Sat, 02 March 2024
Your Visitor Number :-   6880270
SuhisaverSuhisaver Suhisaver

ਦਲਿਤ ਬਜ਼ੁਰਗ ਵੱਲੋਂ ਪੰਚਾਇਤ ਸੈਕਟਰੀ 'ਤੇ ਜ਼ੁਲਮ ਢਾਹੁਣ ਦਾ ਦੋਸ਼

Posted on:- 25-08-2014

suhisaver

ਮਲੋਟ :  ਇੱਕ ਦਲਿਤ ਬਜ਼ੁਰਗ ਨਾਲ ਜ਼ੁਲਮ ਨੇ ਐਸੀ ਖੇਡ ਖੇਡੀ ਕਿ ਉਹ ਕੁੱਟਿਆ ਵੀ ਗਿਆ ਤੇ ਲੁੱਟਿਆ ਵੀ ਗਿਆ। ਇਸ ਬਜ਼ੁਰਗ ਨਾਲ ਜੋ ਵਾਪਰੀ ਉਸ ਦੀ ਪੀੜ ਸ਼ਬਦਾਂ 'ਚ ਕੈਦ ਕਰਨੀ ਅਸੰਭਵ ਹੈ। ਪੱਤਰਕਾਰਾਂ ਨੂੰ ਰੋਂਦਿਆਂ ਮੁੱਖ ਮੰਤਰੀ ਦੇ ਹਲਕੇ ਦੇ ਪਿੰਡ ਮਿੱਢਾ ਦੇ ਰਹਿਣ ਵਾਲੇ ਪੀੜਤ ਬਜ਼ੁਰਗ ਗੋਰਾ ਸਿੰਘ ਪੁੱਤਰ ਬੰਤਾ ਰਾਮ ਵਾਸੀ ਮਿੱਢਾ ਨੇ ਦੱਸਿਆ ਕਿ ਉਸ ਨੇ ਪਿੰਡ ਦੇ ਇੱਕ ਜਿਮੀਂਦਾਰ ਰਾਜ ਸਿੰਘ ਜੋ ਕਿ ਪੰਚਾਇਤ ਸੈਕਟਰੀ ਹੈ, ਦੀ ਜ਼ਮੀਨ ਪਿਛਲੇ ਸਾਲ ਠੇਕੇ 'ਤੇ ਬੀਜੀ ਸੀ। ਪਿਛਲੇ ਸਾਲ ਪਈ ਭਾਰੀ ਬਾਰਸ਼ ਨੇ ਫ਼ਸਲ ਮਾਰ ਦਿੱਤੀ ਸੀ। 

ਜੋ ਪੈਸੇ ਰਹਿੰਦੇ ਸੀ ਉਹ ਮੈਂ ਅਤੇ ਮੇਰੇ ਪਰਿਵਾਰ ਨੇ ਦਿਹਾੜੀਆਂ ਲਾ-ਲਾ ਕੇ ਪੂਰੇ ਕਰ ਦਿੱਤੇ। ਲੇਕਿਨ, ਉਕਤ ਜਿਮੀਂਦਾਰ ਨੇ ਮੇਰੇ ਵੱਲ 48 ਹਜ਼ਾਰ ਰੁਪਿਆ ਕੱਢ ਮਾਰਿਆ। ਇਨ੍ਹਾਂ ਪੈਸਿਆਂ ਦੀ ਵਸੂਲੀ ਲਈ ਸੈਕਟਰੀ ਰਾਜ ਸਿੰਘ ਨੇ ਥਾਣਾ ਕਬਰਵਾਲਾ ਪੁਲਿਸ ਕੋਲ ਸ਼ਿਕਾਇਤ ਕਰ ਦਿੱਤੀ। ਕੱਲ੍ਹ ਸ਼ਾਮ ਥਾਣਾ ਕਬਰਵਾਲਾ ਤੋਂ ਛੇ ਮਲਾਜ਼ਮ ਆਏ ਤੇ ਮੈਨੂੰ ਡੰਗਰ ਚਾਰਦੇ ਨੂੰ ਫੜ੍ਹ ਕੇ ਥਾਣੇ ਲੈ ਗਏ। ਥਾਣੇ ਲਿਜਾ ਕੇ ਕਥਿਤ ਰੂਪ 'ਚ ਉਸ 'ਤੇ ਤਸ਼ੱਦਦ ਦਾ ਦੌਰ ਸ਼ੁਰੂ ਕਰ ਦਿੱਤਾ। ਉਸ ਨੂੰ ਥਾਣੇ ਅੰਦਰ ਕਥਿਤ ਰੂਪ ਵਿੱਚ ਝੁੱਟੀਆਂ ਲਾ ਕੇ ਬੇਕਿਰਕੀ ਨਾਲ ਕੁੱਟਿਆ ਗਿਆ। ਸਵੇਰੇ ਜਦ ਮੇਰਾ ਭਰਾ ਤੇ ਪੁੱਤ ਮਿਲਣ ਆਏ ਤਾਂ ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਮਿਲਣ ਹੀ ਨਹੀਂ ਦਿੱਤਾ। ਪੁਲਿਸ ਵਾਲਿਆਂ ਨੇ ਗੋਰਾ ਸਿੰਘ ਨੂੰ ਸਾਫ ਕਹਿ ਦਿੱਤਾ ਕਿ ਜੇ ਜਾਨ ਛੁਡਾਉਣੀ ਹੈ ਤਾਂ ਸੈਕਟਰੀ ਨਾਲ ਨਿਬੇੜਾ ਕਰ। ਬਿਪਤਾ ਦੇ ਜਾਲ 'ਚ ਫਸੇ ਕੱਲ੍ਹੇ-ਕਲਾਪੇ ਗੋਰਾ ਸਿੰਘ ਨੇ ਆਪਣੀ ਮੱਝ ਲਿਖ ਕੇ ਖਲਾਸੀ ਕਰਵਾਈ।
ਪੱਤਰਕਾਰਾਂ ਨੂੰ ਆਪਣੇ 'ਤੇ ਹੋਏ ਜ਼ੁਲਮ ਦੀ ਦਸਤਾਂ ਦਿਖਾਉਂਣ ਲਈ ਜਦੋਂ ਕੱਪੜੇ ਲਾਹੇ ਤਾਂ ਉਸ ਦੇ ਪਿਛਵਾੜੇ 'ਤੇ ਜ਼ੁਲਮ ਦੀ ਕਹਾਣੀ ਜਖ਼ਮਾਂ ਦੇ ਰੂਪ 'ਚ ਉੱਕਰੀ ਹੋਈ ਸੀ। ਜਦੋਂ ਪੁਲਸ ਨੇ ਗੋਰਾ ਸਿੰਘ ਦੇ ਪੁੱਤਰ ਰਾਜ ਸਿੰਘ ਤੇ ਭਰਾ ਨੂੰ ਮਿਲਣ ਵੀ ਨਾ ਦਿੱਤਾ ਤਾਂ ਉਨ੍ਹਾਂ ਫੌਰੀ ਤੌਰ 'ਤੇ 181 ਹੈਲਪਲਾਈਨ 'ਤੇ ਸ਼ਿਕਾਇਤ ਦਰਜ਼ ਕਰਵਾਈ ਤੇ ਮਨੁੱਖੀ ਅਧਿਕਾਰ ਕਮਿਸ਼ਨ ਸਮੇਤ ਮੀਡੀਆ ਨੂੰ ਵੀ ਲਿਖਤੀ ਸ਼ਿਕਾਇਤ ਦਿੱਤੀ। ਪੀੜਤ ਤੇ ਉਸ ਦੇ ਪਰਵਾਰ ਦਾ ਕਹਿਣਾ ਸੀ ਕਿ ਸੈਕਟਰੀ ਕਰਬਵਾਲਾ ਵਿੱਚ ਲੱਗਿਆ ਹੋਇਆ ਹੈ, ਜਿਸ ਕਰਕੇ ਉਸ ਦੀ ਪੁਲਿਸ ਨਾਲ ਬਣੀ ਹੋਈ ਹੈ। ਪੀੜਤ ਬਜ਼ੁਰਗ ਨੇ ਉਚ ਪੁਲਿਸ ਅਧਿਕਾਰੀਆਂ ਕੋਲ ਗ਼ੁਹਾਰ ਲਾਈ ਹੈ ਕਿ ਉਸ ਦੇ ਹੋਏ ਤਸ਼ੱਦਦ ਤੇ ਜ਼ਲਾਲਤ ਦਾ ਉਸ ਨੂੰ ਇਨਸਾਫ਼ ਦੁਆਇਆ ਜਾਵੇ।
ਇਸ ਸਬੰਧ 'ਚ ਜਦੋਂ ਦੋਸ਼ਾਂ 'ਚ ਘਿਰੇ ਸੈਕਟਰੀ ਰਾਜ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਮੈਂ ਗੋਰਾ ਸਿੰਘ ਤੋਂ ਪੈਸੇ ਲੈਂਣੇ ਸਨ, ਜਿਸ ਦੀ ਲਿਖਤ ਸਾਡੇ ਪਾਸ ਮੌਜੂਦ ਹੈ, ਜਿਸ 'ਤੇ ਗੋਰਾ ਸਿੰਘ ਦੇ ਮੁੰਡੇ ਦੇ ਦਸਤਖਤ ਹਨ, ਅਸੀਂ ਇਹ ਪੈਸੇ ਛੱਡਣ ਨੂੰ ਤਿਆਰ ਸੀ ਪਰ ਗੋਰਾ ਸਿੰਘ ਨੇ ਉਲਟਾ ਮੇਰੇ ਭਰਾ ਨੂੰ ਤਾਅਨਾ ਮਾਰਿਆ ਕਿ ਮੈਂ ਤੁਹਾਡੇ ਪਿਉ ਤੋਂ ਪੈਸੇ ਲੈਂਣੇ ਹਨ, ਜਿਸ ਤੋਂ ਬਾਅਦ ਅਸੀਂ ਇਹ ਕਦਮ ਉਠਾਇਆ। ਅਸੀਂ ਉਸ ਨੂੰ ਥਾਣੇ ਫੜਾਇਆ ਜ਼ਰੂਰ ਪ੍ਰੰਤੂ ਪੁਲਿਸ ਨੇ ਉਸ ਨਾਲ ਕੋਈ ਕੁੱਟਮਾਰ ਨਹੀਂ ਕੀਤੀ। ਇਸ ਦੌਰਾਨ ਸੈਕਟਰੀ ਨੇ ਜਲੰਧਰ ਤੋਂ ਛਪਦੇ ਦੋ ਅਖਬਾਰਾਂ ਦੇ ਸੀਨੀਅਰ ਪੱਤਰਕਾਰਾਂ ਦੇ ਨਾਂਅ ਵੀ ਲਏ ਕਿ ਉਹ ਮੇਰੇ ਖਾਸ ਮਿੱਤਰ ਹਨ, ਇਸ ਤੋਂ ਇਲਾਵਾ ਇੱਕ ਏ ਪੀ ਆਰ ਓ ਦਾ ਹਵਾਲਾ ਦੇ ਕੇ ਕਿਹਾ ਸੈਕਟਰੀ ਨੇ ਕਿਹਾ ਕਿ ਜੇ ਆਖੋ ਤਾਂ ਮੈਂ ਤੁਹਾਨੂੰ ਏ ਪੀ ਆਰ ਓ ਦਾ ਫੋਨ ਕਰਵਾ ਦਿਆਂ ਪਰ ਤੁਸੀਂ 'ਖਿਆਲ' ਰੱਖਿਓ। ਸੈਕਟਰੀ ਨੇ ਦੁਬਾਰਾ ਫੋਨ ਕਰਕੇ ਲੈਣ-ਦੇਣ ਦਾ ਹਿਸਾਬ ਵੀ ਦਿੱਤਾ। ਇਸ ਸਬੰਧ ਵਿੱਚ ਜਦੋਂ ਕਬਰਵਾਲਾ ਥਾਣਾ ਦੇ ਐਸ ਐਚ ਓ ਗੁਰਸੇਵਕ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਇਨ੍ਹਾਂ ਦਾ ਪੈਸਿਆਂ ਦਾ ਲੈਣ-ਦੇਣ ਸੀ, ਸਾਡੇ ਕੋਲ ਸ਼ਿਕਾਇਤ ਜ਼ਰੂਰ ਆਈ ਸੀ ਪਰ ਅੱਜ ਦੋਵੇਂ ਧਿਰਾਂ ਰਾਜ਼ੀਨਾਮਾ ਲਿਖ ਕੇ ਦੇ ਗਈਆਂ। ਉਨ੍ਹਾਂ ਕਿਸੇ ਵੀ ਤਰ੍ਹਾਂ ਦੀ ਕੁੱਟਮਾਰ ਤੋਂ ਇਨਕਾਰ ਕੀਤਾ। ਦੱਸਿਆ ਜਾਂਦਾ ਹੈ ਕਿ ਪੀੜਤ ਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ