Wed, 29 May 2024
Your Visitor Number :-   7071877
SuhisaverSuhisaver Suhisaver

ਸਨਅਤਕਾਰ ਤੇ ਰੀਅਲ ਅਸਟੇਟ ਕਾਰੋਬਾਰੀ ਰਾਜਿੰਦਰ ਮਿੱਤਲ ਨੂੰ 4 ਸਾਲ ਦੀ ਸਜ਼ਾ

Posted on:- 01-11-2014

ਬੀ ਐਸ ਭੁੱਲਰ/ਬਠਿੰਡਾ : ਉੱਤਰੀ ਭਾਰਤ ਦੇ ਨਾਮਵਰ ਬਿਜ਼ਨਸਮੈਨ ਤੇ ਬਾਦਲ ਪਰਿਵਾਰ ਦੇ ਅਤਿ ਨਜ਼ਦੀਕੀਆਂ 'ਚੋਂ ਇਕ, ਜਿਸ ਰਾਜਿੰਦਰ ਮਿੱਤਲ ਨੂੰ 4 ਸਾਲ ਲਈ ਜੇਲ੍ਹ ਯਾਤਰਾ 'ਤੇ ਜਾਣਾ ਪਿਆ ਹੈ, 20 ਸਾਲ ਪਹਿਲਾਂ ਉਸ ਦਾ ਮੁੱਢ ਇਕ ਗਰੀਬ ਟਰੱਕ ਚਾਲਕ 'ਤੇ ਢਾਹੇ ਕਹਿਰ ਨੇ ਬੰਨ੍ਹਿਆ ਸੀ।
ਜ਼ਿਕਰਯੋਗ ਹੈ ਕਿ ਪਟਿਆਲਾ ਸਥਿਤ ਸੀਬੀਆਈ ਅਦਾਲਤ ਨੇ ਤਿੰਨ ਹੋਰਾਂ ਸਮੇਤ ਮਿੱਤਲ ਨੂੰ ਕੱਲ੍ਹ ਭਾਰਤੀ ਦੰਡਾਵਲੀ ਦੀ ਧਾਰਾ 420 ਤੇ 467 ਅਧੀਨ ਦੋਸ਼ੀ ਕਰਾਰ ਦੇ ਕੇ ਸਜ਼ਾ ਦਾ ਭਾਗੀਦਾਰ ਬਣਾਇਆ।

ਜੂਨ 1983 ਦੇ ਇਕ ਦਿਨ ਸੀਪੀਐਮ ਦੇ ਕੁਝ ਆਗੂਆਂ ਸੀਪੀਆਈ ਦੇ ਬਠਿੰਡਾ ਦਫ਼ਤਰ ਉਸ ਵੇਲੇ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਗੁਰਸੇਵਕ ਸਿੰਘ, ਜਿਨ੍ਹਾਂ ਨੂੰ ਅੱਤਵਾਦੀਆਂ ਨੇ 1990 ਵਿਚ ਸ਼ਹੀਦ ਕਰ ਦਿੱਤਾ ਸੀ, ਨੂੰ ਦੱਸਿਆ ਕਿ ਤਲਵੰਡੀ ਸਾਬੋ ਦੇ ਉਨ੍ਹਾਂ ਦੇ ਇਕ ਸਾਥੀ ਕਰਤਾਰ ਸਿੰਘ ਦੇ ਲੜਕੇ ਨੂੰ ਹਵਾਲਾਤ 'ਚ ਬੰਦ ਕਰ ਰੱਖਿਆ ਹੈ। ਬਖਤੌਰ ਢਿੱਲੋਂ ਕਿਉਂਕਿ ਉਸ ਵੇਲੇ ਸੀਪੀਆਈ ਦਾ ਦਫ਼ਤਰ ਸਕੱਤਰ ਹੋਇਆ ਕਰਦਾ ਸੀ ਇਸ ਲਈ ਕਾ. ਗੁਰਸੇਵਕ ਉਸ ਨੂੰ ਨਾਲ ਲੈ ਕੇ ਕੋਤਵਾਲੀ ਪੁੱਜੇ।
ਗੱਲਬਾਤ ਦੌਰਾਨ ਉਸ ਵੇਲੇ ਦੇ ਐਸਐਚਓ ਕਿਸ਼ੋਰੀ ਲਾਲ ਨੇ ਦੱਸਿਆ ਕਿ ਬੀਸੀਬੀ ਬਠਿੰਡਾ ਦੇ ਮਾਲਕ ਦਵਾਰਕਾ ਦਾਸ ਮਿੱਤਲ ਦੀ ਸ਼ਿਕਾਇਤ 'ਤੇ ਡਰਾਈਵਰ ਨੂੰ ਬੰਦ ਕੀਤਾ ਹੈ। ਚੰਗਾ ਇਹੀ ਹੋਵੇਗਾ ਕਿ ਤੁਸੀ ਮਾਲਕ ਨੂੰ ਮਿਲ ਕੇ ਇਸ ਗ਼ਰੀਬ ਦਾ ਛੁਟਕਾਰਾ ਕਰਵਾ ਦਿਓ। ਨਹੀਂ ਤਾਂ ਪੁਲਿਸ ਨੂੰ ਮੁਕੱਦਮਾ ਦਰਜ ਕਰਨ ਲਈ ਮਜਬੂਰ ਹੋਣਾ ਪਵੇਗਾ। ਸੀਪੀਐਮ ਦੇ ਸਾਥੀਆਂ ਨੂੰ ਨਾਲ ਲੈ ਕੇ ਜਦ ਸੀਪੀਆਈ ਦੇ ਦੋਵੇਂ ਆਗੂ ਦਵਾਰਕਾ ਦਾਸ ਮਿੱਤਲ ਕੋਲ ਗਏ ਤਾਂ ਬਹੁਤ ਹੀ ਬਦਤਮੀਜ਼ੀ ਨਾਲ ਉਸ ਨੇ ਸੀਪੀਐਮ ਵਾਲਿਆਂ ਨੂੰ ਦਫ਼ਤਰੋਂ ਬਾਹਰ ਜਾਣ ਲਈ ਕਹਿ ਦਿੱਤਾ। ਕਾਮਰੇਡ ਗੁਰਸੇਵਕ ਨੇ ਵੀ ਮੀਟਿੰਗ ਦਾ ਬਾਈਕਾਟ ਕਰਦਿਆਂ ਸੰਘਰਸ਼ ਦਾ ਐਲਾਨ ਕਰ ਦਿੱਤਾ ਤਾਂ ਮਿੱਤਲ ਪੋਲਾ ਹੋ ਗਿਆ। ਨਤੀਜੇ ਵਜੋਂ ਡਰਾਈਵਰ ਨੂੰ 800 ਰੁਪਏ ਦਾ ਦੰਡ ਲਾ ਕੇ ਉਸ ਨੇ ਕੋਤਵਾਲੀ ਪੁਲਿਸ ਨੂੰ ਛੱਡਣ ਲਈ ਫੋਨ ਕਰ ਦਿੱਤਾ। ਰਿਹਾਅ ਹੋਣ 'ਤੇ ਡਰਾਈਵਰ ਨੇ ਦੱਸਿਆ ਕਿ ਉਸ ਨੂੰ ਹਰਜਾਨਾ ਇਸ   ਲਈ ਭਰਨਾ ਪੈ ਰਿਹਾ ਹੈ ਕਿ ਮੋਗਾ ਵਿਖੇ ਫਲਾਈਂਗ ਸਕੁਆਇਡ ਵੱਲੋਂ ਫੜੇ ਗ਼ੈਰ-ਕਾਨੂੰਨੀ ਘਿਓ ਨੂੰ ਛਡਵਾਉਣ ਲਈ ਅਦਾ ਕੀਤੇ 800 ਰੁਪਏ ਉਹ ਮਾਲਕ ਤੋਂ ਮੰਗਣ ਦੀ ਗੁਸਤਾਖ਼ੀ ਕਰ ਬੈਠਾ ਸੀ। ਜਦ ਡਰਾਈਵਰ ਨੂੰ ਇਹ ਪੁੱਛਿਆ ਕਿ ਤੇਲ ਬਣਾਉਣ ਵਾਲੀ ਬੀਸੀਬੀ ਫ਼ੈਕਟਰੀ ਨਾਲ ਘਿਓ ਦਾ ਮਾਮਲਾ ਕਿਵੇਂ ਜੁੜਦਾ ਹੈ? ਤਾਂ ਉਸ ਨੇ ਦੱਸਿਆ ਕਿ ਅਸਲ ਵਿਚ ਵਿਦੇਸ਼ੋਂ ਮੰਗਵਾਈ ਗਊਆਂ ਦੀ ਚਰਬੀ ਤੋਂ ਉਕਤ ਫ਼ੈਕਟਰੀ ਵਿਖੇ ਘਿਓ ਬਣਾਉਣ ਦਾ ਗ਼ੈਰਕਾਨੂੰਨੀ ਧੰਦਾ ਚਲ ਰਿਹਾ ਹੈ। ਇਹ ਮਾਮਲਾ ਤੁਰੰਤ ਐਸਐਚਓ ਕਿਸ਼ੋਰੀ ਲਾਲ ਦੇ ਧਿਆਨ 'ਚ ਲਿਆਂਦਾ ਤਾਂ ਉਸ ਨੇ ਬਾਹਰੋਂ ਆਉਣ ਵਾਲੀ ਚਰਬੀ ਦੀ ਖੇਪ ਦੀ ਰੰਗੇਂ ਹੱਥੀਂ ਫੜਵਾਉਣ ਦੀ ਸਲਾਹ ਦਿੱਤੀ।
ਕੁੱਝ ਦਿਨਾਂ ਬਾਅਦ ਡਰਾਈਵਰ ਨੇ ਸੀਪੀਆਈ ਦਫ਼ਤਰ ਆ ਕੇ ਬਖਤੌਰ ਢਿੱਲੋਂ ਨੂੰ ਦੱਸਿਆ ਕਿ ਚਰਬੀ ਨਾਲ ਭਰੇ ਹੋਏ 80 ਦੇ ਕਰੀਬ ਕੈਂਟਰ ਬੀਸੀਬੀ ਮਿੱਲ ਦੇ ਬਾਹਰ ਖੜੇ ਹਨ। ਇਤਲਾਹ ਮਿਲਣ 'ਤੇ ਕਾ. ਗੁਰਸੇਵਕ, ਸੀਪੀਐਮ ਦੇ ਆਗੂ ਰਾਮਚੰਦ, ਮੇਘਰਾਜ ਅਤੇ ਉਸ ਵੇਲੇ ਦੇ ਕਾਂਗਰਸੀ ਮਿਉਂਸਪਲ ਕੌਂਸਲਰ ਮੋਹਨ ਲਾਲ ਸ਼ਰਮਾ ਸਣੇ ਬਖਤੌਰ ਢਿੱਲੋਂ ਨੇ ਬਠਿੰਡਾ ਦੌਰੇ 'ਤੇ ਆਏ ਮੁੱਖ ਮੰਤਰੀ ਦਰਬਾਰਾ ਸਿੰਘ ਨੂੰ ਮਿਲ ਕੇ ਸੂਚਿਤ ਕੀਤਾ, ਜਿਨ੍ਹਾਂ ਨੇ ਸਥਾਨਕ ਐਸਡੀਐਮ ਨੂੰ ਕਾਰਵਾਈ ਦੀ ਹਦਾਇਤ ਦਿੱਤੀ, ਕਿਉਂਕਿ ਵੇਲੇ ਦੇ ਡੀਸੀ ਤੇ ਐਸਐਸਪੀ ਮੁੱਖ ਮੰਤਰੀ ਦੇ ਨਾਲ ਹੀ ਲੁਧਿਆਣਾ ਵਿਖੇ ਹੋਣ ਵਾਲੀ ਇਕ ਉਚ ਪੱਧਰੀ ਮੀਟਿੰਗ ਵਿਚ ਜਾ ਰਹੇ ਸਨ।  
ਸਨਅਤਕਾਰ ਦੇ ਸਿਆਸੀ ਪ੍ਰਭਾਵ ਕਾਰਨ ਐਸਡੀਐਮ ਨੇ ਕੋਈ ਠੋਸ ਕਾਰਵਾਈ ਨਾ ਕੀਤੀ। ਨਤੀਜੇ ਵਜੋਂ ਸਰਬ ਪਾਰਟੀ ਵਫ਼ਦ ਨੇ ਵੇਲੇ ਦੇ ਏਡੀਸੀ ਅਜੀਤ ਸਿੰਘ ਨਾਗਪਾਲ ਤੱਕ ਪਹੁੰਚ ਕੀਤੀ। ਭਾਵੇਂ ਏਡੀਸੀ ਮੌਕੇ 'ਤੇ ਤਾਂ ਪੁੱਜ ਗਿਆ ਪਰ ਉਹ ਵੀ ਸਨਅਤਕਾਰ ਦੇ ਪ੍ਰਭਾਵ ਸਾਹਮਣੇ ਸਪੱਸ਼ਟ ਸਟੈਂਡ ਨਾ ਲੈ ਸਕਿਆ। ਪ੍ਰਤੀਕਰਮ ਵਜੋਂ ਸ਼ਹਿਰ ਵਿਚ ਮੁਨਿਆਦੀ ਕਰਵਾ ਕੇ ਜਲਸਿਆਂ ਦਾ ਦੌਰ ਸ਼ੁਰੂ ਹੋ ਗਿਆ, ਜਿਸ ਨੇ ਫਿਜ਼ਾ ਨੂੰ ਪੂਰੀ ਤਰ੍ਹਾਂ ਗਰਮਾ ਦਿੱਤਾ।
ਸਨਅਤਕਾਰ ਮਿੱਤਲ ਕਿਉਂਕਿ ਭਾਰਤ ਦੇ ਗ੍ਰਹਿ ਮੰਤਰੀ ਗਿਆਨੀ ਜੈਲ ਸਿੰਘ ਦਾ ਅਤਿ ਕਰੀਬੀ ਸੀ, ਇਸ ਲਈ ਕਾਂਗਰਸ ਦੀ ਅੰਦਰੂਨੀ ਧੜੇਬੰਦੀ ਦਾ ਫਾਇਦਾ ਉਠਾਉਂਦਿਆਂ ਮੋਹਨ ਲਾਲ ਸ਼ਰਮਾ ਦੀ ਅਗਵਾਈ ਹੇਠ ਬਣੀ ਐਕਸ਼ਨ ਕਮੇਟੀ ਨੇ ਦਰਬਾਰਾ ਸਿੰਘ ਦੀ ਮਾਨਸਿਕਤਾ ਨੂੰ ਉਤੇਜਿਤ ਕਰ ਦਿੱਤਾ। ਇਸ ਦਾ ਅਸਰ ਇਹ ਹੋਇਆ ਕਿ ਸੂਬਾਈ ਮਸ਼ੀਨਰੀ ਨੂੰ ਹਰਕਤ 'ਚ ਲਿਆਉਣ ਤੋਂ ਇਲਾਵਾ ਮੁੱਖ ਮੰਤਰੀ ਨੇ ਇਹ ਮਾਮਲਾ ਸੀਬੀਆਈ ਦੇ ਹਵਾਲੇ ਕਰ ਦਿੱਤਾ। ਸੀਬੀਆਈ ਦੀ ਸਰਗਰਮੀ ਦੇ ਬਾਵਜੂਦ ਜਦ ਦਵਾਰਕਾ ਦਾਸ ਮਿੱਤਲ ਤੇ ਉਸ ਦੇ ਭਾਈਵਾਲ ਕਾਨੂੰਨ ਤੋਂ ਭਗੌੜੇ ਹੋ ਗਏ ਤਾਂ ਪੰਜਾਬ ਮਨੁੱਖੀ ਅਧਿਕਾਰ ਕਮੇਟੀ ਦੇ ਜਨਰਲ ਸਕੱਤਰ ਵੇਦ ਪ੍ਰਕਾਸ਼ ਗੁਪਤਾ ਤੇ ਮੋਹਨ ਲਾਲ ਸ਼ਰਮਾ ਨੇ ਦਿੱਲੀ ਵਿਖੇ ਪ੍ਰੈਸ ਕਾਨਫਰੰਸ ਆਯੋਜਿਤ ਕਰਕੇ ਇਹ ਹਕੀਕਤ ਜੱਗ ਜ਼ਾਹਰ ਕਰ ਦਿੱਤੀ ਕਿ ਗ੍ਰਹਿ ਮੰਤਰੀ ਗਿਆਨੀ ਜੈਲ ਸਿੰਘ ਦੀ ਸਰਪ੍ਰਸਤੀ ਦੇ ਚਲਦਿਆਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਨਤੀਜੇ ਵਜੋਂ ਕੁੱਝ ਦਿਨਾਂ ਬਾਅਦ ਮਿੱਤਲ ਐਂਡ ਕੰਪਨੀ ਸੀਬੀਆਈ ਦੀ ਗ੍ਰਿਫ਼ਤ 'ਚ ਆ ਗਈ।
ਜਾਂਚ ਦੌਰਾਨ ਸੀਬੀਆਈ ਨੇ ਇਹ ਸਿੱਟਾ ਕੱਢਦਿਆਂ ਅਦਾਲਤ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 420 ਤੇ 467 ਅਧੀਨ ਚਲਾਨ ਦਾਇਰ ਕਰ ਦਿੱਤਾ ਕਿ ਕਥਿਤ ਦੋਸ਼ੀਆਂ ਨੇ ਵੱਡੇ ਪੱਧਰ 'ਤੇ ਆਰਥਿਕ ਅਪਰਾਧ ਨੂੰ ਅੰਜਾਮ ਦਿੱਤਾ ਹੈ। ਆਪਣੀ ਸਿਆਸੀ ਤੇ ਆਰਥਿਕ ਪਹੁੰਚ ਦੀ ਵਰਤੋਂ ਕਰਦਿਆਂ ਦੋਸ਼ੀ ਇਸ ਮਾਮਲੇ ਨੂੰ ਬੜੇ ਲੰਮੇ ਅਰਸੇ ਤਕ ਲਟਕਾਉਣ ਵਿਚ ਸਫਲ ਹੋ ਗਏ, ਪ੍ਰੰਤੂ ਅਖੀਰ ਕਾਨੂੰਨ ਨੇ ਕੱਲ੍ਹ ਉਨ੍ਹਾਂ ਨੂੰ ਆਪਣਾ ਅਸਲੀ ਰੰਗ ਵਿਖਾ ਦਿੱਤਾ।
ਇੱਥੇ ਇਹ ਜ਼ਿਕਰ ਕਰਨਾ ਕੁੱਥਾਂ ਨਹੀਂ ਹੋਵੇਗਾ ਕਿ ਰਾਜਿੰਦਰ ਮਿੱਤਲ ਇਸ ਵੇਲੇ ਇਕ ਵੱਡੇ ਸਨਅਤਕਾਰ ਤੋਂ ਇਲਾਵਾ Àੁੱਤਰੀ ਭਾਰਤ ਦੇ ਗਿਣੇ-ਚੁਣੇ ਰੀਅਲ ਅਸਟੇਟ ਕਾਰੋਬਾਰੀਆਂ 'ਚੋਂ ਇਕ ਹੈ। ਬਠਿੰਡਾ ਵਿਖੇ ਉਹ ਆਧੁਨਿਕ ਮਿੱਤਲ ਮਾਲ ਦੇ ਮਾਲਕ ਤੋਂ ਇਲਾਵਾ ਕਈ ਸ਼ਾਨਦਾਰ ਕਾਲੋਨੀਆਂ ਦਾ ਨਿਰਮਾਣ ਵੀ ਕਰਵਾ ਚੁੱਕਾ ਹੈ। ਉਸ ਦੀ ਸਿਆਸੀ ਪਹੁੰਚ ਦਾ ਅੰਦਾਜਾ ਇਸ ਤੱਥ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਅਕਸਰ ਹੀ ਬਾਦਲ ਪਰਿਵਾਰ ਉਸ ਦੀ ਮਹਿਮਾਨ ਨਿਵਾਜੀ ਦਾ ਆਨੰਦ ਮਾਣਦਾ ਵੇਖਿਆ ਗਿਆ ਹੈ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ