Fri, 23 February 2024
Your Visitor Number :-   6866361
SuhisaverSuhisaver Suhisaver

ਜ਼ਿੰਦਗੀ ਦਾ ਸੁੱਚਾ ਗੁਣ ਸਹਿਣਸ਼ੀਲਤਾ -ਕੇਹਰ ਸ਼ਰੀਫ਼

Posted on:- 17-03-2013

suhisaver

ਸੁੱਖ ਭਰਪੂਰ ਜ਼ਿੰਦਗੀ ਦਾ ਸੁੱਚਾ ਰਾਹ ਹੈ - ਸਹਿਣਸ਼ੀਲਤਾ।  ਸਹਿਣਸ਼ੀਲਤਾ ਜੋ ਸਾਡੇ ਜੀਵਨ ਵਿਚ ਨਿਮਰਤਾ  ਦਾ ਗੁਣ ਪੈਦਾ ਕਰਨ ਦਾ ਮੂਲ ਬਣਦੀ ਹੈ। ਨਿਮਰਤਾ ਜਿਸ ਨਾਲ ਕਿਸੇ ਵੀ ਦੂਜੇ ਦਾ ਦਿਲ ਜਿੱਤਿਆ ਜਾ ਸਕਦਾ ਹੈ ਭਾਵੇਂ ਉਹ ਕਿਹੋ ਜਿਹਾ ਵੀ ਹੋਵੇ। ਜਿਸ ਮਨੁੱਖ ਕੋਲ ਸਹਿਣਸੀਲਤਾ ਨਾ ਹੋਵੇ ਸੁਹਜ ਅਤੇ ਸਹਿਜ ਉਸਦੀ ਜ਼ਿੰਦਗੀ ਵਿਚੋਂ ਅਲੋਪ ਹੋ ਜਾਂਦੇ ਹਨ, ਅਜਿਹੇ ਮਨੁੱਖ  ਫੇਰ ਔਝੜਿਆਂ ਰਾਹਾਂ ਦੇ ਪਾਂਧੀ ਬਣ ਜਾਂਦੇ ਹਨ। ਅਜਿਹੇ ਰਾਹ ਜਿਨ੍ਹਾਂ ਦੀ ਕੋਈ ਮੰਜਿ਼ਲ ਨਹੀਂ ਹੁੰਦੀ ਤੇ ਅਜਿਹੇ ਰਾਹਾਂ ਦੇ ਰਾਹੀ ਉਦੇਸ਼ ਵਿਹੂਣੇ ਹੋ ਕੇ ਤੁਰਨ ਲੱਗ ਪੈਂਦੇ ਹਨ, ਉਨ੍ਹਾਂ ਦਾ ਮਕਸਦ ਗੁਆਚ ਜਾਂਦਾ ਹੈ-ਅਰਥਾਂ ਤੋਂ ਸੱਖਣੀ ਭਟਕਣ ਉਨ੍ਹਾਂ ਦੇ ਪੱਲੇ ਆ ਪੈਂਦੀ ਹੈ। ਇਹ ਕਰਮ ਫੇਰ ਰਾਹੋਂ ਭਟਕਿਆਂ ਹੋਇਆਂ ਵਲੋਂ ਕਿਸੇ ਅਣਦਿਸਦੀ ਦੀਵਾਰ ਨਾਲ ਬੇਥਵੀਆਂ ਟੱਕਰਾਂ ਮਾਰਨ ਦੇ ਬਰਾਬਰ ਹੋ ਨਿੱਬੜਦਾ ਹੈ, ਜਿਸ ਦੇ ਕਦੇ ਵੀ ਸਾਰਥਿਕ ਸਿੱਟੇ ਨਹੀਂ ਨਿਕਲ ਸਕਦੇ ਕਾਰਨ ਫੇਰ ਉਹੀ - ਗੁਆਚਿਆ ਹੋਇਆ ਮਕਸਦ।
         
ਸਾਫ-ਸੁਥਰੀ ਜਿ਼ੰਦਗੀ ਜੀਊਣ ਵਾਸਤੇ ਮਨੁੱਖ ਦੇ ਪੱਲੇ ਲੋਹੇ ਵਰਗਾ ਜਿਗਰਾ ਤੇ ਚਾਨਣ ਵਰਗੀ ਸੋਚ ਅਤੇ ਨੈਤਿਕ ਪੱਖੋਂ ਈਮਾਨਦਾਰੀ ਦਾ ਹੋਣਾ ਬਹੁਤ ਜਰੂਰੀ ਹੁੰਦਾ ਹੈ। ਉਹ ਸਿਰਫ ਗੱਲੀਂ ਬਾਤੀਂ ਹੀ ਅਜਿਹਾ ਨਾ ਹੋਵੇ ਸਗੋਂ ਉਸਦੇ ਜੀਵਨ ਦੇ ਅਮਲ ਆਪ ਮੂੰਹੋਂ ਬੋਲਦੇ ਹੋਣ। ਫੇਰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ  ਲੋਕ ਦੂਜਿਆਂ ਨੂੰ ਪਰਖਣ ਵਾਸਤੇ ਉਨ੍ਹਾਂ ਦੀਆਂ ਗੱਲਾਂ ਹੀ ਨਹੀਂ ਸੁਣਦੇ ਸਗੋਂ ਹਰ ਕਿਸੇ ਦੇ ਅਮਲ ਨੂੰ ਹੀ ਕਸਵੱਟੀ ਬਣਾ ਕੇ ਪਰਖਦੇ ਹਨ।

ਚਲਾਕੀਆਂ ਅਤੇ ਚੁਸਤੀਆਂ ਕਰਨ ਵਾਲਾ ਮਨੁੱਖ ਹਮੇਸ਼ਾ ਹੀ ਇਹ ਸੋਚਦਾ ਹੈ ਕਿ ਜੋ ਮੈਂ ਕੀਤਾ ਹੈ ਜਾਂ ਕਰ ਰਿਹਾ ਹਾਂ ਇਸ ਦਾ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ। ਸਿਰਫ ਨੁਮਾਇਸ਼ੀ ਤੇ ਬੀਬੇ ਦਿਸਦੇ ਚਿਹਰਿਆਂ ਵਾਲੇ ਅਜਿਹੇ ਮਨੁੱਖ ਇਕ ਗੱਲ ਭੁੱਲ ਜਾਂਦੇ ਹਨ ਕਿ ਲੋਕ ਪ੍ਰਤੀਕ੍ਰਮ ਵਜੋਂ ਜੇ ਨਾ ਵੀ ਕੁੱਝ  ਕਹਿਣ ਜਾਂ ਬੋਲਣ ਤਾਂ ਅੱਖਾਂ ਨਾਲ ਦੇਖਦੇ ਜਰੂਰ ਹਨ, ਇਹ ਹੀ ਉਨ੍ਹਾਂ ਦੀ ਪਰਖ ਦੀ ਕਸਵੱਟੀ ਹੁੰਦੀ ਹੈ, ਕਈ ਗੱਲਾਂ ਬਿਨਾਂ ਕਹੇ ਵੀ ਬਹੁਤ ਅਸਰ ਕਰ ਜਾਂਦੀਆਂ ਹਨ, ਦੇਖਣ ਵਾਲੇ ਕੋਲ ਪਾਰਖੂ ਅੱਖਾਂ ਹੋਣੀਆਂ ਚਾਹੀਦੀਆਂ ਹਨ। ਇਸ ਨਾਲ ਚੁੱਪ ਵਿਚੋਂ ਅਣਕਹੇ ਦੇ ਅਰਥ ਫੜੇ ਜਾ ਸਕਦੇ ਹਨ।

ਜਦੋਂ ਅਸੀਂ ਦੂਜਿਆਂ ਦੀ ਪ੍ਰਵਾਹ ਕਰਨੀ ਛੱਡ ਦੇਈਏ ਜਾਂ ਦੂਜਿਆਂ ਨੂੰ ਆਪਣੇ ਤੋਂ ਘਟੀਆਂ ਜਾਂ ਹੀਣੇ ਸਮਝਣ ਲੱਗ ਜਾਈਏ  ਫੇਰ ਸਮਾਜ ਅੰਦਰ ਸਮੱਸਿਆਵਾਂ ਖੜ੍ਹੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇੱਥੋਂ ਵਿਅਕਤੀਗਤ  ਮਸਲੇ ਵੀ ਬਣਦੇ ਹਨ, ਬਿਨਾਂ ਮਤਲਬੇ ਟਕਰਾਅ ਵੀ ਪੈਦਾ ਹੁੰਦੇ ਹਨ, ਰਿਸ਼ਤਿਆਂ ਜਾਂ ਸਬੰਧਾਂ ਵਿਚ ਕੁੜੱਤਣਾਂ ਵੀ ਪੈਦਾ ਹੁੰਦੀਆਂ ਹਨ।  ਇਹ ਸਾਰਾ ਕੁੱਝ ਮਨੁੱਖ ਦੇ ਨਿਘਾਰ ਦਾ ਕਾਰਨ ਵੀ ਬਣਦਾ ਹੈ।  ਅਜਿਹੀ ਤਣਾਅ ਭਰਪੂਰ ਸਥਿਤੀ ਕਿਸੇ ਵੀ ਮਨੁੱਖ ਲਈ ਮਨੋਵਿਗਿਆਨਕ ਉਲਝਣਾਂ ਵੀ ਪੈਦਾ ਕਰਦੀ ਹੈ, ਜੋ ਆਪਣੇ ਵਲੋਂ ਬੀਮਾਰੀਆਂ ਨੂੰ ਜਾਣਦੇ-ਬੁੱਝਦੇ ਹੋਏ ਆਪ ਹੀ ਸੱਦਾ ਦੇਣਾ ਵੀ ਹੁੰਦਾ ਹੈ ਅਤੇ ਸਮਾਜ ਅੰਦਰ ਬੀਮਾਰ ਸੋਚ ਦਾ ਸੰਚਾਰ ਕਰਨਾ ਵੀ ਹੁੰਦਾ ਹੈ।  ਮਨੁੱਖ ਦਾ ਕੀਤਾ ਹਰ ਕਰਮ ਸਮਾਜ ਨੂੰ ਅਤੇ ਸਮਾਜ ਦੇ ਲੋਕਾਂ ਨੂੰ ਪ੍ਰਭਾਵਿਤ ਜਰੂਰ ਕਰਦਾ ਹੈ ਉਹ ਭਾਵੇਂ ਥੋੜੇ ਚਿਰ ਵਾਸਤੇ ਹੋਵੇ ਜਾਂ ਫੇਰ ਲੰਬੇ ਸਮੇਂ ਵਾਸਤੇ। ਮਨੁੱਖ ਇਹਨੂੰ ਸਮਝੇ ਜਾਂ ਨਾ ਸਮਝੇ ਇਸ ਨਾਲ ਫਰਕ ਨਹੀਂ ਪੈਂਦਾ।  ਪਰ ਚੱਲਦੇ ਸਮੇਂ ਦੇ ਅੰਦਰ ਸਮਾਜ ਦੀ ਤੋਰ ਵਿਚ ਵਿਗਾੜ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ।
          
ਇਹੋ ਹੀ ਫਰਕ ਹੁੰਦਾ ਹੈ ਕਿਸੇ ਦੂਰ ਅੰਦੇਸ਼ ਮਨੁੱਖ ਅਤੇ ਆਮ ਮਨੁੱਖ ਵਿਚ ਕਿ ਆਮ ਮਨੁੱਖ ਬਹੁਤ ਕਰਕੇ ਆਪਣੇ ਤੱਕ ਹੀ ਸੀਮਤ ਰਹਿੰਦਾ ਹੈ, ਆਪਣੇ ਹੀ ਨਫੇ-ਨੁਕਸਾਨ ਦਾ ਉਸਨੂੰ ਫਿਕਰ ਰਹਿੰਦਾ ਹੈ, ਜਦੋਂ ਕਿ  ਜਗਿਆਸੂ ਅਤੇ ਜਾਗਦਾ ਮਨੁੱਖ ਆਪਣੇ ਕੀਤੇ ਕਰਮ ਦੇ ਸਿੱਟਿਆਂ ਵਜੋਂ ਸਮਾਜ ਉੱਤੇ ਪੈਣ ਵਾਲੇ ਪ੍ਰਭਾਵ ਬਾਰੇ ਵੀ ਫਿਕਰਮੰਦ ਹੁੰਦਾ ਹੈ। ਅਜਿਹਾ ਉਹ ਹੀ ਲੋਕ ਸੋਚ ਅਤੇ ਕਰ ਸਕਦੇ ਹਨ ਜੋ ਦੂਜਿਆਂ ਨੂੰ ਵੀ ਆਪਣਾ ਸਮਝਣ । ਕਹਿਣ ਦਾ  ਭਾਵ ਮਨੁੱਖਤਾ ਵਾਸਤੇ  ਫਿਕਰਮੰਦ ਹੋਣ। ਇਹ ਹਰ ਮਨੁੱਖ ਦੇ ਸਮਾਜ ਪ੍ਰਤੀ ਫਰਜ਼ਾ ਵਿਚ ਵੀ ਸ਼ਾਮਲ ਹੈ - ਜੇ ਨਹੀਂ ਹੈ ਤਾਂ ਹੋਣਾ ਚਾਹੀਦਾ ਹੈ। ਵਿਅਕਤੀਆਂ ਦਾ ਸਮੂਹ ਹੀ ਸਮਾਜ ਹੈ । ਸਮਾਜ ਵਿਚ ਰਹਿੰਦਾ ਹਰ ਮਨੁੱਖ ਸਮਾਜ ਦਾ ਅੰਗ  ਹੈ। ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਜੇ ਕਿਸੇ ਵੀ ਅੰਗ ਵਿਚ ਕੋਈ ਨੁਕਸ ਪੈ ਜਾਵੇ ਤਾਂ ਕਸ਼ਟ ਸਾਰੇ ਸਮਾਜ ਨੂੰ ਸਹਿਣਾ ਪੈਂਦਾ ਹੈ।
          
ਅੱਜ ਦੇ ਸਮਾਜ ਦਾ ਮਨੁੱਖ ਬਹੁਤ ਸਾਰੇ ਪੱਖਾਂ ਵਿਚ ਅਗਾਂਹ ਜਾਣ ਦੀ ਥਾਵੇਂ ਜਾਂ ਤਾਂ ਇੱਕੋ ਥਾਵੇਂ ਖੜ੍ਹਾ ਨਜ਼ਰ ਆਉਂਦਾ ਹੈ ਜਾਂ ਪਿਛਾਂਹ ਵੱਲ ਝਾਕੀ ਜਾ ਰਿਹਾ ਹੈ। ਵਿਰਸੇ  ਅਤੇ ਸੰਸਕਾਰਾਂ ਦੇ  ਨਾਂ ਹੇਠ ਅਸੀਂ ਵਰਤਮਾਨ ਵਿਚ ਜੀਊਣ ਤੋਂ ਪਛੜ ਰਹੇ ਹਾਂ, ਬੀਤੇ ਹੋਏ ਕੱਲ੍ਹ ਵਿਚ ਰਹਿ ਗਈਆਂ ਘਾਟਾਂ ਤੋਂ ਸਿੱਖਣਾ ਚਾਹੀਦਾ ਹੈ। ਅੱਜ ਦਾ ਮਨੁੱਖ ਵਰਤਮਾਨ ਸਮੇਂ ਵਿਚ ਮੰਡੀ ਦੇ ਯੁੱਗ ਤੋਂ ਲੋੜੋਂ ਵੱਧ ਪ੍ਰਭਾਵਿਤ ਹੀ ਨਹੀਂ ਸਗੋਂ ਖੁਦ ਮੰਡੀ ਦਾ ਮਾਲ ਬਣ ਰਿਹਾ ਹੈ। ਇਸੇ ਕਰਕੇ ਹੀ ਅੱਜ ਦਾ ਮਨੁੱਖ ਸਾਡੀ ਆਉਣ ਵਾਲੀ ਪੀੜ੍ਹੀ ਵਾਸਤੇ ਕੋਈ ਨਵੀਂ ਪੈੜ ਪਾਉਣ ਵਿਚ ਕਾਮਯਾਬ ਨਹੀਂ ਹੋ ਰਿਹਾ। ਇਹ ਸਾਡਾ ਅੱਜ ਦਾ ਸਭ ਤੋਂ ਵੱਡਾ ਦੁਖਾਂਤ ਹੈ। ਇਸ ਸਵੈ ਸਿਰਜੇ ਰੋਗ ਵਲੋਂ ਸਭ ਤੋਂ ਵੱਧ ਬਚਿਆ  ਜਾਣਾ ਚਾਹੀਦਾ ਹੈ। ਪਰ ਸਵਾਲ ਫੇਰ ਪੈਦਾ ਹੁੰਦਾ ਹੈ ਕਿ ਅਸੀਂ ਇਸ ਵਾਸਤੇ ਕੀ ਕਰ ਰਹੇ ਹਾਂ। ਕੀ ਕੁੱਝ ਕਰਨਾ ਵੀ ਚਾਹੁੰਦੇ ਹਾਂ ਜਾਂ ਨਹੀਂ। ਸਮਾਂ ਤਾਂ ਬਹੁਤ ਕੁੱਝ ਕਰਨ ਦੀ ਮੰਗ ਕਰ ਰਿਹਾ ਹੈ।
           
ਅੱਜ ਅਸੀਂ ਆਪਣੀ ਸੋਚ  ਦੇ ਲਾਲਚ ਵਸ , ਆਪਣੀ ਹਉਮੈਂ ਨੂੰ ਤਕੜਿਆਂ ਕਰਨ ਵਿਚ ਯਕੀਨ ਰੱਖਦੇ ਹਾਂ ਜਿਸ ਨਾਲ ਅਸੀਂ ਨਿਮਰ ਹੋਣ ਦੀ ਥਾਂ ਘੁਮੰਡੀ ਹੁੰਦੇ ਜਾ ਰਹੇ ਹਾਂ, ਜਿਸ ਨੂੰ ਗੁਰਬਾਣੀ ਵਿਚ 'ਹਉਮੈਂ ਅਓਖਧ ਰੋਗ ' ਕਿਹਾ ਗਿਆ ਹੈ। ਇਸ ਕਰਕੇ ਹੀ ਅਸੀਂ ਆਪਣੇ ਆਪ ਦਾ ਮੁੱਲ ਵੀ ਨਹੀਂ ਜਾਚ ਸਕਦੇ, ਖਾਹਮਖਾਹ ਅਸੀਂ ਉਹ ਕੁੱਝ ਦੱਸਣਾ ਚਾਹੁਣ ਲੱਗ ਪੈਂਦੇ ਹਾਂ  ਜੋ ਕੁੱਝ ਅਸੀਂ ਹੁੰਦੇ ਹੀ ਨਹੀਂ। ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਜਿਹੜੀ ਅਸੀਂ ਅਕਸਰ ਭੁੱਲ ਜਾਂਦੇ ਹਾਂ ਜਾਂ ਚੇਤੇ ਨਹੀਂ ਰੱਖਣਾ ਚਾਹੁੰਦੇ ਕਿ ਨਕਲੀ ਚਿਹਰੇ ਅਸਲੀ ਵਰਗੇ ਦਿਸ ਤਾ ਸਕਦੇ ਹਨ ਪਰ ਹੋ ਨਹੀਂ ਸਕਦੇ। ਦਿਸਣ ਤੇ ਹੋਣ ਵਿਚ ਬੜਾ ਫਰਕ ਹੁੰਦਾ ਹੈ। ਜਿਸ ਮਨੁੱਖ ਕੋਲ 20 ਜਾਂ 50 ਕਿੱਲੋ ਭਾਰ ਚੁੱਕਣ ਦੀ ਸਮਰੱਥਾ ਹੋਵੇ ਜਦੋਂ ਉਹ ਆਪਣੇ ਆਪ ਨੂੰ ਗੱਲੀ-ਬਾਤੀਂ 100 ਕਿੱਲੋ ਚੁੱਕਣ ਵਾਲਾ ਹੋਣ ਦੀ ਫੜ੍ਹ ਮਾਰ ਰਿਹਾ ਹੁੰਦਾ ਹੈ ਤਾਂ ਸੁਣਨ ਵਾਲੇ ਕੋਈ ਟਿੱਪਣੀ ਕਰਨ ਦੀ ਥਾਂ ਹੱਸ ਕੇ ਗੱਲ ਟਾਲ ਦਿੰਦੇ ਹਨ ਜੇ ਕੋਈ ਸਮਝਣ ਵਾਲਾ ਹੋਵੇ ਤਾਂ ਲੋਕਾਂ ਦਾ ਇਹ ਮੁਸਕੜੀਆਂ ਹੱਸਿਆ ਹਾਸਾ ਉਸ ਗਲਤ ਬਿਆਨੀ ਕਰ ਰਹੇ ਮਨੁੱਖ ਤੇ ਬਿਨ ਬੋਲਿਆ ਬੜੀ ਵੱਡੀ ਟਿੱਪਣੀ ਹੁੰਦੀ ਹੈ। ਲੋੜ ਸਮਝਣ ਦੀ ਪੈਂਦੀ ਹੈ। ਜਿਸ ਨੂੰ ਨਕਲੀ ਚਿਹਰਿਆਂ ਵਾਲੇ ਜਾਣਦੇ ਹੋਏ ਵੀ ਅਣਗੌਲਿਆਂ ਕਰਨਾ ਪਸੰਦ ਕਰਦੇ ਹਨ। ਉਹ ਕਿਸੇ ਝੂਠ ਨਾਲ ਦਿਲ ਪ੍ਰਚਾਉਣ ਵਿਚ ਵਿਅਸਥ ਹੋ ਜਾਂਦੇ ਹਨ। ਸੱਚ ਉਨ੍ਹਾਂ ਦੀ ਪਕੜ ਵਿਚ ਫੇਰ ਨਹੀਂ ਆਉਂਦਾ। ਪਰ ਅਜਿਹੀ ਹਾਲਤ ਵਿਚ ਜਤਨ ਕਰਨਾ ਚਾਹੀਦਾ ਹੈ ਆਪਣਾ ਆਪਾ ਪਹਿਚਾਨਣ ਦਾ ਇਸ ਬਾਰੇ ਸੋਚਦਿਆਂ ਆਪਣੇ ਮਨ ਵਿਚ ਚੰਗੇ ਗੁਣ ਪੈਦਾ ਕਰਨ ਦਾ ਜਰੂਰ ਖਿਆਲ ਪੈਦਾ ਹੋਵੇਗਾ ।

ਇਸ ਤਰ੍ਹਾਂ ਦੇ ਖਿਆਲ ਜਦੋਂ ਵੀ ਮਨ ਵਿਚ ਆਉਣ ਤਾਂ ਬੰਦਾ ਭਵਿੱਖ ਨੂੰ ਚੰਗਾ ਬਨਾਉਣ ਬਾਰੇ ਵੀ ਜਰੂਰ ਸੋਚਦਾ ਹੈ। ਫੇਰ ਅਸੀਂ ਆਪਣੀ ਤੋਰ ਤੇ ਹੀ ਨਿਰਭਰ ਹੁੰਦੇ ਹਾਂ ਕਿ ਕਦੋਂ ਆਪਣੀ ਮੰਜਿ਼ਲ ਤੇ ਪਹੁੰਚਦੇ ਹਾਂ। ਇਸ ਹਾਲਤ ਵਿਚ ਕਦੇ ਵੀ ਮਨ ਵਿਚ ਹੰਕਾਰ ਨਹੀਂ ਉਪਜਣਾ ਚਾਹੀਦਾ। ਹਾਂ! ਹਰ ਕਿਸੇ ਨੂੰ ਆਪਣੀ ਕੀਤੀ ਮਿਹਨਤ ਤੇ ਮਾਣ ਜਰੂਰ ਹੋਣਾ ਚਾਹੀਦਾ ਹੈ, ਜੇ ਮਾਣ ਹੋਵੇਗਾ ਤਾਂ ਮਨੁੱਖ ਦਾ ਮਨ ਹੋਰ ਵੀ ਨਿਮਰਤਾ ਭਰਿਆ ਰਾਹ ਫੜੇਗਾ- ਮਨੁੱਖ ਦੇ ਮਨ ਵਿਚ ਹੋਰ ਵੀ ਸਹਿਣਸ਼ੀਲਤਾ ਦਾ ਵਾਸ ਹੋਵੇਗਾ। ਮਿਹਨਤ, ਨਿਮਰਤਾ ਅਤੇ ਮਿੱਠ ਬੋਲੜਾ ਸੁਭਾਅ ਜਦੋਂ ਰਲ ਕੇ ਚੱਲਣ ਤਾਂ ਪ੍ਰਾਪਤੀਆਂ ਦੂਰ ਨਹੀਂ ਰਹਿੰਦੀਆਂ। ਅਜਿਹੇ  ਵੇਲਿਆਂ ਵਿਚ  ਤਾਂ ਬਾਬੇ ਨਾਨਕ ਵਲੋਂ  ਜੀਵਨ ਜਾਚ ਬਾਰੇ ਦਿੱਤੀ ਮੱਤ ਵੀ ਚੇਤੇ ਕਰਨੀ ਚਾਹੀਦੀ ਹੈ ਕਿ, 'ਮਿੱਠੁਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ'। ਅਜਿਹੀ ਜੀਵਨ ਜਾਚ ਨਾਲ ਜੀਅ ਰਹੇ ਨਿਮਰ ਮਨੁੱਖ ਨੂੰ ਹਰ ਕੋਈ ਪਿਆਰਦਾ ਹੈ। ਮਨੁੱਖ ਦੀ ਬੋਲ ਬਾਣੀ ਹੀ ਉਸਦੀ ਪਰਖ ਕਰਵਾਉਂਦੀ ਹੈ, ਉਸਦਾ ਮਾਣ ਘਟਾਉਂਦੀ ਜਾਂ ਵਧਾਉਂਦੀ ਹੈ।
          
ਆਪਣੀ ਅਗਲੀ ਪੀੜ੍ਹੀ ਦੀਆਂ ਅਸੀਂ ਬਹੁਤ ਗੱਲਾਂ ਕਰਦੇ ਹਾਂ। ਲੋਕ ਠੱਗੀਆਂ-ਠੋਰੀਆਂ ਤੇ ਬੇਈਮਾਨੀਆਂ ਕਰਕੇ ਆਪਣੇ ਬੱਚਿਆਂ ਵਾਸਤੇ ਵੱਡੀਆਂ ਜਾਇਦਾਦਾਂ ਬਣਾਊਂਦੇ ਹਨ। ਕੀ ਮਾੜੇ ਧੰਦਿਆਂ ਦੇ ਆਸਰੇ ਬਣਾਈਆਂ ਜਾਇਦਾਦਾਂ ਸਾਨੂੰ ਸੱਚ ਨਾਲ ਜੁੜਨ ਤੋਂ ਰੋਕ ਨਹੀਂ ਦੇਣਗੀਆਂ? ਇਸ ਤਰ੍ਹਾਂ ਕਰਕੇ ਆਪਣੇ ਬੱਚਿਆਂ ਨੂੰ ਅਸੀਂ ਕਿਹੜੀ ਜੀਵਨ ਜਾਚ ਦੇ ਲੜ ਲਾ ਜਾਵਾਂਗੇ? ਇਸ ਕਰਕੇ ਕਹਿਣਾ ਇਹ ਹੀ ਬਣਦਾ ਹੈ ਕਿ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਜੇ ਕੁੱਝ ਦੇਣਾ ਹੋਵੇ ਤਾਂ ਹਿੰਮਤ ਅਤੇ ਹੌਸਲਾ ਦੇਈਏ, ਸੱਚੀ-ਸੁੱਚੀ ਕਿਰਤ ਦਾ ਸੱਭਿਆਚਾਰ ਦੇਈਏ, ਨਿਤਾਣੇ ਦੀ ਧਿਰ ਬਣਨ ਦੀ ਸੋਚ ਦੇਈਏ ਕਿ ਉਹ ਸਾਡੇ ਕੀਤੇ ਕੰਮਾਂ ਤੋਂ ਜਰੂਰ ਅੱਗੇ ਜਾਣ, ਉਹ ਸਾਡੀਆਂ ਪੈੜਾਂ ਵਿਚ ਪੈੜ ਧਰਨ ਦੇ ਆਦੀ ਨਾ ਹੋਣ ਇਸ ਦੇ ਥਾਂ ਆਪਣੀਆਂ ਰਾਹਾਂ ਆਪ ਤੈਅ ਕਰਨ। ਸਮੇਂ ਅਨੁਸਾਰ ਆਪਣੀਆਂ ਨਵੀਆਂ ਪੈੜਾਂ ਪਾਉਣ ਕਿਉਂਕਿ ਉਹ ਸਾਡੇ ਯੁੱਗ ਤੋਂ ਅਗਲੇ ਯੁੱਗ ਦੇ ਵਾਸੀ ਹੋਣਗੇ। ਪਰ ਅਸੀਂ ਉਨ੍ਹਾਂ ਦੇ ਸਹਿਯੋਗੀ ਜਰੂਰ ਬਣੀਏਂ । ਇੱਥੇ ਦੋ ਗੱਲਾਂ ਖਲ਼ੀਲ ਜਿਬਰਾਨ ਦੀਆਂ ਚੇਤੇ ਆਉਂਦੀਆਂ ਹਨ ਉਹ ਬੱਚਿਆਂ ਬਾਰੇ ਗੱਲ ਕਰਦਿਆਂ ਆਖਦਾ ਹੈ :

ਭਾਵੇਂ ਬੱਚੇ ਤੁਹਾਡੇ ਅੰਗ ਸੰਗ ਰਹਿੰਦੇ ਹਨ ਪਰ ਉਹ ਤੁਹਾਡੀ ਮਲਕੀਅਤ ਨਹੀਂ ਹੁੰਦੇ।
ਬੇਸ਼ੱਕ ਤੁਸੀਂ ਆਪਣਾ ਪਿਆਰ ਉਨ੍ਹਾ ਉੱਤੇ  ਨਿਛਾਵਰ ਕਰੋ ਪਰ ਆਪਣੇ ਵਿਚਾਰ ਉਨ੍ਹਾਂ ਉੱਤੇ ਨਾ ਮੜ੍ਹੋ।
ਤੁਸੀਂ ਜਤਨ ਕਰੋ ਉਨ੍ਹਾਂ ਵਰਗੇ ਬਣ ਜਾਵੋ ਪਰ ਉਨ੍ਹਾਂ ਨੂੰ ਆਪਣੇ ਵਰਗੇ ਬਨਾਉਣਾ ਨਾ ਲੋਚੋ।
ਕਿਉਂਕਿ ਜ਼ਿੰਦਗੀ ਪਿਛਾਂਹ ਨਹੀਂ ਝਾਕਦੀ  ਨਾ ਹੀ ਬੀਤ ਚੁੱਕੇ ਕਲ੍ਹ ਨਾਲ ਕਦੇ ਖਲੋਂਦੀ ਹੈ
ਤੁਸੀਂ ਉਹ ਕਮਾਨ ਹੋ ਜੀਹਦੇ ਵਿਚੋਂ ਤੁਹਾਡੇ ਬੱਚੇ ਜੀਂਦੇ ਜਾਗਦੇ ਤੇ ਜੀਵਨ ਨਾਲ ਧੜਕਦੇ ਤੀਰਾਂ ਵਾਂਗ ਅੱਗੇ ਭੇਜੇ ਜਾਂਦੇ ਹਨ।

           
ਇਹੋ ਜਹੀਆਂ ਕੀਮਤੀ ਗੱਲਾਂ ਜਾਂ ਵਿਚਾਰ ਖਲੀਲ ਜਿਬਰਾਨ ਵਰਗਾ ਸਿਆਣਾ ਮਨੁੱਖ ਹੀ ਕਰ ਸਕਦਾ ਹੈ। ਅਸੀਂ ਪੜ੍ਹੀਏ ਤਾਂ ਸਈ। ਅਸੀਂ ਅਜਿਹੇ ਸੂਝਵਾਨਾਂ ਤੋਂ ਮੱਤ ਲੈ ਕੇ ਅੱਗੇ ਵਧਣ ਵਾਲੀ ਸੇਧ ਤੇ ਚੱਲੀਏ ਤਾਂ ਸਹੀ। ਜਦੋਂ ਇਸ ਰਾਹੇ ਅੱਗੇ ਵਧਾਂਗੇ ਤਾਂ ਸਿੱਟੇ ਆਪਣੇ ਆਪ ਸਾਡੇ ਹੱਕ ਵਿਚ ਹੋਣਗੇ।
           
ਬੱਚਿਆਂ ਬਾਰੇ ਅਜਿਹੇ ਮੁੱਲਵਾਨ ਵਿਚਾਰ ਸਾਨੂੰ ਪੜ੍ਹਦੇ ਰਹਿਣਾ ਚਾਹੀਦਾ ਹੈ। ਤਾਂ ਅਸੀਂ ਬਹੁਤ ਹੱਦ ਤੱਕ ਗਲਤੀ ਕਰਨ ਦੀ ਸੰਭਾਵਨਾ ਤੋਂ ਬਚ ਜਾਵਾਂਗੇ, ਬੱਚਿਆਂ ਦੇ ਸਭ ਤੋਂ ਪਹਿਲੇ ਰੋਲ ਮਾਡਲ ਜਾਂ ਕਹੀਏ ਪ੍ਰੇਰਨਾ ਸ੍ਰੋਤ ਉਨ੍ਹਾਂ ਦੇ ਆਪਣੇ ਮਾਪੇ ਹੀ ਹੁੰਦੇ ਹਨ। ਇਸ ਕਰਕੇ ਸਭ ਤੋਂ ਵੱਡੀ ਜੁੰਮੇਵਾਰੀ ਵੀ ਮਾਪਿਆਂ ਦੀ ਹੀ ਬਣਦੀ ਹੈ ਕਿ ਮਾਪੇ ਆਪ ਅਜਿਹਾ ਕੋਈ ਕੰਮ ਨਾ ਕਰਨ ਜਿਸ ਤੋਂ ਉਹ ਆਪਣੇ ਬੱਚਿਆਂ ਨੂੰ ਵਰਜਦੇ ਹੋਣ। ਇਸ ਤਰ੍ਹਾਂ ਅਮਲ ਵਿਚ ਬੱਚੇ ਜੋ ਦੇਖਣਗੇ ਉਨ੍ਹਾਂ ਨੂੰ ਪ੍ਰੇਰਿਆ ਜਾਵੇ ਤਾਂ ਉਹ ਆਪਣੀ ਜਿ਼ੰਦਗੀ ਵਿਚ ਉਨ੍ਹਾਂ ਗੱਲਾਂ ਨੂੰ ਜਰੂਰ ਅਪਨਾਉਣਗੇ। ਇੱਥੇ ਬਹੁਤ ਸਾਰੀਆਂ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ, ਝੂਠ ਬੋਲਣਾ, ਨਸ਼ੇ ਕਰਨੇ, ਉਹਲੇ ਵਾਲੇ ਗੈਰ ਇਖ਼ਲਾਕੀ ਕੰਮ, ਮਰਦਾਂ ਵਲੋਂ ਔਰਤਾਂ ਤੇ ਹੱਥ ਚੁੱਕਣਾ ਅਤੇ ਹੋਰ ਬਹੁਤ ਕੁੱਝ, ਇਸ ਸਭ ਕਾਸੇ ਤੋਂ ਸਾਨੂੰ ਪਾਸੇ ਰਹਿਣਾ ਚਾਹੀਦਾ ਹੈ। ਜਦੋਂ ਅਸੀ ਸਾਫ ਸੁਥਰੀ ਜਿ਼ੰਦਗੀ ਜੀਊਣ ਦੇ ਰਾਹੇ ਤੁਰਦੇ ਹੋਵਾਂਗੇ ਤਾਂ ਸਹਿਜ ਜਹੇ ਇਸ ਵਰਤਾਰੇ ਨਾਲ ਅਸੀਂ ਆਪਣੇ ਬੱਚਿਆਂ ਨੂੰ ਵੀ ਬਹੁਤ ਹੀ ਮੁੱਲਵਾਨ ਤੇ ਸੱਚੀਆਂ ਸੁੱਚੀਆਂ ਇਨਸਾਨੀ ਕਦਰਾਂ-ਕੀਮਤਾਂ ਦੇ ਲੜ ਲਾ ਸਕਦੇ ਹਾਂ। ਇਹਦੇ ਵਾਸਤੇ ਮਿਹਨਤ ਇੰਨੀਂ ਹੀ ਕਰਨੀ ਪੈਂਦੀ ਹੈ ਕਿ ਅਸੀਂ ਝੂਠ ਤੇ ਕਿਸੇ ਵੀ ਗੈਰ-ਨੈਤਿਕ ਅਤੇ ਉਹਲੇ ਵਾਲੀ ਜ਼ਿੰਦਗੀ ਜੀਊਣ ਤੋਂ ਇਨਕਾਰੀ ਰਹੀਏ। ਅਜਿਹੀ ਨਕਲੀ ਕਿਸਮ ਦੀ ਜ਼ਿੰਦਗੀ ਜੀਊਦੇ ਲੋਕ ਆਪਣੇ ਬੱਚਿਆਂ ਨੂੰ ਕਿਸੇ ਮਾੜੇ ਕੰਮੋਂ ਵਰਜਣ ਦੇ ਹੱਕਦਾਰ ਨਹੀਂ ਹੁੰਦੇ। ਉਨ੍ਹਾਂ ਦੇ ਕਹੇ ਦਾ ਲੋਕਾਂ ਤੇ ਵੀ  ਉੱਨਾ ਹੀ ਅਸਰ ਹੁੰਦਾ ਹੈ ਜਿਵੇਂ ਧਰਮ ਨੂੰ ਵੇਚਣ ਵਾਲੇ ਕਿਸੇ ਪਾਖੰਡੀ ਬਾਬੇ ਦਾ ਧਾਰਮਿਕ ਸਿਖਿਆਵਾਂ ਬਾਰੇ ਕੀਤਾ ਵਿਖਿਆਨ ਅਤੇ ਵੰਡੇ ਜਾਂ ਵੇਚੇ ਜਾ ਰਹੇ ਝੂਠੇ ਪ੍ਰਵਚਨ।
         
ਸਾਨੂੰ ਜਤਨ ਕਰਨਾ ਚਾਹੀਦਾ ਹੈ ਕਿ ਅਸੀਂ  ਆਪਣੀ ਕੋਈ ਵੀ ਗੱਲ ਮਨਵਾਉਣ ਤੋਂ ਪਹਿਲਾਂ ਕਿਸੇ ਦੂਸਰੇ ਦੀ ਗੱਲ ਸੁਣਨ ਦਾ ਜਤਨ ਕਰੀਏ। ਫੇਰ ਕਿਸੇ ਦੂਸਰੇ ਨੂੰ ਹੀਣਾ ਜਾਂ ਛੋਟਾ ਕਰਨ ਬਾਰੇ ਅਸੀਂ ਆਪਣੀਆਂ ਘੜੀਆਂ ਹੋਈਆਂ ਘਟੀਆਂ ਧਾਰਨਾਵਾਂ ਨੂੰ ਅਮਲ ਵਿਚ ਲਿਆਉਣ ਤੋਂ ਬਚ ਜਾਵਾਂਗੇ। ਪਰ ਅਜਿਹੇ ਕਾਰਜ ਕਰਨ ਵਾਸਤੇ ਲੋੜ ਪੈਂਦੀ ਹੈ ਕਿ ਮਨ ਦੁਸਰੇ ਦੀਆਂ ਗੱਲਾਂ ਨੂੰ ਸਹਿਣਸ਼ੀਲਤਾ ਨਾਲ ਸੁਣੇ ਤੇ ਵਿਚਾਰੇ ਜੇ ਮਨ ਲੱਗੇ ਤਾਂ ਅਪਣਾਵੇ ਵੀ। ਨਹੀਂ ਤਾਂ ਦਲੀਲ ਨਾਲ ਨਿਮਰਤਾ ਸਹਿਤ ਇਨਕਾਰ ਵੀ ਕੀਤਾ ਜਾ ਸਕਦਾ ਹੈ। ਆਪਣੀ ਇੱਜਤ ਕਰਵਾਉਣ ਦਾ ਰਾਹ ਇਕ ਹੀ ਹੈ ਕਿ ਅਸੀਂ ਦੂਸਰਿਆਂ ਦੀ ਇੱਜਤ ਕਰਨੀ ਸਿੱਖੀਏ ਤਾਂ ਲੋਕ ਆਪਣੇ ਆਪ ਸਾਡੀ ਇੱਜਤ ਕਰਨ ਲੱਗ ਪੈਣਗੇ ਪਰ ਜੇ ਕਿਸੇ ਨੂੰ ਦੁਰਭਾਵਨਾ ਤਹਿਤ ਕੌੜੇ ਬੋਲ ਬੋਲੇ ਜਾਣਗੇ ਤਾਂ ਬਦਲੇ ਵਿਚ ਕੋਈ ਵੀ ਖੰਡ-ਪਤਾਸੇ ਸਾਡੇ ਮੂੰਹ ਵਿਚ ਨਹੀਂ ਪਾਉਣ ਲੱਗਾ। ਇਸ ਵਾਸਤੇ ਮਨੁੱਖ ਦਾ ਸਹਿਣਸ਼ੀਲ ਹੋਣਾ ਜਰੂਰੀ ਹੁੰਦਾ ਹੈ। ਸਹਿਣਸ਼ੀਲ ਹੋਣਾ ਕਿਸੇ ਦੂਸਰੇ ਦੇ ਥੱਲੇ ਲੱਗਣਾ ਨਹੀਂ ਹੁੰਦਾ ਸਗੋਂ ਇਹ ਬਰਾਬਰੀ ਦੇ ਰਿਸ਼ਤੇ ਕਾਇਮ ਕਰਨ ਵਾਲਾ ਸਾਊ ਰਾਹ ਹੈ।
         
ਜਿਹੜੇ ਲੋਕ ਹਉਮੈਂ ਦੇ ਸਿ਼ਕਾਰ ਹੋਣ ਉਨ੍ਹਾਂ ਨੂੰ ਇਹ ਗੱਲ ਕਦੀਂ ਵੀ  ਨਹੀਂ ਭੁੱਲਣੀ ਚਾਹੀਦੀ ਸਗੋਂ ਹਰ ਵੇਲੇ ਚੇਤੇ ਰੱਖਣੀ ਚਾਹੀਦੀ ਹੈ ਕਿ ਕਿਧਰਿਉਂ ਉਧਾਰੇ ਲਏ ਜਾਂ ਚੋਰੀ ਕੀਤੇ ਕਿਸੇ ਦੇ ਵਿਚਾਰ ਜਾਂ ਕਿਸੇ ਦੂਸਰੇ  ਤੋਂ ਮੰਗ ਕੇ ਪਾਏ ਹੋਏ ਕੱਪੜਿਆਂ ਵਰਗੇ ਹੀ ਹੁੰਦੇ ਹਨ। ਕਦੇ ਵੀ ਇਨ੍ਹਾਂ ਨੂੰ ਆਪਣੇ ਨਹੀਂ ਕਹਿਣਾ ਚਾਹੀਦਾ, ਇਨ੍ਹਾਂ ਦਾ ਭੇਦ ਕਦੇ ਵੀ  ਖੁੱਲ੍ਹ ਸਕਦਾ ਹੈ ਫੇਰ ਸ਼ਰਮਿੰਦਗੀ ਹੰਢਾਉਣ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿੰਦਾ। ਇਹ ਸ਼ਰਮਿੰਦਗੀ ਹੋਰ ਕੁੱਝ ਦੇਵੇ ਜਾਂ ਨਾ ਦੇਵੇ ਹਾਂ ਜਿੰਦਗੀ ਨੂੰ ਵਿਗੋਚੇ ਵਰਗਾ ਕੁੱਝ ਜਰੂਰ ਦੇ ਜਾਵੇਗੀ, ਇਹੀ ਵਿਗੋਚਾ ਕੋਈ ਰੋਗ ਵੀ ਬਣ ਸਕਦਾ ਹੈ। ਇਸ ਰੋਗ ਤੋਂ ਬਚਣ ਦਾ ਰਾਹ ਹੈ ਕਿ ਅਸੀਂ ਆਪਣੇ ਗਿਆਨ ਦੀ ਸੀਮਾ ਵਿਚ ਹੀ ਰਹੀਏ ਕਿਉਂਕਿ  ਸਾਡੀ ਸਮਰੱਥਾ ਬਾਰੇ ਸਾਡੇ ਵਾਕਿਫ, ਮਿੱਤਰ-ਦੋਸਤ, ਰਿਸ਼ਤੇਦਾਰ ਤੇ ਸਕੇ-ਸਬੰਧੀ ਸਾਰੇ ਜਾਣਦੇ ਹੀ ਹੁੰਦੇ ਹਨ। ਆਪਣਿਆਂ ਨੂੰ ਭੁਲੇਖੇ ਪਾਉਣ ਦੇ ਜਤਨ ਉਨ੍ਹਾ ਦੀ ਤੌਹੀਨ ਜਾਂ ਬੇਇਜ਼ਤੀ ਕਰਨ ਦੇ ਬਰਾਬਰ ਹੀ ਹੁੰਦਾ ਹੈ। ਇਸੇ ਨੂੰ ਹੀ ਤਾਂ ਨਕਲੀ ਜਿ਼ੰਦਗੀ ਜੀਊਣਾ ਕਿਹਾ ਜਾਂਦਾ ਹੈ।
         
ਜਿਵੇਂ ਆਮ ਕਿਹਾ ਜਾਂਦਾ ਹੈ  ਕਿ ਕੋਈ ਵੀ ਮਨੁੱਖ ਸੰਪੂਰਨ ਨਹੀਂ ਹੁੰਦਾ । ਇਸ ਨੂੰ ਧਿਆਨ ਵਿਚ ਰੱਖਦਿਆਂ ਕਿਸੇ ਦੀ ਵੀ ਨਿੰਦਿਆ ਕਰਨ ਤੋਂ ਪਹਿਲਾਂ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਦੇ ਪਹਿਲੇ ਕਵੀ ਬਾਬਾ ਸ਼ੇਖ ਫਰੀਦ ਦੇ ਮੱਤ ਦਿੰਦੇ ਇਹ ਸ਼ਬਦ ਨਹੀਂ ਭੁਲਾਣੇ ਚਾਹੀਦੇ  ਕਿ :

ਫਰੀਦਾ ਜੇ ਤੂ ਅਕਲਿ ਲਤੀਫ
ਕਾਲੇ  ਲਿਖੁ  ਨਾ  ਲੇਖ ।।
ਆਪਨੜੇ ਗਿਰੀਵਾਨ ਮਹਿ
ਸਿਰੁ ਨੀਵਾਂ  ਕਰਿ ਦੇਖੁ ।।

           
ਜੇ ਇਸ ਦਾ ਸਿੱਧਾ ਜਿਹਾ ਅਰਥ ਕਰਨਾ ਹੋਵੇ ਤਾਂ ਇਹ ਹੀ ਬਣਦਾ ਹੈ ਕਿ ਜੇ ਅਸੀਂ ਕਿਸੇ ਵੱਲ ਇੱਕ ਉਂਗਲ ਚੁੱਕਦੇ ਹਾਂ ਤਾਂ ਤਿੰਨ ਉਂਗਲਾ ਸਾਡੇ ਆਪਣੇ ਵੱਲ ਇਸ਼ਾਰਾ ਕਰਦੀਆਂ ਹਨ, ਇਸ ਕਰਕੇ ਕਿਸੇ ਨੂੰ ਕੁੱਝ ਕਹਿਣ ਤੋਂ ਪਹਿਲਾਂ ਆਪਣੇ ਪੱਲੇ ਵਿਚ ਝਾਤ ਮਾਰ ਲੈਣੀ ਚਾਹੀਦੀ ਹੈ। ਇਹ ਤਿੰਨ ਉਂਗਲਾਂ ਸਾਨੂੰ ਆਪਣੀ ਪੜਚੋਲ ਕਰਦਿਆਂ ਤੋਲਵੇਂ ਸ਼ਬਦਾਂ ਦੇ ਉਚਾਰਣ ਦਾ ਸਬਕ ਦਿੰਦੀਆਂ ਹਨ। ਇਨ੍ਹਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਪਰ ਜਦੋਂ ਸਾਡੀ ਕਿਰਤ ਅਤੇ ਸਾਡੇ ਹੱਕਾਂ ਉੱਤੇ ਕਿਸੇ ਪਾਸਿਉਂ ਵੀ ਡਾਕੇ ਪੈਣ ਤਾਂ ਇਨ੍ਹਾਂ ਦੇ ਵਿਰੋਧ ਵਿਚ ਆਪਣੇ ਹੱਕਾਂ ਵਾਸਤੇ ਲੜਨਾ ਬਹੁਤ ਜਰੂਰੀ ਹੋ ਜਾਂਦਾ ਹੈ। ਅਜਿਹੀ ਲੁੱਟ ਨੂੰ ਸਹਿਣ ਕਰਨਾ ਕਦੇ ਵੀ ਜਾਇਜ਼ ਨਹੀਂ ਕਿਹਾ ਜਾ ਸਕਦਾ।
            
ਇਹ ਬਹੁਤ ਹੀ ਸੌਖਾ ਹੈ ਕਿ ਅਸੀਂ ਮਾਣਭਰੀ ਤੇ ਇੱਜਤ ਭਰੀ ਜਿ਼ੰਦਗੀ ਜੀਉਣ ਲਈ ਆਪਣੇ ਆਪੇ ਨੂੰ ਆਕੜ , ਧੌਂਸ  ਵਰਗੇ ਵਤੀਰਿਆਂ ਤੋਂ ਬਚਾਈਏ ਇਹ ਸਾਊ ਲੋਕਾਂ ਨੂੰ ਨਹੀ ਸੋਭਦਾ  ਜਿ਼ੰਦਗੀ ਨੂੰ ਸਹਿਣਸ਼ੀਲ ਹੋਣ ਦੇ  ਰਾਹੇ  ਤੋਰੀਏ ਤਾਂ ਦੁਨੀਆਂ ਬਿਨ ਮੰਗਿਆਂ ਪ੍ਰਸ਼ੰਸਾ ਭਰੀ ਖੁਸ਼ੀ ਤੁਹਾਡੇ ਪੱਲੇ ਵਿਚ ਪਾਵੇਗੀ। ਆਪਣੇ ਹੀ ਨਹੀਂ ਪਰਾਏ ਵੀ ਤੁਹਾਡੇ ਆਪਣੇ ਹੋ ਜਾਣਗੇ। ਇਹ ਜੀਵਨ ਜਾਚ ਤੁਹਾਡੇ ਵਾਸਤੇ ਸੌਗਾਤ ਸਾਬਤ ਹੋ ਸਕਦੀ ਹੈ। ਇਸ ਤਰ੍ਹਾਂ ਦੇ ਰਾਹ ਵਿਚੀਂ ਲੰਘਦਿਆਂ ਸਾਨੂੰ  ਕਿਸੇ ਅਗਲੇ ਨਕਲੀ ਸਵਰਗ ਦੀ ਲੋੜ ਨਹੀਂ ਪਵੇਗੀ ਇਹ ਧਰਤੀ ਅਤੇ ਇਹ ਜੀਵਨ ਸਾਡੇ ਵਾਸਤੇ ਸਵਰਗ ਤੋਂ ਘੱਟ ਨਹੀਂ ਹੋਣਗੇ। ਪਰ ਜੀਵਨ ਜਾਚ ਅਪਨਾਉਣ ਲੱਗਿਆ ਮਾਣ ਭਰੀਆਂ ਸੁੱਚੀਆਂ ਇਨਸਾਨੀ ਕਦਰਾਂ-ਕੀਮਤਾਂ ਦਾ ਖਿਆਲ ਰੱਖਣਾ ਜ਼ਰੂਰੀ ਹੈ।


                         ('ਮੀਡੀਆ ਪੰਜਾਬ ਰੇਡੀਉ' 'ਤੇ  ਪੇਸ਼ ਕੀਤਾ ਗਿਆ ਪ੍ਰੋਗਰਾਮ)

Comments

Katarzyna

No coinlampts on this end, simply a good piece.

Stepbeivy

Buy Generic Plavix India <a href=https://abuycialisb.com/#>buy cialis 5mg online</a> Naman Phatma <a href=https://abuycialisb.com/#>comprar cialis online</a> Motilium No Prescription

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ