Mon, 15 July 2024
Your Visitor Number :-   7187209
SuhisaverSuhisaver Suhisaver

ਦਲ ਬਦਲੂਆਂ ਨੂੰ ਵਿਧਾਨ ਸਭਾ ਚੋਣਾਂ 'ਚ ਸਬਕ ਸਿਖਾਇਆ ਜਾਵੇ : ਹੁੱਡਾ

Posted on:- 24-08-2014

suhisaver

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ  ਭੁਪਿੰਦਰ ਸਿੰਘ ਹੁੱਡਾ ਨੇ ਅੱਜ ਵਿਰੋਧੀ ਦਲ ਭਾਜਪਾ, ਤੇ ਇਨੈਲੋ   ਆਗੂਆਂ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਵੋਟ ਦੀ ਚੋਟ ਨਾਲ ਇਨ੍ਹਾਂ ਲੋਕਾਂ ਤੋਂ ਬਦਲਾ ਲਿਆ ਜਾਵੇਗਾ ਤਾਂ ਕਿ ਦਲ ਬਦਲੂਆਂ ਤੇ ਮਲਾਈਦਾਰਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਸਬਕ ਸਿਖਾਇਆ ਜਾਵੇ। ਉਨ੍ਹਾਂ ਕਿਹਾ ਕਿ ਦਲ ਬਦਲੀ ਕਰਨ ਵਾਲੇ ਇਹ ਕੌਣ ਲੋਕ ਹਨ, ਜਨਤਾ ਸਭ ਜਾਣਦੀ ਹੈ। ਉਨ੍ਹਾਂ ਕਿਹਾ ਕਿ ਇਹ ਉਹੀ ਮਲਾਈਖੋਰ ਲੋਕ ਹਨ ਜੋ ਦਸ ਸਾਲ ਤੱਕ ਸਰਕਾਰ ਦੀ ਪ੍ਰਸ਼ੰਸਾ ਕਰਦੇ ਰਹੇ। ਉਨ੍ਹਾਂ ਚੁਣੌਤੀ ਦਿੰਦੇ ਹੋਏ ਕਿਹਾ ਕਿ ਆਉਣ ਦਿਓ ਅਜਿਹੇ ਮਲਾਈਖੋਰ ਲੋਕਾਂ ਨੂੰ ਮੈਦਾਨ ਵਿਚ, ਜਨਤਾ ਇਨ੍ਹਾਂ ਨੂੰ ਸਬਕ ਸਿਖਾਏਗੀ।

ਮੁੱਖ ਮੰਤਰੀ ਅੱਜ ਪਾਨੀਪਤ ਵਿਚ ਇਕ ਵਿਸ਼ਾਲ ਜੇਤੂ ਸੰਕਲਪ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਸੱਤਾ ਸੰਭਾਲੀ ਸੀ ਉਦੋਂ ਸੂਬੇ ਵਿਚ ਹਫੜਾਦਫੜੀ ਦਾ ਮਾਹੌਲ ਸੀ ਅਤੇ ਅੱਜ ਵੀ ਮਲਾਈਦਾਰ ਆਗੂਆਂ ਵਿਚ ਹਫੜਾਦਫੜੀ ਦਾ ਮਾਹੌਲ ਹੈ। ਸ੍ਰੀ ਹੁੱਡਾ ਨੇ ਕਿਹਾ ਕਿ ਸੱਤਾ ਦੀ ਹਫੜਾਤਫੜੀ ਨੂੰ ਤਾਂ ਉਨ੍ਹਾਂ ਸਿੱਧਾ ਕਰ ਦਿੱਤਾ, ਪ੍ਰੰਤੂ ਮਲਾਈਦਾਰ ਆਗੂਆਂ ਦੀ ਹਫੜਾਦਫੜੀ ਨੂੰ ਤੂਸੀ ਲੋਕਾਂ ਨੇ ਸਿੱਧਾ ਕਰ ਦੇਣਾ। ਸ੍ਰੀ ਹੁੱਡਾ ਨੇ ਪਿਛਲੇ ਸਾਢੇ ਨੌ ਸਾਲਾਂ 'ਚ ਰਾਜ 'ਚ ਕਰਵਾਏ ਗਏ ਵਿਕਾਸ ਕੰਮਾਂ ਦਾ ਰਿਪੋਰਟ ਕਾਰਡ ਪੇਸ਼ ਕਰਦੇ ਹੋਏ  ਕਿਹਾ ਕਿ ਰਿਪੋਰਟ ਕਾਰਡ ਪੇਸ਼ ਕਰਨ ਤੋਂ ਪਹਿਲਾਂ ਭੂਮਿਕਾ ਵੀ ਦਸਣੀ ਪੈਂਦੀ ਹੈ। ਇਸ 'ਤੇ ਉਨ੍ਹਾਂ ਹਾਜ਼ਰ ਇਕੱਠ ਨੂੰ ਕਿਹਾ ਕਿ ਸਾਲ 2004 ਵਿਚ ਹਰਿਆਣਾ ਸੂਬੇ ਵਿਚ ਗੁੰਡਾਗਰਦੀ ਦਾ ਮਾਹੌਲ ਸੀ, ਜੇਲ੍ਹ ਵਿਚ ਬੈਠਕੇ ਫਿਰੌਤੀਆਂ ਮੰਗੀਆਂ ਜਾਂਦੀਆਂ ਸੀ, ਰੈਲੀਆਂ ਦੇ ਨਾਂ 'ਤੇ ਥੈਲੀਆਂ ਲਈਆਂ ਜਾਂਦੀਆਂ ਸਨ, ਕਿਸਾਨਾਂ ਨੂੰ ਗੋਲੀਆਂ ਨਾਲ ਭੂੰਨਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਸੂਬੇ ਵਿਚ ਹਫਤਾ ਵਸੂਲੀ ਅਤੇ ਇੰਸਪੈਕਟਰੀ ਰਾਜ ਸੀ, ਸਰਕਾਰੀ ਭੂਮੀ ਅਤੇ ਪਲਾਟਾਂ 'ਤੇ ਕਬਜ਼ੇ ਕੀਤੇ ਜਾਂਦੇ ਸਨ, ਕਰਮਚਾਰੀਆਂ ਦੀ ਛਾਂਟੀ ਕੀਤੀ ਜਾਂਦੀ ਸੀ, ਐਮਆਈਟੀਸੀ ਦੇ ਕਾਫੀ ਕਰਮਚਾਰੀਆਂ ਨੂੰ ਨੌਕਰੀਆਂ ਤੋਂ ਕੱਢਿਆ ਗਿਆ, ਹਰਿਆਣਾ ਦੇ ਬੱਚੇ 30 ਤੋਂ 35 ਲੱਖ ਰੁਪਏ ਤੱਕ ਦੱਖਣੀ ਭਾਰਤ ਵਿਚ ਡੋਨੇਸ਼ਨ ਦੇ ਕੇ ਪੜ੍ਹਣ  ਲਈ ਜਾਇਆ ਕਰਦੇ ਸਨ, ਬਿਜਲੀ ਦੇ ਨਾਂ 'ਤੇ ਧਰਨਾ ਪ੍ਰਦਰਸ਼ਨ ਹੋਇਆ ਕਰਦਾ ਸੀ, ਗਰੀਬ ਅਤੇ ਪਛੜਿਆ ਵਰਗ ਸ਼੍ਰੇਣੀ ਦੇ ਲੋਕਾਂ ਦੇ ਬੱਚੇ ਤੀਜੀ ਅਤੇ ਚੌਥੀ ਕਲਾਸ ਵਿਚ ਹੀ ਪੜ੍ਹਾਈ ਛੱਡ ਰਹੇ ਸਨ, ਹਰ ਪਾਸੇ ਹਫੜਾਦਫੜੀ ਦਾ ਮਾਹੌਲ ਸੀ ਅਤੇ ਸ਼ਰੀਫ ਆਦਮੀ ਭੈਅਭੀਤ ਸਨ।
ਮੁੱਖ ਮੰਤਰੀ ਨੇ ਵਿਰੋਧੀ ਦਲਾਂ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਅੱਜ ਉਨ੍ਹਾਂ 'ਤੇ ਭ੍ਰਿਸ਼ਟਾਚਾਰ ਅਤੇ ਪ੍ਰੋਪਰਟੀ ਡੀਲਰ ਦਾ ਦੋਸ਼ ਲਗਾਇਆ ਜਾ ਰਿਹਾ ਹੈ, ਇਹ ਉਹੀ ਲੋਕ ਹਨ ਜੋ ਜੇਲ੍ਹ ਵਿਚ ਹਨ ਅਤੇ ਚਾਰਜਸ਼ੀਟਡ ਹਨ। ਉਨ੍ਹਾਂ ਕਿਹਾ ਕਿ ਇਕ ਵੀ ਗੱਲ ਸਾਬਤ ਕਰਕੇ ਦਿਖਾਈ ਜਾਵੇ ਉਹ ਰਾਜਨੀਤੀ 'ਚੋਂ ਬਾਹਰ ਹੋ ਜਾਣਗੇ। ਸ੍ਰੀ ਹੁੱਡਾ ਨੇ ਕਿਹਾ ਕਿ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਦਲਬਦਲੂਆਂ ਦੇ ਬੂਤੇ ਸਰਕਾਰ ਬਣਾਉਣਾ ਚਾਹੁੰਦੇ ਹਨ ਇਹ ਉਹੀ ਲੋਕ ਹਨ ਜੋ 10 ਸਾਲ ਤੱਕ ਕਹਿੰਦੇ ਸਨ ਕਿ ਕੰਮ ਨਹੀਂ ਹੋਇਆ, ਪਰ ਜਨਤਾ ਸਭ ਜਾਣਦੀ ਹੈ ਇਹ ਮਲਾਈਖੋਰ ਲੋਕ ਹਨ ਅਤੇ ਸੁਆਰਥੀ ਲੋਕ ਹਨ ਤੇ ਆਪਣੇ ਭਲੇ ਦੇ ਲਈ ਦਲ ਬਦਲ ਰਹੇ ਹਨ। ਉਨ੍ਹਾਂ ਕਿਹਾ ਕਿ  ਮਲਾਈਖੋਰਾਂ ਨੂੰ ਜਨਤਾ ਖੁਦ ਪਰਖ ਲਵੇਗੀ, ਆਉਣ ਦਿਓ ਯੁੱਧ ਵਿਚ ਸਬਕ ਸਿਖਾਉਣਾ ਹੈ ਅਤੇ ਆਪ ਲੋਕ ਇਨ੍ਹਾਂ ਨੂੰ ਧੂੜ ਚਟਾ ਦਿਓਗੇ।
ਸ੍ਰੀ ਹੁੱਡਾ ਨੇ ਕਿਹਾ ਕਿ ਪਿਛਲੇ 19 ਅਗਸਤ ਨੂੰ ਕੈਥਲ ਵਿਚ ਜੋ ਹੋਇਆ ਉਹ ਸਭ ਲੋਕਾਂ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਉਹ ਸੱਦੇ 'ਤੇ ਐਨਐਚਏਆਈ ਦੇ ਸਰਕਾਰੀ ਪ੍ਰੋਗਰਾਮ ਵਿਚ ਗਏ ਸਨ ਨਾ ਕਿ ਵਿਅਕਤੀਗਤ ਤੌਰ 'ਤੇ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਵਿਚ ਉਨ੍ਹਾਂ ਨੇ ਭਾਰਤ ਦੇ ਸੰਵਿਧਾਨ ਦੀ ਗਰਿਮਾ ਰਖੀ ਤੇ ਆਪਣਾ ਫਰਜ ਨਿਭਾਇਆ। ਉਨ੍ਹਾਂ ਕਿਹਾ ਕਿ ਅੱਜ ਹਰਿਆਣਾ ਵਿਚ ਉਸ ਗੱਲ ਨੂੰ ਲੈ ਕੇ ਕਾਫੀ ਰੋਸ ਹੈ। ਉਨ੍ਹਾਂ ਕਿਹਾ ਕਿ ਇਹ ਮੇਰਾ ਅਪਮਾਨ ਨਹੀਂ ਹੈ, ਸਗੋਂ ਪੂਰੇ ਹਰਿਆਣਾ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਇਹ ਅਪਮਾਨ ਬਰਦਾਸਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਮੈਨੂੰ ਪਤਾ ਸੀ ਅਤੇ ਖੁਫੀਆਂ ਵਿਭਾਗ ਦੀ ਖਬਰ ਸੀ ਕਿ ਕੁਝ ਹੋ ਵੀ ਸਕਦਾ ਹੈ, ਮੈਂ ਉਨ੍ਹਾਂ 'ਤੇ ਵਿਸ਼ਵਾਸ ਨਹੀਂ ਕੀਤਾ, ਇਨ੍ਹਾਂ ਲੋਕਾਂ ਨੇ ਤਾਂ ਪ੍ਰਧਾਨ ਮੰਤਰੀ ਦੀ ਗਰਿਮਾ ਵੀ ਨਹੀਂ ਰਖੀ, ਇਹ ਕੌਣ ਲੋਕ ਹਨ, ਜਨਤਾ ਜਾਣਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਉਹ ਇਕ ਪ੍ਰੋਗਰਾਮ ਵਿਚ ਗਏ ਸਨ ਤਾਂ ਉਥੇ ਕੁਝ ਲੋਕਾਂ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਇਸ ਅਪਮਾਨ ਦਾ ਬਦਲਾ ਲੈਣਗੇ, ਚੌਪਾਲ 'ਤੇ ਚੜ੍ਹਨ ਨਹੀਂ ਦੇਣਗੇ। ਇਸ 'ਤੇ ਸ੍ਰੀ ਹੁੱਡਾ ਨੇ ਕਿਹਾ ਕਿ ਕੋਈ ਵੀ ਭਾਈ ਆਵੇ ਉਸਦੀ ਗੱਲ ਸੁਣੋਂ ਪ੍ਰੰਤੂ ਅਪਮਾਨ ਦਾ ਬਦਲਾ ਵੋਟ ਦੀ ਚੋਟ ਨਾਲ ਜ਼ਰੂਰ ਲਿਆ ਜਾਵੇ।
ਉਨ੍ਹਾਂ ਕਿਹਾ ਕਿ 10 ਸਾਲ ਤੋਂ ਸਰਕਾਰ ਚਲਾਈ ਹੈ, ਤੁਹਾਡੇ ਆਸ਼ੀਰਵਾਦ ਨਾਲ ਅਗਲੀ ਵਾਰ ਵੀ ਕਾਂਗਰਸ ਦੀ ਸਰਕਾਰ ਬਣੇਗੀ, ਕਿਉਂਕਿ ਕਾਂਗਰਸ ਦੀ ਨੀਤੀ ਸਪੱਸ਼ਟ ਹੈ। ਮੁੱਖ ਮੰਤਰੀ ਨੇ ਵਿਰੋਧੀ ਦਲਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਨਾ ਕਰੋ, ਉਨ੍ਹਾਂ ਦਾ ਪ੍ਰਧਾਨ ਇਹ ਤਾਂ ਕਹੇ ਕਿ ਉਨ੍ਹਾਂ ਦਾ ਸੀਐਮ ਉਮੀਦਵਾਰ ਕੌਣ ਹੈ, ਕਿਹੜੇ ਹਲਕੇ ਤੋਂ ਚੌਣ ਲੜੇ, ਕਿਉਂ ਨਹੀਂ ਦੱਸਦੇ। ਉਨ੍ਹਾਂ ਕਿਹਾ ਕਿ ਅੱਜ ਤੋਂ 10 ਸਾਲ ਪਹਿਲਾਂ ਵੀ ਭੁਪਿੰਦਰ ਸਿੰਘ ਹੁੱਡਾ ਕਾਂਗਰਸ  ਵਿਚ ਸਨ ਅਤੇ ਅੱਜ ਵੀ ਕਾਂਗਰਸ ਵਿਚ ਹਨ। ਉਨ੍ਹਾਂ ਕਿਹਾ ਕਿ ਜਦੋਂ ਸਾਲ 2005 ਵਿਚ ਉਨ੍ਹਾਂ ਸੱਤਾ ਸੰਭਾਲੀ ਤਾਂ ਲੋਕ ਕਹਿੰਦੇ ਸਨ ਕਿ ਭਾਈ ਇਹ ਤਾਂ ਅਜਿਹਾ ਆਦਮੀ ਹੈ, ਛੇ ਮਹੀਨੇ ਵਿਚ ਸੀਐਮ ਬਦਲਾ ਜਾਏਗਾ। ਉਨ੍ਹਾਂ ਕਿਹਾ ਕਿ ਜਨ ਸਮੂਹ ਨਾਲ ਸਿੱਧਾ ਸੰਵਾਦ ਕਰਦੇ ਹੋਏ ਉਨ੍ਹਾਂ ਪੂਰੇ ਪੰਜ ਸਾਲ ਸਰਕਾਰ ਚਲਾਈ। ਮੁੱਖ ਮੰਤਰੀ ਨੇ ਕਿਹਾ ਕਿ ਸਾਲ 2009 ਵਿਚ ਉਮੀਦ ਤੋਂ ਘੱਟ ਸੀਟਾਂ ਆਈਆਂ 40 ਵਿਧਾਇਕ ਸਨ, ਪ੍ਰੰਤੂ ਵਗੈਰ ਕਿਸੇ ਲਾਲਚ ਦੇ ਰਾਤੋਂ ਰਾਤ 40 ਤੋਂ 54 ਬਣਾਏ ਅਤੇ ਪੂਰਾ ਰਾਜ ਚਲਾਇਆ। ਉਨ੍ਹਾਂ ਕਿਹਾ ਕਿ ਮੈਂ ਰਾਜਨੀਤਕ ਪਰਿਵਾਰ ਵਿਚ ਪੈਦਾ ਹੋਇਆ ਹਾਂ ਅਤੇ ਮੇਰੇ ਦਾਦਾ ਅਤੇ ਪਿਤਾ ਵੀ ਰਾਜਨੀਤੀ ਵਿਚ ਸਨ ਅਤੇ ਮੈਨੂੰ ਤਿੰਨ ਗੱਲਾਂ ਸਿਖਾਈਆਂ ਗਈਆਂ ਹਨ, ਲੋਕਾਂ ਦੀ ਭਾਵਨਾ ਦੇ ਅਨੁਸਾਰ ਕੰਮ ਕਰੋ, ਲੋਕਾਂ ਦੇ ਚਿਹਰੇ ਪਛਾਣੋ ਅਤੇ ਨਜ਼ਰਾਂ ਨਾਲ ਨਜ਼ਰਾਂ ਮਿਲਾਕੇ ਗੱਲ ਕਰੋ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਉਹ 60 ਤੋਂ ਜ਼ਿਆਦਾ ਜਨ ਸਭਾਵਾਂ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੋ ਜਨਅਧਾਰ ਆਇਆ ਹੈ, ਜਨਸਮਰਥਨ ਮਿਲ ਰਿਹਾ ਹੈ ਅਤੇ ਆਪਣੇ ਤਜ਼ਰਬੇ ਦੇ ਆਧਾਰ 'ਤੇ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਦੀ ਸਰਕਾਰ ਹਰਿਆਣਾ ਵਿਚ ਤੀਜੀ ਵਾਰ ਬਣਨ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਦੇਸ਼ ਵਿਚ ਜੋ ਹਰਿਆਣਾ ਨੰਬਰ ਇਕ ਹੋ ਗਿਆ ਹੈ ਹੁਣ ਦੁਨੀਆ ਵਿਚ ਇਸ ਨੂੰ ਨੰਬਰ ਇਕ ਬਣਾਉਣਾ ਹੈ।
ਉਨ੍ਹਾਂ ਕਿਹਾ ਕਿ 1 ਨਵੰਬਰ 2004 ਨੂੰ ਪਾਨੀਪਤ ਤੋਂ ਹੀ ਜਿੱਤ ਦਾ ਵਿਗਲ ਬਜਾਇਆ ਸੀ ਅਤੇ ਜਨਤਾ ਅਤੇ ਸੋਨੀਆ ਗਾਂਧੀ ਦੇ ਸਹਿਯੋਗ ਅਤੇ ਆਸ਼ੀਰਵਾਦ ਨਾਲ ਸਾਲ 2005 ਵਿਚ ਉਨ੍ਹਾਂ ਨੂੰ ਸੂਬੇ ਦੀ ਜਨਤਾ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਪਿਛਲੇ 9 ਸਾਲ ਵਿਚ ਉਨ੍ਹਾਂ ਵਿਵਸਥਾ ਬਦਲੀ ਹੈ ਕਿਸੇ ਤੋਂ ਬਦਲਾ ਨਹੀਂ ਲਿਆ। ਸੂਬੇ ਨੂੰ ਸਿੱਖਿਆ ਹੱਬ ਬਣਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਪੰਜ ਸਾਲਾਂ ਵਿਚ ਵਿਦੇਸ਼ਾਂ ਦੇ ਬੱਚੇ ਇਥੇ ਪੜ੍ਹਨ  ਲਈ ਆਇਆ ਕਰਨਗੇ। ਸ੍ਰੀ ਹੁੱਡਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕਿਸਾਨਾਂ ਦੇ 1600 ਕਰੋੜ ਰੁਪਏ ਦੇ ਬਿਜਲੀ ਦੇ ਬਿੱਲ ਮਾਫ ਕੀਤੇ, 435 ਕਰੋੜ ਰੁਪਏ ਦੇ ਸਹਿਕਾਰੀ ਕਰਜ਼ੇ ਅਤੇ ਯੂਪੀਏ ਸਰਕਾਰ ਨੇ 2136 ਕਰੋੜ ਰੁਪਏ ਦੇ 7.25 ਲੱਖ ਲੋਕਾਂ ਦੇ ਕਰਜੇ ਮੁਆਫ ਕੀਤੇ।
ਉਨ੍ਹਾਂ ਕਿਹਾ ਕਿ ਅੱਜ ਹਰਿਆਣਾ ਵਿਚ ਬਿਜਲੀ 10 ਪੈਸੇ ਪ੍ਰਤੀ ਯੂਨਿਟ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਅਤੇ ਹਰਿਆਣਾ ਪੰਜਾਬ ਵਿਚ ਮੀਂਹ ਦੀ ਭਾਰੀ ਘਾਟ ਹੈ, ਸੂਬੇ ਵਿਚ ਅਕਾਲ ਪੈਣ ਵਰਗੇ ਹਾਲਾਤ ਹਨ, ਪ੍ਰੰਤੂ ਹਰਿਆਣਾ ਵਿਚ ਇਕ ਏਕੜ ਵੀ ਫਸਲ ਸੁੱਕਣ ਨਹੀਂ ਦਿੱਤੀ ਜਾਵੇਗੀ, ਚਾਹੇ ਉਨ੍ਹਾਂ ਨੂੰ ਕਿੰਨ੍ਹੀ ਹੀ ਮਹਿੰਗੀ ਬਿਜਲੀ ਖਰੀਦਕੇ ਕਿਉਂ ਨਾ ਦੇਣੀ ਪਵੇ। ਉਨ੍ਹਾਂ ਕਿਹਾ ਕਿ ਸੂਬੇ ਵਿਚ ਖੂਨ ਦੇ ਰਿਸ਼ਤੇ ਵਿਚ ਜਾਇਦਾਦ  ਨਾਂ ਕਰਵਾਉਣ 'ਤੇ ਸਟੈਂਪ ਡਿਊਟੀ ਮਾਫ ਕੀਤੀ ਗਈ ਹੈ, ਫਾਰਮ ਐਸਟੀ 38 ਖਤਮ ਕੀਤਾ ਗਿਆ ਹੈ, ਮਨਰੇਗਾ ਮਜ਼ਦੂਰੀ ਵਿਚ 236 ਰੁਪਏ ਦਿੱਤੇ ਜਾ ਰਹੇ ਹਨ। ਉਨ੍ਹਾਂ ਖੇਡ ਨੀਤੀ ਬਣਾਈ ਹੈ, ਰਾਸ਼ਟਰਮੰਡਲ ਖੇਡਾਂ ਵਿਚ ਜਿੱਥੇ ਭਾਰਤ ਨੂੰ 38 ਮੈਡਲ ਮਿਲੇ ਹਨ ਉਨ੍ਹਾਂ ਵਿਚੋਂ 22 ਹਰਿਆਣਾ ਦੇ ਹਨ, ਉਲੰਪਿਕ ਵਿਚ 6 ਤਗਮਿਆਂ ਵਿਚੋਂ 4 ਹਰਿਆਣਾ ਦੇ ਹਨ, ਗਲਾਸਗੋ ਖੇਡਾਂ ਵਿਚ 64 ਤਗਮਿਆਂ ਵਿਚੋਂ 22 ਤਗਮੇ ਹਰਿਆਣਾ ਨੂੰ ਪ੍ਰਾਪਤ ਹੋਏ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਨੇ ਪਾਕਿਸਤਾਨ ਤੋਂ ਵੀ ਜ਼ਿਆਦਾ ਤਗਮੇ ਜਿੱਤੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੀਤੀ ਬਣਾਈ ਹੈ ਤਗਮੇ ਲਿਆਓ-ਅਹੁਦਾ ਪਾਓ। ਉਨ੍ਹਾਂ ਕਿਹਾ ਕਿ ਅੱਜ ਹਰਿਆਣਾ 14ਵੇਂ ਨੰਬਰ ਤੋਂ ਪਹਿਲੇ ਸਥਾਨ 'ਤੇ ਹੈ ਅਤੇ ਪ੍ਰਤੀ ਵਿਅਕਤੀ ਨਿਵੇਸ਼ ਵਿਚ ਵੀ ਸਭ ਤੋਂ ਅੱਗੇ ਹੈ।
Îਮੁੱਖ ਮੰਤਰੀ ਨੇ ਪਹਿਲਾਂ ਦੀ ਬੀਜੇਪੀ-ਇਨੈਲੋ ਸਰਕਾਰ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੇ ਦੌਰਾਨ ਬਜ਼ੁਰਗਾਂ ਨੂੰ 200 ਰੁਪਏ ਪੈਨਸ਼ਨ ਦਿੱਤੀ ਜਾ ਰਹੀ ਸੀ ਅਤੇ ਜਦੋਂ ਮੈਂ ਸੱਤਾ ਸੰਭਾਲੀ ਆਉਂਦੇ ਹੀ 300 ਰੁਪਏ ਪੈਨਸ਼ਨ ਕੀਤੀ ਅਤੇ ਅੱਜ ਬਜ਼ੁਰਗਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ 18 ਲੱਖ ਲੋਕਾਂ ਨੂੰ ਪੈਨਸ਼ਨ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ, ਪਛੜੇ ਵਰਗ ਅਤੇ ਅਨੁਸੂਚਿਤ ਜਾਤੀ ਦੇ 20 ਲੱਖ ਬੱਚਿਆਂ ਨੂੰ ਪਹਿਲੀ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਵਜੀਫਾ ਦਿੱਤਾ ਜਾ ਰਿਹਾ ਹੈ, ਜਿਸ ਵਿਚ 225 ਰੁਪਏ ਬੇਟੀ ਨੂੰ ਅਤੇ 150 ਰੁਪਏ ਬੇਟੇ ਨੂੰ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿਚ 3 ਲੱਖ 83 ਹਜ਼ਾਰ ਲੋਕਾਂ ਨੂੰ 100-100 ਵਰਗ ਗਜ ਦੇ ਮੁਫਤ ਪਲਾਟ ਦਿੱਤੇ ਗਏ ਅਤੇ 10 ਲੱਖ ਲੋਕਾਂ ਨੂੰ ਪੀਣ ਦੇ ਪਾਣੀ ਦੀ ਟੈਂਕੀ ਅਤੇ ਟੁੱਟੀਆਂ ਵੰਡੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰ 'ਚ ਗਰੀਬ ਲੋਕਾਂ ਦੇ ਲਈ ਦੋ ਲੱਖ ਮਕਾਨ ਤੇ ਸ਼ਹਿਰੀ ਖੇਤਰ ਵਿਚ ਡੇਢ ਲੱਖ ਮਕਾਨ ਬਣਾਏ ਜਾ ਰਹੇ ਹਨ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ