Sun, 25 February 2024
Your Visitor Number :-   6868332
SuhisaverSuhisaver Suhisaver

ਪੰਜਾਬੀ ਸੱਭਿਆਚਾਰ ਵਿੱਚ ਬਹੁ-ਚਰਚਿਤ ਪੰਛੀ ਕਾਂ

Posted on:- 30-08-2015

suhisaver

-ਰਵੇਲ ਸਿੰਘ ਇਟਲੀ

ਪੰਜਾਬੀ ਸੱਭਿਆਚਾਰ ਵਿੱਚ ਮੁਹਾਵਰਿਆਂ ਲੋਕ ਗੀਤਾਂ, ਕਵਿਤਾਵਾਂ ,ਬਾਲ ਕਵਿਤਾਵਾਂ, ਬਾਲ ਕਹਾਣੀਆਂ ਨਾਲ ਬਹੁਤ ਸਾਰੇ ਪੰਛੀਆਂ ਦੇ ਨਾਂ ਵੀ ਜੁੜੇ ਹੋਏ ਹਨ। ਜਿਨ੍ਹਾਂ ਵਿਚੋਂ ਦਾਦੀ ਮਾਂ ਦੀਆਂ ਕਹਾਣੀਆਂ ਵਿੱਚੋਂ ਇੱਕ ਕਹਾਣੀ ਇੱਕ ਸੀ ਚਿੜੀ ਤੇ ਇੱਕ ਸੀ ਕਾਂ। ਕਾਂ ਤੇ ਚਿੜੀ ਦੋਵਾਂ ਨੇ ਰਲ ਕੇ ਖਿਚੜੀ ਬਨਾਉਣੀ ਤੇ ਕਾਂ ਦਾ ਖੂਹ ਤੇ ਨਹਾਉਣ ਚਲੇ ਜਾਣਾ ਤੇ ਪਿੱਛੋਂ ਚਿੜੀ ਨੇ ਇੱਕਲੀ ਨੇ ਖਿਚੜੀ ਬਣਾ ਕੇ ਖਾ ਕੇ ਚੱਕੀ ਹੇਠ ਲੁਕ ਜਾਣਾ। ਫਿਰ ਕਾਂ ਨੇ ਚਿੜੀ ਨੂੰ ਲੱਭ ਕੇ ਉਸ ਦੇ ਬੂੰਡੇ ਤੇ ਚਿਮਟਾ ਤੱਤਾ ਕਰਕੇ ਲਾਉਣਾ ਚਿੜੀ ਦਾ ਤੜਫ ਕੇ ਕਹਿਣਾ “ ਚੂੰ ਚੂੰ ਮੇਰਾ ਬੂੰਡਾ ਸੜ ਗਿਆ “ ਤੇ ਕਾਂ ਦਾ ਕਹਿਣਾ “ ਕਿਉਂ ਪਰਾਈ ਖਿੱਚੜੀ ਖਾਧੀ ,ਦਾਦੀ ਮਾਂ ਦੀ ਇਹ ਕਹਾਣੀ ਸਾਨੂੰ ਛੋਟਿਆਂ ਹੁੰਦਿਆਂ ਤੋਂ ਹੀ ਆਪਣਾ ਆਪਣਾ ਹਿੱਸਾ ਖਾਣ ਦਾ ਸੰਦੇਸ਼ ਦਿੰਦੀ ਸੀ । ਪਰ ਇੱਸ ਦੇ ਇਲਾਵਾ ਕਾਂ ਸਾਰੇ ਪੰਛੀਆਂ ਵਿੱਚੋਂ ਚੁਸਤ ਚਾਲਾਕ ,ਹੁਸਿ਼ਆਰ ਤੇ ਸਿਆਣਾ ਪੰਛੀ ਗਿਣਿਆ ਗਿਆ ਹੈ । ਜਿਸ ਬਾਰੇ ਪੰਜਾਬੀ ਸੱਭਿਆਚਾਰ ਵਿੱਚ ਅਨੇਕਾਂ ਗੀਤ ਕਹਾਣੀਆਂ ਪੜ੍ਹਨ ਸੁਨਣ ਨੂੰ ਆਮ ਮਿਲਦੀਆਂ ਹਨ ।

ਇਸ ਤਰ੍ਹਾਂ ਗੁਰਬਾਣੀ ਵਿੱਚ ਵੀ ਇੱਸ ਪੰਛੀ ਦਾ ਨਾਂ ਬਹੁਤੀ ਥਾਈਂ ਜੀਵ ਨੂੰ ਅਨੇਕਾਂ ਮਿਸਾਲਾਂ ਦੇ ਕੇ ਸਮਝਾਉਨ ਲਈ ਮਿਲਦਾ ਹੈ । ਕਾਂ ਦੀ ਜਿੱਥੇ ਕੜਾਂ ਕੜਾਂ ਦੀ ਕੰਨ ਖਾਣੀ ਆਵਾਜ਼ ਤੋਂ ਲੋਕ ਦੁਖੀ ਵੀ ਹੁੰਦੇ ਹਨ ਓਥੇ ਕਾਂ ਦਾ ਬਨੇਰੇ ਤੇ ਬੋਲਣਾ ਕਿਸੇ ਮਹਿਮਾਨ ਦੀ ਆਮਦ ਦਾ ਸੰਦੇਸ਼ ਵੀ ਸਮਝਿਆ ਜਾਂਦਾ ਹੈ ।

ਪ੍ਰਦੇਸ ਗਏ ਮਾਹੀ ਦੀ ਉਡੀਕ ਵਿੱਚ ਔਂਸੀਆਂ ਪਾੳਂਦੀ ਮੁਟਿਆਰ ਬਨੇਰੇ ਬੈਠੇ ਕਾਂ ਨੂੰ ਹੀ ਮਾਹੀ ਦੇ ਘਰ ਪਰਤਣ ਲਈ ਹਾੜੇ ਕੱਢਦੀ ਹੈ ,ਤੇ ਕਾਂ ਨੂੰ ਕੁੱਟ ਕੁੱਟ ਘਿਓ ਦੀਆਂ ਚੂਰੀਆਂ ਪਾਉਣ ਦੇ ਵਾਅਦੇ ਵੀ ਕਰਦੀ ਹੈ ।ਇਸੇ ਤਰ੍ਹਾਂ ਇੱਕ ਬੜੇ ਹੀ ਭਾਵ ਪੂਰਤ ਪੰਜਾਬੀ ਲੋਕ ਗੀਤ ਰਾਹੀਂ ਸਹੁਰੇ ਘਰ ਬੈਠੀ ਕੋਈ ਧੀ ਬਨੇਰੇ ਤੇ ਬੈਠੇ ਕਾਂ ਨੂੰ ਮਾਪਿਆਂ ਵਿਹੜੇ ਜਾਕੇ ਆਪਣੀ ਮਾਂ ਨੂੰ ਆਪਣੇ ਦੁੱਖੜੇ ਦੱਸਣ ਤੇ ਛੇਤੀ ਬਹੁੜਨ ਲਈ ਕਹਿੰਦੀ ਹੈ ,

ਉੱਡਦਾ ਉੱਡਦਾ ਜਾਈਂ ਵੇ ਕਾਲਿਆਂ ਕਾਂਵਾਂ ,
ਬੈਠੀ ਵੇ ਜਾ ਕੇ ਮੇਰੇ ਮਾਪਿਆਂ ਦੇ ਵਿਹੜੇ,
ਆਖੀਂ ਵੇ ਜਾ ਕੇ ਮੇਰੀ ਮਾਂ ਨੂੰ ਵੇ ਅੜਿਆ,


ਕਾਵਾਂ ਦੇ ਆਪਸੀ ਇਕੱਠ ਬਾਰੇ ਤੇ ਏਕੇ ਬਾਰੇ ਇਹ ਮੁਹਾਵਰਾ ਵੀ ਹੈ “ ਕਾਂ ਕਾਂਵਾਂ ਦੇ ਭਰਾ ਭਰਾ ਭਰਾਵਾਂ ਦੇ “ ਬੇਸ਼ਕ ਅਜੋਕੇ ਖੁਦਗਰਜ਼ੀ ਤੇ ਆਪੋ ਧਾਪੀ ਦੇ ਯੁੱਗ ਵਿੱਚ ਭਰਾ ਭਰਾ ਦਾ ਹੱਕ ਖਾਣ ਤੋਂ ਗੁਰੇਜ਼ ਨਹੀਂ ਕਰਦਾ ਖਾਸ ਕਰ ਕੇ ,ਰੋਟੀ ਰੋਜੀ ਕਾਰਣ ਅਪਣੀਆਂ ਜਇਦਾਦਾਂ ਛੱਡ ਕੇ ਵਿਦੇਸ਼ਾਂ ਵਿੱਚ ਵੱਸਦੇ ਭਰਾਵਾਂ ਦੀਆਂ ਜਾਇਦਾਦਾਂ ਨੂੰ ਹੜਪਣ ਲਈ ਕਿਸ ਤਰ੍ਹਾਂ ਭਰਾ ਕਰਦੇ ਹਨ । ਇਹ ਗੱਲ ਕਿਸੇ ਤੋਂ ਗੁੱਝੀ ਛਿਪੀ ਨਹੀਂ ਪਰ ਕਾਂ ਅਜੇ ਵੀ ਕਾਂ ਉਸੇ ਤਰ੍ਹਾਂ ਆਪਣਾ ਭਾਈ ਚਾਰਾ ਬਣਾਈ ਬੈਠੇ ਹਨ। ਜੇ ਕਿਤੇ ਕੋਈ ਕਾਂ ਅਚਾਣਕ ਮਰ ਜਾਏ ਤਾਂ ਇਨ੍ਹਾਂ ਦੀ ਕਾਂਵਾਂ ਰੌਲੀ ਵੇਖਣ ਵਾਲੀ ਹੁੰਦੀ ਹੈੁ । ਉਨ੍ਹਾਂ ਦੇ ਆਪਸ ਵਿੱਚ ਦੁੱਖ ਸੁੱਖ ਵਿਚ ਇੱਕਠੇ ਹੋਣ ਇਹ ਦਾ ਵੱਡਾ ਸਬੂਤ ਹੈ ।

ਜੇ ਕਿਤੇ ਕਾਂਵਾਂ ਨੂੰ ਕਿਤੇ ਕੁੱਝ ਖਾਣ ਨੂੰ ਮਿਲ ਜਾਏ ਤਾਂ ਮਜਾਲ ਕੀ ਇਹ ਹੋਰ ਕਿਸੇ ਪੰਛੀ ਨੂੰ ਵਿੱਚ ਬੈਠਣ ਦੇਣ । ਕਾਂ ਮਨੁੱਖ ਵਾਂਗ ਬਹੁਤੀਆਂ ਜਾਤਾਂ ਪਾਤਾਂ ਦੇ ਝਮੇਲੇ ਵਿੱਚ ਵੀ ਨਹੀਂ ਪੈਂਦੇ। ਸਿਰਫ ਦੇਸੀ ਕਾਂ , ਘੋਗੜ ਕਾਂ ਜਾਂ ਪਹਾੜੀ ਕਾਂ ਹੀ ਹੁੰਦੇ ਹਨ । ਪਹਾੜੀ ਕਾਂ ਜਾਂ ਘੋਗੜ ਤਾਂ ਆਮ ਕਾਂਵਾਂ ਵਾਂਗੁ ਬਹੁਤਾ ਰੌਲਾ ਨਹੀਂ ਪਾਉਂਦੇ ਤੇ ਮਸਤ ਮਲੰਗ ਹੀ ਹੁੰਦੇ ਹਨ । ਕਾਂਵਾਂ ਬਾਰੇ ਇੱਕ ਹੋਰ ਬੜਾ ਮਸ਼ਹੂਰ ਕਹਾਵਤ ਪਾਠਕਾਂ ਨਾਲ ਸਾਂਝਾ ਕਰ ਰਿਹਾ ਹਾਂ ,
ਕਾਂ ਕੰਬੋ ਕਰਾੜ ਕਬੀਲਾ ਪਾਲਣਾ ।
ਜੱਟ ਮੈਹਾਂ ਸੰਸਾਰ ਕਬੀਲਾ ਗਾਲਣਾ ।


ਸਮੇਂ ਦੇ ਬਦਲਾਓ ਨਾਲ ਇੱਸ ਮੁਹਾਵਰੇ ਵਿੱਚ ਸੱਚਾਈ ਬੇਸ਼ੱਕ ਘਟੀ ਹੈ ਪਰ ਕਾਂ ਬਾਰੇ ਸੱਚਾਈ ਅਜੇ ਉਸੇ ਤਰ੍ਹਾਂ ਹੀ ਹੈ । ਹਾਂ ਅਜੋਕੀ ਸਿਆਸਤ ਵਿੱਚ ਕੁੰਬਾ ਪ੍ਰਸਤੀ ਵਿੱਚ ਅੱਜ ਕਲ ਇਹ ਨੇਤਾ ਲੋਕ ਤਾਂ ਕਾਂ ਨੂੰ ਵੀ ਮਾਤ ਪਾ ਰਹੇ ਆਮ ਹੀ ਵੇਖੇ ਜਾ ਸਕਦੇ ਹਨ ।

ਕਹਿੰਦੇ ਹਨ ਕਾਂ ਦੀ ਇੱਕੋ ਹੀ ਅੱਖ ਹੀ ਵੇਖਣ ਯੋਗ ਹੁੰਦੀ ਹੈ ਦੂਜੀ ਅੱਖ ਤਾਂ ਖੌਰੇ ਕੁਦਰਤ ਨੇ ਕਾਂ ਦੇ ਚਿਹਰੇ ਦੀ ਸੁੰਦਰਤਾ ਕਾਇਮ ਰੱਖਣ ਲਈ ਹੀ ਬਣਾਈ ਹੋਵੇਗੀ ਪਰ ਇੱਕ ਅੱਖ ਦੇ ਹੁੰਦੇ ਹੋਏ ਵੀ ਕਾਂ ਦੋ ਅੱਖਾਂ ਵਾਲਿਆਂ ਤੋਂ ਵੀ ਤਿੱਖੀ ਨਜ਼ਰ ਰੱਖਦਾ ਹੈ । ਇਸ ਦੀ ਚੁਸਤੀ ਚਾਲਾਕੀ ਤੇ ਫੁਰਤੀ ਵੇਖ ਕੇ ਹੀ ਕਿਸੇ ਤੇਜ਼ ਤਰਾਟ ਮਨੁੱਖ ਦੀ ਤੁਲਣਾ ਕਾਂ ਨਾਲ ਕੀਤੀ ਜਾਂਦੀ ਹੈ । ਕਈ ਵਾਰ ਜਦੋਂ ਕਿਸੇ ਰੋਟੀਆਂ ਪਕਾਉਂਦੀ ਸੁਆਣੀ ਜਾਂ ਬਾਲ ਦੇ ਹੱਥੋਂ ਰੋਟੀ ਖੋਹ ਕੇ ਬਨੇਰੇ ਤੇ ਬੈਠ ਕੇ ਕਾਂ ਮਜ਼ੇ ਨਾਲ ਖਾਂਦਾ ਹੈ ਤਾਂ ਮਜਾਲ ਕੀ ਉਸ ਦਾ ਕੋਈ ਵਾਲ ਵੀ ਵਿੰਗਾ ਕਰ ਸਕੇ । ਕਾਂ ਬੇਸ਼ੱਕ ਗੁਲੇਲੇ ਤੋਂ ਬਹੁਤ ਡਰਦਾ ਹੈ ਪਰ ਗੁਲੇਲੇ ਤੋਂ ਬਚਣ ਦੀ ਸਿਆਣਪ ਵੀ ਕਮਾਲ ਦੀ ਰੱਖਦਾ ਹੈ । ਕਾਂਵਾਂ ਦੀ ਚਾਲਾਕੀ ਬਾਰੇ ਇੱਕ ਕਹਾਣੀ ਚੇਤੇ ਆ ਗਈ , ਜੋ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ ਉਹ ਇੱਸ ਤਰ੍ਹਾਂ ਹੈ ਕਿ ਕਾਂਵਾਂ ਦਾ ਵੱਡਾ ਵਡੇਰਾ ਜਦ ਮਰਨ ਲੱਗਾ ਤਾਂ ਸਾਰੇ ਕਾਂਵਾਂ ਨੂੰ ਬੁਲਾ ਕੇ ਕਹਿਣ ਲੱਗਾ ਕਿ ਆਓ ਜਾਂਦੀ ਵਾਰੀ ਮੇਰੇ ਤੋਂ ਕੋਈ ਸਿੱਖਿਆ ਲੈ ਲਓ ਤੁਹਾਡੇ ਔਖੇ ਵੇਲੇ ਕੰਮ ਆਏ ਗੀ । ਸਾਰੇ ਕਾਂ ਉਸ ਦੇ ਆਲੇ ਦੁਵਾਲੇ ਆਣ ਬੈਠੇ ਤੇ ਕਹਿਣ ਲੱਗੇ ਦੱਸੋ ਬ਼ਜ਼ੁਰਗੋ , ਤਾਂ ਮਰਨ ਵਾਲਾ ਕਾਂ ਬੋਲਿਆ ਜਦ ਕੋਈ ਜ਼ਮੀਨ ਤੇ ਨੀਵਾਂ ਹੋ ਕੇ ਤੁਹਾਨੂੰ ਮਾਰਨ ਲਈ ਢੇਮ ਚੁੱਕੇ ਤਾਂ ਨੀਵਾਂ ਹੋਣ ਤੋਂ ਤਾਂ ਪਹਿਲਾਂ ਹੀ ਤੁਸੀਂ ਉੱਡ ਜਾਇਆ ਕਰਿਓ। ਇਹ ਸੁਣ ਕੇ ਇਕ ਕਾਂ ਵਿਚੋਂ ਬੋਲਿਆ ਕਿ ਬਜ਼ੁਰਗੋ ਗੱਲ ਤਾਂ ਤੁਹਾਡੀ ਠੀਕ ਹੈ ਪਰ ਜੋ ਕੋਈ ਜ਼ਮੀਨ ਤੋਂ ਢੇਮ ਚੁਕਣ ਦੀ ਬਜਾਏ ਕੱਛ ਚੋਂ ਹੀ ਕੱਢ ਕੇ ਮਾਰ ਦਏ ਤਾਂ ਫਿਰ ਕੀ ਕਰਾਂਗੇ। ਮਰਨ ਵਾਲਾ ਕਾਂ ਬੋਲਿਆ ਬੱਸ ਬੱਸ ਹੁਣ ਤੁਹਾਨੂੰ ਕਿਸੇ ਸਿੱਖਿਆ ਦੀ ਲੋੜ ਨਹੀਂ ਤੁਸੀਂ ਹੁਣ ਪੂਰੇ ਸਿਆਣੇ ਹੋ ਗਏ ਹੋ ।

ਕਾਂ ਬੇਸ਼ੱਕ ਪਿੰਡਾਂ ਥਾਂਵਾਂ ਤੇ ਘਰਾਂ ਵਿੱਚ ਵਿਚਰਣ ਵਾਲਾ ਪੰਛੀ ਹੈ ਪਰ ਘਰ ਬਨਾਉਣ ਵਿੱਚ ਵੀ ਬੜਾ ਚੁਸਤ ਪੰਛੀ ਹੈ ਇਹ ਆਪਣਾ ਆਲ੍ਹਣਾ ਪਿੰਡਾਂ ਤੋਂ ਕਿਸੇ ਉੱਚੇ ਰੁੱਖ ਤੇ ਆਂਡੇ ਦੇਣ ਲਈ ਬੜੀਆਂ ਨਿੱਗਰ ਸੁੱਕੀਆਂ ਟਹਿਣੀਆਂ ਨਾਲ ਬਣਾਉਂਦਾ ਹੈ ਤੇ ਆਮ ਤੌਰ ਆਮ ਲੋਕਾਂ ਦਾ ਆਉਣਾ ਜਾਣਾ ਵੀ ਘੱਟ ਹੁੰਦਾ ਹੈ । ਜ਼ਰਾ ਵੀ ਕਿਸੇ ਸ਼ੱਕੀ ਬੰਦੇ ਨੂੰ ਵੇਖ ਕੇ ਉੱਸ ਤੇ ਬੁਰਾ ਵਰ੍ਹਦਾ ਹੈ ਪਰ ਇਨੇ ਹੁਸਿ਼ਆਰ ਪੰਛੀ ਨੂੰ ਵੀ ਕੋਇਲ ਦਾਅ ਲਾ ਜਾਂਦੀ ਹੈ ਜਦੋਂ ਉਹ ਬੜੀ ਹੁਸਿ਼ਆਰੀ ਨਾਲ ਕਾਂ ਦੇ ਆਲ੍ਹਣੇ ਵਿੱਚ ਹੀ ਆਂਡੇ ਦੇ ਜਾਂਦੀ ਹੈ ਜੋ ਕਾਂ ਆਪਣੇ ਹੀ ਬੱਚੇ ਸਮਝ ਕੇ ਪਾਲਦਾ ਹੈ ਜੋ ਵੱਡੇ ਹੋ ਕੇ ਉੱਡ ਜਾਂਦੇ ਹਨ ।

ਦੋ ਪੰਛੀ ਕਬੂਤਰ ਤੇ ਘੁੱਗੀ ਬੜੇ ਹੀ ਭੋਲੇ ਪੰਛੀ ਗਿਣੇ ਗਏ ਹਨ ਜੋ ਅਮਨ ਤੇ ਸ਼ਾਂਤੀ ਦੇ ਪ੍ਰਤੀਕ ਹਨ। ਵਿਚਾਰੇ ਕਬੂਤਰ ਤਾਂ ਵੱਡੀਆਂ ਵੱਡੀਆਂ  ਇਮਾਰਤਾਂ ਵਿੱਚ ਕਿਸੇ ਲੁਕਵੀ ਥਾਂ ਜੋ ਕਾਂਵਾਂ ਦੀ ਮਾਰ ਵਿਚ ਨਹੀਂ ਆਉਂਦੀਆਂ ਆਪਣੇ ਆਲ੍ਹਣੇ ਬਨਾ ਕੇ ਅਪਨੇ ਬੱਚੇ ਪਾਲ ਲੈਂਦੇ ਹਨ ਪਰ ਘੁੱਗੀ ਵਿਚਾਰੀ ਸ਼ਾਇਦ ਆਲ੍ਹਣਾ ਬਨਾਉਣ ਵਿੱਚ ਸਭ ਪੰਛੀਆਂ ਤੋਂ ਫਾਡੀ ਹੈ ਤੇ ਨਾ ਹੀ ਇੱਸ ਨੂੰ ਆਲ੍ਹਣਾ ਕਿਸੇ ਲੁਕਵੇਂ ਥਾਂ ਬਨਾਉਣ ਦਾ ਫਿਕਰ ਹੁੰਦਾ ਹੈ ਤੇ ਨਾ ਹੀ ਚੰਗਾ ਆਲ੍ਹਣਾ ਬਨਾਉਣ ਦੀ ਜਾਚ। ਇਸ ਲਈ ਥੋੜ੍ਹੇ ਜਿਹੇ ਕੱਖ ਕੰਡੇ ਇੱਕੱਠ ਕਰਕੇ ਜਿੱਥੇ ਕੋਈ ਮਾੜੀ ਮੋਟੀ ਲੁਕ ਲੱਭੀ ਆਂਡੇ ਦੇ ਦਿੰਦੀ ਹੈ ਤੇ ਪਰਿਵਾਰ ਬਣਾਉਣ ਵਿੱਚ ਪੂਰੀ ਢਿੱਲ ਤੇ ਸੁਸਤੀ ਵਿਖਾਉਣ ਵਿੱਚ ਪੂਰੀ ਢਿੱਲ ਵਰਤਦੀ ਹੈ, ਜਿਸ ਦਾ ਪੂਰਾ ਲਾਭ ਲੈਣ ਵਿੱਚ ਕਾਂ ਸੌਖਾ ਸਫਲ ਹੋ ਜਾਂਦਾ ਹੈ । ਬਸ ਘੁੱਗੀ ਦੇ ਜ਼ਰਾ ਜਿੰਨੀ ਇੱਧਰ ਓਧਰ ਹੋਣ ਦੀ ਦੇਰ ਹੁੰਦੀ ਹੈ ਮੌਕਾ ਦੇਖਦੇ ਹੀ ਕਾਂ ਦਾ ਇੱਕੋ ਝਪਟਾ ਆਂਡੇ ਜਾਂ ਬੱਚਿਆਂ ਨੂੰ ਚਟਮ ਕਰ ਜਾਣਾ ਕਾਂ ਲਈ ਬੜਾ ਸੌਖਾ ਕੰਮ ਹੁੰਦਾ ਹੈ ।

ਘੁੱਗੀ ਕਈ ਵਾਰ ਬੇਸ਼ੱਕ ਕਾਂ ਦਾ ਮੁਕਾਬਲਾ ਤਾਂ ਕਰਦੀ ਪਰ ਜ਼ੋਰ ਵਾਲੇ ਦਾ ਸੱਤੀ ਵੀਹੀਂ ਸੌ ਵਾਲੀ ਗੱਲ ਨਾਲ ਕਾਂ ਘੁੱਗੀ ਦੇ ਵਧਣ ਵਾਲੇ ਪਰਿਵਾਰ ਲਈ ਪ੍ਰਕੋਪ ਬਣ ਕੇ ਰਹਿ ਜਾਂਦਾ ਹੈ । ਕਈਆਂ ਕਵੀਆਂ ਨੇ ਘੁੱਗੀ ਕਾਂ ਦੇ ਕਿੱਸੇ ਬਣਾਏ ਹਨ ,ਜਿਨ੍ਹਾਂ ਵਿੱਚ ਮੁਨਸਿਫ ਵਕੀਲ ਚਸ਼ਮ ਦੀਦ ਗੁਵਾਹ ਵਗੈਰਾਂ ਸਭ ਕੁਝ ਪੰਛੀਆਂ ਨੂੰ ਬਣਾ ਕੇ ਹੀ ਰੌਚਕ ਕਿੱਸੇ ਬਨਾਏ ਹਨ । ਜੋ ਮੇਲਿਆਂ ਛਿੰਜਾਂ ਵਿੱਚ ਆਮ ਵਿਕਦੇ ਸਨ, ਜਿਨ੍ਹਾਂ ਦੇ ਪੂਰੇ ਬੋਲ ਤਾਂ ਹੁਣ ਯਾਦ ਨਹੀਂ ਪਰ ਕੁਝ ਲਾਈਨਾਂ ਜ਼ਰੂਰ ਯਾਦ ਹਨ ,

ਤੋਤਾ ਥਾਣੇ ਦਾਰ ਬਣਿਆ ਜਿਹਦੇ ਨਾਲੋਂ ਨਾ ਬੁਲਾਰਾ ਕੋਈ,
ਰਪਟ ਲਿਖਾਈ ਘੁੱਘੀ ਨੇ ਨਾਲੇ ਜਾ ਕੇ ਤੇ ਧਾਂਵਾਂ ਮਾਰ ਰੋਈ ।
ਘੁੱਗੀ ਦੀ ਗਵਾਹੀ ਦਿੰਦਿਆਂ ਬਗਲੇ ਨੇ ਜਾ ਕੇ ਆਖਿਆ ,
ਮੇਰੇ ਸਾਮ੍ਹਣੇ ਪੀ ਗਿਆ ਆਂਡੇ ਕਾਂ ਲਾਹ ਕੇ ਸ਼ਰਮ ਦੀ ਲੋਈ ।
ਘੁੱਗੀ ਕਾਂ ਦਾ ਮੁਕੱਦਮਾ ਭਾਰਾ,ਵੇ ਥਾਣੇ ਦਾਰਾ ਸੋਚ ਕੇ ਕਰੀਂ ,
ਬੋਲ ਪਈ ਗੁਟਾਰ ਲਾਗਿਉਂ ਘੁੱਗੀ ਜਿਹਾ ਵੀ ਸ਼ਰੀਫ ਨਾ ਕੋਈ ।
ਕਾਂ ਸੀ ਚਾਲਾਕ ਰੱਜ ਕੇ ਜਾਂਦਾ ਜੁਰਮਾਂ ਨੂੰ ਮਨ ਚ ਲਕੋਈ ।
ਸਹੁੰ ਖਾ ਕੇ ਕਹਿੰਦਾ ਜੱਜ ਜੀ , ਨਾਲ ਘੁੱਗੀ ਦੇ ਵੈਰ ਨਾ ਕੋਈ ।
ਆਇਆ ਸੀ ਤੂਫਾਨ ਢਹਿ ਗਿਆ ਘੁੱਗੀ ਦਾ ਬਨਾਇਆ ਆਲ੍ਹਣਾ ,
ਝੂਠ ਬੋਲਾਂ ਜੇ ਜ਼ੁਬਾਨ ਸੜ ਜਾਏ ਰੱਬ ਘਰ ਵੀ ਮਿਲੇ ਨਾ ਢੋਈ ।
ਨੇਤਾ ਦਾ ਸੁਨੇਹਾ ਆ ਗਿਆ , ਕਾਂ ਦਾ ਖਿਆਲ ਰੱਖਿਓ ,
ਬੰਦਾ ਸਾਡੀ ਪਾਰਟੀ ਦਾ ,ਐਵੇਂ ਕੁੱਟ ਕੁੱਟ ਲਾਹ ਦਿਓ ਨਾ ਛੋਈ ।
ਹੋ ਗਈਆਂ ਗੁਆਹੀਆਂ ਝੂਠੀਆਂ ਜਿਵੇਂ ਫੁੱਲਾਂ ਵਿਚੋਂ ਉੱਡੀ ਖੁਸ਼ਬੋਈ ।
ਚੋਰਾਂ ਨਾਲ ਮੋਰ ਰਲ ਗਏ ,ਪੇਸ਼ ਘੁੱਗੀ ਦੀ ਗਈ ਨਾ ਕੋਈ ।
ਥਾਣੇ ਦਾਰ ਢਿੱਲਾ ਪੈ ਗਿਆ, ਘੁੱਗੀ ਯਾਰੋ ਕੇਸ ਹਾਰ ਗਈ ,
ਵੱਢੀ ਲੈ ਕੇ ਗੱਲ ਮੁੱਕ ਗਈ ਸਾਰੀ ਗੱਲ ਹੀ ਗੋਲ ਮੋਲ ਹੋਈ ।


ਸਮੇਂ ਵਿੱਚ ਭਾਰੀ ਪਰਿਵਰਤਨ ਦੇ ਬਾਵਜੂਦ ਇਹ ਘੁੱਗੀ ਕਾਂ ਦੇ ਕਿੱਸੇ ਅਜੇ ਵੀ ਮੁੱਕੇ ਨਹੀਂ। ਇਹ ਭ੍ਰਿਸ਼ਟਾਚਾਰ ਦੇ ਆਸਰੇ ਅਨੇਕਾਂ ਬੇਦੋਸਿ਼ਆਂ ਨਾਲ ਹੁੰਦੀਆਂ ਬੇਇਨਸਾਫੀਆਂ ਅਜੇ ਵੀ ਹੁੰਦੀਆਂ ਹਨ। ਕਾਂਵਾਂ ਦੇ ਚਰਚੇ ਅਜੇ ਵੀ ਥਾਂ ਥਾਂ ਹੁੰਦੇ ਰਹਿੰਦੇ ਹਨ।ਅੱਜ ਲੋੜ ਹੈ ਇਸ ਨਾ-ਇਨਸਾਫੀ ਦੇ ਜਾਬਰ ਤੇ ਜ਼ਾਲਮ ਕਾਂਵਾਂ  ਵਰਗੇ ਹਾਕਮਾਂ ਦੇ ਵਿਰੁੱਧ ਡੱਟਣ ਤੇ ਹੌਸਲਾ ਕਰਨ ਦੀ ।

ਈ-ਮੇਲ: [email protected]

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ