Fri, 14 June 2024
Your Visitor Number :-   7109524
SuhisaverSuhisaver Suhisaver

ਬਿਨ ਮਾਪੇ ਧੀਆਂ ਬੇਗਾਨੀਆਂ - ਰਮੇਸ਼ ਸੇਠੀ ਬਾਦਲ

Posted on:- 10-09-2014

suhisaver

“ਬਾਈ ਸੰਤ ਰਾਮਾਂ ਵਿਆਹ ਤਾਂ ਬਹੁਤ ਵਧੀਆ ਕੀਤਾ ਹੈ ਮੁੰਡੇ ਦਾ। ਬਹਿਜਾ ਬਹਿਜਾ ਕਰਵਾ ਤੀ ਆਪਣੇ ਸੇਮੇ ਨੇ । ਪਰ। ” ਤੇ ਉਹ ਚੁੱਪ ਕਰ ਗਈ। “ਪਰ ਕੀ ਭੈਣੇ। ਤੂੰ ਦੱਸ ਤਾਂ ਸਹੀ।” ਉਸ ਨੇ ਉਤਾਵਲੇਪਣ ਚ ਭੈਣ ਨੂੰ ਪੁੱਛਿਆ।“ਨਹੀਂ ਨਹੀਂ ਕੁਝ ਨਹੀਂ। ਸਾਰਾ ਸ਼ਰੀਕਾ ਆਇਆ ਸੀ ਵਿਆਹ ਵਿੱਚ ਆਪਣਾ। ਵੱਡੇ ਬਾਈ ਕਾ ਸਾਰਾ ਪਰਿਵਾਰ ਆਇਆ ਸੀ। ਫਰੀਦਕੋਟੋਂ ਵੀ ਆਏ ਸੀ ਵੱਡੇ ਬਾਈ ਦੇ ਮੁੰਡੇ ਬਹੂਆਂ। ਮੋਹਾਲੀ ਤੋਂ ਵੀ ਆਇਆ ਸੀ ਜੀਵਨ ਤੇ ਬਾਈ ਆਪ । ਵਹੁੱਟੀ ਤੇ ਬੱਚੇ ਵੀ ਆਏ ਸਨ।ਅੱਗੇ ਉਹਨਾਂ ਦੀਆਂ ਸਾਰੀਆਂ ਕੁੜੀਆਂ ਵੀ ਆਈਆਂ ਸਨ। ਰਾਮਪੁਰੇ ਵਾਲੀ ਤੇ ਮੁਕਤਸਰ ਵਾਲੀ ਵੀ। ਅਸੀ ਚਾਰੇ ਭੈਣਾਂ ਤਾਂ ਸੀ ਹੀ। ਮੈਨੂੰ ਤਾਂ ਪਹਿਲਾਂ ਹੀ ਕਾਰਡ ਦੇ ਗਿਆ ਸੀ ਅਖੇ ਭੂਆ ਤੁਸੀ ਜ਼ਰੂਰ ਆਉਣਾ ਹੈ ਦੋ ਦਿਨ ਪਹਿਲਾ। ਮੈਂ ਆਕੇ ਲੈ ਜਾਵਾਂਗਾ ਤੁਹਾਨੂੰ। ਪਰ।” ਉਸ ਦੇ ਮੂੰਹ ਚੋਂ ਸਹਿਜ ਸੁਭਾੳ ਹੀ ਪਰ ਸਬਦ ਫਿਰ ਨਿੱਕਲ ਗਿਆ।“ਬਾਕੀ ਸੁਖ ਨਾਲ ਇਕੋ ਇਕ ਮੁੰਡਾ ਹੈ।ਘਰੇ ਵਾਹਵਾ ਰੋਣਕ ਸੀ।ਵੱਡੀ ਬੱਸ ਗਈ ਸੀ ਭਰ ਕੇ ਪਟਿਆਲੇ। ਅਸੀ ਸਾਰੀਆਂ ਹੀ ਗਈਆਂ ਸੀ ਬਾਰਾਤ ਨਾਲ ।ਬਸ ਭਾਬੀ ਪੂਰਨਾ ਨਹੀਂ ਗਈ ਸੀ ਤੇ ਉਹ ਜ਼ਾਂਦੀ ਵੀ ਕਿਵੇਂ।ਮਾਂ ਤਾਂ ਮਾਂ ਹੀ ਹੁੰਦੀ ਹੈ ਨਾ।ਉਹ ਭਰੇ ਮਨ ਨਾਲ ਬੈਠੀ ਰਹੀ ਘਰੇ। ਗੱਲ ਕੀ ਸੇਮੇ ਨੇ ਚੰਗੀ ਨਹੀਂ ਕੀਤੀ। ਪਰ ਅਸੀ ਤਾਂ ਬੋਲ ਵੀ ਨਹੀਂ ਸਕਦੀਆਂ। ਕੀ ਕਹੀਏ ਕਿਸੇ ਨੂੰ। ਜਿਨੂੰ ਕੁਸ਼ ਕਹਿੰਦੇ ਸੀ ਅੱਗੋ ਖਾਣ ਨੂੰ ਆਉਂਦਾ ਸੀ । ਬਾਈ ਇਹ ਤਾਂ ਵੱਡਾ ਸੀ ਘਰ ਚ ਸਾਰਿਆਂ ਨਾਲੋ। ਪਰ ਇਹਨੇ ਵੱਡਿਆਂ ਵਾਲਾ ਕੰਮ ਨਹੀਂ ਕੀਤਾ। ਹੋਰ ਤਾਂ ਹੋਰ ਇਹਨੇ ਬਾਕੀ ਤਿੰਨਾ ਨੂੰ ਵੀ ਆਪਣੇ ਮਗਰ ਲਾ ਲਿਆ। ਬਾਈ ਤੂੰ ਤਾਂ ਐਜਾ ਨਹੀਂ ਸੀ। ਇਹਦੀ ਬੁੱਧੀ ਨੂੰ ਕੀ ਹੋ ਗਿਆ। ਇੰਨਾ ਰੁੱਖਾ ਤਾਂ ਆਪਣੇ ਖਾਨਦਾਨ 'ਚ ਕੋਈ ਨਹੀਂ ਸੀ। ਪਰ ਇਹਨੇ ਤਾਂ ਕਮਾਲ ਹੀ ਕਰ ਦਿੱਤੀ।”

“ਮੇਰੇ ਯਾਦ ਹੈ ਆਪਣੇ ਘਰੇ ਵਿਆਹ ਸੀ ਤੇ ਕਸਤੂਰ ਦੀ ਬਹੂ ਰੁੱਸ ਗਈ ਸੀ ਤੇ ਵਿਆਹ ਤੇ ਨਹੀਂ ਸੀ ਆਈ ਤੇ ਓਦੋ ਤੂੰ ਏਸੇ ਸੇਮੇ ਨੂੰ ਭੇਜਿਆ ਸੀ ਮਨਾਉਣ ਵਾਸਤੇ। ਪਰ ਭਾਈ ਪਹਿਲਾਂ ਲੋਕਾਂ ਚ ਪਿਆਰ ਸੀ ਰਿਸ਼ਤਿਆਂ ਦੀ ਕਦਰ ਸੀ। ਲੋਕ ਰਿਸ਼ਤਿਆਂ ਦਾ ਸਤਿਕਾਰ ਕਰਦੇ ਸਨ। ਸ਼ਰਮ ਵੀ ਮੰਨਦੇ ਸਨ। ਧੀਆਂ ਦੀ ਕਦਰ ਹੁੰਦੀ ਸੀ। ਧੀਆਂ ਵੀ ਪੇਕੇ ਘਰ 'ਚ ਪੂਰਾ ਅਧਿਕਾਰ ਸਮਝਦੀਆਂ ਸਨ। ਕੋਈ ਵੀ ਤਿੱਥ ਤਿਉਹਾਰ ਧੀਆਂ ਤੋ ਬਿਨਾ ਅਧੂਰਾ ਸਮਝਿਆ ਜਾਂਦਾ ਸੀ। ਪਰ ਹੁਣ ਦੀ ਪੀੜੀ ਤਾਂ ਰੰਨਾ ਮਗਰ ਲੱਗਦੀ ਹੈ। ਸੱਸ ਸਹੁਰੇ ਨੂੰ ਹੀ ਪਾਪਾ ਜੀ ਮੰਮੀ ਜੀ ਕਰਦੇ ਹਨ। ਇਹਨਾ ਲਈ ਤਾਂ ਸਾਲੇ ਸਾਲੀਆਂ ਹੀ ਸਭ ਕੁਝ ਹੁੰਦਾ ਹੈ। ਭੈਣਾਂ ਭੂਆ ਨੂੰ ਕੋਣ ਪੁਛਦਾ ਹੈ। ਚੁਲ੍ਹੇ ਚੋਂਕੇ ਵਿੱਚ ਵੀ ਸਹੁਰਿਆਂ ਦੀ ਚੋਧਰ ਹੁੰਦੀ ਹੈ।”

“ਬਾਈ ਤੇਰਾ ਸੁਭਾਅ ਤਾਂ ਵਧੀਆ ਸੀ । ਤੂੰ ਥੋੜੀ ਜਿਹੀ ਤਨਖਾਹ ਨਾਲ ਘਰ ਨੂੰ ਚਲਾਇਆ । ਮਾਂ ਪਿਉ ਨੂੰ ਵੀ ਸਾਂਭਿਆ। ਪੰਜ ਪੰਜ ਭੈਣਾਂ ਦੇ ਕਾਰਜ ਕੀਤੇ। ਨਾਨਕਾ ਛੱਕਾਂ ਭਰੀਆਂ। ਰਿਸ਼ਤੇਦਾਰੀਆਂ ਦੇ ਮਰਨੇ ਜੰਮਣੇ ਕਿਸੇ ਕੰਮ ਚ ਪਿੱਛੇ ਨਹੀਂ ਰਿਹਾ। ਕਦੇ ਖਰਚੇ ਨੂੰ ਵੇਖਕੇ ਮੂੰਹ ਨਹੀਂ ਸੀ ਵੱਟਿਆ। ਮਾਂ ਦੀ ਵੀ ਬਥੇਰੀ ਸੇਵਾ ਕੀਤੀ ਅਖੀਰ ਤੱਕ । ਪੰਜ ਜੁਆਕਾਂ ਨੂੰ ਪੜਾਇਆ ਲਿਖਾਇਆ ਤੇ ਚੰਗੀਆਂ ਨੋਕਰੀਆਂ ਤੇ ਲਗਵਾਇਆ।ਤੇ ਹੁਣ ਉਹ ਅਫਸਰ ਬਣਗੇ ਤੇ ਕਹਿੰਦੇ ਹਨ ਸਾਥੋ ਨਹੀਂ ਮਿੰਨਤਾਂ ਹੁੰਦੀਆਂ ਕਿਸੇ ਦੀਆਂ। ਤੇ ਸਕੀ ਭੈਣ ਨੂੰ ਛੱਡਤਾ ਉਹਨਾਂ ਨੇ ।ਅਖੇ ਜੇ ਉਹ ਸਾਡੇ ਨਾ ਆਊ ਤਾਂ ਅਸੀ ਉਸ ਦੇ ਨਹੀਂ ਜਾਂਦੇ। ਕੀ ਜਮਾਨਾ ਆ ਗਿਆ। ਹਨੇਰ ਸਾਂਈ ਦਾ।ਸਾਡਾ ਖੂਨ ਹੀ ਸਫੇਦ ਹੋ ਗਿਆ। ਪਰ ਕੋਣ ਕਹੇ ਕਿ ਤੂੰ ਗਲਤ ਹੈ ਸੇਮਿਆਂ। ਅਗਲਾ ਗਲ੍ਹ ਨੂੰ ਪੈਂਦੇ ਹੈ। ਹੋਰ ਤਾਂ ਹੋਰ ਬਾਕੀ ਦੇ ਤਿੰਨੇ ਭਰਾ ਵੀ ਪਾਸਾ ਵੱਟ ਗਏ। ਉਸ ਅੱਗੇ ਕੋਈ ਨਹੀਂ ਕੁਸਕਿਆ ਕਿ ਵੀਰ ਜੀ ਤੁਸੀ ਇਸਤਰਾਂ ਨਾ ਕਰੋ। ਅਸੀ ਤੁਹਾਡੇ ਨਾਲ ਚਲਦੇ ਹਾਂ। ਆਪਾਂ ਮਨਾ ਲਿਆਉਦੇ ਹਾਂ ਭੈਣ ਨੂੰ। ਕਿਸੇ ਮਾਮੇ ਮਾਸੜ ਜਾ ਤਾਏ ਚਾਚੇ ਨੂੰ ਨਾਲ ਲੈ ਚਲਦੇ ਹਾਂ। ਉਹ ਤਾਂ ਸਗੋ ਅੰਦਰੋਂ ਅੰਦਰੀ ਖੁਸ਼ ਜਾਪਦੇ ਸਨ। ਕਿ ਪਹਿਲਾਂ ਇਹਨੇ ਉਹ ਵਿਆਹ ਖਰਾਬ ਕੀਤਾ ਤੇ ਹੁਣ ਇਸ ਦਾ ਆਪਣਾ ਵਿਆਹ ਖਰਾਬ ਹੋ ਗਿਆ।ਨਾਲੇ ਇਹ ਕਹਿੜਾ ਸੁਣਦਾ ਹੈ ਕਿਸੇ ਦੀ। ਮਾਂ ਨੂੰ ਤਾਂ ਕੁਸਕਣ ਨਹੀਂ ਦਿੰਦਾ।ਵਿਚਾਰੀ ਅੰਦਰੇ ਅੰਦਰ ਹੰਝੂ ਵਹਾਉਂਦੀ ਰਹਿੰਦੀ ਹੈ।

“ ਹੁਣ ਉਹ ਕਹਿੰਦਾ ਕਿ ਮੈ ਭੈਣ ਨੂੰ ਵਿਆਹ ਤੇ ਤਾਂ ਨਹੀਂ ਬੁਲਾਇਆ ਅਖੇ ਜੀਜਾ ਘਰੇ ਗਿਆਂ ਨੂੰ ਸਿੱਧਾ ਨਹੀਂ ਬੋਲਦਾ। ਗਾਲਾਂ ਕੱਢਦਾ ਹੈ।ਕਿਉਂ ਕੱਢਦਾ ਹੈ ਉਹ ਗਾਲਾਂ। ਕੋਈ ਜਵਾਬ ਨਹੀਂ। ਭੈਣ ਵੀ ਬਹੁਤ ਉਲਾਂਭੇ ਦਿੰਦੀ ਹੈ। ਹੁਣ ਕੁੜੀ ਵੀ ਮਾੜੀ ਹੋਗੀ ਹੁਣ। ਹੁਣ ਕੀ ਆਖੀਏ ਭਾਈ ਸਕੀ ਭੈਣ ਤੋ ਬਿਨਾਂ ਘਰ ਦਾ ਕਾਰਜ ਕਿਵੇ ਪੂਰਾ ਹੋਵੇਗਾ। ਮਾਂ ਨੂੰ ਉਹ ਵਿਆਹ ਕਿਵੇ ਚੰਗਾ ਲੱਗੂਗਾ ਜਿਸ ਵਿੱਚ ਉਸਦੀ ਧੀ ਨੂੰ ਨਹੀਂ ਬੁਲਾਇਆ। ਦੋਹਤੇ ਦੋਹਤੀਆਂ ਨਹੀਂ ਆਏ।ਉਸ ਮਾਂ ਦਾ ਦਿਲ ਹੀ ਜਾਣਦਾ ਹੈ। ਪਰ ਭਾਈ ਉਸ ਨੇ ਤਾਂ ਰੋਟੀ ਖਾਣੀ ਹੈ ਉਸ ਚੁਲ੍ਹੇ ਤੋਂ। ਵਿਧਵਾ ਮਾਂ ਤੇ ਉਹ ਵੀ ਬੁਢਾਪੇ ਵਿੱਚ । ਕਿਵੇਂ ਕਹੇ ਮੇਰੀ ਧੀ ਨੂੰ ਲਿਆਓ। ਕੋਣ ਸੁਣਦਾ ਹੈ ਉਸ ਵਿਚਾਰੀ ਨੂੰ।ਇਹ ਤਾਂ ਉਸ ਤੇ ਦੂਹਰੀ ਮਾਰ ਹੋ ਗਈ। ਬਾਈ ਸੰਤ ਰਾਮਾਂ ਕਲੇਜਾ ਤਾਂ ਬਥੇਰਾ ਮੱਚਦਾ ਹੈ ਪਰ ਮੇਰੇ ਵਰਗੀ ਮੁਥਾਜ ਵੀ ਕੀ ਕਰ ਸਕਦੀ ਹੈ।ਬੋਲ ਸੰਤ ਰਾਮਾਂ ਬੋਲ ਤੂੰ ਚੁੱਪ ਕਿਉ ਕਰ ਗਿਆ।”

ਬਿੱਲੀ ਨੇ ਪੱਖੇ ਥੱਲੇ ਪਏ ਦੁੱਧ ਦੇ ਪਤੀਲੇ ਨੂੰ ਭੁੰਜੇ ਸੁੱਟ ਦਿੱਤਾ ਤੇ ਉਸ ਦੇ ਖੜਾਕ ਦੀ ਆਵਾਜ਼ ਨਾਲ ਉਸਦੀ ਅੱਖ ਖੁੱਲ ਗਈ। ਇੱਕ ਦਮ ਹੱਬੜ ਵਾਹ ਉਠੀ ਤੇ ਦੇਖਿਆ ਬਿੱਲੀ ਫਰਸ਼ ਤੇ ਡੁੱਲ੍ਹਿਆ ਦੁੱਧ ਚੱਟ ਰਹੀ ਸੀ। ਪਰ ਉਹ ਪਸੀਨੋ ਪਸੀਨ ਹੋ ਗਈ ਸੀ ਉਸ ਦੇ ਦਿਲ ਦੀ ਧੜਕਣ ਬਹੁਤ ਤੇਜ਼ ਸੀ। ਉਸ ਨੇ ਮੱਥੇ ਤੇ ਆਇਆ ਪਸੀਨਾ ਪੂੰਝਿਆ ਤੇ ਪੰਜ ਸਾਲ ਪਹਿਲਾਂ ਗੁਜ਼ਰ ਚੁਕੇ ਵੱਡੇ ਭਰਾ ਨੂੰ ਯਾਦ ਕਰਕੇ ਰੋਣ ਲੱਗ ਪਈ। ਉਸ ਨੂੰ ਵਿਆਹ ਤੇ ਨਾ ਬੁਲਾਈ ਗਈ ਭਤੀਜੀ ਤੇ ਵੀ ਤਰਸ ਜਿਹਾ ਆਇਆ ਮਾਂ ਪਿਉ ਬਿਨਾਂ ਧੀਆਂ ਦੇ ਕਾਹਦੇ ਪੇਕੇ ਹੰਦੇ ਹਨ।ਸਮੇਂ ਦੀ ਰਫਤਾਰ ਨਾਲ ਘਰ ਦੀਆਂ ਜੰਮੀਆਂ ਧੀਆਂ ਕਿਵੇਂ ਬੇਗਾਨੀਆਂ ਹੋ ਜਾਂਦੀਆਂ ਹਨ।

ਸੰਪਰਕ: +91 98766 27233

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ