Wed, 24 April 2024
Your Visitor Number :-   6996859
SuhisaverSuhisaver Suhisaver

ਗਾਈਏ ਤਾਂ ਹਵਾਵਾਂ ਦੱਸਣ, ਸੁਣੀਏ ਤਾਂ ਅੰਬਰ ਨੱਚਣ –ਡਾ. ਅਮਰਜੀਤ ਟਾਂਡਾ

Posted on:- 14-12-2014

suhisaver

ਪੰਜਾਬ ਦੀ ਮਿੱਟੀ ਦੇ ਕਣ-ਕਣ ਵਿਚ ਗੀਤ ਸੰਗੀਤ ਹੈ। ਇਸ ਦੇ ਪਾਣੀਆਂ 'ਚ ਸੰਗੀਤ ਵਗਦਾ ਹੈ। ਪੰਜਾਬੀ ਸੰਗੀਤਕ ਧੁਨਾਂ ਲਹਿਰਾਂ ’ਚੋਂ ਉੱਗਦੀਆਂ ਹਨ। ਸੰਗੀਤਕ ਰਸ ਸੰਗ ਪੌਣਾਂ ਭਰੀਆਂ ਪਈਆਂ ਹਨ। ਖੇਤ ਫਸਲਾਂ ਨੱਚ ਰਹੇ ਹਨ। ਕੋਇਲਾਂ ਗਾ ਰਹੀਆਂ ਹਨ। ਮਾਹੀਏ ਟੱਪਿਆਂ ਦਾ ਹਰੇਕ ਵਿਅਕਤੀ ਦੀਵਾਨਾ ਹੈ। ਇਸ ਧਰਤੀ ਤੇ ਮਹਾਨ ਕਵੀਆਂ ਨਾਨਕ ਫ਼ਰੀਦ ਕਬੀਰ ਨੇ ਗਾਇਆ।

ਗੀਤ, ਸੰਗੀਤ ਹਰ ਸਭਿਆਚਾਰ ਦਾ ਦਰਪਣ ਹੁੰਦੇ ਹਨ। ਜੇ ਗੀਤ, ਸੰਗੀਤ ਤੇ ਸਭਿਆਚਾਰ ਹੀ ਨੀਵਾਂ ਹੋ ਕੇ ਟੁਰਨ ਲੱਗ ਪਵੇ ਤਾਂ ਕੌਮ ਕੋਲ ਅਣਖ ਨਹੀਂ ਬਚਦੀ। ਅੱਜਕਲ ਕਈ ਪੰਜਾਬੀ ਗਾਇਕਾਂ ਨੇ ਪੰਜਾਬੀ ਗੀਤ, ਸੰਗੀਤ ਨੂੰ ਗੰਧਲਾ ਕਰ ਕੇ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਤਾਂ ਪਾਇਆ ਹੀ, ਪਰ ਸਿਰਫ਼ ਝੂਮਣਾ ਹੀ ਸਿਖਾਇਆ ਹੈ, ਜੋ ਭਵਿੱਖ ਨੂੰ ਬੇਅਰਥ ਕਰ ਦੇਵੇਗਾ। ਗੈਰ-ਮਿਆਰੀ ਗਾਇਕੀ ਨੇ ਹੁਣ ਤਾਂ ਗਲੀਆਂ ਦਰ ਵੀ ਨਹੀਂ ਵਾਂਝੇ ਰਹਿਣ ਦਿਤੇ। ਅੱਜ ਗੀਤ ਮਰ ਚੱਲਿਆ ਹੈ, ਸਾਰਿਆਂ ਦੇ ਸਾਹਮਣੇ।

ਗੀਤਕਾਰ, ਵੀਡੀਓ ਨਿਰਦੇਸ਼ਕ ਅਤੇ ਪ੍ਰੋਡਿਊਸਰ ਹੀ ਹਨ ਜੋ ਅਜਿਹਾ ਮਿਲ ਮਿਲਾ ਕੇ ਪਰੋਸਦੇ ਹਨ। ਤੇ ਫਿਰ ਬਾਅਦ ਵਿੱਚ ਗੀਤ ਨੂੰ ਪ੍ਰਮੋਟ ਕਰਨ ਵਾਲੀਆਂ ਚੈਨਲਾਂ ਨੂੰ ਵੀ ਕਟਹਿਰੇ ਚ ਖੜਾ ਕਰਨਾ ਚਾਹੀਦਾ ਹੈ। ਆਮ ਕਰਕੇ ਗਾਇਕ ਹੀ ਗੀਤ ਨੂੰ ਮੁੱਖ ਤੌਰ 'ਤੇ ਪੇਸ਼ ਕਰਨ ਵਾਲੇ ਹੁੰਦੇ ਹਨ ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਉਨ੍ਹਾਂ ਦੀ ਹੀ ਹੁੰਦੀ ਹੈ। ਪੰਜਾਬੀ ਲੋਕ ਗੀਤਾਂ ਤੇ ਲੋਕ ਨਾਚਾਂ ਦੀਆਂ ਅੰਬਰਾਂ 'ਚ ਧਮਾਲਾਂ ਪੈਂਦੀਆਂ ਰਹੀਆਂ ਹਨ। ਹਿੰਦੀ ਫਿਲਮਾਂ ਵਾਲੇ ਇੱਕ ਪੰਜਾਬੀ ਗੀਤ ਨੂੰ ਲੈ ਕੇ ਆਪਣੀਆਂ ਫਿਲਮਾਂ ਸਜਾ ਰਹੇ ਹਨ। ਪਰ ਸਾਡੇ ਆਪਣੇ ਪੰਜਾਬੀ ਲੋਕ ਗੀਤਾਂ ਨੂੰ ਭੁੱਲ ਕੇ ਪੰਜਾਬੀ ਫਿਲਮਾਂ ਨੂੰ ਨੀਵਾਂ ਵਿਖਾ ਰਹੇ ਹਨ।

ਅੱਜਕਲ ਪੰਜਾਬੀ ਗਾਇਕਾਂ ਨੂੰ ਸੁਣਦਿਆਂ ਹੀ ਮਨ ਤੜਫਣ ਲੱਗ ਪੈਂਦਾ ਹੈ। ਜਦੋਂ ਗੀਤ ਚੋਂ ਕੁਝ ਨਹੀਂ ਲੱਭਦਾ ਤਾਂ ਉਦਾਸੀ ਚ ਅਤੀਤ ਦੀਆਂ ਪੈੜਾਂ ਫੋਲਣੀਆਂ ਪੈਂਦੀਆਂ ਹਨ। ਨੈਤਿਕਤਾ ਮਾਨਸਿਕਤਾ ਸਿਰ ਫ਼ੜ ਕੇ ਬਹਿ ਜਾਂਦੀ ਹੈ। ਪੰਜਾਬ ਦੇ ਦਰਿਆ ਇਹਦੀਆਂ ਛੱਲਾਂ ਕੀ ਕਹਿੰਦੀਆਂ ਸਨ ਤੇ ਇਸ ਨੂੰ ਕਿਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ? ਪੰਜਾਬ ਜੋ ਕਦੇ ਸਭਿਆਚਾਰਕ ਕਬੀਲਿਆਂ ਚ ਸਰਪੰਚ ਹੁੰਦਾ ਸੀ, ਹੁਣ ਨੇੜੇ ਢੁੱਕਣ ਜੋਗਾ ਵੀ ਨਹੀਂ ਰਿਹਾ।

ਗੀਤ, ਸੰਗੀਤ ਸਭਿਆਚਾਰ ਤੇ ਵਿਰਸੇ ਨੂੰ ਨਿੱਕੀ ਸ਼ੁਹਰਤ ਤੇ ਹਿੱਤਾਂ ਲਈ ਟੋਰਨ ਵਾਲਿਓ-ਕੱਲ ਨੂੰ ਤਾਰੀਖ ਨੇ ਤੁਹਾਡੇ ਤੋਂ ਕਈ ਸਵਾਲਾਂ ਦੇ ਜੁਆਬ ਪੁੱਛਣੇ ਨੇ। ਇਹ ਗੀਤ, ਸੰਗੀਤ ਹੀ ਹੁੰਦਾ ਹੈ ਜੋ ਪੱਤਿਆਂ ਤੇ ਵੀ ਨਾਂ ਲਿਖਦਾ ਤੇ ਹਵਾਵਾਂ ਨੂੰ ਨੱਚਣਾਂ ਸਿਖਾਉਂਦਾ ਹੈ। ਕਿਸੇ ਸਭਿਆਚਾਰ ਨੂੰ ਅੰਬਰਾਂ ਤੇ ਵਿਛਾਉਂਦਾ ਹੈ। ਤੇ ਇਹ ਫ਼ਰਜ਼ ਆਪਣਾ ਸਾਰਿਆਂ ਦਾ ਹੈ। ਕਲਮ ਨੇ ਗੀਤ ਬੀਜਣਾ ਹੈ, ਬੋਲਾਂ ਨੇ ਉਹਨਾਂ ਨੂੰ ਸਾਰੀ ਕਾਇਆਨਾਤ ਚ ਖਿੰਡਾਉਣਾ ਹੁੰਦਾ ਹੈ।

ਪੰਜਾਬੀ ਗਾਇਕਾਂ ਦੀ ਲੰਮੀ ਸੂਚੀ ਨੂੰ ਕੀ ਕਰੀਏ- ਜੇ ਕਿਤੇ ਰਾਤਾਂ ਚ ਸੁਰਾਂ ਨੇ ਰਿਆਜ਼ ਨਹੀਂ ਕੀਤਾ ਤਾਂ! ਗੀਤਾਂ ਨੂੰ ਭਾਲਣ ਲਈ ਵੀ ਵਕਤ ਲੱਗਦਾ ਹੈ। ਅਜੇ ਬੁੱਲ੍ਹਾ, ਸ਼ਾਹ ਹੁਸੈਨ, ਮਿਰਜ਼ਾ, ਹੀਰ ਰਾਂਝਾ ਮਰਿਆ ਨਹੀਂ-ਅਸੀਂ ਹੀ ਬਹੁਤ ਬੇਗੈਰਤ, ਸਵਾਰਥੀ ਤੇ ਬੇਸਵਰੇ ਜੇਹੇ ਹੋ ਗਏ ਹਾਂ। ਪੰਜਾਬ ਦੀ ਮਿੱਟੀ ਤੇ ਹੀਰ ਸੱਸੀ, ਸੋਹਣੀ ਦਾ ਇੱਕ ਗੀਤ ਗਾਇਆ ਹੀ ਅਰਸ਼ਾਂ ਤੇ ਨਾਂ ਲਿਖ ਦਿੰਦਾ ਹੈ।

ਸੰਗੀਤ ਦੇ ਮਾਹਰ ਉਸਤਾਦ ਕੋਲ ਹੀ ਹੁੰਦੀ ਹੈ ਗਾਉਣ ਦੀ ਕਲਾ- ਗਾਇਕੋ!

ਸੰਗੀਤ ਦੀਆਂ ਪਰਤਾਂ ਚ ਹੀ ਸੁਰਾਂ ਗੁਆਚੀਆਂ ਹੁੰਦੀਆਂ ਹਨ। ਪੰਜਾਬੀ ਸਾਹਿਤ ਹੀ ਬੀਜਦਾ ਹੈ ਗੀਤਾਂ ਦੀ ਫਸਲ-ਉਹਨਾਂ ਖੇਤਾਂ ਚ ਵੀ ਕਦੇ ਫਿਰਿਆ ਕਰੋ। ਗੀਤਾਂ ਦੀ ਸ਼ਬਦਾਵਲੀ ਸੋਚ ਵਿਚਾਰਕੇ ਚੁਗਿਆ ਕਰੋ। ਸਾਫ ਸੁਥਰੀ ਗਾਇਕੀ ਅਤੇ ਪ੍ਰਪੱਕਤਾ ਹੀ ਹਿੱਕਾਂ ਨੂੰ ਘੇਰ ਪਾਉਂਦੀ ਹੈ।

ਜੱਟ ਅੱਜ ਕਰਜ਼ਾਈ ਹੋਇਆ ਖੁਦਕਸ਼ੀਆਂ ਦੇ ਰਾਹ ਪਿਆ ਹੋਇਆ ਹੈ। ਪਰ ਗੀਤਾਂ ਵਿੱਚ ਜੱਟ ਨੂੰ ਕਾਰਾਂ ਅਤੇ ਕੋਠੀਆਂ ਦੇ ਮਾਲਿਕ ਅਮੀਰ ਸ਼ਰਾਬੀ ਵਜੋਂ ਚਿਤਰਿਆ ਜਾ ਰਿਹਾ ਹੈ, ਜੋ ਮਿਹਨਤੀ ਹੀ ਨਹੀਂ ਸਗੋਂ ਕੌਮ ਦਾ ਦਰਦ ਵੀ ਹੈ। ਨੌਜਵਾਨਾਂ ਨੂੰ ਆਕਰਸ਼ਤ ਕਰਨ ਲਈ ਲੱਚਰਤਾ ਅਤੇ ਗੀਤਾਂ ਦਾ ਘਟੀਆਂ ਤੇ ਕਾਮੁਕ ਫਿਲਮਾਂਕਣ ਲੈ ਡੁੱਬੇਗਾ ਇੱਕ ਦਿਨ। ਗਾਇਕ ਕਲਾ ਵਪਾਰਕ ਧੰਦਾ ਨਹੀਂ, ਸੁੱਤਿਆਂ ਨੂੰ ਜਗਾਉਣ ਵਾਲੀ ਹੂਕ ਹੁੰਦੀ ਹੈ। ਗੁਰਦਾਸ ਮਾਨ ਪਾਲੀ ਦੇਤਵਾਲੀਆ ਹੰਸ ਰਾਜ ਹੰਸ, ਸਰਦੂਲ ਸਿਕੰਦਰ, ਸੁਰਜੀਤ ਬਿੰਦਰੱਖੀਆ ਅਤੇ ਕੁਲਦੀਪ ਮਾਣਕ ਨੇ ਏਹੀ ਪਰਹੇਜ਼ ਕੀਤਾ ਹੈ। ਕੁਲਦੀਪ ਮਾਣਕ ਦੀਆਂ ਕਲੀਆਂ ਲੋਕ ਗੀਤ ਬਣੀਆਂ। ਸਰਦੂਲ ਤੇ ਗੁਰਦਾਸ ਦੇ ਗੀਤ ਪਰੀਵਾਰਾਂ ਘਰਾਂ ਚ ਅੰਗਸੰਗ ਬੈਠਣ ਜੋਗੇ ਹੋਏ। ਇਹਨ੍ਹਾਂ ਨੇ ਮਿਹਨਤ ਤੇ ਲਗਨ ਨਾਲ ਲੋਕਾਂ ਦਾ ਦਿੱਲ ਜਿੱਤਿਆ ਹੈ। ਪਰ ਲੱਚਰ ਗੀਤਾਂ ਨੇ ਪੰਜਾਬੀ ਸੱਭਿਆਚਾਰ ਨੁੰ ਘੱਟੇ ਚ ਮਿਲਾਕੇ ਰੱਖ ਦਿਤਾ ਹੈ।

ਪੰਜਾਬੀ ਗੀਤਕ ਤੇ ਸੰਗੀਤਕ ਸਭਿਆਚਾਰਕ ਕਦਰਾਂ ਕੀਮਤਾਂ ਖੁਰ ਰਹੀਆਂ ਹਨ। ਨੀਵੇਂ ਹਲਕੀ ਪੱਧਰ ਦੇ ਗੀਤਾਂ ਦੇ ਫਿਲਮਾਂਕਣਾਂ ਦੇ ਘੇਰੇ ਚ ਘਿਰ ਕੇ ਰਹਿ ਗਿਆ ਹੈ ਪੰਜਾਬ ਦਾ ਸੰਗੀਤਕ ਵਿਰਸਾ। ਜਿਹਨਾਂ ਲਈ ਪੰਜਾਬੀ ਗਾਇਕ ਤੇ ਗੀਤਕਾਰ ਹੀ ਜ਼ਿੰਮੇਵਾਰ ਹਨ/ਹੋਣਗੇ।

ਪੰਜਾਬੀ ਗਾਇਕੋ ਤੇ ਗੀਤਕਾਰੋ ਪੰਜਾਬੀ ਨੌਜਵਾਨਾਂ ਨੂੰ ਆਸ਼ਕੀ ਕਰਨ, ਸ਼ਰਾਬੀ, ਵਿਹਲੜ੍ਹ, ਨੱਚਣ-ਟੱਪਣ, ਔਰਤ ਖਾਤਿਰ ਲੜ੍ਹਨ ਮਰਨ ਵਾਲੇ ਹੀ ਨਾ ਪੇਸ਼ ਕਰੋ, ਉਹ ਸੂਰਮੇ, ਦੇਸ਼ ਭਗਤ ਫਿਲਾਸਫ਼ਰ ਵੀ ਨੇ।

ਇਸ ਲੱਚਰਤਾ ਦੇ ਵਿਰੁੱਧ ਪੰਜਾਬੀ ਔਰਤਾਂ ਨੂੰ ਵੀ ਅਵਾਜ਼ ਉੱਚੀ ਕਰਨੀ ਚਾਹੀਦੀ ਹੈ। ਜਿਸ ਔਰਤ ਨੂੰ ਗੁਰੂ ਨਾਨਕ ਨੇ ਮਹਾਨ ਕਿਹਾ ਸੀ, ਪੰਜਾਬੀ ਗਾਇਕਾਂ ਨੇ ਉਸ ਔਰਤ ਨੂੰ ਬਦਕਾਰ, ਬਦਚਲਨ ਬੇਵਫ਼ਾ ਅਤੇ ਧੋਖੇਬਾਜ਼ ਦੱਸ ਕੇ ਉਸ ਦਾ ਅਪਮਾਨ ਕੀਤਾ ਹੈ।

ਜੇ ਅੱਜ ਤੋਂ ਅਸੀਂ ਰਲ ਮਿਲ ਕੇ ਨੀਵੀਂ ਗਾਇਕੀ 'ਤੇ ਰੋਕ ਨਾ ਲਗਾਈ ਤਾਂ ਕਦਰਾਂ ਕੀਮਤਾਂ ਪੰਜਾਬੀ ਸਭਿਆਚਾਰ ਤੇ ਵਿਰਸਾ ਮਿੱਟੀ ਚ ਰੁਲ ਜਾਵੇਗਾ।
ਗੀਤਕਾਰੋ ਕਲਮਾਂ ਲਈ ਬਹੁਤ ਹਰਫ਼ ਨੇ ਖੇਤਾਂ ਰਾਹਾਂ ਰੁੱਖਾਂ ਤੇ-ਹਾਉਕੇ ਹਾਵਿਆਂ ਨੂੰ ਗੀਤਾਂ ਚ ਜੜ੍ਹਿਆ ਕਰੋ-ਸਿਤਾਰਿਆਂ ਨੂੰ ਜੋੜ 2 ਕੇ ਗੀਤ ਕਵਿਤਾ ਲਿਖਿਆ ਕਰੋ। ਤੁਹਾਡਾ ਇੱਕ ਗੀਤ ਹੀ ਤੁਹਾਨੂੰ ਵਾਰਿਸ਼ਸ਼ਾਹ ਵੀ ਬਣਾ ਸਕਦਾ ਹੈ, ਨੰਦ ਲਾਲ ਨੂਰ ਪੁਰੀ ਦੇ ਪਿੰਡ ਵੀ ਲੈ ਕੇ ਜਾ ਸਕਦਾ ਹੈ। ਗਾਇਕੋ ਅਜੇ ਸਾਫ਼ ਸੁਥਰੇ ਸੁੱਚੇ ਗੀਤ ਕਿਤੇ ਮਰੇ ਨਹੀਂ -ਤੁਸੀਂ ਵੀ ਸਾਡੇ ਮੁਹੰਮਦ ਰਫ਼ੀ, ਮੁਕੇਸ਼ ਹੋ -ਗੀਤ ਚੁਗਣ ਤੇ ਗਾਉਣ ਵੇਲੇ ਅੰਬਰਾਂ ਵੱਲ ਵੇਖੋ ਪਹਿਲਾਂ-ਮਾਂ ਭੈਣ ਤੇ ਲੋਕਾਂ ਦੀ ਅਵਾਜ਼ ਹੋ ਤੁਸੀਂ-ਜੇ ਕੋਈ ਇੱਕ ਗੀਤ ਵੀ ਵਧੀਆ ਗਾ ਦੇਵੇ -ਲੋਕ ਪੁੱਛਣੋ ਨਹੀਂ ਹਟਣਗੇ ਕਿ ਇਹ ਕੌਣ ਹੈ ਕਿੱਥੇ ਵਸਦਾ ਹੈ। ਪਰ ਜੇ ਕਿਤੇ ਕਦੇ 2 ਸਿੱਪੀ ਦਲਜੀਤ ਪੂਜਾ ਦੇ ਰਾਹ ਟੁਰ ਪਏ ਤਾਂ ਇਹ ਲੋਕ ਹਨੇਰਿਆਂ ਚੋਂ ਵੀ ਲੱਭ 2 ਕੇ ਪੁੱਛਣਗੇ ਤੇ ਫਿਰ ਤੁਸੀਂ ਸ਼ਰਮਿੰਦਗੀ ਨਾਲ ਮੂੰਹ ਨੀਵਾਂ ਕਰੋਗੇ। ਮੁਆਫ਼ੀਆਂ ਮੰਗਦੇ ਫਿਰੋਗੇ। ਕਿਉਂ ਨਾ ਦੋਸਤੋ ਆਪਣੀ ਅਵਾਜ਼ ਨਾਲ ਪੰਜ ਦਰਿਆਵਾਂ ਦੀਆਂ ਲਹਿਰਾਂ ਚ ਵਿਛੀਏ-ਝਨ੍ਹਾਂ ਨੁੰ ਫਿਰ ਗਾਉਣਾ ਦੱਸੀਏ!

ਗੀਤ ਮਨੋਰੰਜਨ ਤਾਂ ਕਰਦੇ ਹੀ ਹਨ, ਪਰ ਉਸਾਰੂ ਸਮਾਜਿਕ ਸੇਧ ਦਾ ਰਸਤਾ ਵੀ ਹੁੰਦੇ ਹਨ। ਤੁਸੀਂ ਮੇਰੇ ਖੇਤਾਂ ਦੇ ਜਾਏ ਹੋ-ਕੰਜਕਾਂ ਦੇ ਰੱਖਵਾਲੇ। ਮੁਟਿਆਰ ਦੇ ਨਕਸ਼ਾਂ ਦੀ ਗੱਲ ਤੋਰੋ, ਓਹਦੇ ਹਾਵ ਭਾਵਾਂ ਨੂੰ ਬਿਆਨ ਕਰੋ। ਬਿਰਹਾ ਉਡੀਕਾਂ ਤੇ ਮਿਲਾਪ ਉਣੋ ਗੀਤਾਂ ਚ।

ਮੇਰੀਆਂ ਸਤਰਾਂ ਨੇ:
ਜੋ ਹਿੱਕ ਓਹਦੀ 'ਚ ਡੁੱਬਣੇ ਮੇਰੇ ਹੀ ਹੋਣੇ ਤੀਰ
ਸਿਰ ਕਲਮ ਜਿਹਨੇ ਹੈ ਕਰਨਾ ਮੇਰੀ ਹੀ ਹੋਣੀ ਸਮਸ਼ੀਰ

ਪਿਆਰੇ ਤੇ ਸੁਹਿਰਦ ਗੀਤਕਾਰੋ ਇਹਨਾਂ ਸਤਰਾਂ ਨਾਲ, ਅੱਜ ਤੋਂ ਮੈਂ ਤੁਹਾਡੇ ਸਾਰਿਆਂ ਨੂੰ ਅਰਜ਼ ਕਰਦਾ, ਪੰਜਾਬੀਅਤ ਫ਼ਰਜ਼ ਦਾ ਕਰਜ਼ ਮੰਗਦਿਆਂ, ਵਾਅਦਾ ਮੰਗਦਾ ਹਾਂ ਕਿ ਕਦੇ ਵੀ ਨੀਵਾਂ ਨਾ ਲਿਖੋ-ਅੱਛੇ ਗੀਤ ਲਿਖਣ ਲਈ ਸ਼ਬਦ ਕਿਤੇ ਮੁੱਕ ਨਹੀਂ ਗਏ। ਇਹੀ ਮੇਰੀ ਪੰਜਾਬੀ ਗਾਇਕਾਂ ਨੂੰ ਗੁਜ਼ਾਰਿਸ਼ ਹੈ ਕਿ ਸਿਰਫ਼ ਇੱਕ ਹੀ ਗੀਤ ਗਾਓ ਪਰ ਉਹ ਅੰਬਰ ਦੀਆਂ ਪੌੜ੍ਹੀਆਂ ਤੇ ਚੜ੍ਹ ਚੜ੍ਹ ਹਰ ਕੋਈ ਲੱਭੇ ਤੇ ਵਾਰ ਵਾਰ ਸੁਣੇ। ਟਾਟਾ ਸੁਮੋ ਤੋਂ ਲੋਕ ਲਾਹ ਲੈਂਦੇ ਨੇ ਤੇ ਨਾ ਹੀ ਉਸ ਤੇ ਕੁਰਸੀ ਬਹੁਤਾ ਚਿਰ ਟਿਕ ਸਕਦੀ ਹੈ।

ਤੁਹਾਡੇ ਕੋਲ ਸੁਰੀਲੀ ਅਵਾਜ਼ ਹੈ-ਹੀਰ ਸੱਸੀ, ਸੋਹਣੀ ਗਾਓ-ਮਿਰਜ਼ੇ ਨੁੰ 'ਵਾਜ਼ਾਂ ਮਾਰੋ। ਕੀ ਨਹੀਂ ਹੈ ਸਾਡੇ ਕੋਲ ਗਾਉਣ ਲਈ। ਬਾਬੇ ਨਾਨਕ ਨੂੰ ਗਾਓ। ਬੁੱਲ੍ਹਾ, ਸ਼ਾਹ ਹੁਸੈਨ, ਮਿਰਜ਼ਾ, ਹੀਰ ਰਾਂਝਾ ਗੁਆਚਿਆ ਨਹੀਂ ਅਜੇ ਕਿਤੇ।

ਮੈਨੂੰ ਤੁਹਾਡੇ ਤੋਂ ਉਮੀਦ ਹੀ ਨਹੀਂ ਪੂਰੀ ਆਸ ਹੈ ਕਿ ਆਪਾਂ ਆਪਣੇ ਪੰਜਾਬ ਦੀ ਆਨ ਸ਼ਾਨ ਓਸੇ ਤਰਾ੍ਹ ਬਰਕਰਾਰ ਰੱਖਦਿਆਂ-ਇਸ ਦੇ ਨਾਂ ਨੂੰ ਅਰਸ਼ ਦੇ ਬਨ੍ਹੇਰੇ ਤੇ ਲਿਖੀਏ, ਇਹਦੇ ਸੁਰੀਲੇ ਲੋਕ ਗੀਤਾਂ ਨੂੰ ਲਹਿਰਾਂ ਤੇ ਟੋਰੀਏ ਤੇ ਹਵਾਵਾਂ 'ਚ ਘੋਲੀਏ। ਗਾਈਏ ਤਾਂ ਹਵਾਵਾਂ ਦੱਸਣ ਸੁਣੀਏ ਤਾਂ ਅੰਬਰ ਨੱਚਣ।

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ