Wed, 24 April 2024
Your Visitor Number :-   6996865
SuhisaverSuhisaver Suhisaver

ਹਰਿਆਣਾ 'ਚ ਭਾਜਪਾ ਨੂੰ ਪਹਿਲੀ ਵਾਰ ਸਪੱਸ਼ਟ ਬਹੁਮਤ

Posted on:- 19-10-2014

suhisaver

ਮਹਾਰਾਸ਼ਟਰ 'ਚ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ
ਚੰਡੀਗੜ੍ਹ, ਨਵੀਂ ਦਿੱਲੀ :
ਹਰਿਆਣਾ ਅਤੇ ਮਹਾਰਾਸ਼ਟਰ ਵਿਧਾਨ ਸਭਾਵਾਂ ਦੇ ਅੱਜ ਐਲਾਨੇ ਗਏ ਨਤੀਜਿਆਂ 'ਚ ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਨੇ ਜਿੱਥੇ ਪਹਿਲੀ ਵਾਰ 47 ਸੀਟਾਂ ਹਾਸਲ ਕਰਕੇ ਸਪੱਸ਼ਟ ਬਹੁਮਤ ਹਾਸਲ ਕਰ ਲਿਆ ਹੈ, ਉਥੇ ਹੀ ਇਹ ਮਹਾਰਾਸ਼ਟਰ ਵਿੱਚ 123 ਸੀਟਾਂ ਲੈ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰ ਕੇ ਸਾਹਮਣੇ ਆਈ ਹੈ।

ਹਰਿਆਣਾ ਦੀਆਂ ਕੁੱਲ 90 ਵਿਧਾਨ ਸਭਾ ਸੀਟਾਂ 'ਚੋਂ ਭਾਜਪਾ ਨੂੰ 47, ਇਨੈਲੋ 19, ਕਾਂਗਰਸ 15, ਹਜਕਾਂ 2, ਸ਼੍ਰੋਮਣੀ ਅਕਾਲੀ ਦਲ 1, ਬਸਪਾ 1 ਅਤੇ ਹੋਰਨਾਂ ਨੂੰ 5 ਸੀਟਾਂ 'ਤੇ ਜਿੱਤ ਮਿਲੀ ਹੈ। ਇਸੇ ਤਰ੍ਹਾਂ ਮਹਾਰਾਸ਼ਟਰ ਵਿਧਾਨ ਸਭਾ ਦੀਆਂ ਕੁੱਲ 288 ਸੀਟਾਂ 'ਚੋਂ ਭਾਰਤੀ ਜਨਤਾ ਪਾਰਟੀ ਨੂੰ 123, ਸ਼ਿਵ ਸੈਨਾ ਨੂੰ 63, ਕਾਂਗਰਸ 42, ਐਨਸੀਪੀ 41, ਐਮਐਨਐਸ 1 ਤੇ ਹੋਰਨਾਂ ਨੂੰ 18 ਸੀਟਾਂ 'ਤੇ ਜਿੱਤ ਨਸੀਬ ਹੋਈ ਹੈ।
ਦੋਵੇਂ ਸੂਬਿਆਂ ਵਿੱਚ ਜਿੱਤ ਤੋਂ ਬਾਅਦ ਭਾਜਪਾ ਨੇ ਸਰਕਾਰ ਬਣਾਉਣ ਲਈ ਕਵਾਇਦ ਸ਼ੁਰੂ ਕਰ ਦਿੱਤੀ ਹੈ। ਭਾਜਪਾ ਦੇ ਸੰਸਦੀ ਬੋਰਡ ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ  ਇਨ੍ਹਾਂ ਦੋਵੇਂ ਸੂਬਿਆਂ ਵਿੱਚ ਮੁੱਖ ਮੰਤਰੀ ਦੀ ਚੋਣ ਲਈ ਰਾਜਨਾਥ ਸਿੰਘ ਅਤੇ ਜੇਪੀ ਨੱਢਾ ਨੂੰ ਮਹਾਰਾਸ਼ਟਰ ਅਤੇ ਵੈਂਕਈਆ ਨਾਇਡੂ ਨੂੰ ਹਰਿਆਣਾ ਵਿੱਚ ਬਤੌਰ ਅਬਜ਼ਰਵਰ ਭੇਜਿਆ ਜਾਵੇ। ਨਾਇਡੂ ਨਾਲ ਪਾਰਟੀ ਦੇ ਆਗੂ ਦਿਨੇਸ਼ ਸ਼ਰਮਾ ਵੀ ਜਾਣਗੇ। ਭਾਜਪਾ ਦੇ ਬੁਲਾਰੇ ਜੇਪੀ ਨੱਢਾ ਨੇ ਕਿਹਾ ਕਿ ਅਬਜ਼ਰਵਰ ਸਥਾਨਕ ਲੀਡਰਸ਼ਿਪ ਨਾਲ ਗੱਲਬਾਤ ਕਰਕੇ ਮੁੱਖ ਮੰਤਰੀ ਦੇ ਨਾਂ 'ਤੇ ਵਿਚਾਰ ਕਰਨਗੇ।
ਹਰਿਆਣਾ ਵਿੱਚ ਲਗਾਤਾਰ 10 ਸਾਲ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਨੂੰ ਕਰਾਰਾ ਝਟਕਾ ਲੱਗਾ ਹੈ, ਜਿਸ ਦੇ ਪੱਲੇ ਸਿਰਫ਼ 15 ਸੀਟਾਂ ਹੀ ਪਈਆਂ ਹਨ। 1966 'ਚ ਹਰਿਆਣਾ ਦੇ ਗਠਨ ਤੋਂ ਬਾਅਦ ਇਹ ਭਾਜਪਾ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਪਾਰਟੀ ਨੇ 1987 ਵਿੱਚ ਸਭ ਤੋਂ ਵਧ 16 ਸੀਟਾਂ ਜਿੱਤੀਆਂ ਸਨ, ਜਦਕਿ 20 ਸੀਟਾਂ 'ਤੇ ਚੋਣ ਲੜੀ ਸੀ। ਭਾਜਪਾ ਨੇ 2009 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਿਰਫ਼ 4 ਸੀਟਾਂ 'ਤੇ ਜਿੱਤ ਦਰਜ ਕਰਵਾਈ ਸੀ। ਹਰਿਆਣਾ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦੇ ਜ਼ਮੀਨੀ ਘਪਲੇ ਸਮੇਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੀ ਕਾਂਗਰਸ ਅਤੇ ਤਿਹਾੜ ਜੇਲ੍ਹ ਵਿੱਚ ਬੰਦ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਭਾਰਤੀ ਰਾਸ਼ਟਰੀ ਲੋਕ ਦਲ (ਇਨੈਲੋ) ਨੂੰ ਭਾਰੀ ਨੁਕਸਾਨ ਉਠਾਉਣਾ ਪਿਆ। ਇਨੈਲੋ 19 ਸੀਟਾਂ ਜਿੱਤ ਕੇ ਸੂਬੇ 'ਚ ਦੂਜੇ ਨੰਬਰ 'ਤੇ, ਜਦਕਿ ਸੱਤਾਧਾਰੀ ਕਾਂਗਰਸ 15 ਸੀਟਾਂ ਨਾਲ ਤੀਜੇ ਸਥਾਨ 'ਤੇ ਰਹੀ ਹੈ।
ਹਰਿਆਣਾ ਵਿੱਚ ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਮੁਕਾਬਲਾ ਬੇਹੱਦ ਦਿਲਚਸਪ ਰਿਹਾ, ਕਿਉਂਕਿ ਸੱਤਾ ਦੀ ਦੌੜ ਵਿੱਚ ਕਈ ਪਾਰਟੀਆਂ ਸ਼ਾਮਲ ਸਨ। ਉੱਧਰ ਮਹਾਰਾਸ਼ਟਰ ਵਿੱਚ ਮੋਦੀ ਲਹਿਰ 'ਤੇ ਸਵਾਰ ਭਾਜਪਾ ਦੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰ ਕੇ ਸਾਹਮਣੇ  ਆਉਣ ਦੇ ਬਾਵਜੂਦ ਬਹੁਮਤ ਤੋਂ ਪਿੱਛੇ ਰਹਿ ਜਾਣ ਅਤੇ ਲੰਗੜੀ ਸਰਕਾਰ ਬਣਨ ਦੇ ਚੱਲਦਿਆਂ ਸੂਬੇ ਵਿੱਚ ਸਰਕਾਰ ਬਣਾਉਣ ਲਈ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ।
ਕਾਂਗਰਸ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਮਿਲ ਕੇ ਮਹਾਰਾਸ਼ਟਰ ਵਿੱਚ 15 ਸਾਲਾਂ ਤੱਕ ਰਾਜ ਕੀਤਾ, ਪਰ ਇਨ੍ਹਾਂ ਚੋਣਾਂ ਤੋਂ ਪਹਿਲਾਂ ਦੋਵਾਂ ਦਾ ਗੱਠਜੋੜ ਟੁੱਟ ਗਿਆ ਸੀ। ਮਹਾਰਾਸ਼ਟਰ ਵਿੱਚ 123 ਸੀਟਾਂ ਲੈ ਕੇ ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ, ਜਦਕਿ ਸ਼ਿਵ ਸੈਨਾ ਨੂੰ 63, ਕਾਂਗਰਸ 42, ਐਨਸੀਪੀ 41, ਐਮਐਨਐਸ 1 ਤੇ ਹੋਰਨਾਂ ਨੂੰ 18 ਸੀਟਾਂ ਮਿਲੀਆਂ ਹਨ। ਇਸੇ ਦਰਮਿਆਨ ਮਹਾਰਾਸ਼ਟਰ ਦੇ ਹੈਰਾਨੀਜਨਕ ਸਿਆਸੀ ਘਟਨਾਕ੍ਰਮ ਵਿੱਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਸਰਕਾਰ ਬਣਾਉਣ ਲਈ ਭਾਜਪਾ ਨੂੰ ਬਾਹਰੋਂ ਸਮਰਥਨ ਦੇਣ ਦੀ ਪੇਸ਼ਕਸ਼ ਕੀਤੀ। ਉਧਰ ਭਾਜਪਾ ਨੇ ਕਿਹਾ ਕਿ ਉਹ ਸਮਰਥਨ    ਦੀ ਪੇਸ਼ਕਸ਼ 'ਤੇ ਵਿਚਾਰ ਕਰਕੇ ਸੂਬੇ ਦੇ ਹਿੱਤ ਵਿੱਚ ਫੈਸਲਾ ਲਵੇਗੀ।  
ਹਰਿਆਣਾ ਵਿਧਾਨ ਸਭਾ ਦੀਆਂ 15 ਅਕਤੂਬਰ 2014 ਨੂੰ ਹੋਈਆਂ ਆਮ ਚੋਣਾਂ ਵਿਚ 90 ਵਿਧਾਨ ਸਭਾ ਹਲਕਿਆਂ ਦੇ ਨਤੀਜੇ ਅੱਜ ਐਲਾਨ ਕਰ ਦਿੱਤੇ ਗਏ ਹਨ। ਸਾਹਮਣੇ ਆਏ ਨਤੀਜਿਆਂ ਵਿਚ ਭਾਜਪਾ 47 ਸੀਟਾਂ 'ਤੇ ਜਿੱਤ ਪ੍ਰਾਪਤ ਕਰਕੇ ਇਕ ਵੱਡੀ ਪਾਰਟੀ ਵਜੋਂ ਉਭਰ ਕੇ ਸਾਹਮਣੇ ਆਈ ਹੈ। ਜਦੋਂ ਕਿ ਸੱਤਾਧਾਰੀ ਕਾਂਗਰਸ ਪਾਰਟੀ ਨੂੰ ਕੁਲ 15 ਸੀਟਾਂ 'ਤੇ ਜਿੱਤ ਮਿਲੀ ਜੋ ਕਿ ਤੀਜੇ ਨੰਬਰ 'ਤੇ ਰਹੀ। ਇਨੈਲੋ ਪਾਰਟੀ ਨੇ 19 ਸੀਟਾਂ 'ਤੇ ਜਿੱਤ ਪ੍ਰਾਪਤ ਕਰੇ ਦੂਜੇ ਨੰਬਰ ਦੀ ਪਾਰਟੀ ਵਜੋਂ ਸਥਾਨ ਪ੍ਰਾਪਤ ਕੀਤਾ। ਬਾਕੀ ਸੀਟਾਂ ਤੋਂ ਅਜਾਦ ਅਤੇ ਹੋਰ ਪਾਰਟੀ ਦੇ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ।
ਚੋਣ ਕਮਿਸ਼ਨ ਦਫ਼ਤਰ, ਹਰਿਆਣਾ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਹਲਕਾ ਕਾਲਕਾ ਤੋਂ ਭਾਜਪਾ ਦੇ ਉਮੀਦਵਾਰ ਲਤਿਕਾ ਸ਼ਰਮਾ ਨੇ 50347 ਵੋਟਾਂ ਲੈ ਕੇ ਆਪਣੇ ਵਿਰੋਧੀ ਉਮੀਦਵਾਰ ਨੂੰ 19027 ਵੋਟਾ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਵਿਰੋਧੀ ਇਨੈਲੋ ਦੇ ਉਮੀਦਵਾਰ ਪ੍ਰਦੀਪ ਚੌਧਰੀ ਨੂੰ 31320 ਵੋਟਾ ਮਿਲੀਆਂ ਜਦੋਂ ਕਿ ਕਾਂਗਰਸ ਦੀ ਉਮੀਦਵਾਰ ਮਨਵੀਰ ਕੌਰ ਨੂੰ 19139 ਵੋਟਾ ਮਿਲੀਆ। ਪੰਚਕੂਲਾ ਤੋਂ ਭਾਜਪਾ ਦੇ ਉਮੀਦਵਾਰ ਗਿਆਨ ਚੰਦ ਗੁਪਤਾ ਨੇ 69916 ਵੋਟਾ ਲੈ ਕੇ ਜਿੱਤ ਪ੍ਰਾਪਤ ਕੀਤੀ, ਵਿਰੋਧੀ ਉਮੀਦਵਾਰ ਇਨੈਲੋ ਦੇ ਕੁਲਭੂਸ਼ਣ ਗੋਇਲ ਨੂੰ 25314, ਕਾਂਗਰਸ ਦੇ ਦਵਿੰਦਰ ਕੁਮਾਰ ਬਾਂਸਲ ਨੂੰ 15564 ਵੋਟਾਂ ਮਿਲੀਆਂ। ਹਲਕਾ ਨਰਾਇਣ ਗੜ੍ਹ ਤੋਂ ਭਾਜਪਾ ਦੇ ਉਮੀਦਵਾਰ ਨਾਇਬ ਸਿੰਘ ਨੇ 55931 ਵੋਟਾ ਲੈ ਜਿੱਤ ਪ੍ਰਾਪਤ ਕੀਤੀ ਜਦੋਂ ਕਿ ਕਾਂਗਰਸ ਦੇ ਰਾਮ ਕਿਸ਼ਨ ਗੁਜ਼ਰ ਨੂੰ 31570 ਅਤੇ ਬਸਪਾ ਦੇ ਰਾਮ ਸਿੰਘ ਕੋਰਵਾ ਨੂੰ 30736 ਵੋਟਾਂ ਮਿਲੀਆਂ। ਅੰਬਾਲਾ ਕੈਂਟ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਅਨਿਲ ਵਿੱਜ 66605 ਵੋਟਾਂ ਲੈ ਕੇ ਜੇਤੂ ਰਹੇ, ਜਦੋਂ ਕਿ ਕਾਂਗਰਸ ਦੇ ਚੌਧਰੀ ਨਿਰਮਲ ਸਿੰਘ ਨੂੰ 51143 ਅਤੇ ਇਨੈਲੇ ਦੇ ਸੂਰਜ ਪ੍ਰਕਾਸ਼ ਜਿੰਦਲ ਨੂੰ 5407 ਵੋਟਾਂ ਮਿਲੀਆ। ਅੰਬਾਲਾ ਸਿਟੀ ਤੋਂ ਭਾਜਪਾ ਦੇ ਅਸੀਮ ਗੋਇਲ 60216 ਵੋਟਾ ਲੈ ਕੇ ਜੇਤੂ ਰਹੇ, ਜਦੋਂ ਕਿ ਹਰਿਆਣਾ ਜਨ ਹਿੱਤ ਕਾਂਗਰਸ ਪਾਰਟੀ ਦੇ ਵਿਨੋਦ ਸ਼ਰਮਾ ਨੂੰ 36964 ਅਤੇ ਕਾਂਗਰਸ ਦੇ ਹਿੰਮਤ ਸਿੰਘ ਨੂੰ 34658 ਵੋਟਾਂ ਪ੍ਰਾਪਤ ਹੋਈਆਂ। ਮੁਲਾਨਾ ਤੋਂ ਭਾਜਪਾ ਦੇ ਉਮੀਦਵਾਰ ਸੰਤੋਸ਼ ਚੌਹਾਨ ਸਰਵਣ 49970 ਵੋਟਾ ਲੈ ਕੇ ਜੇਤੂ ਰਹੇ ਜਦੋਂ ਕਿ ਇਨੈਲੋ ਦੇ ਉਮੀਦਵਾਰ ਰਾਜਵੀਰ ਸਿੰਘ ਨੂੰ 44321 ਅਤੇ ਕਾਂਗਰਸ ਦੇ ਵਰੁਣ ਚੌਧਰੀ ਨੂੰ 43915 ਵੋਟਾਂ ਮਿਲੀਆਂ।
---
ਹਰਿਆਣਾ : ਸੁਸ਼ਮਾ ਸਵਰਾਜ ਦੀ ਭੈਣ ਹਾਰੀ, ਇੱਕ ਕਾਂਗਰਸੀ 3 ਵੋਟਾਂ ਨਾਲ ਜਿੱਤਿਆ
ਨਵੀਂ ਦਿੱਲੀ : ਹਰਿਆਣਾ ਅਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਕਈ ਦਿਲਚਸਪ ਨਤੀਜੇ ਸਾਹਮਣੇ ਆਏ ਹਨ। ਵਿਦੇਸ਼ ਮੰਤਰੀ ਅਤੇ ਭਾਜਪਾ ਦੀ ਸੀਨੀਅਰ ਆਗੂ ਸੁਸ਼ਮਾ ਸਵਰਾਜ ਦੀ ਭੈਣ ਭਾਜਪਾ ਉਮੀਦਵਾਰ ਵੰਦਨਾ ਸ਼ਰਮਾ ਹਰਿਆਣਾ ਦੀ ਸਫੀਦੋਂ ਸੀਟ ਤੋਂ 1422 ਵੋਟਾਂ ਨਾਲ ਹਾਰ ਗਈ ਹੈ, ਉਧਰ ਹਰਿਆਣਾ ਦੀ ਹੀ ਰਾਈ ਸੀਟ 'ਤੇ ਕਾਂਗਰਸ ਦੇ ਆਗੂ ਜੈ ਤੀਰਥ ਸਿਰਫ਼ 3 ਵੋਟਾਂ ਦੇ ਫ਼ਰਕ ਨਾਲ ਜਿੱਤੇ ਹਨ। ਉਨ੍ਹਾਂ ਨੂੰ 36703 ਵੋਟਾਂ ਮਿਲੀਆਂ ਹਨ, ਜਦਕਿ ਦੂਜੇ ਨੰਬਰ 'ਤੇ ਆਏ ਇਨੈਲੋ ਦੇ ਇੰਦਰਜੀਤ ਦੇ ਹੱਕ 'ਚ 36700 ਵੋਟਾਂ ਭੁਗਤੀਆਂ।
---
ਹੁੱਡਾ ਨੇ ਹਾਰ ਕਬੂਲੀ, ਅਸਤੀਫ਼ਾ ਦਿੱਤਾ
ਰੋਹਤਕ : ਹਰਿਆਣਾ 'ਚ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ਨੂੰ ਦੇਖਦਿਆਂ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਪਾਰਟੀ ਦੀ ਹਾਰ ਸਵੀਕਾਰ ਕਰ ਲਈ ਹੈ।
ਹਰਿਆਣਾ ਵਿੱਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਸ੍ਰੀ ਹੁੱਡਾ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਨੇ ਆਪਣਾ ਅਸਤੀਫ਼ਾ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੂੰ ਸੌਂਪਿਆ। ਇਸ ਤੋਂ ਪਹਿਲਾਂ ਸ੍ਰੀ ਹੁੱਡਾ ਨੇ ਰੋਹਤਕ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਦੇਸ਼ ਵਿੱਚ ਲੋਕਤੰਤਰ ਹੈ ਅਤੇ ਉਹ ਲੋਕ ਫ਼ਤਵੇ ਦਾ ਸਨਮਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਉਨ੍ਹਾਂ ਨੂੰ 10 ਸਾਲ ਸੇਵਾ ਦਾ ਮੌਕਾ ਦਿੱਤਾ, ਉਸ ਲਈ ਉਹ ਜਨਤਾ ਦਾ ਧੰਨਵਾਦ ਕਰਦੇ ਹਨ।
---
ਐਨਸੀਪੀ ਵੱਲੋਂ ਭਾਜਪਾ ਨੂੰ ਬਾਹਰੋਂ ਸਮਰਥਨ ਦੇਣ ਦੀ ਪੇਸ਼ਕਸ਼
ਨਵੀਂ ਦਿੱਲੀ : ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਨੇ ਕਿਹਾ ਹੈ ਕਿ ਉਹ ਮਹਾਰਾਸ਼ਟਰ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਸਰਕਾਰ ਬਣਾਉਣ ਲਈ ਬਾਹਰੋਂ ਸਮਰਥਨ ਦੇਣ ਲਈ ਤਿਆਰ ਹੈ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉਭਰ ਕੇ ਸਾਹਮਣੇ ਆਈ ਹੈ। ਐਨਸੀਪੀ ਦੇ ਆਗੂ ਪ੍ਰਫੁਲ ਪਟੇਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਕੇਂਦਰ ਵਿੱਚ ਵੀ ਭਾਜਪਾ ਦੀ ਸਰਕਾਰ ਹੈ ਅਤੇ ਅਜਿਹੇ ਵਿੱਚ ਇੱਥੇ ਵੀ ਇੱਕ ਸਥਾਈ ਸਰਕਾਰ ਬਣਾਉਣ ਲਈ ਐਨਸੀਪੀ ਭਾਜਪਾ ਨੂੰ ਬਾਹਰੋਂ ਹਮਾਇਤ ਦੇਣ ਲਈ ਤਿਆਰ ਹੈ। ਸ੍ਰੀ ਪਟੇਲ ਨੇ ਕਿਹਾ ਕਿ ਮਹਾਰਾਸ਼ਟਰ ਦੀ ਜਨਤਾ ਨੇ ਭਾਜਪਾ ਨੂੰ ਸਭ ਤੋਂ ਵੱਧ ਸੀਟਾਂ 'ਤੇ ਜਤਾਇਆ ਹੈ ਅਤੇ ਹੋਰ ਕੋਈ ਵੀ ਪਾਰਟੀ ਸਰਕਾਰ ਬਣਾਉਣ ਦੀ ਸਥਿਤੀ 'ਚ ਨਹੀਂ ਹੈ।
---
ਜਨਤਾ ਨੇ ਹਕੂਮਤ ਤਬਦੀਲੀ ਲਈ ਪਾਈਆਂ ਵੋਟਾਂ : ਰਾਹੁਲ
ਨਵੀਂ ਦਿੱਲੀ/ਏਜੰਸੀਆਂ : ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ ਜਿੱਤ ਲਈ ਭਾਰਤੀ ਜਨਤਾ ਪਾਰਟੀ ਨੂੰ ਵਧਾਈ ਦਿੱਤੀ ਹੈ। ਕਾਂਗਰਸ ਉਪ ਪ੍ਰਧਾਨ ਨੇ ਮਹਾਰਾਸ਼ਟਰ ਤੇ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਹਾਰ ਕਬੂਲਦਿਆਂ ਕਿਹਾ ਕਿ  ਪਾਰਟੀ ਜ਼ਮੀਨੀ ਪੱਧਰ 'ਤੇ ਸਖ਼ਤ ਮਿਹਨਤ ਕਰਕੇ ਇੱਕ ਵਾਰ ਫ਼ਿਰ ਜਨਤਾ ਦਾ ਵਿਸ਼ਵਾਸ ਹਾਸਲ ਕਰੇਗੀ। ਰਾਹੁਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਨਤਾ ਨੇ ਮਹਾਰਾਸ਼ਟਰ ਵਿੱਚ ਸਾਡੇ 15 ਸਾਲ ਅਤੇ ਹਰਿਆਣਾ 'ਚ 10 ਸਾਲ ਦੇ ਸ਼ਾਸਨ ਤੋਂ ਬਾਅਦ ਬਦਲਾਅ ਲਈ ਵੋਟਾਂ ਪਾਈਆਂ ਹਨ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ