Thu, 29 February 2024
Your Visitor Number :-   6875723
SuhisaverSuhisaver Suhisaver

ਸਾਹਿਬਾ ਦੀ ਦੁਨੀਆਂ -ਵਿਕਰਮ ਸਿੰਘ ਸੰਗਰੂਰ

Posted on:- 03-09-2012

suhisaver

ਉਹਦੇ ਘਰ ਦੇ ਬਾਹਰ ਅਜਿਹੀ ਕੋਈ ਵੀ ਤਖ਼ਤੀ ਨਹੀਂ ਲੱਗੀ, ਜਿਸ ਤੋਂ ਉਹਦੀ ਸ਼ਨਾਖ਼ਤ ਹੋ ਸਕੇ।ਉਹ ਜਦ ਵੀ ਸ਼ਾਮੀਂ ਕੰਮ ਤੋਂ ਵਾਪਸ ਪਰਤਦਾ ਹੈ ਤਾਂ ਆਪਣੇ ਬਿਨਾਂ ਦਰਵਾਜ਼ੇ ਵਾਲੇ ਘਰ ਦੇ ਬਾਹਰ ਸਲ੍ਹਾਬੀ ਜਿਹੀ ਕੰਧ 'ਤੇ ਵਾਹੀਆਂ ਲਾਲ ਰੰਗ ਦੀਆਂ ਗੂੜੀਆਂ ਖ਼ਤਰੇ ਦੇ ਨਿਸ਼ਾਨ ਵਰਗੀਆਂ ਦੋ ਲਕੀਰਾਂ ਉਹਦੀ ਬਚੀ-ਖੁਚੀ ਮੁਸਕੁਰਾਹਟ ਨੂੰ ਵੀ ਜਿਵੇਂ ਖੋਹਨ ਦੀ ਕੋਸ਼ਿਸ਼ ਕਰਦੀਆਂ ਹਨ।ਇਹ ਲਾਲ ਲਕੀਰਾਂ ਉਸ ਨੂੰ ਹਰ ਸ਼ਾਮ ਇਹ ਚੇਤੇ ਕਰਵਾ ਦਿੰਦੀਆਂ ਹਨ ਕਿ ਤੇਰਾ ਇਹ ਤੇਈ ਕੁ ਗਜ਼ ਦਾ ਮਕਾਨ ਬਾਈ ਪਾਸ ਬਣਾਉਣ ਵਾਲੇ ਰਾਹ 'ਚ ਅੜਿੱਕਾ ਬਣਿਆ ਹੋਇਐ, ਇਸ ਨੂੰ ਜਲਦੀ ਹੀ ਢਾਹ ਦਿੱਤਾ ਜਾਵੇਗਾ।ਘਰ ਅੰਦਰ ਵੜਦਿਆਂ ਹੀ ਖੱਬੇ ਪਾਸੇ ਢੱਠੀ ਜਿਹੀ ਕੰਧ ਦੀ ਨੁੱਕਰੇ ਇੱਕ ਵੱਡੀ ਸਾਰੀ ਪੇਟੀ ਖੁੱਲ੍ਹੇ ਅਸਮਾਨ ਵਿੱਚ ਪਈ ਹੋਈ ਹੈ, ਜਿਸਦੇ ਨਾਲ ਹੀ ਉਹਦੀ ਇੱਕ ਨਿੱਕੀ ਜਿਹੀ ਕੋਠੜੀ ਹੈ।ਇਸ ਕੋਠੜੀ ਦੀ ਘੁਣ-ਖਾਧੇ ਬਾਲਿਆਂ ਵਾਲੀ ਛੱਤ ਹੇਠ ਉਸ ਵੱਲੋਂ ਬਣਾਏ ਚਿੱਤਰ, ਬੁਰਸ਼ ਅਤੇ ਕੁਝ ਪੈਨਸਿਲਾਂ ਅਜਿਹੇ ਪੁਰਾਣੇ ਮੰਜੇ 'ਤੇ ਬੇਤਰਤੀਬੀ ਜਿਹੀ ਸ਼ਕਲ ਵਿੱਚ ਖਿੱਲਰੀਆਂ ਹੋਈਆਂ ਹਨ, ਜਿਸ 'ਤੇ ਬੈਠਦਿਆਂ ਹੀ ਉਹਦੀਆਂ ਢਿੱਲੀਆਂ ਚੁਲਾਂ ਚੀਂ-ਚੀਂ ਦੀ ਆਵਾਜ਼ ਕਰਨ ਲੱਗਦੀਆਂ ਹਨ।ਇਸ ਤੋਂ ਬਿਨਾਂ ਉਸ ਕਮਰੇ ਵਿੱਚ ਇੱਕ ਜ਼ਰ ਖਾਧਾ ਬਿਨਾਂ ਹੱਥੀ ਵਾਲਾ ਤਵਾ ਹੈ, ਇੱਕ ਸਟੋਵ ਅਤੇ ਕੁਝ ਪੁਰਾਣੇ ਬਰਤਨ ਹਨ।ਬੱਸ ਇਹੀ ਇੱਕ ਗੁਮਨਾਮ ਜਿਹੇ ਸ਼ਾਇਰ ਅਤੇ ਬੇਜਾਨ ਰੰਗਾਂ ਨੂੰ ਸਾਹ ਦੇਣ ਵਾਲੇ ਦਿਲਬਰ ਐਂਡ ਸਾਹਿਬਾ ਆਰਟਸ ਵਾਲੇ ਅਮਰਜੀਤ ਦੀ ਸ਼ਹਿਰ ਸੰਗਰੂਰ ਦੇ ਪਿੰਡ ਸੋਹੀਆਂ ਵਿੱਚ ਨਿੱਕੀ ਜਿਹੀ ਦੁਨੀਆਂ ਹੈ।
 

ਕੁਝ ਕੁ ਦਿਨ ਹੋਏ ਕਿ ਖਿੱਲਰੇ ਹੋਏ ਹਲਕੇ ਭੂਰੇ ਰੰਗ ਦਿਆਂ ਵਾਲਾਂ, ਪੈਰਾਂ ਵਿੱਚ ਘਸੀਆਂ ਜਿਹੀਆਂ ਚੱਪਲਾਂ ਅਤੇ ਤਰ੍ਹਾਂ-ਤਰ੍ਹਾਂ ਦਿਆਂ ਰੰਗਾਂ ਦੇ ਛਿੱਟਿਆਂ ਨਾਲ ਭਰੀ ਕਮੀਜ਼ ਪਹਿਨੀ, ਬੇਰੰਗ ਅਤੇ ਮਰਗਾਡਾਂ ਤੋਂ ਸੱਖਣੇ ਪੁਰਾਣੇ ਜਿਹੇ ਸਾਈਕਲ 'ਤੇ ਇੱਕ ਪੇਂਟਰ ਘਰ ਆਇਆ।ਸਾਈਕਲ ਦੇ ਹੈਂਡਲ ਨਾਲ ਟੰਗੇ ਝੋਲੇ ਵਿੱਚੋਂ ਉਹਨੇ ਬੁਰਸ਼ ਕੱਢਿਆ ਅਤੇ ਰੰਗ ਵਿੱਚ ਭਿਉਂ ਕੇ ਕੰਧ 'ਤੇ ਨਾਂਅ ਲਿਖਣ ਲੱਗਾ।ਜਦ ਸਾਰਾ ਕੰਮ ਪੂਰਾ ਹੋ ਗਿਆ ਤਾਂ ਉਸ ਨੇ ਰੰਗੀ ਹੋਈ ਕੰਧ ਦੇ ਇੱਕ ਕੋਨੇ ਵਿੱਚ ਛੋਟਾ ਜਿਹਾ ‘ਸਾਹਿਬਾ' ਲਿਖ ਦਿੱਤਾ।ਇਸ ਨੂੰ ਦੇਖ ਮੇਰੀ ਜ਼ਬਾਨ ਲੱਕੜ ਅਤੇ ਅੱਖਾਂ ਪੱਥਰ ਹੋ ਗਈਆਂ।ਮੈਂ ਕਦੀ ਉਸ ਵੱਲ ਦੇਖ ਰਿਹਾ ਸੀ ਤੇ ਕਦੀ ਉਸ ਵੱਲੋਂ ਲਿਖੇ ‘ਸਾਹਿਬਾ' ਵੱਲ।ਮੈਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਕੀ ਇਹ ਉਹੋ ਸਾਹਿਬਾ ਹੈ, ਜਿਸ ਦਿਆਂ ਰੰਗਾਂ ਨੂੰ ਮੈਂ ਬਚਪਨ ਤੋਂ ਹੀ ਟਰੱਕਾਂ, ਬੱਸਾਂ, ਸਕੂਲਾਂ, ਦੁਕਾਨਾਂ, ਧਾਰਮਿਕ ਸਥਾਨਾਂ, ਘਰਾਂ ਤੇ ਇੱਥੋਂ ਤੱਕ ਕਿ ਹਿੰਦੁਸਤਾਨ ਦੇ ਹਰ ਕੋਨੇ ਵਿੱਚ ਕਿਧਰੇ ਨਾ ਕਿਧਰੇ ਦੇਖਦਾ ਆ ਰਿਹਾ ਸੀ।‘ਸਾਹਿਬਾ' ਲਿਖਿਆ ਦੇਖ ਕੇ ਮੈਂ ਸੋਚੀਂ ਪੈ ਜਾਂਦਾ ਸੀ ਕਿ ਇਹ ਯਕੀਨਨ ਕੋਈ ਬਹੁਤ ਅਮੀਰ ਪੇਂਟਰ ਹੋਵੇਗਾ, ਜਿਹਦਾ ਨਾਂਅ ਹਰ ਥਾਂ ਦੇਖਣ ਨੂੰ ਮਿਲ ਜਾਂਦਾ ਹੈ। ਇਸ ਪੇਂਟਰ ਦੀ ਵੱਡੀ ਸਾਰੀ ਦੁਕਾਨ ਹੋਵੇਗੀ, ਸਕੂਟਰ ਹੋਵੇਗਾ ਅਤੇ ਸ਼ਾਇਦ ਗੱਡੀ ਵੀ, ਪਰ ਜਦ ਹਕੀਕਤ ਸਾਹਮਣੇ ਆਈ ਤਾਂ ਉਹਨੇ ਮੇਰੀ ਕਲਪਨਾ ਦੇ ਅਸਮਾਨ ਨੂੰ ਆਪਣੀ ਕਾਲੀ ਚਾਦਰ ਨਾਲ ਢੱਕ ਦਿੱਤਾ।  ਸਾਹਿਬਾ ਨਾਲ ਹੋਈ ਇਸ ਸਬੱਬੀ ਮੁਲਾਕਾਤ ਦੀ ਗੁਫ਼ਤਗੂ ਵਿੱਚ ਉਹਦੀ ਜ਼ਿੰਦਗੀ ਦੇ ਗ਼ਮਾਂ ਦੇ ਹਰਫ਼ ਅਤੇ ਉਦਾਸੀ ਦੇ ਰੰਗ ਆਪ-ਮੁਹਾਰੇ ਉਹਦੀ ਹਰ ਇੱਕ ਗੱਲ ਵਿੱਚੋਂ ਡੁੱਲ੍ਹ-ਡੁੱਲ੍ਹ ਪੈ ਰਹੇ ਸਨ। ਅੱਜ ਤੋਂ ਕਰੀਬ ਛੱਬੀ ਕੁ ਵਰ੍ਹਿਆਂ ਪਹਿਲਾਂ ਘਰ ਦੀ ਆਰਥਿਕ ਤੰਗੀਆਂ ਦੀ ਮਾਰ ਨੂੰ ਨਾ ਝੱਲਦੇ ਹੋਏ ਸਕੂਲ ਵੱਲ ਜਾਂਦੇ ਰਾਹ ਨੂੰ ਅੱਧਵਾਏ ਹੀ ਛੱਡ ਕੇ ਉਹ ਅਮਰਜੀਤ ਤੋਂ ‘ਸਾਹਿਬਾ ਪੇਂਟਰ' ਬਣ ਗਿਆ ਸੀ।ਘਰਾਂ ਦੇ ਬੂਹੇ-ਬਾਰੀਆਂ ਰੰਗਦਾ-ਰੰਗਦਾ ਉਹ ਜਿੱਥੇ ਚਿੱਤਰਕਾਰੀ ਕਰਨ ਲੱਗਾ ਉ¥ਥੇ ਲੋਕਾਂ ਦੇ ਚਿਹਰਿਆਂ ਨੂੰ ਪੈਨਸਿਲ ਦੀ ਨੋਕ ਨਾਲ ਹੂਬਹੂ ਕਾਗ਼ਜ਼ 'ਤੇ ਵੀ ਉਤਾਰਨ ਲੱਗ ਪਿਆ।ਦਿਨ ਵਿੱਚ ਢਿੱਡ ਦੀ ਭੁੱਖ ਮਿਟਾਉਣ ਲਈ ਰੰਗਾਂ 'ਚ ਭਿੱਜੇ ਬੁਰਸ਼ ਉਹਦੇ ਹੱਥੀਂ ਹੁੰਦੇ ਤੇ ਰਾਤਾਂ ਨੂੰ ਉਹਦੇ ਹੱਥਾਂ ਦੀਆਂ ਉਂਗਲਾਂ ਵਿੱਚ ਅਜਿਹੀ ਕਲਮ ਹੁੰਦੀ, ਜੋ ਆਪਣੇ ਗ਼ਮ ਭੁਲਾ ਕੇ ਦੂਜੇ ਦੀ ਪੀੜ ਨੂੰ ਸ਼ਾਇਰੀ ਦਾ ਜਾਮਾ ਪਹਿਨਾਉਣਾ ਵਿੱਚ ਲੱਗੀ ਰਹਿੰਦੀ।
   
ਸਾਹਿਬਾ ਜਿਉਂ-ਜਿਉਂ ਮੇਰੇ ਨਾਲ ਆਪਣੀ ਜ਼ਿੰਦਗੀ ਦੀ ਦਾਸਤਾਨ ਦੇ ਵਰਕੇ ਫਰੋਲ ਰਿਹਾ ਸੀ, ਤਿਉਂ-ਤਿਉਂ ਉਹਦੇ ਦਿਲ ਦੀ ਪੀੜ ਅੱਖਾਂ ਥਾਣੀਂ ਟਿੱਪ-ਟਿੱਪ ਕਰ ਕੇ ਚੋ ਰਹੀ ਸੀ।ਇਨ੍ਹਾਂ ਪੀੜ ਦੀਆਂ ਬੂੰਦਾਂ ਨੂੰ ਉਹ ਆਪਣੇ ਰੰਗਾਂ 'ਚ ਲਿੱਬੜੇ ਦੋਹੇਂ ਹੱਥਾਂ ਨਾਲ ਵਾਰ-ਵਾਰ ਠੱਲ੍ਹਦਾ ਅਤੇ ਕੁਝ ਪਲ ਖ਼ਾਮੋਸ਼ ਹੋ ਕੇ ਫਿਰ ਆਪਣੇ ਬੀਤੇ ਦਿਨਾਂ ਨੂੰ ਚੇਤੇ ਕਰਨ ਲਗਦਾ।ਕੁਝ ਕੁ ਵਰ੍ਹੇ ਪਹਿਲਾਂ ਅਚਾਨਕ ਹੋਈ ਸਾਹਿਬਾ ਦੀ ਪਤਨੀ ਦੀ ਬੇਵਕਤ ਮੌਤ ਨੇ ਉਹਦੇ ਖ਼ੁਸ਼ੀਆਂ 'ਚ ਰੰਗੇ ਘਰ ਨੂੰ ਪਲਾਂ 'ਚ ਹੀ ਬੇਰੰਗ ਕਰ ਦਿੱਤਾ ਸੀ।ਅੱਖਾਂ ਸਾਹਮਣੇ ਹੋਈ ਮਾਂ ਦੀ ਮੌਤ ਦੀ ਤਸਵੀਰ ਨੇ ਉਹਦੇ ਨੰਨ੍ਹਿਆਂ ਬੱਚਿਆਂ ਦੀਆਂ ਸੱਧਰਾਂ ਨੂੰ ਝਿੰਜੋੜ ਕੇ ਰੱਖ ਦਿੱਤਾ ਸੀ।ਵਸਦਾ ਘਰ ਉ¥ਜੜ ਗਿਆ ਸੀ ਅਤੇ ਬੱਚੇ ਰੁਲ ਰਹੇ ਸਨ। ਇਹ ਗੱਲ ਕਰਦਿਆਂ ਖੋਰੇ ਕਿੱਧਰੋਂ ਇੱਕ ਹਲਕੀ ਜਿਹੀ ਮੁਸਕਾਨ ਦਾ ਝੋਂਕਾ ਸਾਹਿਬਾ ਦੇ ਚਿਹਰੇ ਕੋਲੋਂ ਦੀ ਲੰਘਿਆ ਅਤੇ ਉਹ ਅੰਗਰੇਜ਼ੀ ਵਿੱਚ ਬੋਲਿਆ, “ਆਈ ਵਾਂਟ ਟੂ ਥੈਂਕਸ ਹਰਭਜਨ ਮਾਨ ਸਾਹਿਬ!  ਅਗਰ ਉਹ ਸੰਗਰੂਰ ‘ਹੀਰ-ਰਾਂਝਾ' ਫ਼ਿਲਮ ਦੀ ਸ਼ੂਟਿੰਗ ਕਰਨ ਨਾ ਆਉਂਦੇ ਤਾਂ ਮੇਰੇ ਬੱਚਿਆਂ ਦਾ ਖੋਰੇ ਕੀ ਬਣਦਾ।ਇਸ ਸ਼ੂਟਿੰਗ ਵਿੱਚ ਗੱਗੂ ਗਿੱਲ ਜੀ ਆਏ, ਉਨ੍ਹਾਂ ਮੇਰੀ ਪੇਂਟਿੰਗ ਦੇਖੀ ਸੀ ਕਿਧਰੇ।ਮੈਨੂੰ ਬੁਲਾ ਕੇ ਉਨ੍ਹਾਂ ਜਦ ਮੇਰਾ ਹਾਲ ਪੁੱਛਿਆ ਤਾਂ ਉਨ੍ਹਾਂ ਮੇਰੇ ਬੱਚਿਆਂ  ਦੇ ਸਿਰ 'ਤੇ ਹੱਥ ਰੱਖਕੇ ਮੁਹਾਲੀ ਸਕੂਲ ਵਿੱਚ ਪੜ੍ਹਨੇ ਪਾ ਦਿੱਤਾ।„

     

ਉਹ ਗੱਲਾਂ ਸੁਣਾ ਹੀ ਰਿਹਾ ਸੀ ਕਿ ਅਚਾਨਕ ਉਹਦੇ ਮੋਬਾਈਲ ਦੀ ਘੰਟੀ ਵੱਜੀ ਤੇ ਉਹਦਾ ਬੇਟਾ ਬੋਲਿਆ, ‘ਡੈਡੀ ਸਾਡਾ ਘਰ ਕਦ ਸੋਹਣਾ ਬਣੇਗਾ?... ਡੈਡੀ ਮੈਨੂੰ ਘਰ ਬਹੁਤ ਚੇਤੇ ਆਉਂਦੈ।" ਸਾਹਿਬਾ ਨੇ ਬਿਨਾਂ ਕੁਝ ਆਖਿਆਂ ਫੋਨ ਕੱਟ ਦਿੱਤਾ।“ਸਾਡਾ ਇਹ ਸੁਫ਼ਨਾ ਵੀ ਖੋਰੇ ਕਦ ਢਹਿ ਜਾਣੈ।" ਮੈਨੂੰ ਇੰਨਾ ਆਖ ਉਹ ਕੁਰਸੀ ਤੋਂ ਇੱਕ ਦਮ ਉੱਠਿਆ ਅਤੇ ਤੁਰਦੇ-ਤੁਰਦੇ ਮੇਰੇ ਨਾਲ ਹੱਥ ਮਿਲਾਉਂਦਿਆਂ ਕੁਝ ਕੁ ਪਲ ਲਈ ਮੁਸਕੁਰਾਇਆ। ਹੱਥ ਛੱਡਦਿਆਂ ਹੀ ਉਹਦੀ ਮੁਸਕੁਰਾਹਟ ਪੁਰਜ਼ਾ-ਪੁਰਜ਼ਾ ਹੋ ਗਈ, ਜਿਵੇਂ ਉਹਨੂੰ ਆਪਣੇ ਬੱਚਿਆਂ ਦੇ ਖ਼ੁਆਬ ਮੁੜ ਆਵਾਜ਼ਾਂ ਦੇਣ ਲੱਗ ਪਏ ਹੋ, । “ਡੈਡੀ ਸਾਡਾ ਘਰ ਕਦ ਸੋਹਣਾ ਬਣੇਗਾ, ਡੈਡੀ ਮੈਨੂੰ ਘਰ ਬਹੁਤ ਚੇਤੇ ਆਉਂਦੈ...।"

ਅਮਰਜੀਤ ਸਾਹਿਬਾ ਨਾਲ ਸੰਪਰਕ ਕਰਨ ਲਈ ਨੰਬਰ: 
+91 86996 02432
+91 1672 687261

Comments

DILBAG

DIL NICHOR DITEE VEER

davinder

akhaan nam ho gayia

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ