Fri, 14 June 2024
Your Visitor Number :-   7110867
SuhisaverSuhisaver Suhisaver

ਵਿਗਿਆਨਕ ਯੁੱਗ ਅਤੇ ਪਖੰਡਵਾਦ -ਗੁਰਤੇਜ ਸਿੱਧੂ

Posted on:- 08-12-2015

suhisaver

ਅੱਜ ਪੰਜਾਬ ਦੇ ਬਹੁਤੇ ਘਰਾਂ ਦਾ ਮਾਹੌਲ ਵਿਗੜਿਆ ਹੋਇਆ ਹੈ। ਇਸ ਦਾ ਮੁੱਖ ਕਾਰਨ ਸ਼ਰਾਬ ਪੀਣਾ ਜਾਂ ਹੋਰ ਨਸ਼ੇ ਕਰਨਾ ਹੈ। ਨਸ਼ੇ ਅੱਜ ਪੰਜਾਬ ਨੂੰ ਅਜਿਹੇ ਘੁਣ ਵਾਂਗ ਲੱਗ ਗਏ ਹਨ ਕਿ ਪਰਿਵਾਰਾਂ ਦੇ ਪਰਿਵਾਰ ਟੁੱਟ ਰਹੇ ਹਨ। ਕਿਸੇ ਘਰ ਦਾ ਇੱਕੋ-ਇੱਕ ਕਮਾਉਣ ਵਾਲਾ ਨਸ਼ੇ ਦਾ ਆਦੀ ਹੋ ਜਾਂਦਾ ਹੈ ਤੇ ਅੰਤ ਇਸੇ ਵਿੱਚ ਗਲਤਾਨ ਹੋਇਆ ਦਮ ਤੋੜ ਜਾਂਦਾ ਹੈ ਤੇ ਪਰਿਵਾਰ ਦਾ ਗੁਜ਼ਾਰਾ ਹੋਣਾ ਮੁਸ਼ਕਲ ਹੋ ਜਾਂਦਾ ਹੈ ਜਾਂ ਕਿਸੇ ਦੀ ਔਲਾਦ ਨਸ਼ੇ ਦੀ ਆਦੀ ਹੋ ਭਰ ਜਵਾਨੀ ਵਿੱਚ ਸਿਵਿਆਂ ਦੇ ਰਾਹ ਪੈ ਜਾਂਦੀ ਹੈ। ਸਮੱਸਿਆ ਦਾ ਅਸਲ ਕਾਰਨ ਤੇ ਉਸ ਦੇ ਹੱਲ ਲਈ ਯਤਨ ਕਰਨ ਨਾਲੋਂ ਲੋਕ ਫ਼ਾਲਤੂ ਚੀਜ਼ਾਂ ਦਾ ਸਹਾਰਾ ਲੈ ਰਹੇ ਹਨ। ਘਰ ਵਿੱਚ ਅਜਿਹਾ ਕੁਝ ਹੋਣ ‘ਤੇ ਇਹ ਸਮਝਿਆ ਜਾਂਦਾ ਹੈ ਕਿ ਘਰ ਉੱਪਰ ਕਿਸੇ ਓਪਰੀ ਛਾਇਆ ਦਾ ਅਸਰ ਹੈ ਜਾਂ ਕਿਸੇ ਨੇ ਕਾਲਾ ਜਾਦੂ ਕਰਵਾ ਦਿੱਤਾ ਆਦਿ ਹੈ। ਇਨ੍ਹਾਂ ਕਾਲਪਨਿਕ ਬਲਾਵਾਂ ਤੋਂ ਪਿੱਛਾ ਛੁਡਵਾਉਣ ਲਈ ਤਾਂਤਰਿਕਾਂ, ਅਖੌਤੀ ਬਾਬਿਆਂ ਆਦਿ ਦਾ ਸਹਾਰਾ ਲਿਆ ਜਾਂਦਾ ਹੈ। ਅਜਿਹੇ ਅਖੌਤੀ ਬਾਬੇ ਜਾਂ ਆਪਣੇ ਆਪ ਨੂੰ ਤਾਂਤਰਿਕ ਦੱਸਣ ਵਾਲੇ ਇਹ ਲੋਕ ਗ਼ਲਤ ਤੇ ਫ਼ਾਲਤੂ ਦੀਆਂ ਗੱਲਾਂ ਵਿੱਚ ਆਮ ਲੋਕਾਂ ਨੂੰ ਫਸਾ ਲੈਂਦੇ ਹਨ ਜਿਵੇਂ ਘਰ ਦੇ ਕਿਸੇ ਤਿੰਨ ਸਾਲ ਦੇ ਬੱਚੇ ਦੇ ਅੰਗੂਠੇ ਵਿੱਚ ਫੋਟੋ ਦਿਖਾ ਕੇ ਪਰਿਵਾਰ ਨੂੰ ਭਰਮਾ ਲਿਆ ਜਾਂਦਾ ਹੈ(ਇਸ ਵਿੱਚ ਅੰਗੂਠੇ ਦੇ ਨਹੁੰ ਉੱਪਰ ਤੇਲ ਲਗਾ ਦਿੱਤਾ ਜਾਂਦਾ ਹੈ ਤੇ ਉਸ ਤੇਲ ਵਿੱਚ ਆਲੇ-ਦੁਆਲੇ ਹੋਣ ਵਾਲਾ ਸਭ ਕੁਝ ਦਿਖਾਈ ਦਿੰਦਾ ਹੈ, ਜਿਸ ਨੂੰ ਛੋਟਾ ਬੱਚਾ ਸੱਚ ਮੰਨ ਲੈਂਦਾ ਹੈ)।

ਇਸ ਸਭ ਤੋਂ ਤਾਂਤਰਿਕ ਗੱਲਾਂ-ਗੱਲਾਂ ਵਿੱਚ ਤਾਂਤਿ੍ਰਕ ਇਹ ਜਾਣ ਲੈਂਦਾ ਹੈ ਕਿ ਘਰ ਵਾਲਿਆਂ ਦੇ ਮਨ ਵਿੱਚ ਕਿਸ ਵਿਅਕਤੀ ਪ੍ਰਤੀ ਸ਼ੱਕ ਹੈ। ਇਹ ਜਾਨਣ ਤੋਂ ਬਾਅਦ ਉਹ ਮਨਘੜਤ ਕਹਾਣੀ ਬਣਾ ਸਾਰਾ ਦੋਸ਼ ਉਸ ਵਿਅਕਤੀ ਸਿਰ ਮੜ ਦਿੰਦਾ ਹੈ। ਇਸ ਤੇ ਇਲਾਜ ਲਈ ਕਾਗ਼ਜ਼ ਉੱਤੇ ਪੁੱਠੇ ਸਿੱਧੇ ਅੱਖਰ ਵਾਹ ਕੇ ਤਵੀਤ ਬਣਾ ਕੇ ਦਿੱਤੇ ਜਾਂਦੇ ਹਨ ਜੋ ਘਰ ਦੇ ਦਰਵਾਜ਼ੇ ਨਾਲ ਬੰਨ੍ਹਣ ਤੇ ਪਾਣੀ ਵਿੱਚ ਘੋਲ ਕੇ ਪੀਣ ਆਦਿ ਲਈ ਕਿਹਾ ਜਾਂਦਾ ਹੈ। ਅਜਿਹੀਆਂ ਘਟਨਾਵਾਂ ਸਮਾਜ ‘ਚ ਆਮ ਹਨ ਤੇ ਜ਼ਿਆਦਾਤਰ ਲੋਕਾਂ ਨਾਲ ਸਬੰਧਤ ਹਨ।

ਕੁਝ ਚਲਾਕ ਲੋਕ ਅੱਜ ਪਖੰਡਵਾਦ ਅਤੇ ਲੋਕਾਂ ਦੀ ਅਗਿਆਨਤਾ ਦਾ ਲਾਹਾ ਲੈ ਕੇ ਆਪਣਾ ਤੋਰੀ-ਫੁਲਕਾ ਚਲਾ ਰਹੇ ਹਨ। ਹਰ ਪਿੰਡ ਸ਼ਹਿਰ ਵਿੱਚ ਇਨ੍ਹਾਂ (ਤਾਂਤਰਿਕਾਂ) ਦੇ ਅੱਡੇ ਹਨ, ਜਿੱਥੇ ਇਹ ਆਪਣਾ ਗੋਰਖਧੰਦਾ ਚਲਾਉਂਦੇ ਹਨ। ਇਨ੍ਹਾਂ ਦੇ ਜਾਲ ਦੇ ਤੰਦ ਇੰਨੇ ਬਰੀਕ ਹੁੰਦੇ ਹਨ, ਅਨਪੜ੍ਹ ਤਾਂ ਕੀ ਪੜ੍ਹੇ-ਲਿਖੇ ਲੋਕ ਵੀ ਇਸ ਵਿੱਚ ਫਸ ਜਾਂਦੇ ਹਨ। ਜਿੱਥੇ ਇਹ ਲੋਕਾਂ ਦਾ ਆਰਥਿਕ, ਮਾਨਸਿਕ ਅਤੇ ਸਰੀਰਕ ਸੋਸ਼ਣ ਤਕ ਵੀ ਕਰਦੇ ਹਨ। ਲੋਕ ਪਤਾ ਨਹੀਂ ਕਿਹੜੀ ਜੰਨਤ ਦੀ ਲਾਲਸਾ ਵਿੱਚ ਅਜੋਕੇ ਸਮੇਂ ਵੀ ਢੌਂਗੀਆਂ ਤੋਂ ਆਪਣੀ ਸਰੀਰਕ, ਮਾਨਸਿਕ ਅਤੇ ਆਰਥਿਮ ਲੁੱਟ ਕਰਵਾ ਰਹੇ ਹਨ। ਭੂਤਾਂ ਕੱਢਣ ਦੇ ਨਾਂ ਉੱਤੇ ਇਹ ਰੋਗੀ ਦੀ ਮਾਰ ਕੁਟਾਈ ਕਰਦੇ ਹਨ ਤੇ ਖ਼ਤਰਨਾਕ ਤਸੀਹੇ ਦਿੰਦੇ ਹਨ ਜਿਸ ਨਾਲ ਕਈ ਵਾਰ ਵਿਅਕਤੀ ਦੀ ਮੌਤ ਤਕ ਹੋ ਜਾਂਦੀ ਹੈ। ਇਸ ਦੀ ਉਦਾਹਰਨ ਮੋਗਾ ਜ਼ਿਲ੍ਹੇ ਦੇ ਇੱਕ ਪਿੰਡ ਮਹਿਲਾ ਤਾਂਤਰਿਕ ਨੇ ਅੱਠ-ਦਸ ਸਾਲ ਦੀ ਬੱਚੀ ਨੂੰ ਭੂਤ ਕੱਢਣ ਦੇ ਨਾਂ ‘ਤੇ ਚਿਮਟੇ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।
ਅਜੋਕੇ ਵਿਗਿਆਨਕ ਅਤੇ ਅਗਾਂਹਵਧੂ ਯੁੱਗ ‘ਚ ਅਜਿਹੀਆਂ ਸ਼ਰਮਨਾਕ ਘਟਨਾਵਾਂ ਦਾ ਵਾਪਰਨਾ ਆਪਣੇ-ਆਪ ‘ਚ ਮੰਦਭਾਗਾ ਹੈ। ਲੋਕਾਂ ਦੀ ਸੌੜੀ ਮਾਨਸਿਕਤਾ ਦਾ ਇਹ ਪਾਖੰਡੀ ਖ਼ੂਬ ਫ਼ਾਇਦਾ ਉਠਾਉਂਦੇ ਹਨ।

ਮੁੰਡੇ ਦੀ ਲਾਲਸਾ ਰੱਖਣ ਵਾਲੇ ਲੋਕਾਂ ਨੂੰ ਗੋਲੀ (ਦਵਾਈ) ਦਿੰਦੇ ਹਨ ਤੇ ਦਾਅਵਾ ਕਰਦੇ ਹਨ ਕਿ ਇਸ ਨਾਲ ਤੁਹਾਨੂੰ ਪੁੱਤਰ ਦੀ ਪ੍ਰਾਪਤੀ ਹੋਵੇਗੀ। ਅਸਲ ਵਿੱਚ ਜੋ ਇਹ ਦਵਾਈ ਦਿੰਦੇ ਹਨ ਉਸ ਵਿੱਚ ਟੈਸਟੋਸਰੋਨ (ਆਦਮੀ ਦਾ ਸੈਕਸ ਹਾਰਮੋਨ) ਦੀ ਮਾਤਰਾ ਕਾਫ਼ੀ ਹੁੰਦੀ ਹੈ, ਜਿਸ ਕਾਰਨ ਕਈ ਵਾਰ ਬੱਚੇ ਆਸਧਾਰਨ ਪੈਦਾ ਹੁੰਦੇ ਹਨ। ਔਰਤ ਨੂੰ ਇਕੱਲਿਆਂ ਦਵਾਈ ਦੇਣ ਦੇ ਬਹਾਨੇ ਉਨ੍ਹਾਂ ਦਾ ਸਰੀਰਕ ਸੋਸ਼ਣ ਕੀਤਾ ਜਾਂਦਾ ਹੈ। ਕੁਝ ਦੇ ਘਰ ਲੜਕਾ ਪੈਦਾ ਹੋਣਾ ਇਨ੍ਹਾਂ ਨੂੰ ਲੋਕਾਂ ‘ਚ ਰੱਬ ਬਣਾਉਂਦਾ ਹੈ। ਮੈਡੀਕਲ ਸਾਇੰਸ ਅਨੁਸਾਰ ਬੱਚੇ ਦੇ ਲਿੰਗ ਨਿਰਧਾਰਨ ਵਿੱਚ ਔਰਤ ਦੀ ਥਾਂ ਮਰਦ ਦਾ ਰੋਲ ਅਹਿਮ ਹੈ। ਪੁਰਸ਼ ਵਿੱਚ ਐਕਸ ਵਾਈ ਕਰੋਮੋਸਮ ਹੁੰਦੇ ਹਨ ਜਦਕਿ ਔਰਤ ਵਿੱਚ ਸਿਰਫ਼ ਐਕਸ ਐਕਸ ਕਰੋਮੋਸਮ ਹੁੰਦੇ ਹਨ। ਇਸ ਨੂੰ ਜੇ ਇਸ ਤਰ੍ਹਾਂ ਸਮਝਿਆ ਜਾਵੇ ਕਿ ਮਨੁੱਖ ਵਿੱਚ ਕਰੋਮੋਸਮ ਦੇ ਤੇਈ ਜੋੜੇ ਹੁੰਦੇ ਹਨ ਜਿਨ੍ਹਾਂ ‘ਚੋਂ 22 ਜੋੜੇ ਇੱਕ ਸਮਾਨ ਹੁੰਦੇ ਹਨ ਜਦੋਂਕਿ ਇੱਕ ਜੋੜਾ ਐਕਸ ਵਾਈ (ਪੁਰਸ਼) ਜਾਂ ਐਕਸ ਐਕਸ (ਔਰਤ) ਹੁੰਦਾ ਹੈ। ਇਸ ਤੋਂ ਸਪਸ਼ਟ ਹੈ ਕਿ ਔਰਤ ਨੇ ਸਿਰਫ਼ ਐਕਸ ਕਰੋਮੋਸਮ ਦੇਣਾ ਹੈ ਜਦੋਂਕਿ ਮਰਦ ਐਕਸ ਜਾਂ ਫਿਰ ਵਾਈ ਕਰੋਮੋਸਮ ਦੇਵੇਗਾ। ਜਦੋਂ ਪੁਰਸ਼ ਅਤੇ ਇਸਤਰੀ ਦੇ ਕਰੋਮੋਸਮ ਮਿਲਦੇ ਹਨ ਤਾਂ ਪੰਜਾਹ ਫ਼ੀਸਦੀ ਸੰਭਾਵਨਾ ਹੁੰਦੀ ਹੈ ਹੈ ਕਿ ਬੱਚਾ ਲੜਕਾ ਹੋਵੇਗਾ ਜਾਂ ਫਿਰ ਪੰਜਾਹ ਫ਼ੀਸਦੀ ਸੰਭਾਵਨਾ ਹੁੰਦੀ ਹੈ ਕਿ ਬੱਚਾ ਲੜਕੀ ਹੋਵੇਗੀ। ਜੇ ਪੁਰਸ਼ ਦਾ ਐਕਸ ਕਰੋਮੋਸਮ ਇਸਤਰੀ ਦੇ ਐਕਸ ਕਰੋਮੋਸਮ ਨਾਲ ਮਿਲਦਾ ਲੱਗਦਾ ਹੈ ਤਾਂ ਬੱਚਾ ਲੜਕੀ ਹੋਵੇਗੀ।

ਇਸੇ ਤਰ੍ਹਾਂ ਜੇ ਪੁਰਸ਼ ਦਾ ਵਾਈ ਕਰੋਮੋਸਮ ਇਸਤਰੀ ਦੇ ਐਕਸ ਕਰੋਮੋਸਮ ਨਾਲ ਮਿਲਦਾ/ਲੱਗਦਾ ਹੈ ਤਾਂ ਬੱਚਾ ਲੜਕਾ ਹੋਵੇਗਾ। ਇੱਥੇ ਸਪਸ਼ਟ ਹੈ ਕਿ ਬੱਚੇ ਦੇ ਲਿੰਗ ਨਿਰਧਾਰਨ ਵਿੱਚ ਮਰਦ ਦਾ ਹੀ ਰੋਲ ਅਹਿਮ ਹੈ। ਇਸ ਵਿੱਚ ਇਸਤਰੀ ਦਾ ਕੋਈ ਕਸੂਰ ਨਹੀਂ। ਇੱਥੇ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਭਾਵੇਂ ਬੱਚੇ ਦੇ ਲਿੰਗ ਨਿਰਧਾਰਨ ਵਿੱਚ ਮਰਦ ਦਾ ਰੋਲ ਬਹੁਤ ਅਹਿਮ ਹੈ ਪਰ ਪੁਰਸ਼ ਨੂੰ ਵੀ ਨਹੀਂ ਪਤਾ ਹੁੰਦਾ ਕਿ ਕਿਹੜਾ ਕਰੋਮੋਸਮ ਇਸਤਰੀ ਦੇ ਐਕਸ ਕਰੋਮੋਸਮ ਨਾਲ ਜਾ ਕੇ ਲੱਗੇਗਾ। ਧਰਮ ਅਤੇ ਅੰਨ੍ਹੀ ਆਸਥਾ ਦਾ ਸਬੰਧ ਦਿਲ ਅਤੇ ਧੜਕਣ ਦੀ ਤਰ੍ਹਾਂ ਪੇਚੀਦਾ ਹੈ ਜਿਸ ਦੀ ਆੜ ‘ਚ ਪਾਖੰਡੀ ਆਪਣਾ ਸਾਮਰਾਜ ਚਲਾ ਰਹੇ ਹਨ। ਬਹੁਤ ਸਾਰੀਆਂ ਸੰਸਥਾਵਾਂ ਇਨ੍ਹਾਂ ਦੇ ਵਿਰੁੱਧ ਆਵਾਜ਼ ਬੁਲੰਦ ਕਰਦੀਆਂ ਹਨ ਪਰ ਉਨ੍ਹਾਂ ਉੱਪਰ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਮੜ ਦਿੱਤੇ ਜਾਂਦੇ ਹਨ। ਜੋ ਲੋਕ ਸੱਚ ਨੂੰ ਲੋਕਾਂ ਸਾਹਮਣੇ ਲਿਆਉਣ ਤੇ ਪਾਖੰਡਾਂ ਤੋਂ ਲੋਕਾਂ ਨੂੰ ਮੁਕਤ ਕਰਵਾਉਣ ਲਈ ਤਤਪਰ ਹਨ, ਉਨ੍ਹਾਂ ਨੂੰ ਸਹਿਯੋਗ ਕਰਨਾ ਸਾਡੀ ਵੀ ਜ਼ਿੰਮੇਵਾਰੀ ਹੈ। ਅਖ਼ਬਾਰ, ਨਿਊਜ਼ ਚੈਨਲ ਇਨ੍ਹਾਂ ਦੇ ਹੱਥੋਂ ਬਰਬਾਦ ਹੋਏ ਲੋਕਾਂ ਦੀ ਦਾਸਤਾਨ ਪੇਸ਼ ਕਰਦੇ ਹਨ ਪਰ ਦੁੱਖ ਦੀ ਗੱਲ ਇਹ ਹੈ ਕਿ ਇਨ੍ਹਾਂ ਨੇ ਹੀ ਉਨ੍ਹਾਂ ਪਾਖੰਡੀਆਂ ਦੇ ਪ੍ਰਚਾਰ-ਪ੍ਰਸਾਰ ‘ਚ ਅਹਿਮ ਰੋਲ ਨਿਭਾਇਆ ਹੁੰਦਾ ਹੈ ਤੇ ਨਿਭਾਉਂਦੇ ਹਨ। ਮੰਨਿਆ ਵਪਾਰਕ ਪੱਖ ਤੋਂ ਇਸ਼ਤਿਹਾਰ ਲਾਜ਼ਮੀ ਹਨ ਪਰ ਮੀਡੀਆ ਨੂੰ ਇੰਨਾ ਵੀ ਮਤਲਬੀ ਨਹੀਂ ਹੋਣਾ ਚਾਹੀਦਾ ਕਿ ਸਮਾਜ ਨੂੰ ਜਿਸ ਦਾ ਖ਼ਮਿਆਜ਼ਾ ਭੁਗਤਣਾ ਪਵੇ। ਅਜਿਹੇ ਇਸ਼ਤਿਹਾਰਾਂ ‘ਤੇ ਪਾਬੰਦੀ ਲਾਜ਼ਮੀ ਹੈ ਜੋ ਸਮਾਜ ਨੂੰ ਗੁਮਰਾਹ ਕਰਦੇ ਹੋਣ। ਲੋਕਾਂ ਨੂੰ ਜਾਗਰੂਕ ਕਰਨਾ ਅਜੋਕੇ ਸਮੇਂ ਦੀ ਬਹੁਤ ਵੱਡੀ ਲੋੜ ਹੈ, ਜਦੋਂ ਲੋਕ ਜਾਗਰੂਕ ਹੋ ਜਾਣਗੇ ਤਾਂ ਇਹ ਹੋ ਨਹੀਂ ਸਕਦਾ ਕਿ ਪਖੰਡੀਆਂ ਦਾ ਸਾਮਰਾਜ ਖੇਰੂੰ-ਖੇਰੂੰ ਨਾ ਹੋਵੇ।

ਸੰਪਰਕ: +91 94641 72783
Email: [email protected]


Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ