Fri, 19 July 2024
Your Visitor Number :-   7196089
SuhisaverSuhisaver Suhisaver

ਸਿਰਸਾ ਡੇਰੇ ਦੀ ਪਟਾਰੀ 'ਚ ਵੋਟਾਂ ਵਾਲਾ ਉਹ ਸੌਦਾ ਹੁਣ ਨਹੀਂ ਰਿਹਾ

Posted on:- 20-10-2014

ਬੀ ਐਸ ਭੁੱਲਰ/ਬਠਿੰਡਾ : ਹਰਿਆਣਾ ਵਿਧਾਨ ਸਭਾ ਦੇ ਕੱਲ੍ਹ ਆਏ ਚੋਣ ਨਤੀਜਿਆਂ ਨੇ ਇੱਕ ਵਾਰ ਮੁੜ ਇਹ ਸਾਬਤ ਕਰ ਦਿੱਤਾ ਹੈ, ਕਿ ਸਿਰਸਾ ਵਾਲੇ ਡੇਰੇ ਦੀ ਪਟਾਰੀ ਵਿੱਚ ਵੋਟਾਂ ਵਾਲਾ ਉਹ ਸੌਦਾ ਹੁਣ ਨਹੀਂ ਰਿਹਾ, ਕੰਪਿਊਟਰਾਂ ਵਿੱਚ ਦਰਜ ਅੰਕੜੇ ਦਰਸਾ ਕੇ ਵੱਖ ਵੱਖ ਰੰਗਾਂ ਦੇ ਸਿਆਸਤਦਾਨਾਂ ਤੋਂ ਜਿਸ ਦੇ ਮਾਧਿਅਮ ਰਾਹੀਂ ਇਸ ਦੁਕਾਨ ਦੇ ਪ੍ਰਬੰਧਕ ਹੁਣ ਤੱਕ ਡੰਡਾਉਤ ਵੰਦਨਾ ਕਰਵਾਉਂਦੇ ਆ ਰਹੇ ਸਨ।

ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੀ ਕਾਰਜ ਪ੍ਰਣਾਲੀ ਤੋਂ ਵਾਕਫ਼ ਸੂਤਰਾਂ ਅਨੁਸਾਰ ਹਰ ਚੋਣ ਤੋਂ ਪਹਿਲਾਂ ਇਸ ਡੇਰੇ ਦੇ ਸਿਆਸੀ ਵਿੰਗ ਦੇ ਆਗੂ ਵੱਖ ਵੱਖ ਸਿਆਸੀ ਪਾਰਟੀਆਂ ਦੀ ਸੀਨੀਅਰ ਲੀਡਰਸ਼ਿਪ ਨੂੰ ਕੰਪਿਊਟਰਾਂ 'ਚ ਦਰਜ ਵੇਰਵੇ ਦਿਖਾ ਕੇ ਇਹ ਭੁਲੇਖਾ ਸਿਰਜਣ ਵਿੱਚ ਸਫ਼ਲ ਹੁੰਦੇ ਆ ਰਹੇ ਸਨ, ਕਿ ਪੰਜਾਬ ਹਰਿਆਣਾ ਅਤੇ ਰਾਜਸਥਾਨ ਆਦਿ ਦੇ ਹਰ ਵਿਧਾਨ ਸਭਾ ਹਲਕੇ ਵਿੱਚ ਕਿਸੇ ਵੀ ਧਿਰ ਨੂੰ ਉਹ ਹਜ਼ਾਰਾਂ ਵੋਟਾਂ ਭੁਗਤਾਉਣ ਦੇ ਸਮਰੱਥ ਹਨ।
ਡੇਰੇ ਵੱਲੋਂ ਤਣੇ ਅਜਿਹੇ ਮੱਕੜਜਾਲ ਵਿੱਚ ਫਸ ਕੇ ਉੱਤਰੀ ਭਾਰਤ ਦੇ ਇਹਨਾਂ ਤਿੰਨਾਂ ਰਾਜਾਂ ਦੇ ਵੱਡੇ ਵੱਡੇ ਆਗੂ ਜਿੱਥੇ ਡੇਰਾ ਮੁਖੀ ਨੂੰ ਨਤਮਸਤਕ ਹੁੰਦੇ ਦੇਖੇ ਜਾਂਦੇ ਰਹੇ ਹਨ, ਉੱਥੇ ਹਰ ਹਲਕੇ ਤੋਂ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰ ਵੀ ਉਹਨਾਂ ਦੇ ਸਿਆਸੀ ਪ੍ਰਬੰਧਕਾਂ ਸਾਹਮਣੇ ਡੰਡਾਉਤ ਵੰਦਨਾਂ ਕਰਨ ਤੋਂ ਨਹੀਂ ਸਨ ਕਤਰਾਉਂਦੇ। ਜਾਹਰਾ ਤੌਰ ਤੇ ਕਿਸੇ ਇੱਕ ਪਾਰਟੀ ਨੂੰ ਹਮਾਇਤ ਦੇਣ ਦੀ ਬਜਾਏ ਉਹ ਹਰ ਇੱਕ ਦੇ ਕੰਨਾਂ ਬਾਟੀ ਕੁਰਰ ਕਰ ਦਿੰਦੇ ਸਨ। ਚੋਣ ਨਤੀਜੇ ਆਉਣ ਤੇ ਜਿਹੜੀ ਵੀ ਧਿਰ ਜਿੱਤ ਜਾਂਦੀ ਉਸਦੀ ਸਫਲਤਾ ਦਾ ਸਿਹਰਾ ਸਿਆਸੀ ਵਿੰਗ ਦੇ ਆਗੂ ਆਪਣੇ ਮੱਥੇ ਤੇ ਸਜ਼ਾ ਲੈਂਦੇ ਸਨ।
ਸੰਘ ਪਰਿਵਾਰ ਸ਼ਾਇਦ ਡੇਰੇ ਦੀ ਇਸ ਸਿਆਸੀ ਕਲਾਬਾਜੀ ਨੂੰ ਚੰਗੀ ਤਰ੍ਹਾਂ ਸਮਝ ਚੁੱਕਾ ਸੀ, ਇਹੀ ਕਾਰਨ ਹੈ ਕਿ ਬੁੱਕਲ 'ਚ ਗੁੜ ਭੰਨਣ ਦੀ ਬਜਾਏ ਉਹਨਾਂ ਜਨਤਕ ਤੌਰ ਤੇ ਡੇਰਾ ਪ੍ਰਬੰਧਕਾਂ ਨੂੰ ਭਾਜਪਾ ਦੀ ਹਮਾਇਤ ਕਰਨ ਦਾ ਐਲਾਨ ਕਰਨ ਲਈ ਮਜਬੂਰ ਕਰ ਦਿੱਤਾ। ਇੱਥੇ ਇਹ ਵੀ ਜਿਕਰਯੋਗ ਹੈ ਕਿ ਇਹ ਐਲਾਨ ਕਰਨ ਸਮੇਂ ਡੇਰੇ ਦੇ ਇੱਕ ਬੁਲਾਰੇ ਨੇ ਇਹ ਦਾਅਵਾ ਵੀ ਕਰ ਦਿੱਤਾ ਸੀ, ਕਿ ਹਰਿਆਣਾ ਵਿੱਚ ਉਹਨਾਂ ਦੇ ਪ੍ਰਭਾਵ ਹੇਠਲੇ ਵੋਟਰਾਂ ਦੀ ਗਿਣਤੀ 45 ਲੱਖ ਦੇ ਕਰੀਬ ਹੈ।
ਹਰਿਆਣਾ ਵਿੱਚ ਭਾਜਪਾ ਨੂੰ ਮਿਲੀ ਇਤਿਹਾਸਕ ਸਫਲਤਾ ਦਾ ਸਿਹਰਾ ਭਾਵੇਂ ਕਈ ਅਖ਼ਬਾਰਾਂ ਨੇ ਡੇਰੇ ਦੇ ਵੋਟ ਬੈਂਕ ਨੂੰ ਦਿੱਤੈ, ਪਰੰਤੂ ਜੇ ਜਮੀਨੀ ਹਾਲਤਾਂ ਦਾ ਵਿਸਲੇਸ਼ਣ ਕੀਤਾ ਜਾਵੇ, ਤਾਂ ਬਿੱਲੀ ਥੈਲਿਉਂ ਪੂਰੀ ਤਰ੍ਹਾਂ ਬਾਹਰ ਆ ਚੁੱਕੀ ਹੈ। ਡੇਰੇ ਦੇ ਹੈੱਡਕੁਆਟਰ ਵਾਲੇ ਲੋਕ ਸਭਾ ਹਲਕਾ ਸਿਰਸਾ ਦੇ ਚੋਣ ਨਤੀਜਿਆਂ ਤੋਂ ਸਾਰੀ ਸਥਿਤੀ ਸਪਸਟ ਹੋ ਜਾਂਦੀ ਹੈ।  9 ਵਿਧਾਨ ਸਭਾ ਹਲਕਿਆਂ ਵਾਲੇ ਇਸ ਇਲਾਕੇ ਚੋਂ ਭਾਜਪਾ ਨੂੰ ਸਿਰਫ ਤੇ ਸਿਰਫ ਟੋਹਾਣਾ ਤੋਂ ਹੀ ਸਫਲਤਾ ਮਿਲੀ ਹੈ।
ਵਿਧਾਨ ਸਭਾ ਹਲਕਾ ਸਿਰਸਾ ਤੋਂ ਇਨੈਲੋ ਦੇ ਉਮੀਦਵਾਰ ਮੱਖਣ ਲਾਲ ਨੇ ਹਰਿਆਣਾ ਲੋਕ ਹਿਤ ਪਾਰਟੀ ਦੇ ਗੋਪਾਲ ਕਾਂਡਾ ਨੂੰ 2938 ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ, ਭਾਜਪਾ ਦੀ ਸੁਨੀਤਾ ਸੇਤੀਆ ਪਛੜ ਕੇ ਤੀਜੇ ਥਾਂ ਤੇ ਪਹੁੰਚ ਗਈ। ਭਾਜਪਾ ਦੇ ਪਵਨ ਬੈਨੀਪਾਲ ਨੂੰ 11539 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਇਨੈਲੋ ਦੇ ਅਭੈ ਚੌਟਾਲਾ ਨੇ ਏਲਨਾਬਾਦ ਵਾਲਾ ਕਿਲ੍ਹਾ ਸੁਰੱਖਿਅਤ ਰੱਖ ਲਿਆ।
ਡੱਬਵਾਲੀ ਤੋਂ ਇਨੈਲੋ ਦੀ ਨੈਨਾ ਚੌਟਾਲਾ ਨੇ ਕਾਂਗਰਸ ਦੇ ਡਾ: ਕੇ ਵੀ ਸਿੰਘ ਨੂੰ 8545 ਵੋਟਾਂ ਦੇ ਫ਼ਰਕ ਨਾਲ ਹਰਾਇਐ, ਜਦ ਕਿ ਭਾਜਪਾ ਦਾ ਉਮੀਦਵਾਰ ਦੇਵ ਸਰਮਾਂ ਪਛੜ ਕੇ ਤੀਜੇ ਸਥਾਨ ਤੇ ਰਹਿ ਗਿਆ। ਕਾਲਿਆਂਵਾਲੀ ਦੀ ਸੀਟ ਵੀ ਇਨੈਲੋ ਦੇ ਭਾਈਵਾਲਾ ਅਕਾਲੀ ਦਲ ਦੇ ਬਲਕੌਰ ਸਿੰਘ ਨੇ ਕਾਂਗਰਸ ਦੇ ਸੀਸਪਾਲ ਕੇਹਰਵਾਲਾ ਤੋਂ 12965 ਵੋਟਾਂ ਦੇ ਫ਼ਰਕ ਨਾਲ ਜਿੱਤ ਲਈ ਹੈ, ਇੱਥੇ ਵੀ ਭਾਜਪਾ ਤੀਜੇ ਨੰਬਰ ਤੇ ਰਹਿ ਗਈ। ਰਤੀਆ ਵਿਧਾਨ ਸਭਾ ਹਲਕੇ ਤੋਂ ਇਨੈਲੋ ਦੇ ਰਵਿੰਦਰ ਬੜਿਆਲਾ ਨੇ ਭਾਜਪਾ ਦੀ ਸੁਨੀਤਾ ਦੁੱਗਲ ਨੂੰ 453 ਦੇ ਫ਼ਰਕ ਨਾਲ ਹਰਾਇਐ। ਰਾਣੀਆਂ ਤੋਂ ਇਨੈਲੋ ਦੇ ਰਾਮ ਚੰਦਰ ਕੰਬੋਜ ਨੇ ਹਰਿਆਣਾ ਲੋਕ ਹਿਤ ਪਾਰਟੀ ਦੇ ਗੋਬਿੰਦ ਕਾਂਡਾ ਨੂੰ 4315 ਵੋਟਾਂ ਦੇ ਫ਼ਰਕ ਨਾਲ ਹਰਾਇਆ, ਜਦ ਕਿ ਭਾਜਪਾ ਦੇ ਜਗਦੀਸ ਨਹਿਰਾ ਤੀਜੀ ਥਾਂ ਤੇ ਰਹਿ ਗਏ।
ਫਤਿਆਬਾਦ ਹਲਕੇ ਤੋਂ ਇਨੈਲੋ ਦੇ ਬਲਵਾਨ ਸਿੰਘ ਦੌਲਤਪੁਰੀਆ ਨੇ ਹਰਿਆਣਾ ਜਨਹਿਤ ਪਾਰਟੀ ਦੇ ਦੂਰਾ ਰਾਮ ਤੋਂ 3505 ਵੋਟਾਂ ਦੇ ਫ਼ਰਕ ਨਾਲ ਜਿੱਤੀ, ਜਦ ਕਿ ਭਾਜਪਾ ਕਾਫ਼ੀ ਪਿੱਛੇ ਰਹਿ ਗਈ। ਨਰਵਾਨਾ ਤੋਂ ਇਨੈਲੋ ਦੇ ਪ੍ਰਿਥੀ ਸਿੰਘ ਨੇ ਭਾਜਪਾ ਦੀ ਸੰਤੋਸ ਰਾਣੀ ਤੋਂ 63014 ਵੋਟਾਂ ਵੱਧ ਲੈ ਕੇ ਜਿੱਤ ਦੇ ਝੰਡੇ ਗੱਡ ਦਿੱਤੇ। ਸਿਰਫ ਤੇ ਸਿਰਫ ਟੋਹਾਣਾ ਹੀ ਇੱਕੋ ਇੱਕ ਅਜਿਹੀ ਸੀਟ ਹੈ, ਲੋਕ ਸਭਾ ਹਲਕਾ ਸਿਰਸਾ ਚੋਂ ਜਿੱਥੋਂ ਭਾਜਪਾ ਦੇ ਸੁਭਾਸ ਬਰਾਲਾ ਨੂੰ ਇਨੈਲੋ ਦੇ ਨਿਸਾਨ ਸਿੰਘ ਦੇ ਮੁਕਾਬਲੇ 6906 ਵੋਟਾਂ ਵੱਧ ਮਿਲੀਆਂ।
ਦੇਸਵਾਲ ਪੱਟੀ ਦੀਆਂ 14 ਚੋਂ 10 ਸੀਟਾਂ ਜਿੱਤ ਕੇ ਭੁਪਿੰਦਰ ਸਿੰਘ ਹੁੱਡਾ ਨੇ ਆਪਣਾ ਏਕਾਅਧਿਕਾਰ ਕਾਇਮ ਰੱਖਿਆ। ਕਾਂਗਰਸ ਹਾਈਕਮਾਂਡ ਵੱਲੋਂ ਚੌਧਰੀ ਬਰਿੰਦਰ ਸਿੰਘ ਵਰਗੇ ਆਪਣੇ ਪਰਖੇ ਹੋਏ ਸੀਨੀਅਰ ਆਗੂਆਂ ਨੂੰ ਦਰ ਕਿਨਾਰ ਕਰਨ ਦਾ ਹੀ ਇਹ ਨਤੀਜਾ ਹੈ, ਕਿ  ਉਸਨੂੰ ਜਾਟ ਲੈਂਡ ਦੇ ਅਧਾਰਤ ਬਾਂਗਰ ਅਤੇ ਬਾਗੜ ਇਲਾਕਿਆਂ ਚੋਂ ਅਣਕਿਆਸੀ ਮਾਰ ਦਾ ਸਾਹਮਣਾ ਕਰਨਾ ਪਿਐ। ਜੇਕਰ ਵਕਤ ਰਹਿੰਦਿਆਂ ਸਥਿਤੀ ਨੂੰ ਸੰਭਾਲਿਆ ਹੁੰਦਾ ਤਾਂ ਨਤੀਜੇ ਵੱਖਰੇ ਹੋ ਸਕਦੇ ਸਨ। ਜਿੱਥੋਂ ਤੱਕ ਡੇਰਾ ਸੱਚਾ ਸੌਦਾ ਵਾਲਿਆਂ ਵੱਲੋਂ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰਨ ਦਾ ਸੁਆਲ ਹੈ, ਹਰਮੰਦਰ ਸਿੰਘ ਜੱਸੀ ਜੋ ਡੇਰਾ ਮੁਖੀ ਦਾ ਕੁੜਮ ਹੈ, ਦੇ ਲਗਾਤਾਰ ਦੋ ਵਾਰ ਬਠਿੰਡਾ ਅਤੇ ਤਲਵੰਡੀ ਸਾਬੋ ਹਲਕਿਆਂ ਤੋਂ ਹਾਰਨ ਨਾਲ ਪੰਜਾਬ ਵਾਲੇ ਅਸਰ ਰਸੂਖ ਦਾ ਦਿਵਾਲਾ ਤਾਂ ਪਹਿਲਾਂ ਹੀ ਨਿਕਲ ਚੁੱਕੈ। ਚਾਰ ਕੁ ਮਹੀਨੇ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਵੇਲੇ ਜਿਸ ਭਾਜਪਾ ਨੂੰ ਹਰਿਆਣਾ ਦੇ 52 ਵਿਧਾਨ ਸਭਾਈ ਹਲਕਿਆਂ ਚੋਂ ਵੱਧ ਵੋਟਾਂ ਪ੍ਰਾਪਤ ਹੋਈਆਂ ਸਨ, ਉਹ ਅੰਕੜਾ ਘਟ ਕੇ ਹੁਣ 47 ਤੇ ਰਹਿ ਗਿਐ।ਇਸ ਵਿਸਲੇਸ਼ਣ ਤੋਂ ਇਹ ਅੰਦਾਜਾ ਸਹਿਜੇ ਹੀ ਲਾਇਆ ਜਾ ਸਕਦੈ, ਕਿ ਭਾਜਪਾ ਨੂੰ ਮਿਲੀ ਸਫਲਤਾ ਨਰਿੰਦਰ ਮੋਦੀ ਦੇ ਕ੍ਰਿਸਮੇ ਤੇ ਨਿਰਭਰ ਹੈ ਜਾਂ ਸੱਚੇ ਸੌਦੇ ਵਾਲੇ ਬਾਬੇ ਵੱਲੋਂ ਦਿਖਾਈ ਕਰਾਮਾਤ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ