Fri, 19 April 2024
Your Visitor Number :-   6984515
SuhisaverSuhisaver Suhisaver

ਭਿਆਨਕ ਮਹਾਂਮਾਰੀ ਨਾਲ ਲੜਨ ਲਈ ਨੌਕਰਸ਼ਾਹ ਪਹੁੰਚ ਤਿਆਗ ਕੇ ਮਾਨਵੀ ਪਹੁੰਚ ਅਪਣਾਈ ਜਾਵੇ : ਜਮਹੂਰੀ ਅਧਿਕਾਰ ਸਭਾ

Posted on:- 31-03-2020

ਪ੍ਰਸ਼ਾਸਨਿਕ ਢਾਂਚੇ ਦੇ ਨਾਲ ਨਾਲ ਵੱਡੀ ਗਿਣਤੀ ’ਚ ਵਾਲੰਟੀਅਰ ਭਰਤੀ ਕੀਤੇ ਜਾਣ

ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖੁੱਲ੍ਹੀ ਚਿੱਠੀ ਲਿਖ ਕੇ 21 ਦਿਨਾਂ ਦੇ ਕਰਫਿਊ ਕਾਰਨ ਪੰਜਾਬ ਦੇ ਲੋਕਾਂ ਨੂੰ ਝੱਲਣੀਆਂ ਪੈ ਰਹੀਆਂ ਗੰਭੀਰ ਮੁਸ਼ਕਲਾਂ ਵੱਲ ਧਿਆਨ ਦਿਵਾਇਆ ਹੈ। ਚਿੱਠੀ ਦੀ ਕਾਪੀ ਡੀ.ਜੀ.ਪੀ. ਪੰਜਾਬ ਅਤੇ ਮੁੱਖ ਸਕੱਤਰ ਪੰਜਾਬ ਸਰਕਾਰ ਨੂੰ ਵੀ ਭੇਜੀ ਗਈ ਹੈ। ਸਭਾ ਦੇ ਸੂਬਾ ਪ੍ਰਧਾਨ ਪ੍ਰੋਫੈਸਰ ਏ ਕੇ ਮਲੇਰੀ, ਜਨਰਲ ਸਕੱਤਰ ਪ੍ਰੋ ਜਗਮੋਹਨ ਸਿੰਘ ਅਤੇ ਪ੍ਰੈੱਸ ਸਕੱਤਰ ਬੂਟਾ ਸਿੰਘ ਨੇ ਦੱਸਿਆ ਕਿ ਚਿੱਠੀ ਰਾਹੀਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਗਈ ਹੈ ਕਿ ਨਾਗਰਿਕਾਂ ਦੇ ਜਿਊਣ ਦੇ ਹੱਕ, ਮਾਣ-ਸਨਮਾਨ ਵਾਲੀ ਜ਼ਿੰਦਗੀ, ਰੋਜ਼ੀ-ਰੋਟੀ ਦੇ ਹੱਕ ਅਤੇ ਰੋਜ਼ਗਾਰ ਦੀ ਅਣਹੋਂਦ ਵਿਚ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਹੇ ਮਨੁੱਖੀ ਹੱਕਾਂ ਪ੍ਰਤੀ ਗੰਭੀਰਤਾ ਨਾਲ ਤਵੱਜੋਂ ਦੇ ਕੇ ਲੋਕ ਮੁਸ਼ਕਲਾਂ ਦਾ ਅਸਰਦਾਰ ਹੱਲ ਕੀਤਾ ਜਾਵੇ।

ਸਭਾ ਨੇ ਜ਼ੋਰ ਦੇ ਕੇ ਕਿਹਾ ਕਿ ਕਿ ਇਸ ਭਿਆਨਕ ਮਹਾਂਮਾਰੀ ਨਾਲ ਲੜਨ ਦੇ ਨਾਂ ਹੇਠ ਨੌਕਰਸ਼ਾਹ ਪਹੁੰਚ ਲੋਕਾਂ ਦੀਆਂ ਮੁਸ਼ਕਲਾਂ ਅਤੇ ਮੁਸੀਬਤਾਂ ਵਿਚ ਵਾਧਾ ਕਰ ਰਹੀ ਹੈ ਜਦਕਿ ਇਸ ਸੰਕਟ ਦੀ ਘੜੀ ਪਬਲਿਕ ਡਿਊਟੀ ਅਤੇ ਮਾਨਵਤਾਵਾਦੀ ਪਹੁੰਚ ਬਹੁਤ ਸ਼ਿੱਦਤ ਨਾਲ ਦਰਕਾਰ ਹੈ। ਦਿਹਾੜੀਦਾਰਾਂ, ਘਰੇਲੂ ਮਜ਼ਦੂਰਾਂ, ਹਾਕਰਾਂ, ਰਿਕਸ਼ਾ ਚਾਲਕਾਂ, ਰੇਹੜੀ-ਫੜ੍ਹੀ ਵਾਲਿਆਂ, ਗਲੀਆਂ ਮੁਹੱਲਿਆਂ ਦੇ ਦੁਕਾਨਦਾਰਾਂ, ਚਾਹ ਖੋਖਾ ਵਾਲਿਆਂ, ਖੇਤ ਮਜ਼ਦੂਰਾਂ, ਉਸਾਰੀ ਮਜ਼ਦੂਰਾਂ ਆਦਿ ਵਿਸ਼ਾਲ ਤਾਦਾਦ ’ਚ ਕਿਰਤੀਆਂ ਦਾ ਰੋਟੀ-ਰੋਜ਼ੀ ਦਾ ਸਹਾਰਾ ਖੁੱਸ ਜਾਣ ਕਾਰਨ ਉਹ ਬੁਰੀ ਤਰ੍ਹਾਂ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ ਜੋ ਕਿ ਪਹਿਲਾਂ ਹੀ ਬੜੀ ਮੁਸ਼ਕਲ ਨਾਲ ਦਿਨ ਕੱਟੀ ਕਰ ਰਹੇ ਸਨ। ਸਰਕਾਰ ਵੱਲੋਂ ਭਾਵੇਂ ਰਾਹਤ ਦੇ ਐਲਾਨ ਕੀਤੇ ਗਏ ਹਨ ਪਰ ਐਲਾਨਾਂ ਅਤੇ ਜ਼ਮੀਨੀ ਪੱਧਰ ’ਤੇ ਅਮਲਦਾਰੀ ਵਿਚ ਵੱਡਾ ਪਾੜਾ ਹੈ।

ਸਭਾ ਨੇ ਮੰਗ ਕੀਤੀ ਹੈ ਕਿ ਘਰੋਘਰੀ ਖਾਧਖੁਰਾਕ, ਦਵਾਈਆਂ ਅਤੇ ਇਲਾਜ ਸਹੂਲਤ ਯਕੀਨੀ ਬਣਾਉਣ ਲਈ ਪੁਖ਼ਤਾ ਇੰਤਜ਼ਾਮ ਕੀਤੇ ਜਾਣ। ਦਾਨ ਇੱਕਠਾ ਕਰਨ ਦੇ ਸੱਦੇ ਦੇਣ ਦੀ ਬਜਾਏ ਲੋਕਾਂ ਦੀ ਪਹਿਲਕਦਮੀਂ ਨੂੰ ਉਤਸ਼ਾਹਤ ਕਰਨ ਲਈ ਮੁਹੱਲਾ ਅਤੇ ਪਿੰਡ ਪੱਧਰ ’ਤੇ ਮੁਹਿੰਮ ਚਲਾਈ ਜਾਵੇ, ਇਹਨਾਂ ਵਾਲੰਟੀਅਰਾਂ ਨੂੰ ਲਾਜ਼ਮੀ ਇਹਤਿਆਤ ਦੀ ਸਿਖਲਾਈ ਦੇ ਕੇ ਜ਼ਰੂਰੀ ਸੇਵਾਵਾਂ ਦੀ ਵੰਡ ਵਿਚ ਸ਼ਾਮਲ ਕੀਤਾ ਜਾਵੇ। ਇਹ ਮਸਲਾ ਪੁਲਸੀਆ ਧੌਂਸ ਅਤੇ ਬਸਤੀਵਾਦੀ ਨੌਕਰਸ਼ਾਹ ਮਾਨਸਿਕਤਾ ਨਾਲ ਹੱਲ ਨਹੀਂ ਹੋਣਾ ਸਗੋਂ ਇਸ ਨਾਜ਼ੁਕ ਘੜੀ ਪੁਲਿਸ ਅਤੇ ਨੌਕਰਸ਼ਾਹੀ ਨੂੰ ਸਮਾਜ ਦੀਆਂ ਮੁਸ਼ਕਲਾਂ ਪ੍ਰਤੀ ਸੰਵੇਦਨਸ਼ੀਲ ਹੋਣਾ ਪਵੇਗਾ। ਲੋਕਾਂ ਨੂੰ ਸਖ਼ਤੀ ਨਾਲ ਘਰਾਂ ਵਿਚ ਤਾੜਣ ਅਤੇ ਬੇਵਜਾ੍ਹ ਭੈਅ ਪੈਦਾ ਦੀ ਪਹੁੰਚ ਤਿਆਗ ਕੇ ਗਰੀਬ ਅਤੇ ਸਾਧਨਹੀਣ ਲੋਕਾਂ ਨੂੰ ਸਪਲਾਈ ਵੈਨਾਂ ਅਤੇ ਜਨਤਕ ਵਲੰਟੀਅਰਾਂ ਦੀ ਸਹਾਇਤਾ ਨਾਲ ਤੁਰੰਤ ਸਹਾਇਤਾ ਪਹੁੰਚਾਉਦੇ ਹੋਏ ਬਿਮਾਰੀ ਪ੍ਰਤੀ ਸੁਚੇਤ ਅਤੇ ਜਾਗਰੂਕ ਕੀਤਾ ਜਾਵੇ ਤਾਂ ਜੋ ਉਹ ਲੋੜੀਦੀਆਂ ਸਾਵਧਾਨੀਆਂ ਰੱਖਣ। ਆਮ ਲੋਕਾਂ ਦਾ ਮਨੋਬਲ ਬਣਾਇਆ ਜਾਵੇ ਅਤੇ ਪੁਲੀਸ ਵੱਲੋਂ ਲੋਕਾਂ ਨੂੰ ਕੁੱਟਣ, ਜ਼ਲੀਲ ਕਰਨ, ਵੀਡੀਓ ਵਾਇਰਲ ਕਰਨ, ਕੇਸ ਮੜਨ ਅਤੇ ਸੇਵਾ-ਭਾਵਨਾ ਨਾਲ ਸਰਗਰਮ ਸੰਸਥਾਵਾਂ ਨੂੰ ਰਾਹਤ ਸਮੱਗਰੀ ਵੰਡਣ ਤੋਂ ਰੋਕਣ ਦੀ ਬਜਾਏ ਉਹਨਾਂ ਦੀ ਪਹਿਲਕਦਮੀਂ ਨੂੰ ਉਤਸ਼ਾਹਤ ਕੀਤਾ ਜਾਵੇ।

ਉਹਨਾਂ ਕਿਹਾ ਕਿ ਕਰਫ਼ਿਊ ਦੇ ਪਹਿਲੇ ਤਿੰਨ ਦਿਨਾਂ ਵਿਚ ਹੀ ਲੋਕਾਂ ਦੇ ਖ਼ਿਲਾਫ਼ ਕਥਿਤ ਉਲੰਘਣਾ ਦੇ 582 ਕੇਸ ਦਰਜ ਕਰਨਾ ਅਤੇ 591 ਲੋਕਾਂ ਨੂੰ ਗਿ੍ਰਫ਼ਤਾਰ ਕਰਨਾ ਡੂੰਘੀ ਫ਼ਿਕਰਮੰਦੀ ਦਾ ਮਾਮਲਾ ਹੈ। ਇੱਥੋਂ ਤੱਕ ਕਿ ਮੈਡੀਕਲ ਅਤੇ ਹੋਰ ਸਰਵਿਸ ਮੁਲਾਜ਼ਮਾਂ ਦੀ ਕੁੱਟਮਾਰ ਕਰਨ ਦੀਆਂ ਵੀ ਰਿਪੋਰਟਾਂ ਹਨ। ਇਹ ਮੈਡੀਕਲ ਆਫ਼ਤ ਨਾਲ ਨਜਿੱਠਣ ਦਾ ਤਰੀਕਾ ਨਹੀਂ ਹੈ। ਉਹਨਾਂ ਜ਼ੋਰ ਦਿੱਤਾ ਕਿ ਇਸ ਮਹਾਂਮਾਰੀ ਨਾਲ ਲੜਨ ਦੀ ਵਾਂਗਡੋਰ ਪੁਲੀਸ ਹੱਥੋਂ ਲੈ ਕੇ ਸਿਹਤ ਵਿਭਾਗ ਨੂੰ ਸੌਂਪੀ ਜਾਵੇ। ਇਸ ਕੰਮ ਲਈ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ, ਨਰਸਿੰਗ ਵਿਦਿਆਰਥੀਆਂ, ਵਿਦਿਆਰਥੀਆਂ ਅਤੇ ਬੇਰੁਜ਼ਗਾਰ ਅਤੇ ਸੇਵਾਮੁਕਤ ਸਿਹਤ ਕਾਮਿਆਂ ਨੂੰ ਐਂਮਰਜੈਂਸੀ ਭਰਤੀ ਕੀਤਾ ਜਾਵੇ। ਜਾਂਚ ਅਤੇ ਇਲਾਜ ਦੇ ਵਿਸਤਾਰ ਲਈ ਨਿੱਜੀ ਹਸਪਤਾਲਾਂ ਨੂੰ ਸਰਕਾਰੀ ਕੰਟਰੋਲ ਹੇਠ ਲਿਆਂਦਾ ਜਾਵੇ। ਹਸਪਤਾਲਾਂ ਵਿਚ ਵੈਂਟੀਲੇਟਰ ਮੁਹੱਈਆ ਕੀਤੇ ਜਾਣ ਸਮੇਤ ਐਂਮਰਜੈਂਸੀ ਵਿਵਸਥਾ ਨੂੰ ਚੁਸਤ-ਦਰੁਸਤ ਕੀਤਾ ਜਾਵੇ ਅਤੇ ਕੱਚੇ ਕਾਮਿਆਂ ਸਮੇਤ ਸਮੂਹ ਸਿਹਤ ਅਤੇ ਸਫਾਈ ਕਾਮਿਆਂ ਦੀ ਸੁਰੱਖਿਆ ਲਈ ਮਾਸਕ ਅਤੇ ਹੋਰ ਕਿੱਟਾਂ ਸਪਲਾਈ ਕੀਤੀਆਂ ਜਾਣ। ਫ਼ਰੀ ਮਾਸਕ ਅਤੇ ਸੈਨੀਟਾਈਜ਼ਰ ਬਣਾਉਣ ਲਈ ਸਿਲਾਈ ਦਾ ਕੰਮ ਕਰਨ ਵਾਲਿਆਂ ਅਤੇ ਛੋਟੀਆਂ ਸਨਅਤਾਂ ਨੂੰ ਲਾਮਬੰਦ ਕੀਤਾ ਜਾਵੇ। ਨਿਗੂਣੇ ਭੱਤੇ ਹਾਸਲ ਕਰਨ ਵਾਲੇ ਕਾਮਿਆਂ ਨੂੰ ਵਿਸ਼ੇਸ ਭੱਤੇ ਦੇ ਕੇ ਬਿਮਾਰੀ ਤੋਂ ਹੋਣ ਵਾਲੇ ਸੰਭਾਵੀ ਨੁਕਸਾਨ ਤੋਂ ਸੁਰੱਖਿਆ ਯਕੀਨੀ ਬਣਾਈ ਜਾਵੇ। ਇਸ ਮਹਾਂਮਾਰੀ ਨੂੰ ਹਰਾਉਣ ਵਿਚ ਸਭ ਤੋਂ ਮਹੱਤਵਪੂਰਨ ਕਾਰਕ ਲੋਕਾਂ ਨੂੰ ਪੌਸ਼ਟਿਕ ਖ਼ੁਰਾਕ ਮੁਹੱਈਆ ਕਰਵਾ ਕੇ ਉਹਨਾਂ ਦੀ ਰੋਗਾਂ ਨਾਲ ਲੜਨ ਦੀ ਤਾਕਤ ਵਧਾਉਣਾ ਹੈ। ਇਸ ਲਈ ਸਾਫ਼ ਰਾਸ਼ਨ, ਸਬਜ਼ੀਆਂ, ਫ਼ਲਾਂ, ਦੁੱਧ ਅਤੇ ਹੋਰ ਖ਼ੁਰਾਕੀ ਵਸਤਾਂ ਦੀ ਲੋੜੀਂਦੀ ਸਪਲਾਈ ਕੀਤੀ ਜਾਵੇ। ਹਸਪਤਾਲਾਂ ਦੇ ਓ.ਪੀ.ਡੀ. ਬੰਦ ਕਰਨ ਅਤੇ ਸਿਹਤ ਸੇਵਾਵਾਂ ਸੀਮਤ ਕਰਨ ਦੀ ਬਜਾਏ ਇਹਨਾਂ ਦਾ ਵਿਸਥਾਰ ਕੀਤਾ ਜਾਵੇ। ਕੁਝ ਜ਼ਿਲਿਆਂ ਵਿਚ ਸਥਾਨਕ ਪ੍ਰਸਾਸ਼ਨ ਨੇ ਕੁਝ ਕੁ ਵੱਡੇ ਮਾਲ ਬਜ਼ਾਰਾਂ ਨੂੰ ਸਪਲਾਈ ਕਰਨ ਲਈ ਅਧਿਕਾਰਕ ਕੀਤਾ ਹੈ ਇਸ ਦੀ ਬਜਾਏ ਕਾਰਜ-ਕੁਸ਼ਲ ਸਪਲਾਈ ਲਈ ਗਲੀ ਮੁਹੱਲਿਆਂ ਅੰਦਰ ਕਰਿਆਨੇ ਦੇ ਛੋਟੇ ਦੁਕਾਨਾਦਾਰਾਂ ਅਤੇ ਸਬਜ਼ੀ-ਫ਼ਲ ਵੇਚਣ ਵਾਲਿਆਂ ਨੂੰ ਸੁਰੱਖਿਆ ਉਪਾਵਾਂ ਨਾਲ ਲੈਸ ਕਰਕੇ ਵੱਡੀ ਤਾਦਾਦ ’ਚ ਅਧਿਕਾਰਕ ਕੀਤਾ ਜਾਵੇ ਅਤੇ ਪਿੰਡਾਂ ਤੇ ਮੁਹੱਲਿਆਂ ਵਿੱਚ ਸਪਲਾਈ ਯਕੀਨੀ ਬਣਾਈ ਜਾਵੇ। ਅਧਿਕਾਰਕ ਹੋਣ ਦਾ ਨਜਾਇਜ਼ ਫ਼ਾਇਦਾ ਉਠਾ ਕੇ ਕਾਲਾਬਜ਼ਾਰੀ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਈਜੀਐਸ, ਅਤੇ ਹੋਰ ਕੱਚੇ ਕਾਮਿਆਂ ਦੀਆਂ ਤਨਖ਼ਾਹਾਂ ਤੁਰੰਤ ਜਾਰੀ ਕੀਤੀਆਂ ਜਾਣ। ਬਿਮਾਰੀ ਤੋਂ ਪੀੜਤ ਵਿਅਕਤੀਆਂ ਅਤੇ ਪਰਿਵਾਰਾਂ ਨੂੰ ਭੰਡਣ ਅਤੇ ਉਹਨਾਂ ਦਾ ਅਕਸ ਵਿਗਾੜਣ ਉੱਪਰ ਰੋਕ ਲਗਾਈ ਜਾਵੇ। ਸਮਾਜਿਕ ਦੂਰੀ ਦੀ ਬਜਾਏ ਸਰੀਰਕ ਦੂਰੀ ਬਣਾਉਣ ਉੱਪਰ ਜ਼ੋਰ ਦਿੱਤਾ ਜਾਵੇ ਅਤੇ ਵੱਡੇ ਪੱਧਰ ’ਤੇ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਜਾਵੇ। ਹਾੜੀ ਦੀ ਫ਼ਸਲ ਦੇ ਮੱਦੇਨਜ਼ਰ ਅਤੇ ਹੋਰ ਮੌਸਮੀ ਕੰਮਾਂ ਲਈ ਖੇਤੀ ਕੰਮਾਂ ਉੱਪਰ ਕਰਫ਼ਿਊ ਕਾਰਨ ਪਏ ਅੜਿੱਕਿਆਂ ਨੂੰ ਦੂਰ ਕੀਤਾ ਜਾਵੇ। ਡਰ ਅਤੇ ਸੁਰੱਖਿਆ ਕਾਰਨ ਪ੍ਰਵਾਸੀ ਕਿਰਤੀਆਂ ਦੇ ਪੰਜਾਬ ਛੱਡ ਕੇ ਜਾਣ ਦੇ ਰੁਝਾਨ ਨੂੰ ਰੋਕਣ ਲਈ ਵਿਸ਼ੇਸ਼ ਕਦਮ ਚੁੱਕੇ ਜਾਣ। ਰਜਿਸਟਰਡ ਉਸਾਰੀ ਮਜ਼ਦੂਰਾਂ ਲਈ ਮੁਆਵਜ਼ੇ ਦੀ ਸਕੀਮ ਨੂੰ ਸਾਰੇ ਪੇਂਡੂ ਤੇ ਸ਼ਹਿਰੀ ਗਰੀਬਾਂ, ਮਨਰੇਗਾ ਤੇ ਹੋਰ ਮਜ਼ਦੂਰਾਂ, ਕਾਰੀਗਰਾਂ, ਦੁਕਾਨਦਾਰਾਂ ਤੱਕ ਵਿਸਤਾਰਿਆ ਜਾਵੇ ਅਤੇ ਹਰ ਲੋੜਵੰਦ ਨੂੰ ਰਾਸ਼ਨ ਅਤੇ ਇਕ ਮਹੀਨੇ ਲਈ ਯੱਕਮੁਸ਼ਤ 5000 ਰੁਪਏ ਮਾਇਕ ਮੱਦਦ ਕੀਤੀ ਜਾਵੇ।

-ਬੂਟਾ ਸਿੰਘ

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ