Tue, 28 May 2024
Your Visitor Number :-   7069490
SuhisaverSuhisaver Suhisaver

ਰਵੀਸ਼ ਕੁਮਾਰ ਹੋਣ ਦੇ ਮਾਅਨੇ - ਸ਼ਿਵ ਇੰਦਰ ਸਿੰਘ

Posted on:- 07-08-2019

suhisaver

ਦੇਸ਼ ਦੇ ਨਾਮਵਰ ਟੀ.ਵੀ . ਪੱਤਰਕਾਰ ਤੇ ਐੱਨ.ਡੀ.ਟੀ .ਵੀ .(ਇੰਡੀਆ ) ਦੇ ਮੈਨੇਜਿੰਗ ਐਡੀਟਰ ਰਵੀਸ਼ ਕੁਮਾਰ ਨੂੰ ਸਾਲ 2019 ਦੇ  ਰੇਮਨ ਮੈਗਸੈੱਸੇ ਪੁਰਸਕਾਰ ਲਈ ਚੁਣਿਆ ਗਿਆ । ਰਵੀਸ਼ ਤੋਂ ਬਿਨਾਂ ਵੱਖ -ਵੱਖ ਖੇਤਰਾਂ `ਚ ਸੁਚੱਜਾ ਕੰਮ ਕਰਨ ਵਾਲੀਆਂ ਵੱਖ -ਵੱਖ ਦੇਸ਼ਾਂ ਦੀਆਂ  ਚਾਰ ਹੋਰ ਹਸਤੀਆਂ ਨੂੰ ਵੀ ਇਸ ਸਨਮਾਨ ਲਈ ਚੁਣਿਆ ਗਿਆ ਹੈ । ਏਸ਼ੀਆ ਦਾ ਨੋਬਲ ਪੁਰਸਕਾਰ ਮੰਨਿਆ ਜਾਣ ਵਾਲਾ ਮੈਗਸੈੱਸੇ ਪੁਰਸਕਾਰ ਰਵੀਸ਼ ਕੁਮਾਰ ਨੂੰ ਸਮਾਜਿਕ ਸਰੋਕਾਰਾਂ ਦੀ ਪੱਤਰਕਾਰੀ ਕਰਨ ਕਰਕੇ ਦਿੱਤਾ ਜਾ ਰਿਹਾ ਹੈ । ਉਹ ਇਹ ਪੁਰਸਕਾਰ ਹਾਸਲ ਕਰਨ ਵਾਲਾ 6 ਵਾਂ ਭਾਰਤੀ ਪੱਤਰਕਾਰ ਹੈ । ਇਸ ਤੋਂ ਪਹਿਲਾਂ ਇਹ ਸਨਮਾਨ ਅਮਿਤਾਭ ਚੌਧਰੀ (1961 ) ਬੀਜੀ ਵਰਗਿਸ(1975 ), ਅਰੁਣ ਸ਼ੋਰੀ (1982 ) ਆਰ .ਕੇ . ਲਕਸ਼ਮਣ (1984 ) ਤੇ ਪੀ . ਸਾਈਂਨਾਥ (2007 ) ਨੂੰ ਮਿਲ ਚੁੱਕਾ ਹੈ । ਫਿਲਪੀਨ ਦੇ ਰਾਸ਼ਟਰਪਤੀ ਰੇਮਨ ਮੈਗਸੈੱਸੇ ਦੀ ਯਾਦ `ਚ ਦਿੱਤਾ ਜਾਣ ਵਾਲਾ ਇਹ ਇਨਾਮ ਆਪੋ -ਆਪਣੇ ਖੇਤਰਾਂ `ਚ ਵਿਲੱਖਣ ਕੰਮ ਕਰਨ ਵਾਲੀਆਂ ਹਸਤੀਆਂ ਨੂੰ ਦਿੱਤਾ ਜਾਂਦਾ ਹੈ । ਸਨਮਾਨ ਦੇਣ ਵਾਲੀ ਫਾਊਂਡੇਸ਼ਨ ਨੇ ਰਵੀਸ਼ ਦੇ ਨਾਮ ਦਾ ਐਲਾਨ ਕਰਦੇ ਹੋਏ ਕਿਹਾ , ``ਰਵੀਸ਼ ਆਪਣੇ ਪ੍ਰੋਗਰਾਮ `ਪ੍ਰਾਈਮ ਟਾਈਮ`ਚ ਆਮ ਲੋਕਾਂ ਦੀਆਂ ਸਮੱਸਿਆਵਾਂ ਉਠਾਉਂਦਾ ਹੈ । ਬੇਜ਼ੁਬਾਨਿਆਂ ਦੀ ਜ਼ੁਬਾਨ ਬਣਦਾ ਹੈ । ਸਹੀ ਅਰਥਾਂ `ਚ ਓਹੀ ਪੱਤਰਕਾਰ ਹੁੰਦਾ ਹੈ ``
        
ਰਵੀਸ਼ ਕੁਮਾਰ ਨੂੰ ਮਿਲੇ ਮੈਗਸੈੱਸੇ ਪੁਰਸਕਾਰ ਬਹਾਨੇ ਲੋੜ ਹੈ ਰਵੀਸ਼ ਤੇ ਉਸ ਵਰਗੇ ਪੱਤਰਕਾਰਾਂ ਦੀ ਪੱਤਰਕਾਰੀ ਨੂੰ ਸਮਝਣ ਦੀ ਪੱਤਰਕਾਰੀ ਜਾਂ ਮੁੱਖ ਧਾਰਾ ਮੀਡੀਏ (ਅਖੌਤੀ ਮੁੱਖ ਧਾਰਾ ਮੀਡੀਏ ) `ਚ ਉਹਨਾਂ ਦੇ ਹੋਣ ਦੇ ਮਾਇਨਿਆਂ ਨੂੰ ਸਮਝਣ ਦੀ ਜੋ  ਮੌਜੂਦਾ ਹਾਲਾਤਾਂ ਦੇ ਚਲਦਿਆਂ ਵੀ ਨਾ ਡਰੇ ਹਨ ਨਾ ਝੁਕੇ ਹਨ ।

ਅੱਜ ਜਦੋਂ ਲੋਕਤੰਤਰ ਦੇ ਤਿੰਨ ਥੰਮ੍ਹਾਂ ਦੇ ਨਾਲ ਚੌਥਾ ਥੰਮ੍ਹ ਮੀਡੀਏ ਦੀ ਭਰੋਸੇਯੋਗਤਾ ਸਵਾਲਾਂ ਦੇ ਘੇਰੇ `ਚ ਹੈ । ਸਰਕਾਰ ਦੀ ਲਗਾਤਾਰ ਦਖਲ -ਅੰਦਾਜ਼ੀ ਕਰਕੇ ਮੀਡੀਏ ਦਾ ਵੱਡਾ ਹਿੱਸਾ ਝੁਕਿਆ ਹੋਇਆ ਨਜ਼ਰ ਆ ਰਿਹਾ ਹੈ । ਪੱਤਰਕਾਰਾਂ ਦਾ ਵੱਡਾ ਹਿੱਸਾ ਦਰਬਾਰੀ ਬਣਿਆਂ ਨਜ਼ਰ ਆ ਰਿਹਾ ਹੈ । ਅਖੌਤੀ ਮੁੱਖ ਧਾਰਾ ਦੇ ਮੀਡੀਏ `ਚ ਘੱਟ -ਗਿਣਤੀ , ਦਲਿਤ , ਪੇਂਡੂ ਖੇਤਰ ਤੇ ਲੋਕ ਮੁਦਿਆਂ ਲਈ ਸਪੇਸ ਖ਼ਤਮ ਨਜ਼ਰ ਆਉਂਦੀ ਹੈ, ਉਥੇ ਰਵੀਸ਼ ਕੁਮਾਰ ਬਹੁਤਿਆਂ ਲਈ ਪੱਤਰਕਾਰੀ ਖੇਤਰ `ਚ ਇੱਕ ਉਮੀਦ ਬਣਿਆ ਦਿਖਦਾ ਹੈ ; ਜੋ ਮੁੱਖ ਧਾਰਾ ਮੀਡੀਏ `ਚ ਰਹਿ ਕੇ ਲੋਕ -ਪੱਖ ਦੀ ਸਪੇਸ ਨੂੰ ਬਚਾਉਣ ਲਈ ਜੂਝ ਰਿਹਾ ਹੈ । ਪੇਂਡੂ ਛੋਟੇ ਸ਼ਹਿਰਾਂ ਤੇ ਖੇਤਰੀ ਭਾਸ਼ਾਈ ਮਾਧਿਅਮ ਵਾਲੇ ਨੌਜਵਾਨਾਂ ਲਈ ਵੀ ਰਵੀਸ਼ ਕੁਮਾਰ ਆਦਰਸ਼ ਹੈ ।
        
5 ਦਸੰਬਰ 1974 ਨੂੰ ਬਿਹਾਰ ਦੇ ਪੂਰਬੀ ਚੰਪਾਰਨ ਜ਼ਿਲ੍ਹੇ ਦੇ ਮੋਤਿਹਾਰ `ਚ ਪੈਦਾ ਹੋਏ ਰਵੀਸ਼ ਕੁਮਾਰ ਸ਼ੁਰੂ ਤੋਂ ਹੀ ਸਾਹਿਤ ਵੱਲ ਰੁਚਿਤ ਸੀ ਜੋ ਰੰਗ ਉਸਦੀ ਪੱਤਰਕਾਰੀ `ਚ ਵੀ  ਝਲਕਦਾ ਹੈ । ਲੋਇਆ ਹਾਈ ਸਕੂਲ ਪਟਨਾ ਤੋਂ ਮੁਢਲੀ ਸਿੱਖਿਆ ਹਾਸਲ ਕਰ ਉਚੇਰੀ ਸਿੱਖਿਆ ਲਈ ਉਹ ਦਿੱਲੀ ਆ ਗਿਆ । ਇਥੇ ਉਸਨੇ ਦਿੱਲੀ ਯੂਨੀਵਰਸਿਟੀ ਅਤੇ ਭਾਰਤੀ ਜਨ-ਸੰਚਾਰ ਸੰਸਥਾਨ (ਆਈਆਈਐਮਸੀ)  ਤੋਂ ਪੜ੍ਹਾਈ ਕਰ 1996 ਐੱਨ .ਡੀ.ਟੀ .ਵੀ ਤੋਂ ਆਪਣੀ ਪੱਤਰਕਾਰੀ ਦਾ ਸਫ਼ਰ ਸ਼ੁਰੂ ਕੀਤਾ । ਇਥੇ ਉਸਨੇ ਸਵੇਰ ਦੇ ਟੀ .ਵੀ .ਸ਼ੋਅ ਲਈ ਦਰਸ਼ਕਾਂ ਦੀਆਂ ਆਈਆਂ ਚਿੱਠੀਆਂ ਛਾਂਟਣ ਤੋਂ ਕੰਮ ਸ਼ੁਰੂ ਕੀਤਾ । ਉਸ ਤੋਂ ਬਾਅਦ ਆਪਣੀ ਮੇਹਨਤ ਸਦਕਾ ਰਿਪੋਰਟਿੰਗ ਕਰਨ ਲਗਾ । ਆਪਣੀ ਰਿਪੋਰਟਿੰਗ `ਚ ਉਸਨੇ ਲੋਕਾਈ ਦੇ ਮਸਲਿਆਂ ਨੂੰ ਟੀ .ਵੀ . ਤੇ ਲਿਆਂਦਾ ਉਸਦਾ ਪ੍ਰੋਗਰਾਮ `ਰਵੀਸ਼ ਕੀ ਰਿਪੋਰਟ` ਲੋਕਾਂ `ਚ  ਮਕਬੂਲ ਹੋਇਆ । ਉਸ ਤੋਂ ਬਾਅਦ ਉਸਨੇ  ਐਂਕਰਿੰਗ ਸ਼ੁਰੂ ਕੀਤੀ ਤਾਂ ਉਸ `ਚ ਵੀ ਨਵੇਂ ਕੀਰਤੀਮਾਨ ਸਥਾਪਤ ਕੀਤੇ । ਟੀ .ਵੀ . ਪੱਤਰਕਾਰੀ ਦੇ ਸ਼ੋਰ -ਸ਼ਰਾਬੇ ਵਾਲੇ ਦੌਰ `ਚ ਉਸਨੇ ਲੋਕ -ਸਰੋਕਾਰਾਂ ਵਾਲੀ ਪੱਤਰਕਾਰੀ ਦਾ ਪਰਚਮ ਬੁਲੰਦ ਕੀਤੀ । ਉਸਨੇ ਇਹ ਸਾਬਤ ਕੀਤਾ ਕਿ `ਬੁੱਧੂ ਬਕਸਾ` ਵੀ ਲੋਕ ਸਰੋਕਾਰਾਂ ਦੀ ਗੱਲ ਕਰ ਸਕਦਾ ਹੈ । ਉਸਨੇ ਆਪਣੇ `ਪ੍ਰਾਈਮ  ਟਾਈਮ ` `ਚ ਬਿਨਾਂ ਟੀ. ਆਰ .ਪੀ. ਦੀ ਪਰਵਾਹ ਕੀਤੇ ਅਜਿਹੇ ਮੁਦਿਆਂ ਨੂੰ ਲਿਆਂਦਾ ਜਿਸਨੂੰ ਲਿਆਉਣ ਤੋਂ ਮੁੱਖ ਧਾਰਾ ਦਾ ਮੀਡੀਆ ਕੰਨੀ ਕਤਰਾਉਂਦਾ ਹੈ ।
        
ਅਜੋਕੇ ਦਰਬਾਨ ਪੱਤਰਕਾਰੀ ਦੇ ਦੌਰ `ਚ ਲੋਕਾਂ ਨੇ ਰਵੀਸ਼ ਕੁਮਾਰ `ਚ ਆਪਣਾ ਭਰੋਸਾ ਜਿਤਾਇਆ ਹੈ । ਉਹਨਾਂ ਨੂੰ ਵਿਸ਼ਵਾਸ ਹੁੰਦਾ ਹੈ ਕੇ ਜੇ ਕੋਈ ਹੋਰ ਨਹੀਂ ਤਾਂ ਰਵੀਸ਼ ਉਹਨਾਂ ਦੇ ਮੁੱਦੇ ਨੂੰ ਉਠਾਵੇਗਾ । ਲੋਕ ਉਸਨੂੰ ਆਪਣੀਆਂ ਸਮੱਸਿਆਵਾਂ ਦੱਸਦੇ ਹੋਏ ਚਿੱਠੀਆਂ ਲਿਖਦੇ ਹਨ ਉਹਨਾਂ ਦੇ ਮੁੱਦੇ ਨੂੰ ਆਪਣੇ `ਪ੍ਰਾਈਮ ਟਾਈਮ ` `ਚ ਦਿਖਾਉਂਦਾ ਹੈ । ਚਾਹੇ ਘੱਟ -ਗਿਣਤੀਆਂ , ਦਲਿਤਾਂ , ਆਦਿ ਵਾਸੀਆਂ ਦੇ ਮੁੱਦੇ ਹੋਣ , ਚਾਹੇ ਕਿਸਾਨਾਂ-ਮਜ਼ਦੂਰਾਂ ਦੇ ਮਸਲੇ ਹੋਣ ,ਸੀਵਰੇਜ ਸਾਫ ਕਰਨ ਵਾਲੇ ਮਜ਼ਦੂਰਾਂ ਦੀ ਸਮੱਸਿਆ ਹੋਵੇ , ਰਿਕਸ਼ੇ ਵਾਲਿਆਂ ਦਾ ਮਸਲਾ ਹੋਵੇ , ਰੇਹੜੀ ਵਾਲਿਆਂ ਦੀ ਦਾਸਤਾਨ ਹੋਵੇ ,ਨਰੇਗਾ ਕਾਮਿਆਂ ਦੇ ਦੁੱਖ,ਕੱਚੇ ਅਧਿਆਪਕਾਂ ਦੇ ਪੱਕੇ ਦੁੱਖ ,ਬੇਰੁਜ਼ਗਾਰ ਨੌਜਵਾਨਾਂ ਦੇ ਅਥਰੂ ,ਮਾੜੇ ਸਿੱਖਿਆ ਪ੍ਰਬੰਧ ਦੀ ਦਾਸਤਾਨ ਤੇ  ਰੇਲ ਵਿਭਾਗ ਦੇ ਹਾਲ ਇਹ ਸਭ ਮੁੱਦੇ  ਰਵੀਸ਼ ਕੁਮਾਰ ਦੇ `ਪ੍ਰਾਈਮ ਟਾਈਮ`  `ਚ  ਹੀ ਦੇਖਣ ਨੂੰ ਮਿਲ ਸਕਦੇ ਹਨ । ਹਾਲ ਹੀ ਚ ਨੌਕਰੀਆਂ ਤੇ ਯੂਨੀਵਰਸਿਟੀਆਂ/ਕਾਲਜਾਂ ਨੂੰ ਲੈ ਕੇ ਚਲਾਈ ਉਸਦੀ ਸੀਰੀਜ਼ ਚਰਚਾ ਦਾ ਵਿਸ਼ਾ ਬਣੀ ਰਹੀ ।
         
ਆਪਣੀ ਬੇਖੌਫ਼ ਤੇ ਨਿਧੜਕ ਪੱਤਰਕਾਰੀ ਕਰਕੇ ਉਹ ਸੱਤਾਧਾਰੀਆਂ ਨੂੰ ਸਦਾ ਰੜਕਿਆ ਹੈ । ਸੱਤਾਧਾਰੀਆਂ ਦੇ ਹਮਾਇਤੀਆਂ ਵੱਲੋਂ ਉਸਨੂੰ ਧਮਕੀਆਂ ਮਿਲਦੀਆਂ ਰਹੀਆਂ ਹਨ ਸੋਸ਼ਲ ਮੀਡੀਏ ਤੇ ਉਸ ਨਾਲ `ਟ੍ਰੋਲ ਆਰਮੀ` ਉਸਨੂੰ ਸ਼ਿਕਾਰ ਬਣਾਉਂਦੀ ਰਹੀ ਹੈ । ਪਰ ਉਹ ਨਾ ਡਰਿਆ ਨਾ ਝੁਕਿਆ ਹੈ ।
        
ਉਸਦੀ ਲੋਕ -ਸਰੋਕਾਰਾਂ ਵਾਲੀ ਪੱਤਰਕਾਰੀ ਨੂੰ ਅਨੇਕਾਂ ਵੱਡੀਆਂ ਸੰਸਥਾਵਾਂ ਵੱਲੋਂ ਮਾਨਤਾ ਮਿਲੀ ਹੈ । 2010 ਉਸਨੂੰ `ਗਣੇਸ਼  ਸ਼ੰਕਰ ਵਿਦਿਆਰਥੀ  ਪੁਰਸਕਾਰ` 2013    - ,2017  ਚ ਦੋ ਵਾਰ ਰਾਮ ਨਾਥ ਗੋਇਨਕਾ ਐਵਾਰਡ,2016 `ਚ ਸ਼ਲਾਘਾਯੋਗ ਪੱਤਰਕਾਰੀ ਲਈ `ਰੈੱਡ ਇੰਕ ਐਵਾਰਡ`  2017 `ਚ ਪਹਿਲਾ `ਕੁਲਦੀਪ ਨਈਅਰ ਪੁਰਸਕਾਰ ` ਉਸਨੂੰ ਮਿਲ ਚੁਕੇ ਹਨ ।
         
ਰਵੀਸ਼ ਦੇ ਜਿਥੇ  ਬੋਲਾਂ `ਚ ਦਮ ਹੈ ਉਥੇ ਉਸਦੀ ਕਲਮ ਦੀ ਨੋਕ ਵੀ ਘੱਟ ਜ਼ਰਖੇਜ ਨਹੀਂ । ਉਸਦੇ ਬਲਾੱਗ `ਕਸਬਾ` ਤੋਂ ਇਸਦੀ ਝਲਕ ਮਿਲ ਜਾਂਦੀ ਹੈ । ਇਸਦਾ ਮਾਟੋ ਵੀ ਬੜਾ ਦਿਲਚਸਪ ਹੈ `` ਸ਼ੌਕ-ਏ-ਦੀਦਾਰ ਅਗਰ ਹੈ ਤੋਂ ਨਜ਼ਰ ਪੈਦਾ ਕਰ `` ਸਾਹਿਤ ਤੇ ਰਾਜਨੀਤੀ ਦਾ ਸੁਮੇਲ ਉਸਦੀ ਵਾਰਤਕ ਆਪਣੇ ਆਪ `ਚ ਨਿਵੇਕਲੀ ਹੈ । ਉਹ `ਸ਼ਹਿਰ ਮੇਂ ਇਸ਼ਕ ਹੋਨਾ` `ਦੇਖਤੇ ਰਹੀਏ ` ਤੇ  `ਫ੍ਰੀ ਵਾਇਸ` ਵਰਗੀਆਂ ਕਿਤਾਬਾਂ ਪਾਠਕਾਂ ਝੋਲੀ ਪਾ ਚੁੱਕਾ ਹੈ ।
     
ਰਵੀਸ਼ ਉਹ ਪੱਤਰਕਾਰ ਹੈ ਜੋ ਮੀਡੀਆ ਅਦਾਰਿਆਂ `ਚ ਆਈ ਗਿਰਾਵਟ ਦੀ ਆਲੋਚਨਾ ਕਰਨ ਤੋਂ ਵੀ ਨਹੀਂ
ਝਿਜਕਦਾ ਉਹ ਆਖਦਾ ਹੈ ,`` ਪੱਤਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਆਪਣੀ ਸੁਰ ਸਥਾਪਤੀ ਵਿਰੋਧੀ ਰੱਖੇ । ਸਰਕਾਰਾਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਂਦਾ ਰਹੇ । ਜੇ ਉਸਨੇ ਸਰਕਾਰਾਂ ਦੀ ਹਾਂ `ਚ ਹਾਂ ਹੀ ਮਿਲਾਉਣੀ ਹੈ ਤਾਂ ਉਸਨੂੰ ਪੱਤਰਕਾਰੀ ਛੱਡ ਕੇ ਸਰਕਾਰ ਦਾ ਪੀ .ਆਰ . ਮਹਿਕਮਾ ਜੁਆਇਨ ਕਰ ਲੈਣਾ ਚਾਹੀਦਾ ਹੈ ।`` ਅੱਜ ਦੇ ਦੌਰ `ਚ ਇਕ  ਨਹੀਂ ਅਨੇਕਾਂ ਰਵੀਸ਼ ਕੁਮਾਰਾਂ ਦੀ ਲੋੜ ਹੈ ।

ਰਾਬਤਾ: +91 99154 11894

Comments

Security Code (required)Can't read the image? click here to refresh.

Name (required)

Leave a comment... (required)

ਨਿਬੰਧ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ