Tue, 23 April 2024
Your Visitor Number :-   6993695
SuhisaverSuhisaver Suhisaver

ਅੰਬੀਆਂ ਨੂੰ ਤਰਸੇਂਗੀ ਬਾਗ਼ਾਂ ਦੀਏ ਰਾਣੀਏ - ਬਲਜਿੰਦਰ ਮਾਨ

Posted on:- 24-06-2014

suhisaver

ਭਾਰਤੀ ਮੰਡੀ ਲਈ ਇਸ ਸਾਲ ਇਕ ਮਾੜੀ ਖਬਰ ਆਈ ਕਿ ਯੂਰਪ ਦੇ ਕਈ ਦੇਸ਼ਾਂ ਨੇ ਭਾਰਤੀ ਅੰਬ ਨੂੰ ਖਰੀਦਣ ਤੇ ਪਾਬੰਦੀ ਲਾ ਦਿੱਤੀ।ਇਸ ਪਾਬੰਦੀ ਦਾ ਮੁੱਖ ਕਾਰਣ ਭਾਰਤੀ ਫਲ ਦਾ ਗੁਣਵੱਤਾ ਤੇ ਖਰਾ ਨਾ ਉਤਰਨਾ ਹੈ।ਜਿਸ ਨਾਲ ਭਾਰਤ ਦੇ ਵਪਾਰ ਵਿਚ ਕਈ ਕਰੋੜਾਂ ਦੇ ਘਾਟੇ ਦਾ ਅਨੁਮਾਨ ਲਾਇਆ ਜਾ ਰਿਹਾ ਹੈ।ਇਸ ਨਾਲ ਭਾਰਤ ਦੀ ਵਿਦੇਸ਼ੀ ਮੁਦਰਾ ਦੀ ਕਮਾਈ ਵਿਚ ਵੀ ਘਾਟਾ ਪੈਣ ਨਾਲ ਭਾਰਤ ਦੀ ਆਰਥਿਕਤਾ ਵੀ ਪ੍ਰਭਾਵਿਤ ਹੋਵੇਗੀ।

ਇਹ ਤਾਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਭਾਰਤ ਵਿਚ ਸਭ ਤੋ ਵੱਧ ਕੀੜੇਮਾਰ ਦਵਾਈਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ,ਜੋ ਹਰ ਪ੍ਰਕਾਰ ਦੀ ਫਸਲ ਨੂੰ ਦੂਸ਼ਿਤ ਕਰ ਦਿੰਦੀਆਂ ਹਨ।ਵਿਗਿਆਨੀਆਂ ਦੀਆਂ ਖੋਜਾਂ ਨੇ ਜਿੱਥੇ ਸਾਡੀ ਉਤਪਾਦਨ ਸਮਰੱਥਾ ਵਿਚ ਵਾਧਾ ਕਰ ਦਿੱਤਾ ਉਥੇ ਸਾਡੀ ਸਿਹਤ ਨਾਲ ਵੀ ਖਿਲਵਾੜ ਕੀਤਾ।ਭਾਰਤ ਵਿਚ ਤਾਂ ਇਹ ਸਾਰਾ ਕੁਝ ਕਿਸੇ ਨਾ ਕਿਸੇ ਢੰਗ ਨਾਲ ਪ੍ਰਚੱਲਤ ਹੈ ਪਰ ਵਿਦੇਸ਼ਾਂ ਵਿਚ ਲੋਕ ਸਿਹਤ ਅਤੇ ਸਿਖਿਆ ਦੇ ਮਾਮਲੇ ਵਿਚ ਕਦੀ ਸਮਝੌਤਾ ਨਹੀਂ ਕਰਦੇ।ਖੈਰ ਆਓ ਹੁਣ ਗਲ ਕਰੀਏ ਪੰਜਾਬ ਦੇ ਉਸ ਖਿੱਤੇ ਦੀ ਜਿਸਨੂੰ ਅੰਬਾਂ ਦਾ ਘਰ ਕਿਹਾ ਜਾਂਦਾ ਰਿਹਾ ਹੈ।ਇਹ ਇਲਾਕਾ ਹੈ ਦੁਆਬਾ ਜੋ ਆਪਣਾ ਪੁਰਾਤਨ ਰੂਪ ਤੇ ਵਿਰਾਸਤੀ ਗਲਾਂ ਨੂੰ ਭੁਲ ਭੁੱਲਾ ਚੁਕਾ ਹੈ ਜਾਂ ਸਹਿਜੇ ਸਹਿਜੇ ਭੁੱਲੀ ਜਾ ਰਿਹਾ ਹੈ।ਅੰਬਾਂ ਨਾਲ ਸਬੰਧਤ ਕੁਝ ਰੌਚਕ ਤੱਥਾਂ ਤੇ ਝਾਤੀ ਮਾਰੀਏ ਤਾਂ ਸਾਰੀ ਤਸਵੀਰ ਸਪੱਸ਼ਟ ਹੋ ਜਾਂਦੀ ਹੈ।

ਦੁਆਬੇ ਵਿਚ ਆਈ ਤਬਦੀਲੀ : ਦੁਆਬੇ ਦੀ ਧਰਤੀ ਨੂੰ ਇਹ ਮਾਣ ਹਾਸਿਲ ਹੈ ਕਿ ਇਸਨੇ ਸੂਰਬੀਰ ਯੋਧਿਆਂ ਨੂੰ ਜਨਮ ਦਿੱਤਾ।ਇਸਦੇ ਨਾਲ ਹੀ ਇਸ ਇਲਾਕੇ ਨੂੰ ਅੰਬਾਂ ਦਾ ਘਰ ਵੀ ਮੰਨਿਆ ਗਿਆ ਹੈ।ਪਰ ਸਮੇਂ ਦੀ ਤੋਰ ਨੇ ਤੇ ਵੱਧਦੀ ਹੋਈ ਅਬਾਦੀ ਨੇ ਅੰਬਾਂ ਦੇ ਬਾਗਾਂ ਦੀ ਅਜੇਹੀ ਤਬਾਹੀ ਕੀਤੀ ਕਿ ਹੁਣ ਅਜਿਹੇ ਗੀਤ ਸੁਣਾਈ ਦੇਣ ਲੱਗੇ ਹਨ :

ਕਿੱਕਰ ਨਿੰਮ ਫਲਾਹ ਤੇ ਜਾਮਣ ਜੜ੍ਹੋ ਪੁਟਾ ਸੁੱਟੇ ,ਜੰਡ ਬਰੋਟਾ ਤੂਤ ਬੇਰੀਆਂ ਅਸੀਂ ਵਢਾ ਸੁੱਟੇ
ਨਾ ਪਹਿਲਾਂ ਵਾਲਾ ਰਿਹਾ ਮਾਲਵਾ, ਨਾ ਉਹ ਮਾਝਾ ਜੀ,ਕਿੱਥੇ ਗਿਆ ਹੁਣ ਅੰਬਾਂ ਵਾਲਾ ਦੇਸ ਦੁਆਬਾ ਜੀ

ਅੱਜ ਕੱਲ੍ਹ ਇਸ ਇਲਾਕੇ ਵਿਚ ਗੇੜਾ ਮਾਰੀਏ ਤਾਂ ਅੰਬਾਂ ਦੇ ਬਾਗ ਕਿਤੇ ਨਹੀ ਲੱਭਦੇ।ਜੇਕਰ ਕੋਈ ਅੰਬ ਦਾ ਬੂਟਾ ਬਚਿਆ ਹੈ ਤਾਂ ਉਹ ਸੁੱਕੀ ਜਾ ਰਿਹਾ ਹੈ।ਪੁਰਾਣੇ ਬਾਗ ਕੁੱਝ ਲੋਕਾਂ ਦੀ ਮਾੜੀ ਆਰਥਿਕਤਾ ਦਾ ਸ਼ਿਕਾਰ ਹੋ ਗਏ ਨੇ ਤੇ ਕੁੱਝ ਚੌੜੀਆਂ ਹੋਈਆਂ ਸੜਕਾਂ ਦੀ ਭੇਟ ਚੜ੍ਹ ਗਏ ਹਨ।ਅੱਜ ਤੋਂ ਵੀਹ ਪੰਝੀ ਸਾਲ ਪਹਿਲਾਂ ਮਾਹਿਲਪੁਰ ਦਾ ਸਾਰਾ ਆਲਾ ਦੁਆਲਾ ਅੰਬਾਂ ਦੇ ਬਾਗਾਂ ਨਾਲ ਭੱਰਿਆ ਹੁੰਦਾ ਸੀ ।ਜਿਸ ਪਾਸੇ ਨੂੰ ਮਰਜ਼ੀ ਚਲੇ ਜਾਓ ਠੰਡੀਆਂ ਛਾਵਾਂ ਤੇ ਮਿੱਠੇ ਅੰਬਾਂ ਦੀ ਮਹਿਕ ਮਨ ਅੰਦਰ ਅਨੂਠਾ ਰਸ ਘੋਲ ਦਿੰਦੀ ਸੀ।ਇਸ ਇਲਾਕੇ ਦੀ ਪਛਾਣ ਪੂਰੀ ਦੁਨੀਆਂ ਵਿਚ ਅੰਬਾਂ ਦਾ ਘਰ ਅਤੇ ਫੁਟਬਾਲ ਦੀ ਨਰਸਰੀ ਕਰਕੇ ਹੁੰਦੀ ਸੀ।ਅੰਬ ਤਾਂ ਖਤਮ ਹੀ ਸਮਝੋ ਪਰ ਫੁਟਬਾਲ ਅਕੈਡਮੀ, ਸਿਖਿਆ ਜਗਤ ਵਿਚ ਖਾਲਸਾ ਕਾਲਜ ਅਤੇ 1995 ਤੋਂ ਪ੍ਰਕਾਸ਼ਿਤ ਹੋ ਰਿਹਾ ਬਾਲ ਸਾਹਿਤ ਦਾ ਇਕੋ ਇਕ ਬਾਲ ਰਸਾਲਾ ਨਿੱਕੀਆਂ ਕਰੂੰਬਲਾਂ ਇਥੋਂ ਦੀ ਪਹਿਚਾਣ ਬਣੇ ਹੋਏ ਹਨ।ਇਸੇ ਤਰਾਂ ਹਰਿਆਣੇ ਭੁੰਗੇ ਲਾਗਲੇ ਬਾਗ ਵੀ ਕੁੱਲ ਦੁਨੀਆ ਵਿਚ ਮਸ਼ਹੂਰ ਰਹੇ ਹਨ।ਬਾਗਾਂ ਦਾ ਇਲਾਕਾ ਹੁਣ ਬਾਗਾਂ ਦੀਆਂ ਠੰਡੀਆਂ ਛਾਵਾਂ ਦਾ ਅਨੰਦ ਮਾਨਣ ਨੂੰ ਤਰਸ ਰਿਹਾ ਹੈ।
    
ਅੰਬਾਂ ਨੂੰ ਪਕਾਉਣ ਦੀ ਤਿਆਰੀ: ਮੈਨੂੰ ਆਪਣੇ ਬਚਪਨ ਦੀ ਪਟਾਰੀ ਵਿੱਚੋਂ ਯਾਦਾਂ ਆਉਂਦੀਆਂ ਹਨ।ਜਦੋਂ ਸਾਡਾ ਬਾਬਾ ਸ਼੍ਰੀ ਦਲੀਪਾ ਰਾਮ ਜੀ ਬਾਗ ਖਰੀਦਦਾ ਤੇ ਅਸੀਂ ਨਿੱਕੜੇ ਬਾਲ ਉਹਨਾਂ ਨਾਲ ਅੰਬ ਚੁਗਣ ਅਤੇ ਹੋਰ ਨਿੱਕੇ ਮੋਟੇ ਕੰਮਾ ਵਿਚ ਸਹਾਇਤਾ ਕਰਦੇ।ਫਲਾਂ ਦੇ ਰਾਜੇ ਅੰਬ ਨੂੰ ਨਾ ਤਾਂ ਹੁਣ ਪੁਰਾਣੇ ਤਰੀਕੇ ਨਾਲ ਪਕਾਇਆ ਜਾਂਦਾ ਹੈ ਤੇ ਨਾ ਹੀ ਸੰਭਾਲਿਆਂ ਜਾਂਦਾ ਹੈ। ਅਸੀਂ ਆਪਣੇ ਬਾਬਾ ਜੀ ਨਾਲ ਟੋਕਰੀਆਂ ਵਿਚ ਅੰਬ ਲਗਾਕੇ ਪਕਾਉਣ ਲਈ ਚੋਡੇ(ਜਾਲੀ) ਬੁਣਦੇ ਸਾਂ।ਬੜੀ ਕਲਾਕਾਰੀ ਹੁੰਦੀ ਸੀ ਜਾਲ ਬੁਣਨ ਵਿਚ।ਜਦੋਂ ਤੁੜਾਵਾ ਅੰਬ ਤੇ ਚੜ੍ਹਕੇ ਅੰਬ ਤੋਰਕੇ ਕਾਂਡੂ(ਜਾਲੀਦਾਰ ਬੋਰਾ) ਵਿਚ ਪਾਉਂਦਾ ਤਾਂ ਕੋਈ ਅੰਬ ਧਰਤੀ ਤੇ ਗਿਰ ਜਾਂਦਾ ਤਾਂ ਉਸਨੂੰ ਬਾਕੀ ਅੰਬਾਂ ਤੋਂ ਵੱਖਰਾ ਰੱਖਿਆ ਜਾਂਦਾ ਸੀ ਤਾਂ ਕਿ ਟੋਕਰੀ ਵਿਚ ਪੈਕੇ ਬਾਕੀ ਅੰਬ ਵੀ ਗਲ਼ ਨਾ ਜਾਣ।ਬੂਟੇ ਨਾਲੋਂ ਅੰਬਾਂ ਨੂੰ ਕਾਂਡੂ ਛਿੱਕੀ ਨਾਲ ਤੋੜਕੇ ਹੇਠਾਂ ਛਾਵੇਂ ਸਿਰਕੀ (ਤੀਲਾਂ ਦੀ ਚਟਾਈ)ਤੇ ਡੰਢੀਆਂ ਤੋੜਕੇ ਸੁਕਾਇਆ ਜਾਂਦਾ ਸੀ।ਬਾਅਦ ਦੁਪਹਿਰ ਇਹਨਾਂ ਅੰਬਾਂ ਨੂੰ ਬਗੜ ਨਾਲ ਟੋਕਰੀਆਂ ਵਿਚ ਭੱਰਿਆ ਜਾਂਦਾ ਸੀ।ਪਕਾਉਣ ਦਾ ਇਹ ਕੁਦਰਤੀ ਤਰੀਕਾ ਸੀ।ਕਿਸੇ ਵੀ ਮਸਾਲੇ ਆਦਿ ਦੀ ਵਰਤੋਂ ਨਹੀਂ ਸੀ ਹੁੰਦੀ।ਉਸੇ ਅੰਬ ਨੂੰ ਤੋੜਿਆ ਜਾਂਦਾ ਸੀ ਜਿਸਦੇ ਕੁਦਰਤੀ ਤੌਰ ਤੇ ਪੱਕੇ ਹੋਏ ਅੰਬ ਰੋਜ਼ਾਨਾ ਪੰਜ ਜਾ ਸੱਤ ਦੀ ਗਿਣਤੀ ਵਿਚ ਡਿਗ ਪੈਂਦੇ ਸਨ।ਜਦਕਿ ਅਜਕਲ ਇਹਨਾਂ ਗੱਲਾਂ ਦਾ ਕੋਈ ਖਿਆਲ ਨਹੀ ਰੱਖਿਆ ਜਾਂਦਾ ਸਗੋਂ ਪੇਟੀਆਂ ਵਿਚ ਬੰਦ ਕਰਕੇ ਮਸਾਲਾ ਕੈਲਸ਼ੀਅਮ ਕਾਰਬਾਈਡ ਰੱਖਕੇ ਪਕਾ ਲਿਆ ਜਾਂਦਾ ਹੈ ਜੋ ਸਿਹਤ ਲਈ ਲਾਭਕਾਰੀ ਨਹੀਂ ਹੁੰਦਾ।
ਦੁਆਬੇ ਦੇ ਅੰਬਾਂ ਦੀਆਂ ਪੁਰਾਣੀਆਂ ਕਿਸਮਾਂ: ਇਸ ਤਰ੍ਹਾਂ ਅਜਕਲ ਕੋਈ ਵੀ ਅੰਬ ਕੁਦਰਤੀ ਤਰੀਕੇ ਨਾਲ ਪਕਾਇਆ ਨਹੀਂ ਜਾਂਦਾ।ਇਸੇ ਕਰਕੇ ਕਈ ਵਾਰ ਫਲਾਂ ਦਾ ਰਾਜਾ ਅੰਬ ਖਾਕੇ ਵੀ ਮੂੰਹ ਵਿਚ ਛਾਲੇ ਜਾਂ ਹੋਰ ਕਈ ਤਕਲੀਫਾਂ ਹੋ ਜਾਣ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।ਦੁਆਬੇ ਦੀ ਧਰਤੀ ਤੇ ਕਈ ਪ੍ਰਕਾਰ ਦੇ ਅੰਬ ਅਜ ਤੋਂ 20 ਸਾਲ ਪਹਿਲਾਂ ਮਿਲਦੇ ਸਨ।ਜਿਹਨਾਂ ਨੂੰ ਦੁਸਹਿਰੀ,ਸੌਂਫਿਆ,ਲੰਗੜਾ,ਸੰਧੂਰੀ,ਗਾਜਰੀ,ਲਾਲ ਪਰੀ,ਥਾਣੇਦਾਰ ਆਦਿ ਨਾਂਅ ਦਿੱਤੇ ਜਾਂਦੇ ਸਨ।ਹੁਣ ਜੇਕਰ ਇਹ ਕਹੀਏ ਕਿ ਅੰਬਾਂ ਦੀ ਮਹਿਕ ਲਈ ਦੁਆਬੀਏ ਵੀ ਤਰਸਣ ਲੱਗੇ ਹਨ ਤਾਂ ਇਹ ਕੋਈ ਅਤਿਕਥਨੀ ਨਹੀਂ।ਹੁਸ਼ਿਆਰਪੁਰ ਦੀ ਪੁਰਾਣੀ ਹੱਦਬੰਦੀ ਅਨੁਸਾਰ ਇਹ ਸਾਰਾ ਇਲਾਕਾ ਬਾਗਾਂ ਦਾ ਘਰ ਸੀ।ਹਿਮਾਚਲ ਦਾ ਜ਼ਿਲਾ ਊਨਾ ਦਾ ਇਲਾਕਾ ਵੀ ਇਸੇ ਵਿਚ ਹੀ ਗਿਣਿਆ ਜਾਂਦਾ ਰਿਹਾ ਹੈ।ਅਜੇ ਹਿਮਾਚਲ ਦੇ ਇਲਾਕੇ ਵਿਚ ਕੁਝ ਕੁ ਬਾਗਾਂ ਦੇ ਨਜ਼ਾਰੇ ਦੇਖੇ ਜਾ ਸਕਦੇ ਹਨ।

    ਅੰਬੀਆਂ ਨੂੰ ਤਰਸੇਂਗੀ ਬਾਗ਼ਾਂ ਦੀਆਂ ਰਾਣੀਏ ,ਛੱਡਕੇ ਤੁੰ ਦੇਸ ਦੁਆਬਾ।

ਅੰਬਾਂ ਨੂੰ ਕੁਦਰਤੀ ਢੰਗ ਨਾਲ ਪਕੲਉਣ ਦੀ ਵਿਧੀ :ਅੰਬਾਂ ਨਾਲ ਸਬੰਧਤ ਅਨੇਕਾਂ ਲੋਕ ਗੀਤ ਇਸਦੀ ਮਹਾਨਤਾ ਨੂੰ ਉਜਾਗਰ ਕਰਦੇ ਹਨ।ਪਕਾਏ ਜਾਣ ਵਾਲੇ ਅੰਬ ਦੀ ਡੰਡੀ ਤੋੜ ਦਿੱਤੀ ਜਾਂਦੀ ਹੈ।ਨਹੀਂ ਤਾਂ ਉਹ ਉਸਦੇ ਪੱਕਣ ਵਿਚ ਰੁਕਾਵਟ ਪੈਦਾ ਕਰਦੀ ਹੈ।ਡੰਡੀ ਤੋੜਨ ਵੇਲੇ ਨਿੱਕਲਣ ਵਾਲੇ ਪਦਾਰਥ ਨੂੰ ਡੋਕ ਕਿਹਾ ਜਾਂਦਾ ਹੈ ਜਿਸਤੋਂ ਅਨੇਕਾਂ ਪ੍ਰਕਾਰ ਦੀਆਂ ਅੱਖਾਂ ਦੀਆਂ ਦਵਾਈਆਂ ਤਿਆਰ ਕੀਤੀਆਂ ਜਾਂਦੀਆ ਹਨ।ਇਸ ਡੋਕ ਦਾ ਦਾਗ ਕੱਪੜੇ ਤੋਂ ਕਦੇ ਨਹੀ ਉੱਤਰਦਾ।ਇਸੇ ਤਰ੍ਹਾਂ ਇਹ ਇੰਨਾ ਜ਼ਹਿਰੀਲਾ ਹੁੰਦਾ ਹੈ ਕਿ ਸਰੀਰ ਦੀ ਚਮੜੀ ਨੂੰ ਵੀ ਸਾੜਕੇ ਲਾਲ ਕਰ ਦਿੰਦਾ ਹੈ।ਫਲਾਂ ਦੇ ਰਾਜੇ ਅੰਬ ਨੂੰ ਜੇਕਰ ਅਜ ਵੀ ਕੁਦਰਤੀ ਤਰੀਕੇ ਨਾਲ ਤਿਆਰ ਭਾਵ ਪਕਾਇਆ ਜਾਵੇ ਤਾਂ ਅਸੀਂ ਇਸਦੀ ਸੌ ਫੀਸਦੀ ਪੌਸ਼ਟਿਕਤਾ ਦਾ ਲਾਭ ਲੈ ਸਕਦੇ ਹਾਂ।ਇਹ ਵੀ ਤਜੱਰਬਾ ਦੱਸਦਾ ਹੈ ਕਿ ਕਈ ਅੰਬਾਂ ਦਾ ਰੰਗ ਸੰਧੂਰੀ ਹੁੰਦਾ ਪਰ ਉਹ ਖਾਣ ਵੇਲੇ ਖੱਟੇ ਨਿਕੱਲਦੇ ਹਨ।ਇੱਥੇ ਇਹ ਕਹਾਵਤ ਸੱਚ ਹੋ ਜਾਂਦੀ ਹੈ ਕਿ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ।
    
ਅੰਬ ਦੀ ਮਹਾਨਤਾ: ਅੰਬ ਸਾਡੇ ਦੇਸ਼ ਸਮੇਤ ਪਾਕਿਸਤਾਨ ਅਤੇ ਫਿਲਪਾਈਨ ਦਾ ਵੀ ਕੌਮੀ ਫ਼ਲ ਹੈ।ਪੁਰਾਣੇ ਰਾਜੇ ਮਹਾਂ ਰਾਜਿਆਂ ਨੇ ਅੰਬਾਂ ਦੇ ਬਾਗ ਲੁਆਉਣ ਵਿਚ ਬੜੀ ਦਿਲਚਸਪੀ ਲਈ ਸੀ।ਇਸੇ ਕਰਕੇ ਦੁਆਬੇ ਦੀ ਧਰਤੀ ਅੰਬਾਂ ਦਾ ਘਰ ਬਣ ਗਈ ਸੀ।ਬੰਗਲਾ ਦੇਸ਼ ਦਾ ਇਹ ਰਾਸ਼ਟਰੀ ਰੁੱਖ ਹੈ।ਵੈਦੀਕ ਗਰੰਥਾਂ ਅਨੁਸਾਰ ਇਹ ਸਵਰਗ ਦਾ ਫ਼ਸਲ ਹੈ।ਭਾਰਤ ਵਿਚ ਇਸਦੀ ਪੈਦਾਵਾਰ ਪਿਛਲੇ ਲਗਭਗ ਚਾਰ ਹਜ਼ਾਰ ਸਾਲ ਤੋਂ ਕੀਤੀ ਜਾ ਰਹੀ ਹੈ।ਯੂਰਪੀ ਯਾਤਰੀ ਅਲੈਗਜੈਂਡਰ ਅਤੇ ਉਸਦੀ ਸੈਨਾ ਨੇ ਇਸ ਫਲ ਨੂੰ 327 ਈਸਾ ਪੂਰਵ ਵਿਚ ਦੇਖਿਆ।ਭਾਵੇਂ ਭਾਰਤ ਅੰਬ ਪੈਦਾ ਕਰਨ ਵਾਲਾ ਪ੍ਰਮੁੱਖ ਦੇਸ਼ ਹੈ ਪਰ ਇਸਦੀ ਬਹੁਤੀ ਖਪਤ ਦੇਸ਼ ਵਿਚ ਹੀ ਹੋ ਜਾਂਦੀ ਹੈ ਭਾਰਤ ਵਿਚ ਇਸਦੀਆਂ 500 ਕਿਸਮਾ ਦੱਸੀਆਂ ਗਈਆਂ ਹਨ।ਪ੍ਰਚੱਲਤ 35 ਦੇ ਕਰੀਬ ਹੀ ਹਨ।ਅੰਬ ਦਾ ਵਿਗਿਆਨਕ ਨਾਂ ‘ਮੈਂਗੀਫੇਰਾ ਇੰਡੀਕਾ’ ਹੈ। ਅੰਬ ਦੀ ਬਹੁਤੀ ਵਰਤੋਂ ਅਚਾਰ ਵਾਸਤੇ ਕੀਤੀ ਜਾਂਦੀ ਹੈ।ਅੰਬ ਦੀ ਚਟਨੀ, ਮੁਰੱਬਾ, ਮਲਾਂਜੀ,ਬਾਂਜੂ,ਬਾਖੜੀਆਂ ਆਦਿ ਅਨੇਕਾ ਪ੍ਰਕਾਰ ਦੇ ਸਵਾਦੀ ਪਦਾਰਥ ਤਿਆਰ ਕੀਤੇ ਜਾਂਦੇ ਹਨ।ਇਸਦੀ ਖਟਿਆਈ ਨੂੰ ਜਾਇਕਾ ਬਣਾਉਣ ਲਈ ਵੀ ਵਰਤਿਆ ਜਾਂਦਾ ਹੈ।ਅੰਬਾਂ ਵਾਲੇ ਇਲਾਕੇ ਵਿਚ ਬਾਂਜੂ ਬੜਾ ਮਸ਼ਹੂਰ ਹੈ ਤੇ ਸਬਜੀ /ਦਾਲ ਵਜੋ ਵਰਤਿਆਂ ਜਾਂਦਾ ਹੈ।ਇਹ ਵੀ ਗੱਲ ਚਰਚਿਤ ਹੂੰਦੀ ਸੀ ਕਿ ਅੰਬਾਂ ਵਾਲੇਇਲਾਕੇ ਦੇ ਲੋਕ ਇਸ ਸੀਜ਼ਨ ਵਿਚ ਕੋਈ ਹੋਰ ਦਾਲ ਸਬਜੀ ਨਹੀਂ ਬਣਾੳਂੁਦੇ ਸਗੋਂ ਅੰਬਾਂ ਦੇ ਹੀ ਜਾਇਕੇਦਾਰ ਪਦਾਰਥ ਤਿਆਰ ਕਰਦੇ ਹਨ।

ਸਿਹਤ ਲਈ ਬੜਾ ਗੁਣਕਾਰੀ :ਡਾਕਟਰੀ ਅੰਦਾਜ਼ੇ ਅਨੁਸਾਰ ਅੰਬ ਇਕ ਅਜਿਹਾ ਫ਼ੳਮਪ;ਲ ਹੈ ਜੋ ਸਰੀਰ ਵਿਚਲੇ ਅਨੇਕਾਂ ਰੋਗਾਂ ਲਈ ਦਾਰੂ ਵਜੋ ਵਰਤਿਆ ਜਾਂਦਾ ਹੈ।ਸੌ ਗ੍ਰਾਮ ਭਾਰ ਵਾਲੇ ਅੰਬ ਵਿਚ 65 ਕਿਲੋ ਕਲੋਰੀ ਊਰਜਾ ਦੇਣ ਦੀ ਸਮਰੱਥਾ ਹੁੰਦੀ ਹੈ।ਜਿਸ ਵਿਚ ਸਭ ਤੋਂ ਵੱਧ 17 ਗ੍ਰਾਮ ਕਾਰਬੋਹਾਈਡ੍ਰੇਟ ਅਤੇ 14.8 ਗ੍ਰਾਮ ਖੰਡ ਹੁੰਦੀ ਹੈ।ਪ੍ਰੋਟੀਨ, ਕੈਲਸ਼ੀਅਮ, ਮੈਗਨੀਸ਼ੀਅਮ, ਫਾਸਸੋਰਸ, ਪਟਾਸ਼ੀਅਮ ਅਤੇ ਜਿੰਕ ਸਮੇਤ ਵਿਟਾਮਿਨ ਏ, ਬੀ ਤੇ ਸੀ ਵੀ ਮੌਜੂਦ ਹੂੰਦਾ ਹੈ।ਪੱਕੇ ਅੰਬ ਚੂਪਣ ਨਾਲ ਦਿਲ ,ਹੱਡੀਆਂ ਅਤੇ ਮਾਸ ਪੇਸ਼ੀਆਂ ਨੂੰ ਮਜਬੂਤੀ ਮਿਲਦੀ ਹੈ।ਨਮਰਦਗੀ ਵਾਲੇ ਲੋਕਾਂ ਲਈ ਵੀ ਇਹ ਫ਼ਸਲ ਬੜਾ ਲਾਭਕਾਰੀ ਹੁੰਦਾ ਹੈ।ਗਰਮੀ ਤੋਂ ਬਚਣ ਲਈ ਇਸਨੂੰ ਸੁਆਹ ਵਿਚ ਭੁੰਨਕੇ ਇਸਦੇ ਗੁੱਦੇ ਦਾ ਸ਼ਰਬਤ ਪੀਤਾ ਜਾ ਸਕਦਾ ਹੈ।ਪੱਕਿਆਂ ਅੰਬਾਂ ਨੂੰ ਚੂਪਣ ਨਾਲ ਅੱਖਾਂ ਦੇ ਰੋਗਾਂ ਤੋਂ ਵੀ ਬਚਿਆ ਜਾ ਸਕਦਾ ਹੈ।ਕਿਸੇ ਜਮਾਨੇ ਇਹ ਫਲ ਰਾਜੇ ਮਹਾਂਰਾਜਿਆ ਦੁਆਰਾ ਹੀ ਖਾਧਾ ਜਾਂਦਾ ਸੀ।ਜਿਸ ਕਰਕੇ ਇਸ ਨੂੰ ਫਲਾਂ ਦਾ ਰਾਜਾ ਮੰਨਿਆ ਜਾਣ ਲਗ ਪਿਆ।

ਅੰਬ ਦਾ ਮੰਡੀਕਰਣ :ਜਦੋਂ ਅੰਬ ਦਰੱਖਤ ਉੱਤੇ ਪੱਕ ਕੇ ਹੇਠਾਂ ਡਿਗਦਾ ਹੈ ਤਾਂ ਇਸਨੂੰ ਟਪਕਾ ਕਿਹਾ ਜਾਂਦਾ ਹੈ।ਅਸਲ ਵਿਚ ਰਸਿਆ ਹੋਇਆ ਜਾਂ ਦੇਸੀ ਤਰੀਕੇ ਨਾਲ ਪਕਾਇਆ ਹੋਈਆ ਅੰਬ ਹੀ ਸਿਹਤ ਲਈ ਲਾਭਕਾਰੀ ਹੁੰਦਾ ਹੈ।ਠੰਡੇ ਪਾਣੀ ਵਿਚ ਰੱਖਕੇ ਅੰਬਾਂ ਨੂੰ ਚੂਪਣ ਦਾ ਆਪਣਾ ਹੀ ਨਜ਼ਾਰਾ ਹੁੰਦਾ ਸੀ ।ਅਚਾਰ ਵਾਸਤੇ ਕੱਚਾ ਅੰਬ ਬੋਰਿਆਂ ਵਿਚ ਮੰਡੀਆਂ ਨੂੰ ਭੇਜਿਆ ਜਾਂਦਾ ਹੈ।ਜਦਕਿ ਪਹਿਲੇ ਪਹਿਲ ਵੱਡੀਆਂ ਬੋਰੀਆਂ ਹੀ ਭੱਰੀਆਂ ਜਾਂਦੀਆਂ ਸਨ।ਇਹਨਾਂ ਦੇ ਹੇਠਾਂ ਅਤੇ ਉੱਪਰ ਪੱਤੇ ਪਾਏ ਜਾਂਦੇ ਸਨ ਤਾਂਕਿ ਫਲ ਨੂੰ ਕਿਸੇ ਤਰ੍ਹਾਂ ਸੱਟ ਨਾ ਲੱਗੇ।ਮੰਡੀ ਵਿਚ ਚੰਗਾ ਮੁੱਲ ਪੈਂਣ ਦੇ ਇਰਾਦੇ ਨਾਲ ਬੋਰੀ ਦੇ ਸਭ ਤੋਂ ਹੇਠਾਂ ਬਰੀਕ ਵਿਚਕਾਰ ਦਰਮਿਆਨਾ ਅਤੇ ਉੱਪਰ ਸਭ ਤੋਂ ਮੋਟਾ ਅੰਬ ਪਾਇਆ ਜਾਂਦਾ ਹੈ।ਇਹੀ ਤਰੀਕਾ ਪਕਾਉਣ ਵਾਲੀ ਟੋਕਰੀ ਵਿਚ ਤਿੰਨੋ ਤਹਿਆਂ ਲਾਕੇ ਵਰਤਿਆ ਜਾਂਦਾ ਹੈ।ਅੱਜਕੱਲ੍ਹ ਪੇਟੀਆਂ ਵਿਚ ਵੀ ਤਹਿਆਂ ਦੀ ਵਰਤੋਂ ਅਖ਼ਬਾਰਾਂ ਵਿਛਾ ਕੇ ਕੀਤੀ ਜਾਂਦੀ ਹੈ।ਪਰ ਪਕਾਉਣ ਦਾ ਤਰੀਕਾ ਗੈਰ ਕੁਦਰਤੀ ਹੈ।ਮੈਂਗੋ ਸ਼ੇਕ ,ਮੈਂਗੋ ਫਰੂਟੀ ਨੂੰ ਬੱਚੇ ਬੜੀ ਚਾਹਤ ਨਾਲ ਪੀਂਦੇ ਹਨ।ਜਦਕਿ ਅੰਬਾਂ ਦਾ ਰਸ ਹਰ ਕਿਸੇ ਦੇ ਮੂੰਹ ਵਿਚ ਪਾਣੀ ਲਿਆ ਦਿੰਦਾ ਹੈ।ਹੁਣ ਦੁਆਬੇ ਦੀ ਧਰਤੀ ਚੋਂ ਸੰਧੂਰੀ ਅੰਬਾਂ ਦੀ ਮਹਿਕ ਨਹੀ ਆਉਂਦੀ।ਇਸੇ ਕਰਕੇ ਅਜਕਲ ਕਿਹਾ ਜਾਣ ਲੱਗਾ ਹੈ: ਹੁਣ ਅੰਬੀਆਂ ਨੂੰ ਤਰਸੇਂਗੀ ,ਵਿਚ ਰਹਿਕੇ ਦੇਸ ਦੁਆਬੇ।    
      
ਸੰਪਰਕ: +91 98150 18947     


Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ