Tue, 23 April 2024
Your Visitor Number :-   6993750
SuhisaverSuhisaver Suhisaver

2ਜੀ ਮਹਾਘਪਲਾ : ਏ ਰਾਜਾ, ਕਨੀਮੋਝੀ ਤੇ ਦਿਆਲੂ ਅਮਾਲ ਖਿਲਾਫ਼ ਦੋਸ਼ ਤੈਅ

Posted on:- 31-10-2014

ਨਵੀਂ ਦਿੱਲੀ : ਦਿੱਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ 2ਜੀ ਮਹਾਘਪਲੇ ਨਾਲ ਜੁੜੇ ਇੱਕ ਮਾਮਲੇ 'ਚ ਸਾਬਕਾ ਦੂਰਸੰਚਾਰ ਮੰਤਰੀ ਏ ਰਾਜਾ, ਸਾਂਸਦ ਕਨੀਮੋਝੀ ਤੇ ਡੀਐਮਕੇ ਮੁਖੀ ਐਮ ਕਰੁਣਾਨਿਧੀ ਦੀ ਪਤਨੀ ਦਿਆਲੂ ਅਮਾਲ ਖਿਲਾਫ਼ ਸੁਣਵਾਈ ਦੇ ਆਦੇਸ਼ ਦਿੰਦਿਆਂ ਕਿਹਾ ਕਿ ਸਾਰੇ ਦੋਸ਼ੀਆਂ ਖਿਲਾਫ਼ ਪਹਿਲੇ ਨਜ਼ਰੇ ਮਨੀ ਲਾਂਡਰਿੰਗ ਦੇ ਦੋਸ਼ ਲਗਾਏ ਗਏ ਹਨ।

ਸੀਬੀਆਈ ਦੇ ਵਿਸ਼ੇਸ਼ ਜੱਜ ਓਪੀ ਸੈਣੀ ਨੇ 19 ਦੋਸ਼ੀਆਂ ਦੇ ਖਿਲਾਫ਼ ਆਈਪੀਸੀ ਦੀ ਧਾਰਾ 120 ਬੀ (ਅਪਰਾਧਿਕ ਸਾਜ਼ਿਸ਼) ਅਤੇ ਧਨ ਸੋਧਣ ਰੋਕੂ ਕਾਨੂੰਨ ਦੀਆਂ ਵੱਖ–ਵੱਖ ਧਾਰਾਵਾਂ ਦੇ ਤਹਿਤ ਦੋਸ਼ ਤੈਅ ਕੀਤੇ ਹਨ। ਇਨ੍ਹਾਂ ਦੋਸ਼ੀਆਂ ਵਿੱਚ 10 ਵਿਅਕਤੀ ਅਤੇ 9 ਕੰਪਨੀਆਂ ਸ਼ਾਮਲ ਹਨ।
ਇਨ੍ਹਾਂ ਸਾਰਿਆਂ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (“ਈਡੀ) ਨੇ ਇਸ ਮਾਮਲੇ ਦੇ ਸਿਲਸਿਲੇ ਵਿੱਚ ਦੋਸ਼ੀ ਠਹਿਰਾਇਆ ਸੀ। ਅਦਾਲਤ ਨੇ  ਕਿਹਾ ਕਿ ਹਰੇਕ ਦੋਸ਼ੀ ਖਿਲਾਫ਼ ਡੀਬੀ ਗਰੁੱਪ ਕੰਪਨੀ ਤੋਂ ਕਲੈਗਨਾਰ ਟੀਵੀ ਪ੍ਰਾਈਵੇਟ ਲਿਮਟਿਡ ਨੂੰ 200 ਕਰੋੜ ਰੁਪਏ ਦਾ ਧਨ ਸੋਧਣ ਲਈ ਪਹਿਲੀ ਨਜ਼ਰੇ ਦੋਸ਼ ਲਗਾਏ ਗਏ ਹਨ।
ਅਦਾਲਤ ਨੇ ਜਿਵੇਂ ਹੀ ਆਪਣੀ ਵਿਵਸਥਾ ਦਿੱਤੀ ਤਾਂ ਜੱਜ ਨੇ ਸਾਰੇ ਦੋਸ਼ੀਆਂ ਤੋਂ ਜਾਨਣਾ ਚਾਹਿਆ ਕਿ ਕੀ ਉਹ ਅਪਰਾਧ ਨੂੰ ਲੈ ਕੇ ਉਹ ਆਪਣਾ ਦੋਸ਼ ਸਵੀਕਾਰ ਕਰਦੇ ਹਨ ਜਾਂ ਸੁਣਵਾਈ ਚਾਹੁੰਦੇ ਹਨ। ਇਸ 'ਤੇ ਸਾਰੇ ਦੋਸ਼ੀਆਂ ਨੇ ਕਿਹਾ ਕਿ ਉਹ ਆਪਣੇ ਖਿਲਾਫ਼ ਲਾਏ ਗਏ ਦੋਸ਼ਾਂ ਲਈ ਸੁਣਵਾਈ ਚਾਹੁੰਦੇ ਹਨ।
ਈਡੀ ਨੇ ਆਪਣੇ ਦੋਸ਼ ਪੱਤਰ ਵਿੱਚ ਦੋਸ਼ ਲਗਾਇਆ ਹੈ ਕਿ ਦੋਸ਼ੀ 200 ਕਰੋੜ ਰੁਪਏ ਦੇ ਲੈਣ ਦੇਣ ਵਿੱਚ ਸ਼ਾਮਲ ਸਨ ਜੋ ਅਸਲੀ ਨਹੀਂ ਸੀ ਅਤੇ ਇਹ ਰਾਸ਼ੀ ਏ ਰਾਜਾ ਦੁਆਰਾ ਡੀਬੀ ਗਰੁੱਪ ਕੰਪਨੀਜ਼ ਨੂੰ ਦੂਰਸੰਚਾਰ ਦਾ ਲਾਇਸੰਸ ਦੇਣ ਲਈ ਰਿਸ਼ਵਤ ਸੀ।
ਏਜੰਸੀ ਨੇ ਦਾਅਵਾ ਕੀਤਾ ਕਿ ਡੀਬੀ ਗਰੁੱਪ ਕੰਪਨੀ ਤੋਂ ਦਰਾਮੁਕ ਦੁਆਰਾ ਚਲਾਏ ਜਾ ਰਹੇ ਕਲੈਗਨਾਰ ਟੀਵੀ ਨੂੰ ਕੁਸੇਗਾਂਵ ਫਰੂਟਜ਼ ਐਂਡ ਵੈਜੀਟੇਬਲ ਪ੍ਰਾਈਵੇਟ ਲਿਮਟਿਡ ਅਤੇ ਸਿਨੇਯੁਗ ਫ਼ਿਲਮਜ਼ ਪ੍ਰਾਈਵੇਟ ਲਿਮਟਿਡ ਰਾਹੀਂ 200 ਕਰੋੜ ਰੁਪਏ ਦਾ ਤਬਾਦਲਾ ਕਰਨ ਦੇ ਸਬੰਧ ਵਿੱਚ ਕੀਤੇ ਗਏ ਲੈਣ-ਦੇਣ ਦੀ ਲੜੀ ਅਸਲ ਕਾਰੋਬਾਰੀ ਲੈਣ ਦੇਣ ਨਹੀਂ ਸੀ। ਏ ਰਾਜਾ, ਕਨੀਮੋਝੀ ਅਤੇ ਦਿਆਲੂ ਅਮਾਲ ਤੋਂ ਇਲਾਵਾ ਇਸ ਮਾਮਲੇ ਵਿੱਚ ਹੋਰ ਦੋਸ਼ੀ ਸ਼ਾਹਿਦ ਓਸਮਾਨ ਬਲਵਾ, ਵਿਨੋਦ ਗੋਇਨਕਾ, ਕੁਸੇਗਾਂਵ ਫਰੂਟਜ਼ ਐਂਡ ਵੈਜੀਟੇਬਲ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਆਸਿਫ਼ ਬਲਵਾ ਅਤੇ ਰਜੀਵ ਅਗਰਵਾਲ, ਸ਼ਰਦ ਕੁਮਾਰ, ਬਾਲੀਵੁੱਡ ਦੇ ਨਿਰਮਾਤਾ ਕਰੀਮ ਮੋਰਾਨੀ ਅਤੇ ਪੀ ਅਮਤਮ ਆਦਿ ਸ਼ਾਮਲ ਹਨ।
ਆਪਣੇ 'ਤੇ ਲੱਗੇ ਦੋਸ਼ਾਂ ਦੇ ਜਵਾਬ ਵਿੱਚ ਏ ਰਾਜਾ ਅਤੇ ਕਨੀਮੋਝੀ ਨੇ ਦਲੀਲ ਦਿੱਤੀ ਕਿ ਈਡੀ ਦੀ ਸ਼ਿਕਾਇਤ ਨਾਲ ਦਾਖ਼ਲ ਦਸਤਾਵੇਜ਼ਾਂ ਨਾਲ ਕਿਤੇ ਵੀ ਇਹ ਜਾਹਿਰ ਨਹੀਂ ਹੁੰਦਾ ਕਿ ਉਹ ਲੋਕ ਡੀਵੀ ਗਰੁੱਪ ਤੋਂ ਕਲੈਗਨਾਰ ਟੀਵੀ ਨੂੰ ਕੀਤੇ ਗਏ 200 ਕਰੋੜ ਰੁਪਏ ਦੇ ਲੈਣ ਦੇਣ ਨਾਲ ਜੁੜੇ ਸਨ। ਇਸੇ ਤਰ੍ਹਾਂ ਸਵਾਮ ਟੈਲੀਕਾਮ ਪ੍ਰਾਈਵੇਟ ਲਿਮਟਿਡ ਦੇ ਪ੍ਰਮੋਟਰਾਂ ਸ਼ਾਹਿਦ ਓਸਮਾਨ ਬਲਵਾ ਅਤੇ ਵਿਨੋਦ ਗੋਇਨਕਾ ਸਮੇਤ ਹੋਰਨਾਂ ਸਹਿ ਦੋਸ਼ੀਆਂ ਨੇ ਤਰਕ ਦਿੱਤਾ ਕਿ ਕਥਿਤ ਅਪਰਾਧ ਅਤੇ ਉਸ ਦੀ ਕਾਰਵਾਈ ਨਾਲ ਉਨ੍ਹਾਂ ਦੇ ਜੁੜੇ ਹੋਣ ਬਾਰੇ ਕੋਈ ਸਬੂਤ ਨਹੀਂ ਹਨ।
ਈਡੀ ਅਨੁਸਾਰ ਕਨੀਮੋਝੀ ਅਤੇ ਕਲੈਗਨਾਰ ਟੀਵੀ ਦੇ ਮਨੈਜਿੰਗ ਡਾਇਰੈਕਟਰ ਤੇ ਸਹਿ ਦੋਸ਼ੀ ਸ਼ਰਦ ਕੁਮਾਰ ਦੀ ਇਸ ਟੀਵੀ ਚੈਨਲ 'ਚ 20-20 ਫੀਸਦੀ ਦੀ ਹਿੱਸੇਦਾਰੀ ਸੀ। ਜਦਕਿ ਬਾਕੀ 60 ਫੀਸਦੀ ਹਿੱਸੇਦਾਰੀ ਦਿਆਲੂ ਅਮਾਲ ਕੋਲ ਸੀ। ਮਾਮਲੇ ਦੇ ਸਾਰੇ ਦੋਸ਼ੀ ਫ਼ਿਲਹਾਲ ਜ਼ਮਾਨਤ 'ਤੇ ਰਿਹਾਅ ਹਨ। ਦੋਸ਼ ਪੱਤਰ ਵਿੱਚ ਈਡੀ ਨੇ ਦਾਅਵਾ ਕੀਤਾ ਹੈ ਕਿ ਇਸ ਮਾਮਲੇ ਵਿੱਚ ਉਸ ਦੀ ਜਾਂਚ 2ਜੀ ਮਹਾਘਪਲੇ ਦੀ ਜਾਂਚ ਤੋਂ ਸ਼ੁਰੂ ਹੋਈ ਅਤੇ ਦੋਸ਼ੀਆਂ ਨੇ ਧਨ ਸੋਧਣ ਰੋਕੂ ਕਾਨੂੰਨ (ਪੀਐਮਐਲਏ) ਦੀਆਂ ਤਜਵੀਜ਼ਾਂ ਤਹਿਤ ਕਥਿਤ ਤੌਰ 'ਤੇ ਸਾਜ਼ਿਸ਼ ਰਚੀ ਅਤੇ ਅਪਰਾਧ ਨੂੰ ਅੰਜ਼ਾਮ ਦਿੱਤਾ।
ਈਡੀ ਨੇ ਇਸ ਮਾਮਲੇ ਵਿੱਚ ਦੋਸ਼ੀਆਂ ਵਜੋਂ ਸਵਾਮ ਟੈਲੀਕਾਮ ਪ੍ਰਾਈਵੇਟ ਲਿਮਟਿਡ, ਕੁਸੇਗਾਂਵ ਰਿਆਲਟੀ ਪ੍ਰਾਈਵੇਟ ਲਿਮਟਿਡ (ਪਹਿਲਾਂ ਕੁਸੇਗਾਂਵ ਫਰੂਟਜ਼ ਐਂਡ ਵੈਜੀਟੇਬਲ ਪ੍ਰਾਈਵੇਟ ਲਿਮਟਿਡ ਵਜੋਂ ਜਾਣੀ ਜਾਣ ਵਾਲੀ), ਸਿਨੇਯੁਗ ਮੀਡੀਆ ਐਂਡ ਇੰਟਰਟੇਨਮੈਂਟ ਪ੍ਰਾਈਵੇਟ ਲਿਮਟਿਡ (ਪਹਿਲਾਂ ਸਿਨੇਯੁਗ ਫ਼ਿਲਮ ਪ੍ਰਾਈਵੇਟ ਲਿਮਟਿਡ), ਕਲੈਗਨਾਰ ਟੀਵੀ ਪ੍ਰਾਈਵੇਟ ਲਿਮਟਿਡ, ਡਾਇਨੇਮਿਕਸ ਰਿਆਲਟੀ, ਅੇਵਰਸਮਾਇਲ ਕੰਸਟਰੱਕਸ਼ਨਜ਼ ਪ੍ਰਾਈਵੇਟ ਲਿਮਟਿਡ,  ਕਾਨਬੁੱਡ ਕੰਸਟਰੱਕਸ਼ਨਜ਼ ਐਂਡ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ, ਡੀਬੀ ਰਿਆਲਟੀ ਲਿਮਟਿਡ ਅਤੇ ਨਿਹਾਰ ਕੰਸਟਰਕਸ਼ਨਜ਼ ਪ੍ਰਾਈਵੇਟ ਲਿਮਟਿਡ ਦਾ ਨਾਂ ਵੀ ਸ਼ਾਮਲ ਕੀਤਾ ਗਿਆ ਹੈ।
ਈਡੀ ਦਾ ਦੋਸ਼ ਹੈ ਕਿ ਉਸ ਦੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਸ਼ਾਹਿਦ ਓਸਮਾਨ ਬਲਵਾ ਅਤੇ ਵਿਨੋਦ ਗੋਇਨਕਾ ਨੇ ਕੁਸੇਗਾਂਵ ਫਰੂਟਜ਼ ਐਂਡ ਵੈਜੀਟੇਬਲ ਪ੍ਰਾਈਵੇਟ ਲਿਮਟਿਡ ਅਤੇ  ਸਿਨੇਯੁਗ ਫ਼ਿਲਮਜ਼ ਪ੍ਰਾਈਵੇਟ ਲਿਮਟਿਡ ਰਾਹੀਂ 200 ਕਰੋੜ ਰੁਪਏ ਦਾ ਭੁਗਤਾਨ ਵਿੱਤੀ ਲੈਣ ਦੇਣ ਨੂੰ ਜਾਇਜ਼ ਦਿਖ਼ਾਉਣ ਲਈ ਕੀਤਾ। ਦੋਸ਼ ਪੱਤਰ ਵਿੱਚ ਦਾਅਵਾ ਕੀਤਾ ਹੈ ਕਿ ਯੂਏਐਸ ਲਾਇਸੰਸ ਦੇਣ ਲਈ ਸਵਾਮ ਟੈਲੀਕਾਮ ਨੂੰ ਲਾਭ ਪਹੁੰਚਾਉਣ ਦੇ ਇਵਜ਼ 'ਚ 200 ਕਰੋੜ ਰੁਪਏ ਦੀ ਜਿਸ ਰਾਸ਼ੀ ਦਾ ਭੁਗਤਾਨ ਕੀਤਾ ਗਿਆ ਸੀ, ਉਸ ਰਾਸ਼ੀ ਨੂੰ ਵਾਧੂ ਧਨ ਨਾਲ ਇਹ ਦਿਖ਼ਾਉਣ ਲਈ ਮੁੜ ਭੁਗਤਾਨ ਕੀਤਾ ਗਿਆ ਕਿ ਇਹ ਜਾਇਜ਼ ਲੈਣ ਦੇਣ ਸੀ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ