Sat, 15 June 2024
Your Visitor Number :-   7111165
SuhisaverSuhisaver Suhisaver

ਮਹਿੰਗਾ ਪਿਆ ਮੈਨੂੰ ਵਿਚੋਲਗਿਰੀ ਦਾ ਚਸਕਾ - ਰਮੇਸ਼ ਸੇਠੀ ਬਾਦਲ

Posted on:- 16-04-2015

suhisaver

ਉਸ ਦਿਨ ਮੈਂ ਚੰਡੀਗੜ੍ਹ ਤੋਂ ਸ਼ਾਮੀ ਵਾਪਿਸ ਘਰ ਆਇਆ ਤਾਂ ਸਾਹਿਬਾਂ ਨੇ ਕਿਹਾ ਕਿ ਵੀਰ ਜੀ ਦਾ ਫੋਨ ਆਇਆ ਸੀ ਤੇ ਕਹਿੰਦਾ ਉਹਨਾਂ ਨੂੰ ਆਪਣੀ ਮੰਡੀ ’ਚ ਰਹਿੰਦੇ ਕਿਸੇ ਮੁੰਡੇ ਦੀ ਦੱਸ ਪਈ ਹੈ, ਉਸਨੇ ਉਹਨਾਂ ਦਾ ਫੋਨ ਨੰਬਰ ਵੀ ਦਿੱਤਾ ਹੈ ।ਤੁਸੀ ਗੱਲ ਕਰ ਲਵੋ।ਦਰਅਸਲ ਮੇਰੇ ਸਾਲੇ ਸਾਹਿਬ ਦੀ ਬੇਟੀ ਦੇ ਰਿਸ਼ਤੇ ਲਈ ਉਹ ਕਾਫੀ ਚਿਰ ਤੋਂ ਅੰਦਰੋ ਅੰਦਰੀ ਹੱਥ ਪੈਰ ਮਾਰ ਰਹੇ ਸੀ। ਪਰ ਕਿਤੇ ਗੱਲ ਨਾ ਬਣੀ ਤੇ ਹੁਣ ਦੱਸ ਸਾਡੇ ਸ਼ਹਿਰ ਦੇ ਹੀ ਮੁੰਡੇ ਦੀ ਪਈ ਤਾਂ ਭੈਣ ਜੀਜਾ ਚੇਤੇ ਆ ਗਏ। ਤੇ ਮੈਂ ਵੀ ਘਰ ਆਲੀ ਦਾ ਕਹਿਣਾ ਮੋੜ ਨਾ ਸਕਿਆ ਤੇ ਝੱਟ ਸੰਬਧਿਤ ਨੰਬਰ ਤੇ ਫੋਨ ਮਿਲਾ ਲਿਆ।ਮੁੰਡੇ ਦਾ ਪਿਓ ਮੇਰੇ ਜੱਦੀ ਪਿੰਡ ਦੇ ਸਰਕਾਰੀ ਸਕੂਲ ਚ ਪੰਜਾਬੀ ਮਾਸਟਰ ਸੀ ਤੇ ਮਾਂ ਹਰਿਆਣੇ ਵਿੱਚ ਜੇ ਬੀ ਟੀ ਟੀਚਰ ਲੱਗੀ ਹੋਈ ਸੀ ।ਖੈਰ ਉਸ ਗਿਆਨੀ ਮਾਸਟਰ ਜੀ ਨੇ ਮੇਰੀ ਗੱਲ ਸਲੀਕੇ ਨਾਲ ਸੁਣੀ ਤੇ ਵਿੱਚ ਵਿੱਚ ਦੀ ਆਪਣੀਆਂ ਆਪਣੇ ਖਾਨਦਾਨ ਤੇ ਆਪਣੀ ਕੋਠੀ ਜਾਇਦਾਦ ਦੀਆਂ ਵਡਿਆਈਆਂ ਵੀ ਕਰਦਾ ਰਿਹਾ। ਚਾਹੇ ਰਿਸ਼ਤਾ ਉਸ ਨੂੰ ਚੰਗਾ ਲੱਗਿਆ, ਪਰ ਫਿਰ ਵੀ ਮੁੰਡੇ ਵਾਲਾ ਹੋਣ ਕਰਕੇ ਆਕੜ ਜਿਹੀ ਵੀ ਦਿਖਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਪਰ ਰਿਸ਼ਤੇ ਪ੍ਰਤੀ ਉਸਦੀ ਰੁਚੀ ਸਾਫ ਝਲਕਦੀ ਸੀ।

ਮੇਰੀ ਘਰਆਲੀ ਅਕਸਰ ਕਿਸੇ ਨਾ ਕਿਸੇ ਦੇ ਰਿਸ਼ਤੇ ਵਿੱਚ ਪੈਣ ਲਈ ਮੈਨੂੰ ਅਕਸਰ ਕਹਿੰਦੀ ਰਹਿੰਦੀ ਸੀ, ਪਰ ਮੈ ਇਸ ਵਿਚੋਲਗਿਰੀ ਵਾਲੇ ਕੰਮ ਤੋਂ ਦੂਰ ਰਹਿਣ ਵਿੱਚ ਹੀ ਆਪਣੀ ਭਲਾਈ ਸਮਝਦਾ ਸੀ। ਬਚਪਣ ਚ ਸੁਣੀ ਕੁੜਮੋਂ ਕੁੜਮੀ ਵਰਤਨਗੇ ਵਿਚੋਲੇ ਬੈਠੇ ਤਰਸਣਗੇ ਕਹਾਵਤ ਤੋਂ ਮੈਨੂੰ ਬਹੁਤ ਡਰ ਲੱਗਦਾ ਸੀ। ਸੁਣਿਆ ਸੀ ਇੱਕ ਕਾਮਜਾਬ ਵਿਚੋਲੇ ਨੂੰ ਕੁਝ ਓਹਲਾ ਵੀ ਰੱਖਣਾ ਪੈਂਦਾ ਹੈ ਪਰ ਮੈ ਝੂਠ ਨਹੀਂ ਸੀ ਬੋਲ ਸਕਦਾ।ਤੇ ਇਹੀ ਮੇਰੀ ਕਮਜ਼ੋਰੀ ਸੀ।ਇਸੇ ਕਰਕੇ ਹੀ ਮੈ ਵਿਚੋਲਾ ਬਨਣ ਤੋਂ ਹਮੇਸ਼ਾ ਭੱਜਦਾ ਸੀ।

ਮਾਸਟਰ ਜੀ ਦੇ ਸੱਦੇ ਤੇ ਅਗਲੇ ਦਿਨ ਅਸੀ ਦੋਵੇਂ ਜੀ ਗੱਲ ਅੱਗੇ ਤੋਰਣ ਲਈ ਉਹਨਾਂ ਦੇ ਘਰ ਚਲੇ ਗਏ। ਤਹਿਸ਼ੁਦਾ ਪ੍ਰੋਗਰਾਮ ਹੋਣ ਕਰਕੇ ਮਾਸਟਰ ਜੀ ਨੇ ਬਹੁਤ ਚੰਗਾ ਵਧੀਆ ਤਿਆਰੀ ਕੀਤੀ ਹੋਈ ਸੀ ।ਉਹਨਾਂ ਸਾਡੀ ਖੂਬ ਖਾਤਿਰਦਾਰੀ ਕੀਤੀ । ਕਿਉਂਕਿ ਲੜਕੀ ਨੇ ਵੈਟਰਨੀ ਸਾਇੰਸ ਵਿੱਚ ਪੋਸਟ ਗਰੇਜੂਏਸ਼ਨ ਕੀਤੀ ਹੋਈ ਸੀ, ਪਰ ਮਾਸਟਰ ਜੀ ਦੇ ਲੜਕੀ ਦੀ ਡਿਗਰੀ ਦੀ ਸਮਝ ਨਾ ਪਈ। ਆਪਣੀ ਤਸੱਲੀ ਲਈ ਉਸਨੇ ਆਪਣੇ ਕਿਸੇ ਰਿਸ਼ਤੇਦਾਰ ਨਾਲ ਗੱਲ ਕਰਨ ਦਾ ਵਾਇਦਾ ਕਰਕੇ ਸਾਨੂੰ ਹਾਂ ਪੱਖੀ ਜਿਹਾ ਲਾਰਾ ਲਾ ਦਿੱਤਾ।ਫਿਰ ਡਿਗਰੀ ਦੀ ਤਸੱਲੀ ਹੋਣ ਤੇ ਉਸ ਨੇ ਸਾਨੂੰ ਮੁੰਡਾ ਵਿਖਾਉਣ ਦੀ ਹਾਮੀ ਭਰ ਦਿੱਤੀ।

ਦੋ ਤਿੰਨ ਦਿਨਾਂ ਵਿੱਚ ਹੀ ਉਸਨੇ ਆਪਣੇ ਮੁੰਡੇ ਨੂੰ ਚੰਡੀਗੜ੍ਹ ਤੋਂ ਬੁਲਾ ਲਿਆ ਤੇ ਮੁੰਡਾ ਦੇਖਣ ਦਾ ਪ੍ਰੋਗਰਾਮ ਅਸੀ ਸਾਡੇ ਹੀ ਘਰ ਰੱਖਿਆ। ਮੇਰੇ ਸੋਹਰੇ ਪਰਿਵਾਰ ਦੇ ਅੱਠ ਦੱਸ ਮੈਂਬਰ ਆਏ ਤੇ ਅੱਠ ਦੱਸ ਮੈਬਰ ਹੀ ਮੁੰਡੇ ਵਾਲੇ ਪਰਿਵਾਰ ਤੋਂ ਆਏ। ਹੁਣ ਸੇਵਾ ਪਾਣੀ ਦੀ ਡਿਊਟੀ ਸਾਡੀ ਸੀ। ਵਾਹਵਾ ਖਿਲਾਰਾ ਪੈ ਗਿਆ। ਸ਼ਸੋਪੰਜੀ ਵਿੱਚ ਹੀ ਮੁੰਡਾ ਸਭ ਦੇ ਪਸੰਦ ਆ ਗਿਆ ਤੇ ਫਿਰ ਲੜਕੀ ਦੇਖਣ ਦੀ ਗੱਲ ਆ ਗਈ।ਬਠਿੰਡੇ ਦੇ ਹੋਟਮਿਲਣ ਹੋਟਲ ਵਿੱਚ ਥੋੜੀ ਜਿਹੀ ਨਾਂਹ ਨੁੱਕਰ ਤੋਂ ਬਾਅਦ ਉਹਨਾਂ ਦੇ ਲੜਕੀ ਵੀ ਪਸੰਦ ਆ ਗਈ।ਤੇ ਗੱਲ ਪੱਕ ਠੱਕ ਤੱਕ ਪਹੁੰਚ ਗਈ।ਮੇਰੇ ਸਾਲੇ ਸਾਹਿਬ ਰਸਮ ਕਰਣ ਦੀ ਜਲਦੀ ਵਿੱਚ ਸਨ ਤੇ ਅੰਦਰੋ ਅੰਦਰੀ ਮਾਸਟਰ ਜੀ ਵੀ ਸਾਈ ਫੜਣ ਦੇ ਹੱਕ ਵਿੱਚ ਸਨ। ਪਰ ਮੈ ਦੋਹਾਂ ਧਿਰਾਂ ਨੂੰ ਦੇਣ ਲੈਣ ਦੇ ਮਾਮਲੇ ਵਿੱਚ ਠੋਕ ਲੈਣਾ ਚਾਹੁੰਦਾ ਸੀ। ਮੇਰੇ ਸਾਲਾ ਸਾਹਿਬ ਨੇ ਆਪਣਾ ਬੱਜਟ ਮੈਨੂੰ ਦੱਸ ਦਿੱਤਾ। ਮਾਸਟਰ ਜੀ ਆਪਣੀ ਕੋਈ ਵੀ ਮੰਗ ਨਹੀਂ ਸੀ ਦੱਸ ਰਹੇ ਜਿਸ ਤੇ ਮੈਨੂੰ ਦਾਲ ਵਿੱਚ ਕੁਝ ਕਾਲਾ ਲੱਗਿਆ। ਮੈਂ ਮਾਸਟਰ ਜੀ ਨੂੰ ਚੰਗੀ ਤਰਾਂ ਫਿਰ ਠੌਕ ਵਜਾ ਲਿਆ ਤੇ ਸਾਫ ਸ਼ਬਦਾਂ ਵਿੱਚ ਦੱਸ ਦਿੱਤਾ ਕਿ ਇੰਨੇ ਬਜਟ ਨੂੰ ਤੁਸੀ ਜਿਵੇਂ ਮਰਜ਼ੀ ਵਰਤ ਲਵੋ ਪਰ ਮੇਰੇ ਸਾਲਾ ਸਾਹਿਬ ਲਕੀਰ ਦੇ ਫਕੀਰ ਹਨ ਉਹਨਾਂ ਨੇ ਇੱਕ ਧੇਲੀ ਵੀ ਵੱਧ ਖਰਚ ਨਹੀਂ ਕਰਨੀ।

ਮੇਰੀਆਂ ਖਰੀਆਂ ਗੱਲਾਂ ਸੁਣ ਕੇ ਮਾਸਟਰ ਜੀ ਸਹਿਮਤ ਹੋ ਗਏ ਤੇ ਰੋਕਾ ਰਕਾਈ ਕਰ ਦਿੱਤੀ ਗਈ। ਮੈਨੂੰ ਮੇਰੇ ਪਹਿਲੇ ਸਫਲ ਉਪਰੇਸ਼ਨ ਤੇ ਮਾਣ ਜਿਹਾ ਹੋਇਆ। ਫਿਰ ਵਿਆਹ ਤੱਕ ਸਾਡੀ ਬਠਿੰਡੇ ਖੂਬ ਆਉਣੀ ਜਾਣੀ ਬਣੀ ਰਹੀ । ਕਾਰ ਖੂਬ ਭਜਾਈ ਗਈ। ਦਰਅਸਲ ਇਹ ਘਰ ਫੂਕ ਤਮਾਸ਼ਾ ਦੇਖਣ ਵਾਲੀ ਗੱਲ ਸੀ। ਦੋਹਾਂ ਪਾਸਿਆ ਦੇ ਸਨੇਹੇ ਪਹੁੰਚਾਉਣ ਦਾ ਕੰਮ ਸੀ ਸਾਡਾ । ਘਰਵਾਲੀ ਵੀ ਹੁਣ ਫੋਨ ਦਾ ਖਹਿੜਾ ਨਾ ਛੱਡਦੀ।ਇਧਰੋ ਉਧਰ ਦੇ ਸਨੇਹੇ ਦੇਣ ਵਿੱਚ ਹੀ ਦਿਨ ਗੁਜਰਣ ਲੱਗੇ।ਇੱਕ ਦਿਨ ਸਾਡਾ ਜ਼ਿਆਦਾ ਜੋਸ਼ ਵੇਖ ਕੇ ਸਾਲਾ ਸਾਹਿਬ ਨੇ ਵੀ ਕਹਿ ਦਿੱਤਾ ਕਿ ਤੁਸੀ ਤਾਂ ਵਿਹਲੇ ਹੋ।ਉਸਦੀ ਖਰੀ ਗੱਲ ਸੁਣਕੇ ਮੈਨੂੰ ਬਹੁਤ ਹਾਸੀ ਤੇ ਗੁੱਸਾ ਆਇਆ।ਪਰ ਉਖਲੀ ਵਿੱਚ ਸਿਰ ਦਿੱਤਾ ਤਾਂ ਮੂਸਲਾਂ ਤੋਂ ਡਰਨ ਦਾ ਕੋਈ ਕੰਮ ਨਹੀਂ ਸੀ।

ਮਿਥੇ ਦਿਨ ਤੇ ਬਿਨਾਂ ਕਿਸੇ ਅੜਚਣ ਦੇ ਵਿਆਹ ਦੀਆਂ ਰਸਮਾਂ ਪੂਰੀਆਂ ਹੋ ਗਈਆਂ। ਕੁੜੀ ਆਪਣੇ ਸੁਹਰੇ ਘਰ ਆ ਗਈ।ਪਰ ਸਾਨੂੰ ਕਿਸੇ ਨੇ ਸ਼ਾਬਾਸ਼ੇ ਦਾ ਤਮਗਾ ਨਾ ਦਿੱਤਾ ਸਗੋਂ ਵਿਚੋਲਗਿਰੀ ਦਾ ਸੇਕ ਸਾਡੇ ਕਰੀਬ ਪਹੁੰਚਣ ਲੱਗਿਆ। ਸੇਵਾ ਪਾਣੀ ਤੇ ਆਉ ਭਗਤ ਦੀ ਭੱਜ ਦੋੜ ਕਰਦਾ ਹੋਇਆ ਸਾਡਾ ਵੱਡਾ ਲੜਕਾ ਕਾਲਜ ਚੋ ਫੇਲ ਹੋ ਗਿਆ। ਪੁਰਾਣੇ ਗਿਲੇ੍ਹ ਸਿ਼ਕਵੇ ਹੋਲੀ ਹੋਲੀ ਸਿਰ ਚੁਕਣ ਲੱਗੇ ਤੇ ਮੇਹਣੇ ਤੇ ਉਲਾਂਭੇ ਮਿਲਣੇ ਸ਼ੁਰੂ ਹੋ ਗਏ। ਤੁਸੀ ਤੇ ਜੀਜੇ ਜੀ ਐਵੇਂ ਹੀ ਬੋਲਦੇ ਰਹਿੰਦੇ ਹੋ ਜਿਹੇ ਸਬਦ ਸੁਨਣ ਨੂੰ ਮਿਲੇ।ਸਾਡਾ ਆਉਣਾ ਜਾਣਾ ਬਹੁਤ ਘਟ ਗਿਆ। ਮੈਨੂੰ ਲੱਗਿਆ ਕਿ ਹੁਣ ਸਾਡਾ ਉਸ ਘਰ ਨਾਲੋ ਦਾਣਾ ਪਾਣੀ ਮੁਕਣਾ ਸੁਰੂ ਹੋ ਗਿਆ ਹੈ।ਮਾਸਟਰ ਜੀ ਨੂੰ ਕਮਾਊ ਤੇ ਵਧੀਆ ਨੂੰਹ ਮਿਲ ਗਈ ਤੇ ਮੇਰੇ ਸਾਲਾ ਸਾਹਿਬ ਨੂੰ ਭਲਾਮਾਨੁਸ਼, ਆਗਿਆਕਾਰੀ ਤੇ ਪੁੱਤਾਂ ਵਰਗਾ ਸਾਊ ਜਵਾਈ ਮਿਲ ਗਿਆ।

ਅਸੀ ਵਿਚੋਲੇ ਬੈਠੇ ਤਰਸਣਗੇ ਦੇ ਹਾਲਤ ਵਿੱਚ ਪਹੁੰਚ ਚੁੱਕੇ ਸੀ। ਮੇਰੀ ਘਰਵਾਲੀ ਹੁਣ ਉਹ ਭੂਆ ਬਣ ਗਈ ਜਿਸਨੂੰ ਪੇਕਿਆ ਘਰੇ ਫਾਲਤੂ ਦੀ ਦਖਲ ਅੰਦਾਜ਼ੀ ਦੀ ਆਦਤ ਹੋਵੇ। ਤੇ ਮੈਂ ਹਰ ਵੇਲੇ ਐਵੇ ਹੀ ਬੋਲਣ ਵਾਲਾ ਉਹ ਫੁਫੱੜ ਬਣ ਗਿਆ ਜੋ ਹਰ ਮੋਕੇ ਤੇ ਰੁਸਣਾ ਹੀ ਜਾਣਦਾ ਹੈ। ਵਿਚੋਲਗਿਰੀ ਦੀ ਛਾਪ ਨੂੰ ਤਰਸਦੀਆਂ ਉ਼ਗਲਾਂ ਵਾਲੇ ਹੱਥ ਹੁਣ ਹੱਥ ਮਿਲਾਉਣ ਤੋਂ ਵੀ ਗਏ ।ਵਿਚੋਲਗਿਰੀ ਚਸਕੇ ਨੇ ਮੇਰੀ ਪੂਰੀ ਤਰਾਂ ਹਾਏ ਤੋਬਾ ਕਰਾ ਦਿੱਤੀ।

ਸੰਪਰਕ: +91 98766 27233

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ