Fri, 24 May 2024
Your Visitor Number :-   7058006
SuhisaverSuhisaver Suhisaver

ਔਰਤ ਹੀ ਔਰਤ ਦੀ ਦੁਸ਼ਮਣ - ਗੁਰਪ੍ਰੀਤ ਸੈਣੀ

Posted on:- 12-05-2012

suhisaver

‘ਜ਼ਨਾਨੀ, ਜ਼ਨਾਨੀ ਦੀ ਵੈਰੀ’ ਏਸੇ ਫ਼ਿਕਰੇ ਦੀਆਂ ਗੁਲਾਮ ਅਸੀਂ ਔਰਤਾਂ ਇੱਕ-ਦੂਜੀ ਦੀ ਟੰਗ ਖਿੱਚਣ ’ਤੇ ਲੱਗੀਆਂ ਰਹਿੰਦੀਆਂ ਹਾਂ। ਖ਼ੁਦ ਨੂੰ ਉਚਾ ਤੇ ਦੂਜੀਆਂ ਨੂੰ ਨੀਵਾਂ ਦਿਖਾਉਣ ਦੀ ਹੋੜ ਵਿੱਚ ਅਸੀਂ ਆਪਣੀਆਂ ਸਿਆਣਪਾਂ ਭੁੱਲਦੀਆਂ ਜਾ ਰਹੀਆਂ ਹਾਂ। ਅਸੀਂ ਔਰਤਾਂ ਆਪਣੀ ਸੁਘੜ-ਸੁਆਣੀ ਵਾਲੀ ਸਾਰੀ ਮਰਿਆਦਾ ਛਿੱਕੇ ਟੰਗੀ ਫ਼ਿਰਦੀਆਂ ਹਾਂ। ਥਾਂ ਚਾਹੇ ਕੋਈ ਵੀ ਕਿਉਂ ਨਾ ਹੋਵੇ, ਕੀ ਦਫ਼ਤਰ, ਕੀ ਆਂਢ-ਗੁਆਂਢ, ਕੀ ਸਕੂਲ ਤੇ ਕੀ ਕਾਲਜ। ਹਰ ਥਾਂ ਇਹੋ ਫ਼ਿਕਰਾ ਫਿੱਟ ਬੈਠਦਾ ਹੈ ਕਿ ‘ਉਸ ਦੀ ਸਾੜੀ ਮੇਰੀ ਸਾੜੀ ਤੋਂ ਸਫ਼ੇਦ ਕਿਉਂ..? ਭਾਵੇਂ ਅਸੀਂ ਕਿੰਨੀਆਂ ਹੀ ਪੜ-ਲਿਖ ਕਿਉਂ ਨਾ ਗਈਆਂ ਹੋਈਏ, ਪਰੰਤੂ ਇਸ ਅਖਾਣ ਤੋਂ ਪਿੱਛਾ ਨਹੀਂ ਛੁਡਾ ਸਕੀਆਂ ਕਿ ‘ਜ਼ਨਾਨੀ ਦੀ ਵੈਰੀ..।’ ਸੱਚ ਮੰਨੋ ਤਾਂ ਅਸੀਂ ਆਜ਼ਾਦ ਹੋ ਕੇ ਵੀ ਗੁਲਾਮ ਹਾਂ। ਕਿਉਂਕਿ ਅਸੀਂ ਆਪਣੇ ਖੇਤਰ ਵਿੱਚ ਕਿਸੇ ਦੂਸਰੀ ਔਰਤ ਦੀ ਤਰੱਕੀ ਬਰਦਾਸ਼ਤ ਨਹੀਂ ਕਰ ਸਕਦੀਆਂ। ਉਂਝ ਉੱਪਰੋਂ ਅਸੀਂ ਕਿੰਨੀਆਂ ਹੀ ਭਲੀਆਂ ਬਣਨ ਦੀ ਕੋਸ਼ਿਸ਼ ਕਿਉਂ ਨਾ ਕਰੀਏ ਕਿ ‘ਇਹ ਸੋਚ ਸਾਡੀ ਨਹੀਂ, ਅਸੀਂ ਤਾਂ ਪੜੀਆਂ-ਲਿਖੀਆਂ ਤੇ ਸਮਝਦਾਰ ਹਾਂ।’ ਪਰ ਆਪਣੇ ਆਸ-ਪਾਸ ਵਿਚਰਦੀ ਕਿਸੇ ਔਰਤ ਦੀ ਸਫ਼ਲਤਾ ਅਸੀਂ ਪਚਾ ਨਹੀਂ ਸਕਦੀਆਂ।

ਹੁਣ ਗੱਲ ਘਰ-ਪਰਿਵਾਰ ਦੀ ਹੀ ਲੈ ਲਓ। ਉਂਝ ਤਾਂ ਹੁਣ ਸਾਂਝੇ ਪਰਿਵਾਰ ਬਚੇ ਹੀ ਨਹੀਂ। ਜੇ ਕੁਝ ਬਚੇ ਵੀ ਹਨ, ਓਹਨਾਂ ਵਿੱਚ ਪਰਿਵਾਰਕ ਰਿਸ਼ਤਿਆਂ ਜਿਵੇਂ ਦੁਰਾਣੀ-ਜੇਠਾਣੀ, ਸੱਸ-ਬਹੂ, ਨਣਦ-ਭਰਜਾਈ ਦਾ ਏਸੇ ਗੱਲ ਨੂੰ ਲੈ ਕੇ ਮੁਕਾਬਲਾ ਬਣਿਆਂ ਰਹਿਦਾ ਹੈ ਕਿ ਮੈ ਦੂਜੀ ਤੋਂ ਹਮੇਸ਼ਾਂ ਹਰ ਗੱਲ ’ਚ ਉੱਚੀ ਦਿਖਾਂ। ਨਾ ਸੱਸ ਆਪਣੀ ਚੌਧਰ ਛੱਡ ਕੇ ਰਾਜ਼ੀ ਤੇ ਨਾ ਹੀ ਬਹੂ ਆਪਣੇ-ਆਪ ਨੂੰ ਘਰ ਦੀ ਮਾਲਕਣ ਸਮਝਣ ਤੋਂ ਗੁਰੇਜ਼ ਕਰਦੀ। ਜਿਵੇਂ ਬਹੂ ਦੀ ਬਣਾਈ ਸਵਾਦ ਸਬਜ਼ੀ ਦੀ ਪ੍ਰਸ਼ੰਸ਼ਾ ਜੇ ਸਹੁਰਾ ਕਰ ਦੇਵੇ, ਤਾਂ ਸੱਸ ਨੂੰ ਸੱਤੀਂ-ਕੱਪੜੀਂ ਅੱਗ ਲੱਗ ਜਾਂਦੀ ਹੈ। ਉਪਰੋਂ ਚਾਹੇ ਉਹ ਕੁਝ ਵੀ ਦਿਖਾਵਾ ਕਰਦੀ ਰਹੇ। ਉਹ ਸੋਚਦੀ ਹੈ ਕਿ ਅੱਜ ਤੱਕ ਤਾਂ ਏਹਨੂੰ ਮੇਰੀ ਹੀ ਬਣਾਈ ਸਬਜ਼ੀ ਸਵਾਦ ਲੱਗਦੀ ਸੀ, ਹੁਣ ਇਹ ਮੈਨੂੰ ਬੇਵਕੂਫ਼ ਸਮਝਣ ਲੱਗੈ..? ਨੂੰਹ ਸੋਚਦੀ ਹੈ ਕਿ ਮੈਂ ਹੁਣ ਇਸ ਘਰ ’ਚ ਆ ਗਈ ਹਾਂ ਤਾਂ ਚੌਧਰ ਮੇਰੀ ਹੀ ਚੱਲੇ। ਇਸੇ ਤਰਾਂ ਜੇ ਮੁੰਡਾ ਆਪਣੀ ਮਾਂ ਕੋਲ ਬੈਠ ਕੇ ਦੋ-ਘੜੀ ਗੱਲਾਂ ਕਰ ਲਵੇ, ਉਸ ਨੂੰ ਇੱਜ਼ਤ ਦੇਵੇ, ਤਾਂ ਬਹੂ ਦੇ ਮਨ ਨੂੰ ਸਾੜਾ ਰਹਿੰਦਾ ਹੈ। ਨਤੀਜਾ, ਘਰ-ਪਰਿਵਾਰ ’ਚ ਇੱਕ-ਦੂਜੀ ਦੀਆਂ ਚੁਗਲੀਆਂ ਤੇ ਘਰ ਵਿੱਚ ਨਿੱਤ ਦਾ ਕਲ਼ੇਸ਼। ਮੁੰਡਾ ਵਿਚਾਰਾ ਵਿੱਚ-ਵਿਚਾਲੇ ਫ਼ਸ ਜਾਂਦਾ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਕਿਸੇ ਔਰਤ ਨੂੰ ਬਰਬਾਦ ਕਰਨ ਵਿੱਚ ਵੀ ਕਿਸੇ ਦੂਸਰੀ ਔਰਤ ਦਾ ਹੀ ਹੱਥ ਹੁੰਦਾ ਹੈ, ਜਿਸ ਦੀਆਂ ਸੈਂਕੜੇ ਮਿਸਾਲਾਂ ਸਾਡੇ ਸਮਾਜ ਵਿੱਚ ਮਿਲ ਜਾਣਗੀਆਂ।

ਇਸੇ ਤਰ੍ਹਾਂ ਦਫ਼ਤਰ ਵਿੱਚ ਵੀ ਔਰਤਾਂ ਇੱਕ-ਦੂਜੀ ਦੀ ਟੋਹ ਲੈਣ ਵਿੱਚ ਜੁਟੀਆਂ ਰਹਿੰਦੀਆਂ ਹਨ ਕਿ ਦੂਸਰੀ ਕਰ ਕੀ ਰਹੀ ਹੈ? ਬਜਾਇ ਇਸ ਦੇ ਕਿ ਉਹ ਆਪਣਾ ਕੰਮ ਨੇਪਰੇ ਚੜਾਵੇ, ਉਹ ਇਸੇ ਗੱਲ ਦੀ ਚਿੰਤਾ ਵਿੱਚ ਡੁੱਬੀ ਰਹਿੰਦੀ ਹੈ ਕਿ ‘‘ਉਹ ਮੇਰੇ ਤੋਂ ਜ਼ਿਆਦਾ ਸੋਹਣੀ ਕਿਉਂ ਦਿਖਦੀ ਹੈ? ਕਿਹੜੇ ਪਾਰਲਰ ਵਿੱਚ ਜਾਂਦੀ ਹੈ? ਕੀ ਪਹਿਨਦੀ ਹੈ? ਕੀਹਦੇ-ਕੀਹਦੇ ਨਾਲ ਗੱਲ-ਬਾਤ ਕਰਦੀ ਹੈ?’’ ਇਹਨਾਂ ਸਵਾਲਾਂ ਦੇ ਜਾਲ ਵਿੱਚ ਫ਼ਸੀਆਂ ਔਰਤਾਂ ਅਣਜਾਣੇ ਵਿੱਚ ਹੀ ਦੂਜਿਆਂ ਦੀ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ ਅਤੇ ਤਨਾਅ ਦੀ ਸਥਿਤੀ ਵਿੱਚ ਆ ਜਾਂਦੀਆਂ ਹਨ। ਈਰਖਾ ਦੀ ਭਾਵਨਾ ਵਿੱਚ ਆ ਕੇ ਉਹ ਇੱਕ-ਦੂਜੀ ਨੂੰ ਨੀਂਵਾਂ ਦਿਖਾਉਣ ਤੇ ਤੁਲੀਆਂ ਰਹਿੰਦੀਆਂ ਹਨ,ਜਿਸ ਦੇ ਸਿੱਟੇ ਵੱਜੋਂ ਉਹਨਾਂ ਦਾ ਸਮਾਜਿਕ ਦਾਇਰਾ ਘਟਦਾ ਜਾਂਦਾ ਹੈ।

ਇੱਧਰ ਗਲੀ-ਮੁਹੱਲੇ ਦੀਆਂ ਔਰਤਾਂ ਵੀ ਕਿਸੇ ਗੱਲੋਂ ਘੱਟ ਨਹੀਂ। ਸ਼ਹਿਰੀਕਰਨ ਅਤੇ ਟੀ.ਵੀ. ਦੇ ਸੀਰੀਅਲਾਂ ਨੇ ਇਹ ਬੀਬੀਆਂ ਜੜੋਂ ਹੀ ਪੁੱਟ ਕੇ ਰੱਖ ਦਿੱਤੀਆਂ। ਸੱਸਾਂ-ਨੂੰਹਾਂ ਦੀਆਂ ਰਾਜਨੀਤੀਆਂ ਨਾਲ ਆਪਣੇ ਪਰਿਵਾਰਾਂ ਵਿੱਚ ਤਾਂ ਵਖਰੇਵੇਂ ਪਾ ਹੀ ਰਹੀਆਂ ਹਨ, ਨਾਲ ਹੀ ਨਾਲ ਆਪਣੇ ਰਿਸ਼ਤੇ ਵੀ ਖ਼ਰਾਬ ਕਰ ਰਹੀਆਂ ਹਨ। ਸ਼ਾਮ ਦੀ ਸੈਰ ਦੇ ਬਹਾਨੇ ਨਵੇਂ-ਨਵੇਂ ਸੂਟ ਪਾ ਕੇ ਦਿਖਾਵਾ ਕਰਨ ਦੀ ਹੋੜ ਵਿੱਚ ਵਿਚਾਰੀਆਂ ’ਤੇ ਸੈਰ ਦਾ ਅਸਰ ਹੁੰਦਾ ਹੀ ਨਹੀਂ। ਕਿੱਟੀਆਂ ਦੇ ਬਹਾਨੇ ਦਿਖਾਵਾ ਕਰਨਾ ਔਰਤਾਂ ਦੀ ਆਦਤ ਬਣ ਚੁੱਕਿਆ ਹੈ। ਸ਼ਾਮ ਨੂੰ ਘਰ ਦੇ ਦਰਵਾਜ਼ੇ ਅੱਗੇ ਕੁਰਸੀਆਂ ਡਾਹ ਕੇ ਜਿਹੜੀ ਗਪਸ਼ੱਪ ਦਾ ਦੌਰ ਚਲਦਾ ਹੈ, ਉਸ ਵਿੱਚ ਇੱਕ-ਦੂਜੀ ਦੀ ਪਿੱਠ ਪਿੱਛੇ ਚੁਗਲੀਆਂ ਨਾਲ ਆਪਣਾ ਢਿੱਡ ਹਲਕਾ ਕਰਨਾ ਤਾਂ ਜਿਵੇਂ ਬੜਾ ਜ਼ਰੂਰੀ ਹੋ ਗਿਆ ਲਗਦੈ। ਚੁਗਲੀ ਵੀ ਉਸਦੀ ਹੀ ਕਰਨਗੀਆਂ ਜਿਹੜੀ ਵਿੱਚੋਂ ਉੱਠ ਕੇ ਗਈ ਹੋਵੇ, ਭਾਵ ਸਹੇਲੀ ਹੀ ਕਿਉ ਨਾ ਹੋਵੇ। ਫੇਰ ਅਸੀਂ ਕਿਉਂ ਇੰਝ ਕਰ ਕੇ ਆਪਣੀ ਸ਼ਾਖ ਨੂੰ ਵੱਟਾ ਲਗਾ ਰਹੀਆਂ ਹਾਂ?
            
ਵਿੱਦਿਅਕ-ਸੰਸਥਾਵਾਂ ਦੀ ਤਾਂ ਟੌਰ ਹੀ ਵੱਖਰੀ ਹੈ। ਗਿਆਨ ਦੀ ਗੰਗਾ ਬਹਾਉਣ ਵਾਲੀਆਂ ਦੇਵੀਆਂ ਖ਼ੁਦ ਗਿਆਨ ਵੰਡਣ ਭਾਂਵੇਂ ਨਾ, ਪਰ ਕਿਸੇ ਦੂਜੀ ਨੂੰ ਲਗਨ ਨਾਲ ਕੰਮ ਕਰਦੀ ਵੇਖ ਕੇ ਬਰਦਾਸ਼ਤ ਹੀ ਨਹੀਂ ਕਰ ਸਕਦੀਆਂ। ਭਾਗਾਂ ਨਾਲ ਜੇ ਉਹਨਾਂ ਤੋਂ ਕੋਈ ਜ਼ਿਆਦਾ ਸੁਘੜ ਔਰਤ ਆ ਕੇ ਕੰਮ ਨੂੰ ਇਮਾਨਦਾਰੀ ਨਾਲ ਕਰਨ ਲੱਗੇ, ਤਾਂ ਸਾਰੀਆਂ ਮਿਲ ਕੇ ਕਰ ਦਿੰਦੀਆਂ ਹਨ ਉਸਦੀ ਖਿਚਾਈ ਸ਼ੁਰੂ। ਮਜਾਲ ਹੈ ਉਸ ਔਰਤ ਨੂੰ ਉਹ ‘‘ਦਿੱਗਜ ਔਰਤਾਂ’’ ਜ਼ਿਆਦਾ ਦੇਰ ਉੱਥੇ ਟਿਕਣ ਦੇ ਦੇਣ? ਕੁਝ ਔਰਤਾਂ ਨਾ ਖ਼ੁਦ ਕੰਮ ਕਰਦੀਆਂ ਹਨ ਤੇ ਨਾ ਹੀ ਦੂਜੀਆਂ ਨੂੰ ਕਰਦਿਆਂ ਦੇਖ ਕੇ ਬਰਦਾਸ਼ਤ ਕਰਦੀਆਂ ਹਨ। ਕੁਝ ਆਪਣਾ ਸਿੰਘਾਸਨ ਹਿੱਲਣ ਦੇ ਡਰ ਨਾਲ ਉਸ ਲਗਨ ਨਾਲ ਕੰਮ ਕਰਨ ਵਾਲੀ ਔਰਤ ਬਾਰੇ ਉਲਟੀਆਂ-ਸਿੱਧੀਆਂ ਗੱਲਾਂ ਕਰ ਕੇ ਮਾਹੌਲ ਵਿੱਚ ਜ਼ਹਿਰ ਘੋਲ਼ੀ ਰਖਦੀਆਂ ਹਨ। ਵਿੱਦਿਆਂ ਦੇ ਮੰਦਰ ਨੂੰ ਰਾਜਨੀਤੀ ਦਾ ਅਖਾੜਾ ਬਣਾਈ ਰਖਦੀਆਂ ਹਨ।
            
 ਮੇਰੀਓ ਭੈਣੋ। ਅਸੀਂ ਕਿਹੋ-ਜਿਹੇ ਸਮਾਜ ਦੀ ਸਿਰਜਣਾ ਕਰਦੀਆਂ ਜਾ ਰਹੀਆਂ ਹਾਂ? ਇੱਕ ਅਪੰਗ ਸਮਾਜ ਦੀ? ਜੋ ਫੂਹੜ ਸੋਚ ਅਤੇ ਲੰਗੜੀ ਰਾਜਨੀਤੀ ਦੀਆਂ ਬੈਸਾਖੀਆਂ ਲੈ ਕੇ ਲੰਗੜਾਂਉਦੇ ਹੋਏ ਚੱਲ ਰਿਹਾ ਹੈ? ਜਿੱਥੇ ਨਾ ਅਸੀਂ ਸੁਰੱਖਿਅਤ ਹਾਂ ਤੇ ਨਾ ਸਾਡੀਆਂ ਆਉਣ ਵਾਲੀਆਂ ਪੀੜੀਆਂ?
        
ਫਿਰ ਅਸੀਂ ਪੁਰਸ਼-ਸਮਾਜ ਤੋਂ ਅਜ਼ਾਦੀ ਦੀ ਮੰਗ ਕਰ ਰਹੀਆਂ ਹਾਂ? ਜਦੋਂ ਕਿ ਪੁਰਸ਼ਾਂ ਨੇ ਤਾਂ ਅਸੀਂ ਕਦੋਂ ਦੀਆਂ ਆਜ਼ਾਦ ਕਰ ਰੱਖੀਆਂ ਹਾਂ। ਜੇ ਔਰਤਾਂ ਆਜ਼ਾਦ ਨਹੀਂ ਹੋਈਆਂ ਤਾਂ ਸਿਰਫ਼ ਔਰਤਾਂ ਦੇ ਹੱਥੋਂ ਨਹੀਂ ਹੋਈਆਂ। ਪਰੰਤੂ ਮੇਰਾ ਮਕਸਦ ਸਾਰੀਆਂ ਔਰਤਾਂ ਨੂੰ ਦੋਸ਼ ਦੇਣਾ ਨਹੀਂ ਹੈ। ਪਰ ਜਿਹੜਾ ਵਰਗ ਅਜਿਹੀਆਂ ਔਰਤਾਂ ਦਾ ਹੈ, ਉਹ ਜੇਕਰ ਆਪਣੀ ਇਹ ਸੋਚ ਬਦਲ ਦੇਵੇ ਕਿ ‘ਉਸ ਦੀ ਸਾੜੀ ਮੇਰੀ ਸਾੜੀ ਤੋਂ ਸਫ਼ੇਦ ਕਿਉ?’ ਤਾਂ ਅਸੀਂ ਸਹੀ ਅਰਥਾਂ ਵਿੱਚ ਆਜ਼ਾਦ ਹੋ ਕੇ ਸਮਾਜ ਦੀ ਤਰੱਕੀ ਵਿੱਚ ਯੋਗਦਾਨ ਪਾ ਸਕਦੀਆਂ ਹਾਂ।
                
ਨਹੀਂ ਤਾਂ ਹਰ 8 ਮਾਰਚ ਦੇ ਦਿਨ ਮਹਿਲਾ-ਦਿਵਸ ’ਤੇ ਢੇਰ ਸਾਰੇ ਸੰਮੇਲਨ ਕਰਾਉਣ ਦਾ ਕੋਈ ਫ਼ਾਇਦਾ ਨਹੀਂ, ਔਰਤ ਦੀ ਆਜ਼ਾਦੀ ਦੇ ਨਾਮ ਤੇ ਲੰਬੀਆਂ-ਲੰਬੀਆਂ ਤਕਰੀਰਾਂ ਕਰਾਉਣ ਦਾ ਕੋਈ ਫ਼ਾਇਦਾ ਨਹੀਂ। ਬਿਹਤਰ ਹੋਏਗਾ ਕਿ ਅਸੀਂ ਔਰਤਾਂ ਦੂਜਿਆਂ ਨੂੰ ਸੁਧਰਨ ਦੀਆਂ ਨਸੀਹਤਾਂ ਦੇਣ ਦੀ ਬਜਾਇ, ਆਪਣੀ ਈਰਖਾ-ਭਰੀ ਨਜ਼ਰ ਨੂੰ ਹੀ ਬਦਲ ਲਈਏ ਅਤੇ ਇਹੋ ਜਿਹੇ ਫਿਕਰਿਆਂ ਤੋਂ ਪਿੱਛਾ ਛੁਡਾਈਏ ਕਿ ਜ਼ਨਾਨੀ, ਜ਼ਨਾਨੀ ਦੀ ਵੈਰੀ...ਤੇ ਔਰਤਾਂ ਦੀ ਗੁੱਤ ਪਿੱਛੇ ਮੱਤ।

Comments

Nishan Singh Rathaur

Vadia Likhya Hai Tusi.

aman deol

g aurtan es bhawna nu kiton hor jaga to nahi lyayia e bhawna.es de historical and social aspect v vicharo.

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ