤੇ ਉੱਚ ਸਿਆਸੀ ਪਦਵੀਆਂ ਨਾਲ ਕਿਉਂ ਨਿਵਾਜ ਰਹੇ ਹਨ? ਉਨ੍ਹਾਂ ਕਿਹਾ ਕਿ ਜੇਕਰ ਉਹ ਝੂਠੇ ਮੁਕਾਬਲਿਆਂ ਨੂੰ ਨੱਥ ਪਾਉਣ ਲਈ ਗੰਭੀਰ ਹਨ ਤਾਂ ਸ਼੍ਰੀ ਸੈਣੀ ਨੂੰ ਡੀਜੀਪੀ ਦੇ ਪਦ ਤੋਂ ਹਟਾਇਆ ਜਾਵੇ ਤੇ ਇਜਹਾਰ ਆਲਮ ਦੀ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਖਾਰਿਜ਼ ਕੀਤੀ ਜਾਵੇ, ਅਜਿਹਾ ਕਰਨ ਵਿੱਚ ਅਸਫਲ ਰਹਿਣ ਉੱਪਰ ਉਹਨਾਂ ਨੂੰ ਇਸ ਗੈਰਕਾਨੂੰਨੀ ਅਤੇ ਗੈਰਸੰਵਿਧਾਨਕ ਗਤੀਵਿਧੀ ਦਾ ਇੱਕ ਹਿੱਸਾ ਮੰਨ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਮੁੜ ਦੁਹਰਾਉਂਦੀ ਹੈ ਕਿ ਡੀਜੀਪੀ ਸੁਮੇਧ ਸੈਣੀ ਵਰਗੇ ਅਫਸਰਾਂ ਦੀ ਅਗਵਾਈ ਵਾਲੀ ਪੰਜਾਬ ਪੁਲਿਸ ਉੱਪਰ ਸਾਨੂੰ ਕੋਈ ਵਿਸ਼ਵਾਸ ਨਹੀਂ ਰਿਹਾ ਹੈ ਤੇ ਮ੍ਰਿਤਕਾਂ ਦੇ ਪਰਿਵਾਰ ਵੱਲੋਂ ਮੰਗੀ ਗਈ ਸੀਬੀਆਈ ਜਾਂਚ ਹੀ ਸੱਚ ਨੂੰ ਸਾਹਮਣੇ ਲਿਆ ਸਕਦੀ ਹੈ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ