Sat, 02 March 2024
Your Visitor Number :-   6880287
SuhisaverSuhisaver Suhisaver

ਤਲਵੰਡੀ ਸਾਬੋ ਦੇ ਲੋਕ ਮੌਕਾਪ੍ਰਸਤੀ ਦੀ ਸਿਆਸਤ ਨੂੰ ਸਬਕ ਸਿਖਾਉਣਗੇ : ਬਾਜਵਾ

Posted on:- 06-08-2014

ਡੱਬਵਾਲੀ : ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਤਲਵੰਡੀ ਸਾਬੋ ਸੀਟ ਨੂੰ ਕਾਂਗਰਸੀ ਖਾਤੇ ’ਚ ਬਰਕਰਾਰ ਰੱਖਣ ਅਤੇ ਕਾਂਗਰਸ ਛੱਡ ਕੇ ਅਕਾਲੀ ਦਲ ਵੱਲੋਂ ਖੜ੍ਹੇ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੂੰ ‘ਸਿਆਸੀ ਸਬਕ’ ਸਿਖਾਉਣ ਲਈ ਖੇਤਰ ਵਿਚ ‘ਪੱਕੇ’ ਡੇਰੇ ਲਾ ਦਿੱਤੇ ਹਨ। ਦੋ-ਢਾਈ ਮਹੀਨੇ ਪਹਿਲਾਂ ਤੱਕ ਕਾਂਗਰਸ ਵੱਲੋਂ ਤਲਵੰਡੀ ਸਾਬੋ ਤੋਂ ਵਿਧਾਇਕ ਰਹੇ ਜੀਤਮਹਿੰਦਰ ਸਿੰਘ ਸਿੱਧੂ ਵੱਲੋਂ ਨਿੱਜੀ ਹਿੱਤਾਂ ਲਈ ਸਿਆਸੀ ਫੇਰਬਦਲ ਤਹਿਤ ਤਲਵੰਡੀ ਸਾਬੋ ਹਲਕੇ ਦੀ ਜ਼ਿਮਨੀ ਚੋਣ ਰਾਹੀਂ ਆਮ ਜਨਤਾ ਦੀ ਖੱਜਲਖੁਆਰੀ ਅਤੇ ਕਰੋੜਾਂ ਰੁਪਏ ਦੀ ਬਰਬਾਦੀ ਤੋਂ ਕਾਂਗਰਸ ਦੇ ਸੂਬਾਈ ਪ੍ਰਧਾਨ ਖਾਸੇ ਔਖੇ ਸਨ। ਬੀਤੀ ਦੇਰ ਸ਼ਾਮ ਸ੍ਰ. ਬਾਜਵਾ ਨੇ ਡੱਬਵਾਲੀ ਵਿਖੇ ਪੀਡਬਿਲਿਊਡੀ ਰੈਸਟ ਹਾਊਸ ਵਿਖੇ ਜ਼ਿਲ੍ਹਾ ਕਾਂਗਰਸ ਮੁਕਤਸਰ ਸਾਹਿਬ ਦੇ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਅਤੇ ਜ਼ਿਲ੍ਹਾ ਕਾਂਗਰਸ ਬਠਿੰਡਾ (ਦਿਹਾਤੀ) ਦੇ ਪ੍ਰਧਾਨ ਗੁਰਾਂ ਸਿੰਘ ਤੁੰਗਵਾਲੀ ਅਤੇ ਹੋਰਨਾਂ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕਰਕੇ ਜ਼ਿਮਨੀ ਚੋਣ ਸਬੰਧੀ ਗੱਲਬਾਤ ਕਰਕੇ ਚੋਣ ਪ੍ਰਚਾਰ ਸਬੰਧੀ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ।

ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ’ਤੇ ਨਿਸ਼ਾਨੇ ਬਿੰਨ੍ਹਦਿਆਂ ਕਿਹਾ ਕਿ ਕਾਂਗਰਸ ਨੇ ਜੀਤ ਮਹਿੰਦਰ ਸਿੰਘ ਸਿੱਧੂ ਨੂੰ 3 ਵਾਰ ਵਿਧਾਨ ਸਭਾ ਟਿਕਟ ਨਾਲ ਨਿਵਾਜਿਆ ਸੀ ਅਤੇ ਸਿਰਫ਼ ਇੱਕ ਪੁਲਿਸ ਕੇਸ ਪੈਣ ਦੇ ਖੌਫ਼ ’ਚ ਆਪਣੇ ਚਿੱਟੇ ਸਿਆਸੀ ਕੱਪੜੇ ਪਲਾਂ ’ਚ ਬੰਦਰੰਗ ਹੋ ਗਏ। ਸ੍ਰ. ਬਾਜਵਾ ਨੇ ਆਖਿਆ ਕਿ ਹੁਣ ਕਾਂਗਰਸੀ ਤੋਂ ਅਕਾਲੀ ਹੋ ਕੇ ਜੀਤਮਹਿੰਦਰ ਸਿੰਘ ਕਿਹੜੇ ਮੂੰਹ ਨਾਲ ਤਲਵੰਡੀ ਸਾਬੋ ਹਲਕੇ ਦੇ ਸੂਝਵਾਨ ਵੋਟਰਾਂ ਦੀਆਂ ਵੋਟਾਂ ਦਾ ਹੱਕਦਾਰ ਹੈ, ਜਿਸ ਨੂੰ ਹਲਕੇ ਦੇ ਵੋਟਰਾਂ ਨੇ ਕਾਂਗਰਸ ਦੀ ਟਿਕਟ ’ਤੇ ਜਿਤਾ ਕੇ ਆਪਣੇ ਮਸਲੇ ਉਠਾਉਣ ਲਈ ਪੰਜਾਬ ਵਿਧਾਨ ਸਭਾ ’ਚ ਭੇਜਿਆ ਸੀ, ਪਰ ਜੀਤ ਮਹਿੰਦਰ ਨੇ ਵੋਟਰਾਂ ਦੀਆਂ ਭਾਵਨਾਵਾਂ ਨੂੰ ਦਰਕਿਨਾਰ ਕਰਕੇ ਆਪਣੇ ਨਿੱਜੀ ਸੁਆਰਥਾਂ ਲਈ ਤਲਵੰਲੀ ਸਾਬੋ ਦੇ ਲੋਕਾਂ ਨੂੰ ਜ਼ਿਮਨੀ ਚੋਣ ਦੀ ਭੱਠੀ ਵਿੱਚ ਸੁੱਟ ਦਿੱਤਾ। ਉਨ੍ਹਾਂ ਚਿੰਤਾ ਜ਼ਾਹਰ ਕੀਤੀ ਕਿ ਜੀਤਮਹਿੰਦਰ ਦੇ ਨਿੱਜੀ ਸੁਆਰਥਾਂ ਅਤੇ ਅਕਾਲੀ ਦਲ ਦੇ ਪ੍ਰਧਾਨ ਦੀ ਸਿਆਸੀ ਅਜਾਰੇਦਾਰੀ ਦੀ ਖੇਡ ਪਤਾ ਨਹੀਂ ਜ਼ਿਮਨੀ ਚੋਣ ’ਚ ਕਿੰਨੇ ਕੁ ਝਗੜਿਆਂ ਨੂੰ ਜਨਮ ਦੇਵੇਗੀ।

ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਕਿ ਪੂਰਨ ਬਹੁਮਤ ਹੋਣ ਦੇ ਬਾਵਜੂਦ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿਚ ਬਿਨ੍ਹਾ ਕਿਸੇ ਸਿਆਸੀ ਮਜ਼ਬੂਰੀ ਦੇ ‘ਆਇਆ ਰਾਮ-ਗਿਆ ਰਾਮ’ ਦੀ ਰਾਜਨੀਤੀ ਨੂੰ ਬੜ੍ਹਾਵਾ ਦਿੰਦਿਆਂ ਸੂਬੇ ਨੂੰ ਦੋ ਵਾਰ ਜ਼ਿਮਨੀ ਚੋਣਾਂ ਦੀ ਭੱਠੀ ’ਚ ਝੋਕਿਆ ਹੈ, ਜਿਸ ਨਾਲ ਅਕਾਲੀ ਦਲ ਨੂੰ ਨਾ ਤਾਂ ਕੋਈ ਵੱਡਾ ਸਿਆਸੀ ਲਾਹਾ ਪੁੱਜਿਆ, ਪਰ ਸਰਕਾਰੀ ਪੈਸੇ ਦੀ ਬਰਬਾਦੀ ਅਤੇ ਬੇਵਜ੍ਹਾ ਖੱਜਲ-ਖੁਆਰੀ ਦੇ ਸਿਵਾਏ ਪੰਜਾਬ ਦੇ ਲੋਕਾਂ ਦੇ ਪੱਲੇ ਕੁਝ ਨਹੀਂ ਪਿਆ, ਬਲਕਿ ਭਾਈਚਾਰਕ ਸਾਂਝ ਟੁੱਟੀ ਉਹ ਵੱਖਰੀ।

ਉਨ੍ਹਾਂ ਆਖਿਆ ਕਿ ਅਕਾਲੀ ਦਲ ਦੀ ਸਿਆਸਤ ਨੂੰ ਗੈਰ ਸਿਧਾਂਤਕ ਕਰਾਰ ਦਿੰਦਿਆਂ ਆਖਿਆ ਕਿ ਪਿਉ-ਪੁੱਤ ਦੀ ਜੋੜੀ ਦੀ ਅਗਵਾਈ ਪੰਜਾਬ ਦਾ ਸਮਾਂ ਖ਼ਰਾਬ ਕੀਤਾ ਜਾ ਰਿਹਾ ਹੈ ਅਤੇ ਸੂਬੇ ਦੀ ਨੌਜਵਾਨੀ ਨਸ਼ਿਆਂ ਦੀ ਮਾਰ ਹੇਠ ਆ ਰਹੀ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਆਖਿਆ ਕਿ ਪੰਜਾਬ ਵਿਕਾਸ ਪੱਖੋਂ ਪਛੜ ਕੇ 14ਵੇਂ ਨੰਬਰ ’ਤੇ ਪੁੱਜ ਗਿਆ ਹੈ ਅਤੇ ਸੂਬੇ ਸਿਰ 2 ਲੱਖ ਕਰੋੜ ਦਾ ਕਰਜ਼ਾ ਹੈ ਜਿਸ ਨੂੰ ਲਾਹੁਣ ਦਾ ਕੋਈ ਮੂੰਹ-ਸਿਰ ਬੰਨਦਾ ਨਹੀਂ ਵਿਖਾਈ ਦਿੰਦਾ। ਉਨ੍ਹਾਂ ਅਕਾਲੀ ਦਲ ਦੇ ਲੰਘੀਆਂ ਵਿਧਾਨ ਸਭਾ ਚੋਣਾਂ ਦੇ ਚੋਣ ਮਨੋਰਥ ਪੱਤਰਾਂ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਅਕਾਲੀ ਦਲ ਦੇ 2007 ਅਤੇ 2012 ਵਿਚ ਦੋਵੇਂ ਵਾਰ ਪੈਨਸ਼ਨ 250 ਰੁਪਏ ਤੋਂ 5 ਸੌ ਰੁਪਏ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਉਹ ਅੱਜ ਤੱਕ ਪੂਰਾ ਨਹੀਂ ਹੋਇਆ। ਅਕਾਲੀ ਦਲ ਦੇ ਲੈਪਟਾਪਾਂ ਨੂੰ ਵਿਦਿਆਰਥੀ ਅੱਜ ਤੱਕ ਉਡੀਕ ਰਹੇ ਹਨ ਅਤੇ ਬੇਰੁਜ਼ਗਾਰਾਂ ਨੂੰ ਦਿੱਤੇ ਜਾਣ ਵਾਲਾ 1 ਹਜ਼ਾਰ ਰੁਪਏ ਰੁਪਏ ਭੱਤਾ ਵੀ ਕਿਧਰੇ ਰਾਹ ਵਿਚ ਗੁਆਚ ਗਿਆ ਹੈ।

ਉਨ੍ਹਾਂ ਕਾਂਗਰਸ ਦੇ ਸੀਨੀਅਰ ਜਗਮੀਤ ਸਿੰਘ ਬਰਾੜ ਮਾਮਲੇ ’ਚ ਅਨੁਸ਼ਾਸਨਤਮਿਕ ਕਾਰਵਾਈ ਪੁੱਛੇ ਜਾਣ ’ਤੇ ਆਖਿਆ ਕਿ ਜਿਹੜਾ ਖੁਦ ਰੱਸੇ ਤੁੜਵਾਉਂਦਾ ਫਿਰਦਾ ਹੋਵੇ, ਉਸ ’ਤੇ ਕਾਰਵਾਈ ਦੀ ਕੀ ਜ਼ਰੂਰਤ ਹੈ। ਸ੍ਰੀ ਬਾਜਵਾ ਨੇ ਆਖਿਆ ਕਿ ਤਲਵੰਡੀ ਸਾਬੋ ਦੇ ਸੂਝਵਾਨ ਵੋਟਰ ਜ਼ਮਨੀ ਚੋਣ ’ਚ ਕਾਂਗਰਸ ਨੂੰ ਵੱਡੇ ਫ਼ਰਕ ਨਾਲ ਜਿੱਤ ਕੇ ਮੌਕਾਪ੍ਰਸਤੀ ਦੀ ਸਿਆਸਤ ਨੂੰ ਤਕੜਾ ਸਬਕ ਸਿਖਾਉਣਗੇ। ਸ੍ਰੀ ਬਾਜਵਾ ਨੇ ਆਖਿਆ ਕਿ ਪੂਰੀ ਕਾਂਗਰਸ ਇੱਕਜੁਟ ਹੋ ਕੇ ਜ਼ਿਮਨੀ ਚੋਣ ’ਚ ਕੰਮ ਕਰੇਗੀ ਅਤੇ ਉਹ 21 ਅਗਸਤ ਤੱਕ ਤਲਵੰਡੀ ਸਾਬੋ ਹਲਕੇ ’ਚ ਪੱਕੇ ਡੇਰੇ ਲਾ ਕੇ ਚੋਣ ਪ੍ਰਚਾਰ ਕਰਨਗੇ। ਇਸ ਮੌਕੇ ਸੀਨੀਅਰ ਕਾਂਗਰਸ ਆਗੂ ਰਣਧੀਰ ਸਿੰਘ ਧੀਰਾ ਖੁੱਡੀਆਂ, ਕੁਲਦੀਪ ਸਿੰਘ ਗੁਦਰਾਨਾ, ਗੁਰਸੇਵਕ ਸਿੰਘ ਲੰਬੀ, ਗੁਰਜੰਟ ਸਿੰਘ ਬਰਾੜ ਕਿੱਲਿਆਂਵਾਲੀ, ਗੁਰਬਾਜ ਸਿੰਘ ਵਣਵਾਲਾ, ਲੰਬੀ ਹਲਕਾ ਕਾਂਗਰਸ ਦੇ ਪ੍ਰਧਾਨ ਮੋਹਣ ਸਿੰਘ ਕੱਟਿਆਂਵਾਲੀ, ਸੁੱਖਾ ਗੁਰੂਸਰ, ਟੋਜੀ ਲੰਬੀ, ਦਰਸ਼ਨ ਸਿੰਘ ਵੜਿੰਗਖੇੜਾ, ਰਾਜਾ ਮਾਹੂਆਣਾ, ਮਦਨ ਲਾਲ ਕਾਕਾ, ਲਾਲੀ ਮਾਨ, ਸਾਧੂ ਰਾਮ, ਦੇਵ ਸਹਾਰਨ ਸਮੇਤ ਹੋਰਨਾਂ ਵਰਕਰ ਵੀ ਮੌਜੂਦ ਸਨ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ