Wed, 22 May 2024
Your Visitor Number :-   7054427
SuhisaverSuhisaver Suhisaver

ਭਾਰਤ-ਪਾਕਿ ਜੰਗ ਦਾ ਮਾਹੌਲ ਖ਼ਤਰੇ ਦੀ ਘੰਟੀ - ਇਨਕਲਾਬੀ ਕੇਂਦਰ ਪੰਜਾਬ

Posted on:- 05-10-2016

suhisaver

ਇਨਕਲਾਬੀ ਕੇਂਦਰ ਪੰਜਾਬ ਦੀ ਸੂਬਾ ਕਮੇਟੀ ਨੇ ਸੰਭਾਵਤ ਭਾਰਤ-ਪਾਕਿ ਜੰਗ ਦੇ ਖ਼ਤਰਿਆਂ ਪ੍ਰਤੀ, ਮਿਹਨਤਕਸ਼ ਲੋਕਾਂ ਨੂੰ ਸੁਚੇਤ ਕਰਦਿਆਂ ਹਾਕਮਾਂ ਦੇ ਮਨਸੂਬਿਆਂ ’ਤੇ ਤਿੱਖੀ ਟਿੱਪਣੀ ਕੀਤੀ ਹੈ। ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਪ੍ਰਧਾਨ ਨਰਾਇਣ ਦੱਤ, ਜਨਰਲ ਸਕੱਤਰ ਕੰਵਲਜੀਤ ਖੰਨਾ ਅਤੇ ਸੂਬਾ ਕਮੇਟੀ ਮੈਂਬਰ ਸਾਹਿਬ ਸਿੰਘ ਬਡਬਰ ਨੇ ਕਿਹਾ ਕਿ ਇਹ ਜੰਗ ਕਿਸੇ ਵੀ ਸੂਰਤ ਵਿੱਚ ਭਾਰਤ-ਪਾਕਿ ਦੇ 150 ਕਰੋੜ ਲੋਕਾਂ ਦੇ ਭੋਰਾ ਵੀ ਹਿਤ ’ਚ ਨਹੀਂ ਹੋਵੇਗੀ। ਸਗੋਂ ਇਹ ਸਿਰਫ਼ ਭਾਰਤ-ਪਾਕਿ ਹਾਕਮਾਂ ਅਤੇ ਵੱਡੇ ਜੰਗਬਾਜ਼ਾਂ (ਅਮਰੀਕਾ, ਜਰਮਨ, ਫ਼ਰਾਂਸ, ਚੀਨ ਆਦਿ) ਮੁਲਕਾਂ ਦੇ ਖੋਟੇ ਮੁਨਾਫਾਖੋਰ ਜੰਗੀ ਮਨਸੂਬਿਆਂ ਦੀ ਪੂਰਤੀ ਕਰੇਗੀ। ਅਸਲ ਵਿੱਚ ਭਾਰਤੀ ਹਾਕਮ ਇਕ ਤਾਂ ਮਿਹਨਤਕਸ਼ਾਂ ਸਮੇਤ ਸਮੁੱਚੇ ਦੇਸ਼ ਦੇ ਵਾਸੀਆਂ ਦਾ ਧਿਆਨ ਗ਼ਰੀਬੀ, ਭੁੱਖਮਰੀ, ਅਨਪੜ੍ਹਤਾ, ਕੁਪੋਸ਼ਣ ਵਰਗੀਆਂ ਬੁਨਿਆਦੀ ਤੇ ਗੰਭੀਰ ਸਮੱਸਿਆਵਾਂ ਤੋਂ ਪਾਸੇ ਹਟਾਉਣਾ ਚਾਹੁੰਦੇ ਹਨ ਤੇ ਦੂਸਰਾ ਉਹ ਦੇਸ਼ ਵਾਸੀਆਂ ਵਿੱਚ ਅੰਧ-ਰਾਸ਼ਟਰਵਾਦ ਭੜਕਾ ਕੇ ਤੇ ਆਪਣੇ-ਆਪ ਨੂੰ ਸੱਚੇ ਰਾਸ਼ਟਰਵਾਦੀ ‘ਸਾਬਤ ਕਰਕੇ’ ਆਪਣੀ ਸੱਤਾ ਨੂੰ ਪੱਕੇ-ਪੈਰੀਂ ਕਰਨਾ ਤੇ ਭਵਿੱਖ ਵਿੱਚ ਹੋਣ ਵਾਲੀਆਂ ਚੋਣਾਂ ਜਿੱਤਣਾ ਚਾਹੁੰਦੇ ਹਨ।

ਸਾਮਰਾਜੀਆਂ ਦੇ ਦਲਾਲ ਇਹ ਭਾਰਤ-ਪਾਕਿ ਹਾਕਮ ਸਰਹੱਦ ਪਾਰੋਂ ਖ਼ਤਰੇ ਦੀ ਬੂ-ਦੁਹਾਈ ਪਾਕੇ ਅਮੀਰ ਸਾਮਰਾਜੀ ਮੁਲਕਾਂ ਤੋਂ ਜੰਗੀ ਸਾਜੋ-ਸਮਾਨ ਖ੍ਰੀਦਣ ਲਈ ਉਹਨਾਂ ਨਾਲ ਅਰਬਾਂ-ਖਰਬਾਂ ਰੁਪਏ ਦੇ ਸ਼ਰਮਨਾਕ ਸੌਦੇ ਕਰਨ ਲਈ ਤਹੂ ਹਨ। ਇਸ ਦੇ ਨਾਲ ਹੀ, ਦੋਨੋਂ ਮੁਲਕਾਂ ਦੇ ਹਾਕਮ ਆਪਣੇ-ਆਪਣੇ ਮੁਲਕ ’ਚ ਸਾਮਰਾਜੀ ਅਤੇ ਦੇਸੀ-ਬਦੇਸ਼ੀ ਅਮੀਰ ਘਰਾਣਿਆਂ ਅਤੇ ਬਹੁ-ਕੌਮੀ ਕੰਪਨੀਆਂ ਨੂੰ ਕੁਦਰਤੀ ਮਾਲ ਖ਼ਜ਼ਾਨੇ (ਜਲ, ਜੰਗਲ, ਜਮੀਨ) ਕੌਡੀਆਂ ਦੇ ਭਾਅ ਲੁਟਾਉਣ ਦੇ ਸ਼ਰਮਨਾਕ ਸਮਝੌਤੇ ਕਰ ਰਹੇ ਹਨ। ਇਕ ਪਾਸੇ ਭਾਰਤੀ ਹਾਕਮ ਕਥਿਤ ‘ਸਫਲਤਾ’ ਦੇ ਜਸ਼ਨ ਮਨਾ ਰਹੇ ਹਨ ਪਰ ਦੂਜੇ ਪਾਸੇ ਜੰਮੂਕਸ਼ਮੀਰ, ਪੰਜਾਬ, ਰਾਜਸਥਾਨ ਅਤੇ ਗੁਜਰਾਤ ਵਰਗੇ ਸਰਹੱਦੀ ਸੂਬਿਆਂ ਦੇ ਸਰਹੱਦ ਦੇ ਨਾਲ-ਨਾਲ ਲੱਗਦੇ ਹਜ਼ਾਰਾਂ ਪਿੰਡਾਂ ਦੇ ਲੱਖਾਂ-ਕਰੋੜਾਂ ਲੋਕ ਸਹਿਮ ਦੇ ਸਾਏ ਹੇਠ ਜਿਉਣ ਲਈ ਮਜਬੂਰ ਕਰ ਦਿੱਤੇ ਗਏ ਹਨ। ਪੰਜਾਬ ਦੇ ਸਰਹੱਦ ਨਾਲ ਲੱਗਦੇ ਇਕ ਹਜ਼ਾਰ ਪਿੰਡਾਂ ਦੇ ਲੋਕਾਂ ਨੂੰ ਘਰੋਂ-ਬੇਘਰ ਕਰ ਦਿੱਤਾ ਗਿਆ ਹੈ। ਭਰੇ-ਭਕੁੰਨੇ ਘਰ-ਬਾਰ, ਡੰਗਰ-ਪਸ਼ੂ ਅਤੇ ਪੱਕੀਆਂ ਫ਼ਸਲਾਂ ਛੱਡਕੇ ਜਾਣ ਦੀ ਪੀੜਾ ਨੇ ਲੋਕਾਂ ਨੂੰ 1965, 1971 ਤੇ ਕਾਰਗਿਲ ਵਾਲੀਆਂ ਜੰਗਾਂ ਦੇ ਦਿਨ ਮੁੜ ਚੇਤੇ ਕਰਵਾ ਦਿੱਤੇ ਹਨ।

ਆਗੂਆਂ ਕਿਹਾ ਕਿ ਭਾਰਤੀ ਹਾਕਮ ਜੰਮੂ-ਕਸ਼ਮੀਰ ਦਾ ਮਸਲਾ ਬੁਨਿਆਦੀ ਤੌਰ ’ਤੇ ਹੱਲ ਕਰਨ ਦੀ ਥਾਂ ਪਿਛਲੇ 69 ਸਾਲਾਂ ਤੋਂ ਉਥੋਂ ਦੀ ਲੋਕਾਈ ਨੂੰ ਫੌਜੀ ਬੂਟਾਂ ਹੇਠ ਦਰੜਨ ਦੀ ਆਪਣੀ ਲੋਕ ਵਿਰੋਧੀ ਨੀਤੀ ਨੂੰ ਹੋਰ ਜ਼ੋਰ-ਸ਼ੋਰ ਨਾਲ ਲਾਗੂ ਕਰਨਾ ਤੇ ਉਸ ਉੱਪਰ ਜੰਗੀ ਮਹੌਲ ਰਾਹੀਂ ਪਰਦਾ ਪਾਉਣਾ ਚਾਹੁੰਦੇ ਹਨ।ਇਸ ਲਈ ਸੰਘਰਸ਼ਸ਼ੀਲ਼ ਲੋਕਾਂ ਨੂੰ ਹਾਕਮਾਂ ਦੇ ਜੰਗ ਰਾਹੀਂ ਜਨੂੰਨ ਭੜਕਾਉਣ ਦੇ ਦੰਭੀ ਮਨਸੂਬਿਆਂ ਦਾ ਪਾਜ ਲੋਕਾਂ ’ਚ ਨੰਗਾ ਕਰਨ ਅਤੇ ਆਪਣੇ ਹੱਕੀ ਸੰਘਰਸ਼ਾਂ ਨੂੰ ਅੱਗੇ ਵਧਾਉਦੇ ਹੋਇਆਂ ਲੁੱਟ ਜਬਰ ਅਤੇ ਦਾਬੇ ਵਾਲੇ ਲੋਕ ਦੋਖੀ ਪ੍ਰਬੰਧ ਦਾ ਤੁਖਮ ਮਿਟਾਕੇ, ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਨਵ-ਜਮਹੂਰੀ ਸਮਾਜ ਸਿਰਜਣ ਲਈ ਆਪਣਾ ਹਰ ਯਤਨ ਲਾਉਣਾ ਚਾਹੀਦਾ ਹੈ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ