Tue, 23 April 2024
Your Visitor Number :-   6993592
SuhisaverSuhisaver Suhisaver

ਪੰਜਾਬੀ ਯੂਨੀਵਰਸਿਟੀ ਵਿਖੇ ਪੁਸਤਕ "ਪੰਜਾਬ ਵਿੱਚ ਪੇਂਡੂ ਦਲਿਤ ਔਰਤਾਂ ਦਾ ਦਰਦ ਬਿਆਨ ਕਰਦੀ ਪੁਸਤਕ ਰਿਲੀਜ਼

Posted on:- 14-03-2020

suhisaver

ਪੰਜਾਬੀ ਯੂਨੀਵਰਸਿਟੀ ,ਪਟਿਆਲਾ ਦੇ ਅਰਥ-ਵਿਗਿਆਨ ਵਿਭਾਗ ਵਿਖੇ ਹੋਏ ਸਮਾਰੋਹ ਦੌਰਾਨ ਡਾ਼ ਗਿਆਨ ਸਿੰਘ ਦੀ ਪੇਂਡੂ ਔਰਤਾਂ ਦਾ ਦਰਦ ਬਿਆਨ ਕਰਦੀ ਪੁਸਤਕ ''ਖੀਸੇ ਖ਼ਾਲੀ, ਢਿੱਡ ਭੁੱਖੇ ਅਤੇ ਤਨ ਉੱਤੇ ਲੀਰਾਂ" ਰਿਲੀਜ਼ ਕੀਤੀ ਗਈ। ਪੁਸਤਕ ਰਿਲੀਜ਼ ਕਰਨ ਦੀ ਰਸਮ ਦਲਿਤ ਮਜ਼ਦੂਰ ਔਰਤ ਆਗੂਆਂ ਨੇ ਕੀਤੀ। ਇਸ ਦੌਰਾਨ ਪੁਸਤਕ ਸਬੰਧੀ ਪਰਚਾ ਪੜ੍ਹਦਿਆਂ ਉੱਘੇ ਚਿੰਤਕ ਅਤੇ ਸੀਨੀਅਰ ਪੱਤਰਕਾਰ ਹਮੀਰ ਸਿੰਘ, ਰਾਜੀਵ ਖੰਨਾ, ਜਗਤਾਰ ਸਿੱਧੂ, ਅਮਰਜੀਤ ਸਿੰਘ ਵੜੈਚ, ਗਿਆਨੀ ਕੇਵਲ ਸਿੰਘ, ਡਾ. ਬਲਵਿੰਦਰ ਟਿਵਾਣਾ,  ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸੇਵੇਵਾਲਾ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਪਰਮਜੀਤ ਕੌਰ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਬਿਮਲਾ ਕੌਰ , ਕਰਨੈਲ ਸਿੰਘ ਜਖੇਪਲ, ਵਿਦਿਆਰਥੀ ਆਗੂ ਬੇਅੰਤ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਮਜ਼ਦੂਰ ਔਰਤਾਂ ਦੀ ਸਮਾਜਿਕ ਹਾਲਤ ਬੇਹੱਦ ਤਰਸਯੋਗ ਹੈ, ਇਸ ਕਰਕੇ ਮਜ਼ਦੂਰ ਅੰਦੋਲਨਾਂ 'ਚ ਔਰਤਾਂ ਦੀ ਸ਼ਮੂਲੀਅਤ ਸਮੇਂ ਦੀ ਲੋੜ ਹੈ।

 ਹਮੀਰ ਸਿੰਘ ਨੇ ਪੁਸਤਕ ਦੀ ਸਮੀਖਿਆ ਕਰਦਿਆਂ ਕਿਹਾ ਕਿ ਸਮਾਜ ਵਿਚ ਵਿਤਕਰਿਆਂ ਦੀ ਲੰਬੀ ਫ਼ਹਿਰਿਸਤ ਹੈ। ਅਮੀਰ-ਗਰੀਬ, ਪੜ੍ਹਿਆ-ਅਨਪੜ੍ਹ, ਸ਼ਹਿਰੀ-ਪੇਂਡੂ, ਮਰਦ-ਔਰਤ, ਜਾਤ-ਪਾਤ ਸਮੇਤ ਅਨੇਕ ਵਿਤਕਰਿਆਂ ਵਿਚ ਸਭ ਤੋਂ ਹਾਸ਼ੀਏ ਉੱਤੇ ਪੇਂਡੂ ਦਲਿਤ ਔਰਤ ਹੈ ਜੋ ਸਾਰੇ ਵਿਤਕਰਿਆਂ ਨੂੰ ਆਪਣੇ ਪਿੰਡੇ ਉੱਤੇ ਹੰਢਾਉਣ ਦਾ ਸੰਤਾਪ ਭੋਗਦੀ ਹੈ। ਆਜ਼ਾਦੀ ਦੇ ਸੱਤ ਦਹਾਕਿਆਂ ਬਾਅਦ ਵੀ ਵਿਕਾਸ ਇਨ੍ਹਾਂ ਦੇ ਜੀਵਨ ਵਿਚ ਦਾਖ਼ਲ ਹੋਣ ਤੋਂ ਕੰਨੀ ਕਤਰਾ ਰਿਹਾ ਹੈ। ਇਸ ਦੇ ਬਾਵਜੂਦ ਹਿੰਮਤ ਨਾ ਹਾਰਦਿਆਂ ਉਹ ਰੋਜ਼ੀ-ਰੋਟੀ ਦਾ ਜੁਗਾੜ ਕਰਨ ਲਈ ਦਿਨ ਰਾਤ ਮਿਹਨਤ ਮੁਸ਼ੱਕਤ ਕਰਕੇ ਆਪਣੇ ਪਰਿਵਾਰ ਨੂੰ ਅੱਗੇ ਤੋਰ ਰਹੀ ਹੈ।

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅਰਥ ਵਿਗਿਆਨ ਵਿਭਾਗ ਦੇ ਸਾਬਕਾ ਪ੍ਰੋਫੈਸਰ ਗਿਆਨ ਸਿੰਘ ਦੀ ਅਗਵਾਈ ਵਿਚ ਧਰਮ ਪਾਲ, ਵੀਰਪਾਲ ਕੌਰ, ਗੁਰਿੰਦਰ ਕੌਰ ਅਤੇ ਜੋਤੀ ਤੇ ਆਧਾਰਿਤ ਟੀਮ ਨੇ ਪੇਂਡੂ ਪੰਜਾਬ ਦੇ ਦਲਿਤ ਔਰਤ ਮਜ਼ਦੂਰ ਪਰਿਵਾਰਾਂ ਬਾਰੇ ਸਰਵੇਖਣ ਕੀਤਾ ਹੈ। ਬੇਬੇ ਗੁਰਨਾਮ ਕੌਰ ਮੈਮੋਰੀਅਲ ਐਜੂਕੇਸ਼ਨ ਸੈਂਟਰ, ਈਸੜੂ (ਲੁਧਿਆਣਾ) ਦੁਆਰਾ ਸਪਾਂਸਰ ਇਸ ਸਰਵੇਖਣ ਵਿਚ ਸਾਲ 2016-17 ਆਧਾਰਿਤ ਅੰਕੜੇ ਪੇਸ਼ ਕੀਤੇ ਗਏ ਹਨ। ਇਸ ਰਿਪੋਰਟ ਦਾ ਕਿਤਾਬੀ ਰੂਪ 13 ਮਾਰਚ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਪਾਠਕਾਂ ਦੀ ਨਜ਼ਰ ਕੀਤਾ ਜਾ ਰਿਹਾ ਹੈ। ਇਸ ਵਿਚ ਮਾਲਵਾ ਦੇ ਮਾਨਸਾ ਤੇ ਫਤਹਿਗੜ੍ਹ ਸਾਹਿਬ, ਦੋਆਬਾ ਵਿਚੋਂ ਜਲੰਧਰ ਅਤੇ ਮਾਝਾ ਖੇਤਰ ਵਿਚੋਂ ਅੰਮ੍ਰਿਤਸਰ, ਭਾਵ ਚਾਰ ਜ਼ਿਲ੍ਹਿਆਂ ਦੇ 29 ਬਲਾਕਾਂ ਵਿਚੋਂ ਇੱਕ ਇੱਕ ਪਿੰਡ ਚੁਣ ਕੇ ਸਰਵੇਖਣ ਕੀਤਾ ਗਿਆ ਹੈ।

ਰਿਪੋਰਟ ਮੁਤਾਬਿਕ ਔਰਤਾਂ ਦੀ ਗਿਣਤੀ ਭਾਵੇਂ ਅੱਧੀ ਹੈ ਪਰ ਉਨ੍ਹਾਂ ਦਾ ਕਿਰਤ ਸ਼ਕਤੀ ਵਿਚ ਹਿੱਸਾ ਸਿਰਫ ਇੱਕ-ਚੌਥਾਈ ਹੈ। ਆਰਥਿਕ ਮਜਬੂਰੀਆਂ ਕਰਕੇ ਉਨ੍ਹਾਂ ਦੀ ਕੰਮ ਵਿਚ ਹਿੱਸੇਦਾਰੀ ਵਧ ਰਹੀ ਹੈ। ਅਸੰਗਠਿਤ ਖੇਤਰ ਵਿਚ ਔਰਤ ਮਜ਼ਦੂਰਾਂ ਦੀ ਹਿੱਸੇਦਾਰੀ ਦਲਿਤ ਔਰਤਾਂ ਰਾਹੀਂ ਹੀ ਹੁੰਦੀ ਹੈ। ਆਮ ਤੌਰ ਉੱਤੇ ਅਖੌਤੀ ਉੱਚ ਸ਼੍ਰੇਣੀ ਦੀਆਂ ਔਰਤਾਂ ਨੂੰ ਜੀਵਨ ਦੀਆਂ ਬੁਨਿਆਦੀ ਲੋੜਾਂ ਲਈ ਬਹੁਤ ਸੰਘਰਸ਼ ਦੀ ਲੋੜ ਨਹੀਂ ਹੁੰਦੀ, ਇਸ ਲਈ ਉਨ੍ਹਾਂ ਦੀ ਕੰਮ ਵਿਚ ਹਿੱਸੇਦਾਰੀ ਦੀ ਦਰ ਘੱਟ ਰਹਿੰਦੀ ਹੈ। ਹੁਣ ਤੱਕ ਦੇ ਆਰਥਿਕ ਮਾਪਦੰਡ ਦੇ ਮੁਕਾਬਲੇ ਇਹ ਗੱਲ ਦਰੁਸਤ ਕਹੀ ਜਾ ਸਕਦੀ ਹੈ ਪਰ ਇਹ ਮਾਪਦੰਡ ਔਰਤ ਵਿਰੋਧੀ ਹੋ ਨਿਬੜਦੇ ਹਨ। ਜਯੰਤੀ ਘੋਸ਼ ਦੇ ਇੱਕ ਆਰਟੀਕਲ ਮੁਤਾਬਿਕ ਔਰਤਾਂ ਵੱਲੋਂ ਪਰਿਵਾਰ ਵਿਚ ਨਿਭਾਈ ਜਾਂਦੀ ਭੂਮਿਕਾ ਅਤੇ ਕੀਤੇ ਕੰਮਾਂ ਦਾ ਆਰਥਿਕ ਵਿਕਾਸ ਵਿਚ ਲੇਖਾ ਹੀ ਨਹੀਂ ਕੀਤਾ ਜਾਂਦਾ। ਅਸੀਂ ਕੰਮ ਕੇਵਲ ਘਰੋਂ ਬਾਹਰ ਜਾ ਕੇ ਕੀਤੇ ਜਾਂਦੇ ਕੰਮ ਨੂੰ ਹੀ ਸਮਝਦੇ ਹਾਂ। ਜੇਕਰ ਔਰਤਾਂ ਵੱਲੋਂ ਬਿਨਾਂ ਕੋਈ ਇਵਜ਼ਾਨਾ ਲਏ ਕੀਤੇ ਕੰਮਾਂ ਦਾ ਸਹੀ ਰੂਪ ਵਿਚ ਲੇਖਾ ਜੋਖਾ ਕੀਤਾ ਜਾਵੇ ਤਾਂ ਔਰਤਾਂ ਦੀ ਕੰਮ ਵਿਚ ਹਿੱਸੇਦਾਰੀ 80 ਫੀਸਦ ਤੱਕ ਪਹੁੰਚ ਜਾਵੇਗੀ।

ਇਸ ਪੁਸਤਕ ਵਿਚ ਇਹ ਖੁਲਾਸਾ ਹੋਇਆ ਹੈ ਕਿ ਤਕਰੀਬਨ ਦੋ-ਤਿਹਾਈ ਪੇਂਡੂ ਦਲਿਤ ਔਰਤਾਂ ਅਨਪੜ੍ਹ ਹਨ ਅਤੇ ਪੜ੍ਹੀਆਂ ਲਿਖੀਆਂ ਵਿਚੋਂ ਵੀ ਬਹੁਤੀਆਂ ਪੰਜ ਪਾਸ ਹਨ। ਇਸ ਦਾ ਅਸਰ ਸਿਆਸੀ ਜਾਗਰੂਕਤਾ ਉੱਤੇ ਪੈਣਾ ਵੀ ਸੁਭਾਵਿਕ ਹੈ। ਸਰਵੇਖਣ ਅਧੀਨ ਆਈਆਂ ਔਰਤਾਂ ਵਿਚੋਂ 91ਵੇਂ ਫੀਸਦ ਨੂੰ ਘੱਟੋ-ਘੱਟ ਉਜਰਤ ਕਾਨੂੰਨ ਅਤੇ ਕੰਮ ਦੇ ਘੰਟੇ ਨਿਸਚਤ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਵਿਚੋਂ 96 ਫੀਸਦ ਤੋਂ ਵੱਧ ਦਾ ਦੇਸ਼, ਸੂਬੇ ਜਾਂ ਸਥਾਨਕ ਸਿਆਸਤ ਵਿਚ ਕੋਈ ਦਿਲਚਸਪੀ ਨਹੀਂ। 92 ਫੀਸਦ ਨੂੰ ਸੂਬੇ ਦੇ ਮੁੱਖ ਮੰਤਰੀ ਦੇ ਨਾਮ ਦਾ ਨਹੀਂ ਪਤਾ ਅਤੇ 98 ਫੀਸਦ ਨੂੰ ਹਰ ਸਮੇਂ ‘ਮਨ ਕੀ ਬਾਤ’ ਕਰਨ ਵਾਲੇ ਪ੍ਰਧਾਨ ਮੰਤਰੀ ਦੇ ਨਾਮ ਦਾ ਵੀ ਨਹੀਂ ਪਤਾ। ਵੋਟਾਂ ਵੇਲੇ ਉਹ ਆਪਣੇ ਪਰਿਵਾਰ ਦੇ ਮਰਦ ਮੈਂਬਰਾਂ ਦੇ ਕਹੇ ਅਨੁਸਾਰ ਹੀ ਵੋਟ ਦਿੰਦੀਆਂ ਹਨ। ਸਥਾਨਕ ਪੰਚਾਇਤੀ ਪੱਧਰ ਉੱਤੇ ਜੇ ਰਾਖਵਾਂਕਰਨ ਕਰਕੇ ਮੈਂਬਰ ਜਾਂ ਸਰਪੰਚ ਚੁਣੀਆਂ ਵੀ ਜਾਂਦੀਆਂ ਹਨ ਤਾਂ ਵੀ ਉਨ੍ਹਾਂ ਦੇ ਨਾਮ ਉੱਤੇ ਕਥਿਤ ਉੱਚ ਸ਼੍ਰੇਣੀ ਦੇ ਲੋਕ ਹੀ ਇਨ੍ਹਾਂ ਅਹੁਦਿਆਂ ਦੀ ਵਰਤੋਂ ਕਰਦੇ ਹਨ। ਵੈਸੇ ਇਹ ਗੱਲ ਵੀ ਠੀਕ ਹੈ ਕਿ ਜਨਰਲ ਵਰਗ ਦੀਆਂ ਔਰਤਾਂ ਲਈ ਵੀ ਪੰਜਾਬ ਵਿਚ ਅਜੇ ਸਰਪੰਚੀ ਜਾਂ ਪੰਚੀ ਕਰਨ ਦਾ ਮਾਹੌਲ ਸਾਜ਼ਗਰ ਨਹੀਂ ਹੈ। ਉਨ੍ਹਾਂ ਦੀ ਜਗ੍ਹਾ ਵੀ ਮਰਦ ਹੀ ਇਨ੍ਹਾਂ ਅਹੁਦਿਆਂ ਦੀ ਵਰਤੋਂ ਕਰਦੇ ਹਨ।

ਸਰਵੇਖਣ ਇਹ ਵੀ ਦੱਸਦਾ ਹੈ ਕਿ 96 ਫੀਸਦ ਤੋਂ ਵੱਧ ਦਲਿਤ ਔਰਤ ਮਜ਼ਦੂਰ ਪਰਿਵਾਰ ਕਰਜ਼ੇ ਦੇ ਬੋਝ ਹੇਠ ਹਨ। ਇਨ੍ਹਾਂ ਪਰਿਵਾਰਾਂ ਸਿਰ ਔਸਤ ਕਰਜ਼ਾ 54342.98 ਰੁਪਏ ਹੈ। ਦੇਖਣ ਨੂੰ ਇਹ ਕਰਜ਼ਾ ਬਹੁਤਾ ਨਹੀਂ ਲਗਦਾ ਪਰ ਇਨ੍ਹਾਂ ਨੂੰ ਕੋਈ ਸੰਸਥਾ ਕਰਜ਼ਾ ਦੇਣ ਲਈ ਤਿਆਰ ਨਹੀਂ; ਇਸ ਕਰਕੇ ਇਨ੍ਹਾਂ ਪਰਿਵਾਰਾਂ ਨੂੰ ਤੰਗੀ ਤੁਰਸ਼ੀ ਦੀ ਅਸਹਿ ਪੀੜ ਵਿਚੋਂ ਗੁਜ਼ਰਨਾ ਪੈਂਦਾ ਹੈ। ਮਾਹਰ ਗਰੁੱਪ ਦੇ ਮਾਪਦੰਡ ਅਨੁਸਾਰ ਦਲਿਤ ਔਰਤ ਮਜ਼ਦੂਰ ਪਰਿਵਾਰਾਂ ਦੇ ਕੁੱਲ ਜੀਆਂ ਵਿਚੋਂ 92 ਫੀਸਦ ਤੋਂ ਵੱਧ ਜੀਅ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। ਤੇਂਦੁਲਕਰ ਕਮੇਟੀ ਦੇ ਮਾਪਦੰਡ ਅਨੁਸਾਰ 57.71 ਫੀਸਦ ਜੀਅ ਗਰੀਬੀ ਰੇਖਾ ਤੋਂ ਹੇਠਾਂ ਹਨ। ਜੀਵਨ ਦੀਆਂ ਮੁਢਲੀਆਂ ਲੋੜਾਂ ਪੂਰਾ ਕਰਨ ਤੱਕ ਹੀ ਸੀਮਤ ਰਹਿੰਦਿਆਂ ਵੀ ਇਨ੍ਹਾਂ ਪਰਿਵਾਰਾਂ ਨੂੰ ਸਾਲਾਨਾ ਔਸਤਨ 9358 ਰੁਪਏ ਦਾ ਘਾਟਾ ਸਹਿਣਾ ਪੈ ਰਿਹਾ ਹੈ, ਭਾਵ ਉਨ੍ਹਾਂ ਲੋੜਾਂ ਲਈ ਵੀ ਕਰਜ਼ਾ ਲੈਣਾ ਪੈਂਦਾ ਹੈ। ਮਗਨਰੇਗਾ ਤੋਂ ਉਮੀਦ ਬਣੀ ਸੀ ਪਰ ਇਸ ਨੂੰ ਸਹੀ ਰੂਪ ਵਿਚ ਲਾਗੂ ਨਾ ਕਰਨ ਕਰਕੇ ਦਲਿਤ ਮਜ਼ਦੂਰ ਔਰਤਾਂ ਨੂੰ ਇਸ ਦਾ ਬਹੁਤਾ ਲਾਭ ਨਹੀਂ ਹੋਇਆ।

ਆਰਥਿਕ ਅਤੇ ਸਿਆਸੀ ਖੇਤਰ ਵਿਚ ਹਾਸ਼ੀਏ ਉੱਤੇ ਧੱਕੀਆਂ ਇਨ੍ਹਾਂ ਔਰਤਾਂ ਨੂੰ ਘਰੇਲੂ ਪੱਧਰ ਉੱਤੇ ਵੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਰਾ ਦਿਨ ਦਿਹਾੜੀ ਤੋਂ ਬਾਅਦ ਘਰ ਆ ਕੇ ਬਾਲਣ, ਪੱਠੇ ਲਿਆਉਣ, ਪਾਣੀ ਭਰਨ, ਖਾਣਾ ਬਣਾਉਣ, ਸਫਾਈ ਕਰਨ, ਬੱਚੇ ਸੰਭਾਲਣ, ਪਸ਼ੂ ਪਾਲਣ ਆਦਿ ਦਾ ਕੰਮ ਵੀ ਸਬੰਧਿਤ ਔਰਤ ਨੂੰ ਕਰਨਾ ਪੈਂਦਾ ਹੈ। ਬਹੁਤ ਘਰਾਂ ਵਿਚ ਪਤੀ-ਪਤਨੀ ਦੇ ਸਬੰਧ ਤਣਾਅ ਵਾਲੇ ਹਨ। ਨਸ਼ਾ ਇਨ੍ਹਾਂ ਸਬੰਧਾਂ ਲਈ ਵੱਡਾ ਜ਼ਿੰਮੇਵਾਰ ਹੈ। ਜਿਨ੍ਹਾਂ ਪਰਿਵਾਰਾਂ ਵਿਚ ਪਤੀ ਨਸ਼ੇੜੀ ਹੁੰਦੇ ਹਨ, ਇਨ੍ਹਾਂ ਔਰਤਾਂ ਦੇ ਬਿਮਾਰ ਹੋਣ ਸਮੇਂ ਵੀ ਬਹੁਤੇ ਪਤੀ ਹਮਲਾਵਰਾਂ ਵਾਂਗ ਵਿਹਾਰ ਕਰਦੇ ਹਨ। ਸਰਵੇਖਣ ਵਿਚ ਇਨ੍ਹਾਂ ਦੇ ਸੰਤਾਪ ਦੇ ਕਾਰਨਾਂ ਨੂੰ ਦੂਰ ਕਰਨ ਲਈ ਕਈ ਸੁਝਾਅ ਵੀ ਦਿੱਤੇ ਗਏ ਹਨ। ਇਹ ਪੁਸਤਕ ਨੀਤੀਗਤ ਫੈਸਲੇ ਕਰਨ ਵਿਚ ਸਹਾਈ ਹੋ ਸਕਦੀ ਹੈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਸੀਨੀਅਰ ਪੱਤਰਕਾਰ ਅਦਿੱਤਿਆ ਕਾਂਤ, ਡਾ. ਸਰਬਜੀਤ ਸਿੰਘ, ਡਾ. ਕੁਲਦੀਪ ਸਿੰਘ, ਡਾ. ਜਸਦੀਪ ਤੂਰ, ਡਾ. ਰੁਪਿੰਦਰ, ਡਾ. ਰਾਬਿਤਾ ਹਾਜ਼ਰ ਸਨ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ