Fri, 08 December 2023
Your Visitor Number :-   6731333
SuhisaverSuhisaver Suhisaver

ਸੰਸਦ 'ਚ ਕਾਲੇ ਧਨ ਦੇ ਮੁੱਦੇ 'ਤੇ ਹੰਗਾਮਾ

Posted on:- 25-11-2014

ਸਰਕਾਰ ਇਸ ਮੁੱਦੇ 'ਤੇ ਚਰਚਾ ਲਈ ਤਿਆਰ : ਜੇਤਲੀ, ਨਾਇਡੂ
ਨਵੀਂ ਦਿੱਲੀ :
ਵਿਰੋਧੀ ਧਿਰ ਨੇ ਅੱਜ ਸੰਸਦ ਦੇ ਦੋਵੇਂ ਸਦਨਾਂ ਵਿੱਚ ਕਾਲੇ ਧਨ ਦਾ ਮੁੱਦਾ ਚੁੱਕਦਿਆਂ ਸਰਕਾਰ 'ਤੇ ਤਿੱਖ਼ੇ ਹਮਲੇ ਕੀਤੇ। ਵਿਰੋਧੀ ਧਿਰ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਵਿਦੇਸ਼ੀ ਬੈਂਕਾਂ 'ਚ ਜਮ੍ਹਾਂ ਕਾਲਾ ਧਨ ਵਾਪਸ ਲਿਆਉਣ ਦਾ ਵਾਅਦਾ ਕਦੋਂ ਪੂਰਾ ਕੀਤਾ ਜਾਵੇਗਾ। 

ਹਾਲਾਂਕਿ ਰਾਜ ਸਭਾ ਵਿੱਚ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਲੋਕ ਸਭਾ ਵਿੱਚ ਸੰਸਦੀ ਮਾਮਲਿਆਂ ਬਾਰੇ ਮੰਤਰੀ ਵੈਂਕਈਆ ਨਾਇਡੂ ਨੇ ਭਰੋਸਾ ਦਿਵਾਇਆ ਕਿ ਸਰਕਾਰ ਇਸ ਮੁੱਦੇ 'ਤੇ ਚਰਚਾ ਲਈ ਤਿਆਰ ਹੈ।
ਸੰਸਦ ਦੇ ਸਰਦ ਰੁੱਤ ਇਜਲਾਸ ਦੇ ਦੂਜੇ ਦਿਨ ਅੱਜ ਦੋਵੇਂ ਸਦਨਾਂ ਵਿੱਚ ਵਿਰੋਧੀ ਧਿਰ ਵੱਲੋਂ ਕਾਲੇ ਧਨ ਦਾ ਮੁੱਦਾ ਉਠਾਇਆ ਗਿਆ। ਲੋਕ ਸਭਾ ਵਿੱਚ ਇਸ ਮੁੱਦੇ 'ਤੇ ਹੋਏ ਹੰਗਾਮੇ ਕਾਰਨ ਕਾਰਵਾਈ ਕੁਝ ਦੇਰ ਲਈ ਪ੍ਰਭਾਵਤ ਵੀ ਹੋਈ। ਲੋਕ ਸਭਾ ਵਿੱਚ ਤ੍ਰਿਣਾਮੂਲ ਕਾਂਗਰਸ, ਕਾਂਗਰਸ, ਰਾਸ਼ਟਰੀ ਜਨਤਾ ਦਲ, ਸਮਾਜਵਾਦੀ ਪਾਰਟੀ ਅਤੇ ਆਮ ਪਾਰਟੀ ਦੇ ਸਾਂਸਦਾਂ ਨੇ ਕਾਲੇ ਧਨ ਦਾ ਮੁੱਦਾ ਚੁੱਕਿਆ ਅਤੇ ਸਪੀਕਰ ਦੇ ਆਸਣ ਸਾਹਮਣੇ ਆ ਗਏ। ਇਨ੍ਹਾਂ ਸਾਂਸਦਾਂ ਨੇ ਸਵਾਲ ਉਠਾਇਆ ਕਿ ਸਰਕਾਰ ਨੂੰ ਸੱਤਾ 'ਚ ਆਈ ਨੂੰ 100 ਦਿਨ ਪੂਰੇ ਹੋ ਚੁੱਕੇ ਕਾਲਾ ਧਨ ਕਿੱਥੇ ਹੈ।
ਇਨ੍ਹਾਂ ਵਿੱਚੋਂ ਕੁਝ ਸਾਂਸਦਾਂ ਨੇ ਕਾਲੀਆਂ ਛਤਰੀਆਂ ਖੋਲ੍ਹੀਆਂ ਹੋਈਆਂ ਸਨ, ਜਿਨ੍ਹਾਂ 'ਤੇ ਲਿਖਿਆ ਸੀ 'ਕਾਲਾ ਧਨ ਵਾਪਸ ਲਿਆਓ'। ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਸਾਂਸਦਾਂ ਦੇ ਹੰਗਾਮੇ ਦੇ ਬਾਵਜੂਦ ਸਿਫ਼ਰ ਕਾਲ ਚੱਲਣ ਦਿੱਤਾ। ਉਨ੍ਹਾਂ ਨੇ ਸਾਂਸਦਾਂ ਨੂੰ ਆਪਣੇ ਸਥਾਨ 'ਤੇ ਜਾਣ ਦੀ ਅਪੀਲ ਕਰਦਿਆਂ ਕਿਹਾ ਕਿ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਉਹ ਯਕੀਨੀ ਬਣਾਉਣਗੇ ਕਿ ਂਿÂਸ ਮੁੱਦੇ 'ਤੇ ਜਲਦ ਹੀ ਚਰਚਾ ਹੋਵੇ। ਉੱਧਰ ਰਾਜ ਸਭਾ ਵਿੱਚ ਦੁਪਹਿਰ ਦੇ ਖ਼ਾਣੇ ਤੋਂ ਬਾਅਦ ਸਦਨ ਦੇ ਆਗੂ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਤ੍ਰਿਣਾਮੂਲ ਸਾਂਸਦਾਂ ਦੁਆਰਾ ਇਹ ਮੁੱਦੇ ਚੁੱਕੇ ਜਾਣ 'ਤੇ ਕਿਹਾ ਕਿ ਵਿਰੋਧੀ ਧਿਰ ਇਸ ਮਾਮਲੇ 'ਤੇ ਚਰਚਾ ਲਈ ਨੋਟਿਸ ਦੇਵੇ ਤਾਂ ਸਰਕਾਰ ਚਰਚਾ ਕਰਵਾਉਣ ਲਈ ਤਿਆਰ ਹੈ।
ਉਨ੍ਹਾਂ ਕਿਹਾ ਕਿ ਇਹ ਮਹੱਤਵਪੂਰਨ ਮੁੱਦਾ ਹੈ ਅਤੇ ਚੇਅਰਮੈਨ ਨਾਲ ਵਿਚਾਰ-ਵਟਾਂਦਰਾ ਕਰਕੇ ਇਸ 'ਤੇ ਚਰਚਾ ਕਰਵਾਈ ਜਾ ਸਕਦੀ ਹੈ।
ਦੂਜੇ ਪਾਸੇ ਲੋਕ ਸਭਾ ਵਿੱਚ ਸੰਸਦੀ ਮਾਮਲਿਆਂ ਬਾਰੇ ਮੰਤਰੀ ਐਮ ਵੈਂਕਈਆ ਨਾਇਡੂ ਨੇ ਕਿਹਾ ਕਿ ਸਰਕਾਰ ਕੋਲ ਲੁਕਾਉਣ ਲਈ ਕੁਝ ਵੀ ਨਹੀਂ ਹੈ ਅਤੇ ਉਹ ਇਸ ਮੁੱਦੇ 'ਤੇ ਚਰਚਾ ਕਰਵਾਉਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਕਾਲੇ ਧਨ ਦੇ ਮੁੱਦੇ 'ਤੇ ਪਿਛਲੇ 6 ਮਹੀਨਿਆਂ ਵਿੱਚ ਮੋਦੀ ਸਰਕਾਰ ਨੇ ਬਹੁਤ ਕੁਝ ਕੀਤਾ ਹੈ।
ਤ੍ਰਿਣਾਮੂਲ ਕਾਂਗਰਸ ਦੇ ਕਲਿਆਣ ਬੈਨਰਜੀ ਨੇ ਕਿਹਾ ਕਿ ਅਸੀਂ ਸਿਰਫ਼ ਚਰਚਾ ਹੀ ਨਹੀਂ ਚਾਹੁੰਦੇ, ਅਸੀਂ ਚਾਹੁੰਦੇ ਹਾਂ ਕਿ ਕਾਲਾ ਧਨ ਵਾਪਸ ਆਵੇ। ਲੋਕ ਸਭਾ ਵਿੱਚ ਕਾਂਗਰਸ ਦੇ ਆਗੂ ਮਲਿਕਅਰੁਜਨ ਖੜਗੇ ਨੇ ਕਿਹਾ ਕਿ ਸਰਕਾਰ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ ਕਿਉਂਕਿ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਕਾਲੇ ਧਨ ਦੇ ਮੁੱਦੇ 'ਤੇ ਨਰਿੰਦਰ ਮੋਦੀ ਸਮੇਤ ਭਾਜਪਾ ਆਗੂਆਂ ਨੇ ਯੂਪੀਏ ਨੂੰ ਬਦਨਾਮ ਕਰਦਿਆਂ 100 ਦਿਨਾਂ 'ਚ ਕਾਲਾ ਧਨ ਵਾਪਸ ਲਿਆਉਣ ਦਾ ਵਾਅਦਾ ਕੀਤਾ ਸੀ।
ਇਸ 'ਤੇ ਸ੍ਰੀ ਨਾਇਡੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੌਮਾਂਤਰੀ ਸਿਖ਼ਰ ਸੰਮੇਲਨ 'ਚ ਹਿੱਸਾ ਲੈਣ ਲਈ ਵਿਦੇਸ਼ ਗਏ ਹਨ ਅਤੇ ਅਜਿਹੇ ਸਮੇਂ ਵਿੱਚ ਵਿਰੋਧੀ ਧਿਰ ਉਨ੍ਹਾਂ ਦੀ ਅਲੋਚਨਾ ਕਰ ਰਹੀ ਹੈ।
ਅੱਜ ਰਾਜ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਜਨਤਾ ਦਲ ਯੂ, ਸਪਾ ਅਤੇ ਤ੍ਰਿਣਾਮੂਲ ਕਾਂਗਰਸ ਦੇ ਸਾਂਸਦਾਂ ਨੇ ਕਾਲੇ ਧਨ ਦਾ ਮੁੱਦਾ ਚੁੱਕਿਆ। ਤ੍ਰਿਣਾਮੂਲ ਕਾਂਗਰਸ ਦੇ ਡੇਰੇਕ ਓ ਬਰਾਊਨ ਨੇ ਇਹ ਮੁੱਦਾ ਚੁੱਕਦਿਆਂ ਕਿਹਾ ਕਿ  ਸਰਕਾਰ ਨੇ ਸਦਨ ਤੋਂ ਬਾਹਰ ਕਾਲਾ ਧਨ ਵਾਪਸ ਲਿਆਉਣ ਲਈ ਕਈ ਵਾਰ ਭਰੋਸਾ ਦਿੱਤਾ, ਪਰ ਕਾਲਾ ਧਨ ਵਿਦੇਸ਼ਾਂ ਤੋਂ ਵਾਪਸ ਨਹੀਂ ਆਇਆ। ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਬਹਿਸ ਹੋਣੀ ਚਾਹੀਦੀ ਹੈ। ਇਸ ਦਾ ਜਵਾਬ ਦਿੰਦਿਆਂ ਜੇਤਲੀ ਨੇ ਕਿਹਾ ਕਿ ਸਰਕਾਰ ਵੀ ਇਸ ਮੁੱਦੇ 'ਤੇ ਬਹਿਸ ਕਰਵਾਉਣਾ ਚਾਹੁੰਦੀ ਹੈ। ਰਾਜ ਸਭਾ ਨੇ ਬੀਮਾ ਸੋਧ ਬਿੱਲ 'ਤੇ ਉਚ ਤਾਕਤੀ ਕਮੇਟੀ ਲਈ ਰਿਪੋਰਟ ਪੇਸ਼ ਕਰਨ ਦੀ ਸਮਾਂ ਸੀਮਾ 28 ਨਵੰਬਰ ਤੋਂ ਵਧਾ ਕੇ 12 ਦਸੰਬਰ ਕਰ ਦਿੱਤੀ ਹੈ।
ਉਧਰ ਲੋਕ ਸਭਾ ਵਿੱਚ ਸ੍ਰੀ ਨਾਇਡੂ ਨੇ ਕਿਹਾ ਕਿ ਜ਼ਿਆਦਾਤਰ ਕਾਲਾ ਧਨ ਪਿਛਲੇ ਪੰਜਾਹ ਸਾਲਾਂ ਵਿੱਚ ਕਾਂਗਰਸ ਦੇ ਸਾਸ਼ਨ ਕਾਲ ਦੌਰਾਨ ਦੇਸ਼ ਤੋਂ ਬਾਹਰ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਸਮੇਂ ਵਿੱਚ ਕੋਈ ਕਾਲਾ ਧਨ ਬਾਹਰ ਨਹੀਂ ਗਿਆ। ਇਸ ਤੋਂ ਪਹਿਲਾਂ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਕਾਂਗਰਸ, ਰਾਸ਼ਟਰੀ ਜਨਤਾ ਦਲ, ਆਪ ਅਤੇ ਸਪਾ ਦੇ ਸਾਂਸਦਾਂ ਨੇ ਕਾਲੇ ਧਨ ਦਾ ਮੁੱਦਾ ਚੁੱਕਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਸ ਸਬੰਧੀ ਜਵਾਬ ਦੀ ਮੰਗ ਕੀਤੀ ਕਿ ਕਾਲਾ ਧਨ ਕਦੋਂ ਤੱਕ ਵਾਪਸ ਲਿਆਂਦਾ ਜਾਵੇਗਾ। ਕੁਝ ਸਾਂਸਦਾਂ ਨੇ ਛਤਰੀਆਂ ਵੀ ਦਿਖ਼ਾਈਆਂ। ਖੜਗੇ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਪ੍ਰਸ਼ਨਕਾਲ ਮੁਅੱਤਲ ਕਰਨ ਦਾ ਨੋਟਿਸ ਦਿੱਤਾ ਹੈ। ਇਸ 'ਤੇ ਲੋਕ ਸਭਾ ਸਪੀਕਰ ਨੇ ਕਿਹਾ ਕਿ ਇਹ ਨਿਯਮਾਂ ਦੇ ਖਿਲਾਫ਼ ਹੈ, ਹਾਲਾਂਕਿ ਉਹ ਨਿਯਮਾਂ ਦੇ ਤਹਿਤ ਕਾਲੇ ਧਨ ਮੁੱਦੇ 'ਤੇ ਚਰਚਾ ਕਰਵਾਉਣਾ ਚਾਹੁੰਦੇ ਹਨ।
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇੜੇ ਬੈਠੇ ਸਪਾ ਮੁਖੀ ਮੁਲਾਇਮ ਯਾਦਵ ਨੇ ਵੀ ਇਸ ਮੁੱਦੇ 'ਤੇ ਕੁਝ ਬੋਲਣਾ ਚਾਹਿਆ, ਪਰ ਉਨ੍ਹਾਂ ਦੀ ਗੱਲ ਨਹੀਂ ਜਾ ਸਕੀ। ਪ੍ਰਸ਼ਨਕਾਲ ਦੌਰਾਨ ਹੰਗਾਮੇ ਦੇ ਵਿੱਚ ਹੀ ਦੋ ਪ੍ਰਸ਼ਨ ਹੋਏ, ਪਰ ਉਨ੍ਹਾਂ ਦੇ ਜਵਾਬ ਵੀ ਰੌਲੇ ਰੱਪੇ ਵਿੱਚ ਸੁਣੇ ਨਹੀਂ ਜਾ ਸਕੇ। ਉਦੋਂ ਲੋਕ ਸਭਾ ਸਪੀਕਰ ਨੇ ਕਾਰਵਾਈ 40 ਮਿੰਟ ਲਈ ਦੁਪਹਿਰ ਤੱਕ ਮੁਲਤਵੀ ਕਰ ਦਿੱਤੀ। ਦੁਪਹਿਰ ਬਾਅਦ ਸਿਫ਼ਰ ਕਾਲ ਸ਼ੁਰੂ ਹੁੰਦਿਆਂ ਹੀ ਫ਼ਿਰ ਕਾਲੇ ਧਨ ਦਾ ਮੁੱਦਾ ਉਠਿਆ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ