Sun, 14 April 2024
Your Visitor Number :-   6972203
SuhisaverSuhisaver Suhisaver

ਵਿਛੜੇ ਆਗੂਆਂ ਨੂੰ ਸ਼ਰਧਾਂਜਲੀ ਬਾਅਦ ਸੰਸਦ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ

Posted on:- 24-11-2014

ਨਵੀਂ ਦਿੱਲੀ : ਲੋਕ ਸਭਾ ਦੇ ਮੌਜੂਦਾ ਮੈਂਬਰ ਹਮੇਂਦਰ ਚੰਦਰ ਸਿੰਘ ਤੇ ਕਪਿਲ ਕ੍ਰਿਸ਼ਨ ਠਾਕੁਰ ਅਤੇ ਰਾਜ ਸਭਾ ਦੇ ਮੌਜੂਦਾ ਮੈਂਬਰ ਮੁਰਲੀ ਦਿਓੜਾ ਦੇ ਦੇਹਾਂਤ 'ਤੇ ਦੋਵੇਂ ਸਦਨਾਂ 'ਚ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਸੰਸਦ ਦੇ ਸਰਦ ਰੁੱਤ ਇਜਲਾਸ ਦਾ ਅੱਜ ਪਹਿਲਾ ਦਿਨ ਸੀ।

ਦੋਵੇਂ ਸਦਨਾਂ ਦੀ ਕਾਰਵਾਈ ਰਾਸ਼ਟਰੀ ਧੁਨ ਨਾਲ ਸ਼ੁਰੂ ਹੋਈ। ਲੋਕ ਸਭਾ ਵਿੱਚ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਸਪੀਕਰ ਸੁਮਿੱਤਰਾ ਮਹਾਜਨ ਨੇ ਨਵੇਂ ਚੁਣੇ ਗਏ ਸਾਂਸਦਾਂ ਸ੍ਰੀਮਤੀ ਰੰਜਨਾ ਬੇਨ ਭੱਟ, ਸ੍ਰੀਮਤੀ ਪ੍ਰੀਤਮ ਗੋਪੀਨਾਥ ਮੁੰਡੇ ਅਤੇ ਤੇਜਪ੍ਰਤਾਪ ਸਿੰਘ ਯਾਦਵ ਨੂੰ ਸਦਨ ਦੇ ਮੈਂਬਰ ਵਜੋਂ ਸਹੁੰ ਚੁਕਾਈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਆਪਣੇ ਮੰਤਰੀਮੰਡਲ ਦੇ ਵਿਸਥਾਰ ਦੌਰਾਨ ਸ਼ਾਮਲ ਕੀਤੇ ਗਏ ਨਵੇਂ ਸਹਿਯੋਗੀਆਂ ਦੀ ਸਦਨ ਨਾਲ ਜਾਣ ਪਹਿਚਾਣ ਕਰਵਾਈ।
ਇਸ ਤੋਂ ਬਾਅਦ ਸਪੀਕਰ ਸੁਮਿੱਤਰਾ ਮਹਾਜਨ ਨੇ ਸਦਨ ਨੂੰ ਦੋ ਮੌਜੂਦਾ ਸਾਂਸਦਾਂ ਹਮੇਂਦਰ ਚੰਦਰ ਸਿੰਘ ਅਤੇ ਕਪਿਲ ਕ੍ਰਿਸ਼ਨ ਠਾਕੁਰ ਦੇ ਦੇਹਾਂਤ ਦੀ ਦੁਖ ਭਰੀ ਸੂਚਨਾ ਦਿੱਤੀ। ਉਨ੍ਹਾਂ ਨੇ ਸਦਨ ਦੇ ਕੁਝ ਸਾਬਕਾ ਸਾਂਸਦਾਂ ਅਮਿਤਾਬ ਨੰਦੀ, ਐਮਐਸ ਸੰਜੀਬੀ ਰਾਓ, ਅਵੈਦਿਆਨਾਥ, ਸੀਫੂਦੀਨ ਚੌਧਰੀ, ਸੰਜੇ ਸਿੰਘ ਚੌਹਾਨ, ਬ੍ਰਹਮਦਤ ਅਤੇ ਰਾਜ ਸਭਾ ਦੇ ਮੌਜੂਦਾ ਸਾਂਸਦ ਮੁਰਲੀ ਦਿਓੜਾ ਦੇ ਦੇਹਾਂਤ 'ਤੇ ਸਦਨ ਵੱਲੋਂ ਸ਼ੋਕ ਜਤਾਇਆ। ਉਨ੍ਹਾਂ ਨੇ ਜੰਮੂ ਕਸ਼ਮੀਰ ਵਿੱਚ ਹਾਲ ਹੀ ਵਿੱਚ ਆਏ ਭਿਆਨਕ ਹੜ੍ਹਾ ਅਤੇ ਆਂਧਰਾਪ੍ਰਦੇਸ਼ ਦੇ ਤੱਟੀ ਖੇਤਰ ਵਿੱਚ ਚੱਕਰਵਾਤੀ ਤੂਫ਼ਾਨ ਹੁਦਹੁਦ ਨਾਲ ਹੋਏ ਵੱਡੇ ਨੁਕਸਾਨ 'ਤੇ ਵੀ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ 3 ਅਕਤੂਬਰ ਨੂੰ ਪਟਨਾ ਵਿੱਚ ਦੁਸ਼ਹਿਰੇ ਮੌਕੇ ਮਚੀ ਭਗਦੜ 'ਚ 33 ਲੋਕਾਂ ਦੇ ਮਾਰੇ ਜਾਣ ਦਾ ਵੀ ਜ਼ਿਕਰ ਕੀਤਾ। ਸਪੀਕਰ ਨੇ ਦੋ ਮੌਜੂਦਾ ਅਤੇ ਕੁਝ ਸਾਬਕਾ ਸਾਂਸਦਾਂ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਕੁਦਰਤੀ ਆਫ਼ਤਾਂ ਤੇ ਭਗਦੜ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਦਾ ਇਜ਼ਹਾਰ ਕੀਤਾ। ਮਾਰੇ ਗਏ ਲੋਕਾਂ ਦੇ ਸਨਮਾਨ ਵਿੱਚ ਕੁਝ ਪਲ ਮੌਨ ਰੱਖਣ ਤੋਂ ਬਾਅਦ ਸਦਨ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ।
ਉਧਰ ਰਾਜ ਸਭਾ ਵਿੱਚ ਕਾਰਵਾਈ ਸ਼ੁਰੂ ਹੋਣ 'ਤੇ ਚੇਅਰਮੈਨ ਹਾਮਿਦ ਅੰਸਾਰੀ ਨੇ ਭਾਜਪਾ ਦੇ ਮੇਘਰਾਜ ਜੈਨ ਨੂੰ ਸਦਨ ਦੇ ਮੈਂਬਰ ਵਜੋਂ ਸਹੁੰ ਚੁਕਾਈ। ਇਸ ਤੋਂ ਬਾਅਦ ਉਨ੍ਹਾਂ ਨੇ ਉਪਰਲੇ ਸਦਨ ਦੇ ਮੌਜੂਦਾ ਮੈਂਬਰ ਮੁਰਲੀ ਦਿਓੜਾ ਦੇ ਦੇਹਾਂਦ ਦਾ ਜ਼ਿਕਰ ਕੀਤਾ। ਚੇਅਰਮੈਨ ਨੇ ਯੋਗ ਮਾਹਿਰ ਬੀਕੇਐਸ ਆਯੰਗਰ, ਉਪਰਲੇ ਸਦਨ ਦੇ ਸਾਬਕਾ ਸਾਂਸਦ ਲੇਖ ਰਾਜ ਬਚਾਨੀ, ਸ੍ਰ. ਜਗਦੇਵ ਸਿੰਘ ਤਲਵੰਡੀ ਅਤੇ ਐਸ ਐਸ ਰਜੇਂਦਰਨ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਵਾ ਕਰਦਿਆਂ ਪਰਿਵਾਰਾਂ ਨਾਲ ਹਮਦਰਦੀ ਜਤਾਈ। ਮੁਰਲੀ ਦਿਓੜਾ ਤੇ ਕੁਝ ਸਾਬਕਾ ਸਾਂਸਦ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਵੀ ਪੂਰੇ ਦਿਨ ਲਈ ਉਠਾ ਦਿੱਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉਮੀਦ ਜਤਾਈ ਕਿ ਸੰਸਦ ਵਿੱਚ ਵਿਰੋਧੀ ਧਿਰ ਸਹਿਯੋਗ ਦੇਵੇਗੀ ਅਤੇ ਸਰਦ ਰੁੱਤ ਇਜਲਾਸ ਸਾਰਥਿਕ ਅਤੇ ਨਤੀਜੇ ਦੇਣ ਵਾਲਾ ਹੋਵੇਗਾ। ਹਾਲਾਂਕਿ ਕਈ ਸਿਆਸੀ ਪਾਰਟੀਆਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਸਰਕਾਰ ਦੇ ਸੁਧਾਰ ਸਬੰਧੀ ਕੁਝ ਕਦਮਾਂ ਦਾ ਵਿਰੋਧ ਕਰਨਗੀਆਂ। ਸੰਸਦ ਦੇ ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਅੱਜ ਸ੍ਰੀ ਮੋਦੀ ਨੇ ਸੰਸਦ ਭਵਨ 'ਚ ਪੱਤਰਕਾਰਾਂ ਨੂੰ ਕਿਹਾ ਕਿ ਦੇਸ਼ ਦੇ ਲੋਕਾਂ ਨੇ ਸਾਨੂੰ ਸਰਕਾਰ ਚਲਾਉਣ ਦੀ ਜ਼ਿੰਮੇਵਾਰੀ ਦਿੱਤੀ ਹੈ ਅਤੇ ਨਾਲ ਹੀ ਸੰਸਦ ਮੈਂਬਰਾਂ ਨੂੰ ਦੇਸ਼ ਚਲਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ 'ਤੇ ਸਰਕਾਰ ਚਲਾਉਣ ਦੀ ਜ਼ਿੰਮੇਵਾਰੀ ਹੈ ਅਤੇ ਜਿਨ੍ਹਾਂ 'ਤੇ ਦੇਸ਼ ਚਲਾਉਣ ਦੀ ਜ਼ਿੰਮੇਵਾਰੀ ਹੈ, ਉਹ ਦੇਸ਼ ਦੀ ਪ੍ਰਗਤੀ ਲਈ ਮਿਲ ਕੇ ਕੰਮ ਕਰਨਗੇ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ